ਕਾਰਜਕਾਰੀ ਪ੍ਰੀਸ਼ਦ ਦੇ ਮੈਂਬਰਾਂ ਨੇ IOC ਨੂੰ ਲਿਖਿਆ ਪੱਤਰ
Sunday, Sep 29, 2024 - 11:12 AM (IST)
ਨਵੀਂ ਦਿੱਲੀ– ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਮੁਖੀ ਪੀ. ਟੀ. ਊਸ਼ਾ ਤੇ ਕਾਰਜਕਾਰੀ ਪ੍ਰੀਸ਼ਦ ਦੇ ਵਿਦ੍ਰੋਹੀ ਮੈਂਬਰਾਂ ਵਿਚਾਲੇ ਵਿਵਾਦ ਨੇ ਇਕ ਹੋਰ ਬਦਸੂਰਤ ਮੋੜ ਲੈ ਲਿਆ ਹੈ ਕਿਉਂਕਿ 12 ਮੈਂਬਰਾਂ ਨੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਸੀਨੀਅਰ ਅਧਿਕਾਰੀ ਜੇਰੋਮ ਪੋਈਵੇ ਨੂੰ ਪੱਤਰ ਲਿਖ ਕੇ ਇਸ ਧਾਕੜ ਐਥਲੀਟ ’ਤੇ ਤਾਨਾਸ਼ਾਹੀ ਨਾਲ ਕੰਮ ਕਰਨ ਦਾ ਦੋਸ਼ ਲਾਇਆ। ਵੀਰਵਾਰ ਨੂੰ ਹੋਈ ਆਈ. ਓ. ਏ. ਦੀ ਮੀਟਿੰਗ ਦੌਰਾਨ ਤਿੱਖੀ ਬਹਿਸਬਾਜ਼ੀ ਹੋਈ, ਜਿਸ ਵਿਚ ਊਸ਼ਾ ਨੇ ਰਘੂਰਾਮ ਅਈਅਰ ਨੂੰ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੇ ਅਹੁਦੇ ਤੋਂ ਹਟਣ ਦੀ ਉਸਦੀ ਅਪੀਲ ਨੂੰ ਸਿਰੇ ਤੋਂ ਰੱਦ ਕਰ ਦਿੱਤਾ।
ਆਈ. ਓ. ਸੀ. ਵਿਚ ਸੰਸਥਾਗਤ ਸਬੰਧ ਤੇ ਸ਼ਾਸਨ ਦੇ ਪ੍ਰਮੁੱਖ ਪੋਈਵੇ ਨੂੰ ਲਿਖੇ ਪੱਤਰ ਵਿਚ ਇਨ੍ਹਾਂ 12 ਮੈਂਬਰਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਰਾਸ਼ਟਰੀ ਸੰਸਥਾ ਦਾ ਸੰਚਾਲਨ ਲੋਕਤੰਤ੍ਰਿਕ ਤਰੀਕੇ ਨਾਲ ਹੋਵੇ। ਊਸ਼ਾ ਨੇ ਆਪਣੇ ਵੱਲੋਂ ਪਹਿਲਾਂ ਹੀ ਕਿਹਾ ਹੈ ਕਿ ਅਈਅਰ ਦੀ ਨਿਯੁਕਤੀ 5 ਜਨਵਰੀ ਨੂੰ ਕਾਰਜਕਾਰੀ ਪ੍ਰੀਸ਼ਦ ਦੀ ਮੀਟਿੰਗ ਵਿਚ ਆਈ. ਓ. ਏ. ਸੰਵਿਧਾਨ ਦਾ ਸਖਤੀ ਨਾਲ ਪਾਲਣਾ ਕਰਦੇ ਹੋਏ ਕੀਤੀ ਗਈ ਸੀ, ਜਿਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ, ਜਿਸ ਨਾਲ ਇਸ ਫੈਸਲੇ ਤੋਂ ਪਿੱਛੇ ਹਟਣ ਦਾ ਕੋਈ ਕਾਰਨ ਨਹੀਂ ਸੀ। ਕਾਰਜਕਾਰੀ ਪ੍ਰੀਸ਼ਦ ਦੇ ਮੈਂਬਰਾਂ ਨੇ ਪੋਈਵੇ ਨੂੰ ਲਿਖਿਆ ਹੈ ਕਿ ਉਹ ਆਈ. ਓ. ਏ. ਦੇ ਸੀ. ਈ. ਓ. ਦੇ ਅਹੁਦੇ ਲਈ ਫਿਰ ਤੋਂ ਇਸ਼ਤਿਹਾਰ ਦੇਣਗੇ।