ਅੱਜ ਰਾਜਸਥਾਨ ਅਤੇ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ ਮੁਕਾਬਲਾ, ਇਨ੍ਹਾਂ 2 ਖਿਡਾਰੀਆਂ ’ਤੇ ਰਹੇਗੀ ਨਜ਼ਰ
Friday, Apr 10, 2026 - 11:52 AM (IST)
ਗੁਵਾਹਾਟੀ : ਯਸ਼ਸਵੀ ਜਾਇਸਵਾਲ ਅਤੇ ਵੈਭਵ ਸੂਰਯਵੰਸ਼ੀ ਤੋਂ ਮਿਲ ਰਹੀ ਤੂਫਾਨੀ ਸ਼ੁਰੂਆਤ ਨਾਲ ਰਾਜਸਥਾਨ ਰਾਇਲਜ਼ ਸ਼ੁੱਕਰਵਾਰ ਨੂੰ ਇਥੇ ਪਿਛਲੇ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਆਈ. ਪੀ. ਐੱਲ. ਮੈਚ ’ਚ ਆਪਣਾ ਦਬਦਬਾ ਕਾਇਮ ਰੱਖਣਾ ਚਾਹੇਗੀ, ਜਦਕਿ ਆਰ. ਸੀ. ਬੀ. ਦੀਆਂ ਉਮੀਦਾਂ ਫਾਰਮ ’ਚ ਚੱਲ ਰਹੇ ਦੇਵਦੱਤ ਪੱਡੀਕਲ ’ਤੇ ਟਿਕੀਆਂ ਹੋਣਗੀਆਂ। 2 ਸਾਲ ਪਹਿਲਾਂ ਟੀ-20 ਕ੍ਰਿਕਟ ਤੋਂ ਵਿਦਾ ਲੈਣ ਦੇ ਬਾਵਜੂਦ ਆਰ. ਸੀ. ਬੀ. ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਪ੍ਰਦਰਸ਼ਨ ’ਚ ਕਮੀ ਨਹੀਂ ਆਈ ਹੈ। ਉਸ ਦੇ ਮਾਰਗਦਰਸ਼ਨ ’ਚ ਆਰ. ਸੀ. ਬੀ. ਨੇ ਸੰਤੁਲਿਤ ਟਾਪਕ੍ਰਮ ਤਿਆਰ ਕਰ ਲਿਆ ਹੈ ਅਤੇ ਪਿਛਲੇ ਮੈਚ ’ਚ ਫਿਲ ਸਾਲਟ ਨੇ ਵੀ ਉਮਦਾ ਪਾਰੀ ਖੇਡੀ ਸੀ।
ਤੀਜੇ ਨੰਬਰ ’ਤੇ ਉਤਰ ਰਹੇ ਪੱਡੀਕਲ ਨੇ ਘਰੇਲੂ ਕ੍ਰਿਕਟ ਦਾ ਆਪਣਾ ਫਾਰਮ ਕਾਇਮ ਰੱਖਦਿਆ ਸੰਤੁਲਿਤ ਹਮਲਾਵਰਤਾ ਨਾਲ ਬੱਲੇਬਾਜ਼ੀ ਕੀਤੀ ਹੈ। ਆਈ. ਪੀ. ਐੱਲ. ’ਚ ਆਪਣੇ ਪਹਿਲੇ ਸੈਸ਼ਨ ’ਚ ਆਰ. ਸੀ. ਬੀ. ਲਈ 473 ਦੌੜਾਂ ਬਣਾਉਣ ਵਾਲਾ ਪੱਡੀਕਲ ਬਾਅਦ ’ਚ ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਨਾਲ ਉਸ ਸਫਲਤਾ ਨੂੰ ਦੋਹਰਾ ਨਹੀਂ ਸਕਿਆ ਸੀ। ਪਿਛਲੇ ਸੈਸ਼ਨ ’ਚ ਉਹ ਆਰ. ਸੀ. ਬੀ. ’ਚ ਪਰਤਿਆ ਅਤੇ ਪਹਿਲੀ ਵਾਰ ਉਸ ਨੂੰ ਆਈ. ਪੀ. ਐੱਲ. ਖਿਤਾਬ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ।
ਇਸ ਸੈਸ਼ਨ ’ਚ ਵੀ ਉਸ ਨੇ ਪਹਿਲਾਂ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ 29 ਗੇਂਦ ’ਚ 50 ਅਤੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ 26 ਗੇਂਦ ’ਚ 61 ਦੌੜਾਂ ਬਣਾਈਆਂ। ਕਪਤਾਨ ਰਜਤ ਪਾਟੀਦਾਰ ਅਤੇ ਆਸਟ੍ਰੇਲੀਆ ਦੇ ਟਿਮ ਡੇਵਿਡ ਮੱਧਕ੍ਰਮ ਨੂੰ ਮਜ਼ਬੂਤੀ ਦਿੰਦੇ ਹਨ। ਆਰ. ਸੀ. ਬੀ. ਦੇ ਗੇਂਦਬਾਜ਼ਾਂ ਨੇ ਵੀ ਇਸ ਸੈਸ਼ਨ ’ਚ ਪ੍ਰਭਾਵਿਤ ਕੀਤਾ ਹੈ। ਜੈਕਬ ਡਫੀ ਨੇ ਜੋਸ਼ ਹੇਜ਼ਲਵੁੱਡ ਦੀ ਕਮੀ ਪੂਰੀ ਕੀਤੀ ਹੈ ਤਾਂ ਵਿਚਾਲੇ ਦੇ ਓਵਰਾਂ ’ਚ ਕਰੁਣਾਲ ਪੰਡਯਾ ਅਤੇ ਸੁਯਸ਼ ਸ਼ਰਮਾ ਨੇ ਦੌੜਾਂ ਰੋਕੀਆਂ ਹਨ।
ਉੱਥੇ ਹੀ ਰਾਇਲਜ਼ ਇਸ ਸੈਸ਼ਨ ’ਚ ਸਭ ਤੋਂ ਹਮਲਾਵਰ ਬੱਲੇਬਾਜ਼ੀ ਇਕਾਈ ਦੇ ਰੂਪ ’ਚ ਸਾਹਮਣੇ ਆਈ ਹੈ, ਜਿਸ ਦਾ ਸਿਹਰਾ ਜਾਇਸਵਾਲ ਅਤੇ ਸੂਰਯਵੰਸ਼ੀ ਨੂੰ ਜਾਂਦਾ ਹੈ। ਦੋਵਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦੇ ਕੇ ਵਿਰੋਧੀ ਗੇਂਦਬਾਜ਼ਾਂ ਨੂੰ ਦਬਾਅ ’ਚ ਲਿਆ ਦਿੱਤਾ ਹੈ। ਸੂਰਯਵੰਸ਼ੀ ਨੇ ਪਿਛਲੇ ਮੈਚ ’ਚ ਜਸਪ੍ਰੀਤ ਬੁਮਰਾਹ ਨੂੰ ਪਹਿਲੀ ਹੀ ਗੇਂਦ ’ਤੇ ਛੱਕਾ ਲਾ ਕੇ ਆਪਣੀ ਬੇਖੌਫ ਖੇਡ ਬਾਰੇ ਸਪੱਸ਼ਟ ਕਰ ਦਿੱਤਾ ਸੀ। ਰਾਇਲਜ਼ ਦੇ ਗੇਂਦਬਾਜ਼ ਵੀ ਰਣਨੀਤੀ ’ਤੇ ਅਮਲ ਕਰਨ ’ਚ ਕਾਮਯਾਬ ਰਹੇ ਹਨ।
ਟੀਮਾਂ :
ਰਾਜਸਥਾਨ ਰਾਇਲਜ਼ : ਰਿਆਨ ਪਰਾਗ (ਕਪਤਾਨ), ਧਰੁਵ ਜੁਰੇਲ, ਡੋਨੋਵਨ ਫਰੇਰਾ, ਲੁਆਨ-ਡ੍ਰੇ ਪ੍ਰਿਟੋਰੀਅਸ, ਰਵੀ ਸਿੰਘ, ਅਮਨ ਪੇਰਾਲਾ, ਸ਼ਿਮਰੋਨ ਹੇਟਮਾਇਰ, ਸ਼ੁਭਮ ਦੁਬੇ, ਵੈਭਵ ਸੂਰਯਵੰਸ਼ੀ, ਯਸ਼ਸਵੀ ਜੈਸਵਾਲ, ਰਵਿੰਦਰ ਜਡੇਜਾ, ਐਡਮ ਮਿਲਨੇ, ਬ੍ਰਿਜੇਸ਼ ਸ਼ਰਮਾ, ਜੋਫਰਾ ਆਰਚਰ, ਕੁਲਦੀਪ ਸੇਨ, ਕਵੇਨਾ ਮਫਾਕਾ, ਨਾਂਦ੍ਰੇ ਬਰਗਰ, ਰਵੀ ਬਿਸ਼ਨੋਈ ਅਤੇ ਸੰਦੀਪ ਸ਼ਰਮਾ।
ਰੋਇਲ ਚੈਲੰਜਰਜ਼ ਬੈਂਗਲੁਰੂ : ਰਜਤ ਪਾਟੀਦਾਰ (ਕਪਤਾਨ), ਅਭਿਨੰਦਨ ਸਿੰਘ, ਭੁਵਨੇਸ਼ਵਰ ਕੁਮਾਰ, ਦੇਵਦੱਤ ਪੱਡੀਕਲ, ਜਿਤੇਸ਼ ਸ਼ਰਮਾ, ਕਰੁਣਾਲ ਪੰਡਯਾ, ਰਸਿਖ ਡਾਰ, ਸੁਯਸ਼ ਸ਼ਰਮਾ, ਸਵਪਨਿਲ ਸਿੰਘ, ਵਿਰਾਟ ਕੋਹਲੀ, ਵੈਂਕਟੇਸ਼ ਅਈਅਰ, ਮੰਗੇਸ਼ ਯਾਦਵ, ਕਨਿਸ਼ਕ ਚੌਹਾਨ, ਵਿਹਾਨ ਮਲਹੋਤਰਾ, ਵਿੱਕੀ ਓਸਤਵਾਲ, ਸਾਤਵਿਕ ਦੇਸਵਾਲ।
