ਪਿਓ ਦੇ 'ਤਪ' ਤੇ ਫੌਲਾਦੀ ਹੌਂਸਲੇ ਨੇ ਬਣਾਇਆ ਬਾਕਸਰ, ਜਾਣੋ ਨੀਤੂ ਘੰਘਾਸ ਕਿਵੇਂ ਬਣੀ ਵਿਸ਼ਵ ਚੈਂਪੀਅਨ

04/15/2023 6:06:54 PM

ਸਪੋਰਟਸ ਡੈਸਕ: ਹਰਿਆਣਾ ਦੇ ਪਿੰਡ ਧਨਾਣਾ ਦੀ ਧੀ ਨੀਤੂ ਘੰਘਾਸ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਗੋਲਡ ਜਿੱਤ ਕੇ ਇਤਿਹਾਸ ਰਚ ਦਿੱਤਾ। ਅੱਜ ਅਸੀਂ ਤੁਹਾਨੂੰ ਇਕ ਸਧਾਰਨ ਕੁੜੀ ਤੋਂ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਬਣਨ ਦੇ ਉਸ ਦੇ ਸਫਰ ਬਾਰੇ ਦੱਸਣ ਜਾ ਰਹੇ ਹਾਂ। ਨੀਤੂ ਦਾ ਅੰਤਰਰਾਸ਼ਟਰੀ ਪੱਧਰ ਦੀ ਮੁੱਕੇਬਾਜ਼ ਬਣਨ ਦਾ ਸਫ਼ਰ ਬਹੁਤ ਹੀ ਮੁਸ਼ਕਲ ਰਿਹਾ ਹੈ। ਨੀਤੂ ਦਾ ਪਰਿਵਾਰ ਮਾਲੀ  ਤੌਰ 'ਤੇ ਬਹੁਤ ਗਰੀਬ ਸੀ। ਬਹੁਤ ਗਰੀਬ ਪਰਿਵਾਰ ਦੀ ਧੀ ਨੇ ਇਕ ਸਮੇਂ ਖੇਡ ਛੱਡਣ ਦਾ ਮਨ ਬਣਾ ਲਿਆ ਸੀ ਪਰ ਪਿਤਾ ਨੇ ਹੌਂਸਲੇ ਨੂੰ ਟੁੱਟਣ ਨਹੀਂ ਦਿੱਤਾ ਤੇ ਇਸ ਸਮਰਥਨ ਨਾਲ ਨੀਤੂ ਨੇ ਸਫਲਤਾ ਦੀ ਨਵੀਂ ਇਬਾਰਤ ਲਿਖ ਦਿੱਤੀ।

ਨੀਤੂ ਕਹਿੰਦੀ ਹੈ ਕਿ ਮੇਰੀ ਇਸ ਕਾਮਯਾਬੀ ਦੇ ਪਿੱਛੇ ਮੇਰੇ ਪਰਿਵਾਰ ਦਾ ਤਿਆਗ ਤੇ ਸੰਘਰਸ਼ ਰਿਹਾ ਹੈ। ਜਦ ਮੈਂ ਸਿਖਲਾਈ ਲਈ ਪਿੰਡ ਤੋਂ ਭਿਵਾਨੀ ਜਾਣ ਵਿਚ ਪਰੇਸ਼ਾਨ ਸੀ ਤਾਂ ਮੇਰੇ ਪਿਤਾ ਨੇ ਆਪਣੀ ਸਰਕਾਰੀ ਨੌਕਰੀ ਤੋਂ ਲੰਬੀ ਛੁੱਟੀ ਲਈ ਤੇ ਮੇਰੇ ਸਿਖਲਾਈ ਸੈਂਟਰ ’ਤੇ ਲਿਜਾਣ ਦੀ ਡਿਊਟੀ ਨਿਭਾਉਣ ਲੱਗੇ। ਕੁਝ ਸਮੇਂ ਬਾਅਦ ਮੇਰੇ ਪਿਤਾ ਨੇ ਬਿਨਾ ਤਨਖ਼ਾਹ ਦੀ ਛੁੱਟੀ ਲੈ ਲਈ ਤੇ ਲਗਭਗ ਪੰਜ ਸਾਲਾਂ ਤਕ ਡਿਊਟੀ ’ਤੇ ਨਹੀਂ ਗਏ। ਇਸ ਦੌਰਾਨ ਘਰ ਦਾ ਖ਼ਰਚ ਚਲਾਉਣਾ ਮੁਸ਼ਕਲ ਹੋ ਗਿਆ ਸੀ ਪਿਤਾ ਨੂੰ ਬੈਂਕ ਤੋਂ ਕਰਜ਼ਾ ਲੈਣਾ ਪਿਆ। ਇਹ ਸਭ ਦੇਖ ਕੇ ਮੈਂ ਖੇਡ ਨੂੰ ਛੱਡਣ ਦਾ ਮਨ ਬਣਾ ਲਿਆ ਸੀ ਪਰ ਪਿਤਾ ਨੇ ਮਨੋਬਲ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ।

ਇਹ ਵੀ ਪੜ੍ਹੋ: ਅੰਪਾਇਰਾਂ 'ਤੇ ਟਿੱਪਣੀ ਕਰ ਕਸੂਤੇ ਘਿਰੇ ਅਸ਼ਵਿਨ, ਲੱਗਾ ਭਾਰੀ ਜੁਰਮਾਨਾ

ਇੱਕ ਸਮਾਂ ਸੀ ਜਦੋਂ ਮੈਂ ਸੋਚਦੀ ਸੀ ਕਿ ਮੇਰਾ ਮੁੱਕੇਬਾਜ਼ੀ ਕਰੀਅਰ ਖਤਮ ਹੋ ਗਿਆ ਹੈ: ਨੀਤੂ

ਨੀਤੂ ਨੇ ਕਿਹਾ ਕਿ 'ਮੈਂ ਇੱਕ ਕਿਸਾਨ ਪਰਿਵਾਰ ਤੋਂ ਹਾਂ। ਪਰਿਵਾਰ ਦੋ ਵਕਤ ਦੀ ਰੋਟੀ, ਦੁੱਧ ਅਤੇ ਦਹੀਂ ਹੀ ਦੇ ਸਕਦਾ ਸੀ। ਖੇਡਾਂ ਲਈ ਵਾਧੂ ਖੁਰਾਕ ਦੀ ਲੋੜ ਸੀ, ਜਿਸ ਦਾ ਪ੍ਰਬੰਧ ਨਹੀਂ ਸੀ। ਜੇਕਰ ਤੁਸੀਂ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੇ ਹੋ ਤਾਂ ਕੁਝ ਕਰਨ ਦੀ ਭੁੱਖ ਵੱਧ ਜਾਂਦੀ ਹੈ। ਮੈਂ ਵੀ ਸੋਚਦੀ ਸੀ ਕਿ ਪਰਿਵਾਰ ਇੰਨਾ ਕੁਝ ਕਰ ਰਿਹਾ ਹੈ, ਮੈਨੂੰ ਵੀ ਕੁਝ ਅਜਿਹਾ ਕਰਨਾ ਚਾਹੀਦਾ ਹੈ, ਤਾਂ ਜੋ ਉਹ ਮੇਰੇ 'ਤੇ ਮਾਣ ਕਰ ਸਕਣ। ਨੀਤੂ ਅੱਗੇ ਕਹਿੰਦੀ ਹੈ, 'ਪਾਪਾ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਕਿਸੇ ਵੀ ਖੇਤਰ 'ਚ ਜਾਓ ਤਾਂ ਉਸ ਦੇ ਮਾਸਟਰ ਬਣ ਜਾਓ। ਇੱਕ ਕੰਮ ਕਰੋ ਅਤੇ ਇਸ ਵਿੱਚ ਸੰਪੂਰਨ ਬਣੋ। ਮੈਂ ਵੀ ਅਜਿਹਾ ਹੀ ਕੀਤਾ। ਉਹ ਅੱਗੇ ਕਹਿੰਦੀ ਹੈ, 'ਇਹ ਨਹੀਂ ਹੈ ਕਿ ਚੁਣੌਤੀ ਨਹੀਂ ਆਈ। ਖਿਡਾਰੀ ਦੀ ਜ਼ਿੰਦਗੀ ਅਜਿਹੀ ਹੁੰਦੀ ਹੈ। ਇਹ 2019 ਦੀ ਗੱਲ ਹੈ। ਖੇਡਦੇ ਸਮੇਂ ਮੋਢੇ 'ਤੇ ਸੱਟ ਲੱਗੀ। 2 ਸਾਲ ਤੱਕ ਬਾਕਸਿੰਗ ਨਹੀਂ ਕਰ ਸਕੀ। ਇੱਕ ਸਮਾਂ ਸੀ ਜਦੋਂ ਲੱਗਦਾ ਸੀ ਕਿ ਮੈਂ ਵਾਪਸੀ ਨਹੀਂ ਕਰ ਸਕਾਂਗੀ। ਜੇਕਰ ਮੇਰੇ ਪਿਤਾ ਨਾ ਹੁੰਦੇ ਤਾਂ ਸ਼ਾਇਦ ਅੱਜ ਇਹ ਮੈਡਲ ਨਾ ਹੁੰਦਾ।

ਇਹ ਵੀ ਪੜ੍ਹੋ: ਪੰਜਾਬ ਖ਼ਿਲਾਫ਼ ਜਿੱਤ ਦੇ ਬਾਵਜੂਦ ਹਾਰਦਿਕ ਪੰਡਯਾ ਕਰ ਬੈਠੇ ਇਹ ਗ਼ਲਤੀ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਜਿਹੜੇ ਰਿਸ਼ਤੇਦਾਰ ਤਾਅਨੇ ਮਾਰਦੇ ਸਨ, ਹੁਣ ਵਧਾਈਆਂ ਦੇ ਰਹੇ ਹਨ

ਨੀਤੂ ਦੀ ਮਾਂ ਕਹਿੰਦੀ ਹੈ- 'ਬਹੁਤ ਸਾਰੀਆਂ ਮੁਸ਼ਕਲਾਂ ਆਈਆਂ, ਪਰ ਸਾਨੂੰ ਪੁੱਤਰਾਂ ਨਾਲੋਂ ਵੀ ਪਿਆਰੀ ਧੀ ਹੈ। ਰਿਸ਼ਤੇਦਾਰ ਪਹਿਲਾਂ ਤਾਅਨੇ ਮਾਰਦੇ ਸਨ, ਹੁਣ ਉਹੀ ਲੋਕ ਵਧਾਈਆਂ ਦੇਣ ਆਉਂਦੇ ਹਨ ਤੇ ਕਹਿੰਦੇ ਹਨ ਕਿ ਧੀ ਨੇ ਕਮਾਲ ਕਰ ਦਿੱਤਾ ਹੈ। ਹਰ ਘਰ ਵਿੱਚ ਨੀਤੂ ਵਰਗੀਆਂ ਧੀਆਂ ਹੋਣ, ਜੋ ਦੇਸ਼ ਲਈ ਮੈਡਲ ਲੈ ਕੇ ਆਉਣ।

ਨੀਤੂ ਦੀਂਆਂ ਹੁਣ ਦੀ ਤਕ ਦੀਆਂ ਉਪਲੱਬਧੀਆਂ

* 2017 'ਚ ਵਰਲਡ ਯੂਥ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ
* 2018 'ਚ ਏਸ਼ੀਅਨ ਯੂਥ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ
* 2018 'ਚ ਵਰਲਡ ਯੂਥ ਚੈਂਪੀਅਨਸ਼ਿਪ  'ਚ ਸੋਨ ਤਮਗਾ ਜਿੱਤਿਆ
* 2022 'ਚ ਬੁਲਗਾਰੀਆ 'ਚ ਹੋਏ ਸਟ੍ਰੈਂਜਾ ਕੱਪ 'ਚ ਸੋਨ ਤਮਗ਼ਾ ਜਿੱਤਿਆ
* 2022 'ਚ ਕਾਮਨਵੈਲਥ ਗੇਮਜ਼ 'ਚ ਸੋਨ ਤਮਗਾ ਜਿੱਤਿਆ
* 2023 'ਚ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਿਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News