ਪੰਜਾਬ ਕਿੰਗਜ਼ ਦੇ ਸਾਬਕਾ ਧਾਕੜ ਖਿਡਾਰੀ ਨੂੰ BCCI ਨੇ ਸੌਂਪੀ ਵੱਡੀ ਜ਼ਿੰਮੇਵਾਰੀ, IPL ''ਚ ਪਾਈ ਸੀ ਧੱਕ
Friday, Oct 23, 2026 - 06:02 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਪਰਵਿੰਦਰ ਅਵਾਨਾ ਨੂੰ ਜੂਨੀਅਰ ਸਿਲੈਕਸ਼ਨ ਕਮੇਟੀ ਦਾ ਨਵਾਂ ਪ੍ਰਧਾਨ (ਚੀਫ਼ ਸਿਲੈਕਟਰ) ਨਿਯੁਕਤ ਕੀਤਾ ਹੈ। ਕ੍ਰਿਕਟ ਐਡਵਾਈਜ਼ਰੀ ਕਮੇਟੀ (CAC) ਵੱਲੋਂ ਲਏ ਗਏ ਇੰਟਰਵਿਊਆਂ ਤੋਂ ਬਾਅਦ 40 ਸਾਲਾ ਅਵਾਨਾ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ। ਉਨ੍ਹਾਂ ਦੇ ਨਾਲ ਕਮੇਟੀ 'ਚ ਕ੍ਰਿਸ਼ਨਾ ਦਾਸ, ਰਾਕੇਸ਼ ਪਟੇਲ ਅਤੇ ਐਨ. ਅਰਜੁਨ ਯਾਦਵ ਨੂੰ ਸਿਲੈਕਟਰ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦਕਿ ਪੰਜਵੇਂ ਮੈਂਬਰ ਦੀ ਨਿਯੁਕਤੀ ਜਲਦ ਕੀਤੀ ਜਾਵੇਗੀ।
ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਰਹਿਣ ਵਾਲੇ ਪਰਵਿੰਦਰ ਅਵਾਨਾ ਦਾ ਇੱਥੋਂ ਤੱਕ ਪਹੁੰਚਣ ਦਾ ਸਫ਼ਰ ਬੇਹੱਦ ਸੰਘਰਸ਼ਪੂਰਨ ਰਿਹਾ ਹੈ। ਜਦੋਂ ਉਹ ਮਹਿਜ਼ 14 ਸਾਲ ਦੇ ਸਨ, ਤਾਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਨੋਇਡਾ ਅਥਾਰਟੀ ਵਿੱਚ ਮਾਲੀ ਵਜੋਂ ਕੰਮ ਕਰਦਿਆਂ ਪਰਵਿੰਦਰ ਦਾ ਪਾਲਣ-ਪੋਸ਼ਣ ਕੀਤਾ ਅਤੇ ਕਠਿਨ ਹਾਲਾਤਾਂ ਦੇ ਬਾਵਜੂਦ ਉਨ੍ਹਾਂ ਨੂੰ ਕ੍ਰਿਕਟਰ ਬਣਾਇਆ। ਪਰਵਿੰਦਰ ਅਵਾਨਾ ਨੇ ਘਰੇਲੂ ਕ੍ਰਿਕਟ ਵਿੱਚ ਦਿੱਲੀ ਦੀ ਨੁਮਾਇੰਦਗੀ ਕਰਦਿਆਂ 62 ਫਸਟ ਕਲਾਸ ਮੈਚਾਂ ਵਿੱਚ 191 ਵਿਕਟਾਂ ਹਾਸਲ ਕੀਤੀਆਂ। ਉਹ ਇੰਡੀਆ 'ਏ' ਅਤੇ ਰੈਸਟ ਆਫ਼ ਇੰਡੀਆ ਟੀਮਾਂ ਦਾ ਵੀ ਹਿੱਸਾ ਰਹੇ।
ਇਸ ਤੋਂ ਇਲਾਵਾ, ਉਹਨਾਂ ਨੇ 2012 ਤੋਂ 2014 ਦਰਮਿਆਨ IPL ਵਿੱਚ ਪੰਜਾਬ ਕਿੰਗਜ਼ ਵੱਲੋਂ ਖੇਡਦਿਆਂ 33 ਮੈਚਾਂ ਵਿੱਚ 39 ਵਿਕਟਾਂ ਝਟਕਾਈਆਂ। ਅੰਤਰਰਾਸ਼ਟਰੀ ਪੱਧਰ 'ਤੇ ਉਹਨਾਂ ਨੂੰ 2012 ਵਿੱਚ ਇੰਗਲੈਂਡ ਖ਼ਿਲਾਫ਼ ਟੈਸਟ ਟੀਮ ਵਿੱਚ ਚੁਣਿਆ ਗਿਆ ਸੀ ਅਤੇ ਬਾਅਦ ਵਿੱਚ ਟੀ-20 ਲੜੀ ਦੌਰਾਨ ਭਾਰਤ ਲਈ ਡੈਬਿਊ ਕਰਨ ਦਾ ਮੌਕਾ ਮਿਲਿਆ ਸੀ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਅਵਾਨਾ ਲੰਮੇ ਸਮੇਂ ਤੋਂ ਕੋਚਿੰਗ ਦੀ ਭੂਮਿਕਾ ਨਿਭਾ ਰਹੇ ਸਨ। ਉਹ ਦਿੱਲੀ ਦੀਆਂ ਅੰਡਰ-16, ਅੰਡਰ-19 ਅਤੇ ਅੰਡਰ-23 ਟੀਮਾਂ ਨਾਲ ਕੰਮ ਕਰ ਚੁੱਕੇ ਹਨ, ਜਿਸ ਕਾਰਨ ਉਹਨਾਂ ਕੋਲ ਜੂਨੀਅਰ ਪੱਧਰ ਦੀ ਪ੍ਰਤਿਭਾ ਨੂੰ ਪਰਖਣ ਦਾ ਡੂੰਘਾ ਤਜਰਬਾ ਹੈ।
