ਜ਼ਿੰਦਗੀ ਦੀ ਜੰਗ 'ਚ ਮਿਲੇ ਕਈ ਜ਼ਖ਼ਮ, ਹੌਂਸਲਾ ਨਹੀਂ ਹਾਰੀ, ਹੁਣ ਦੇਸ਼ ਦੇ ਸਫ਼ਰ 'ਤੇ ਨਿਕਲੀ 63 ਸਾਲਾ ਸਾਈਕਲਿਸਟ
Monday, Jan 02, 2023 - 03:42 PM (IST)
ਸਪੋਰਟਸ ਡੈਸਕ- ਜੇਕਰ ਇਨਸਾਨ ਵਿੱਚ ਜਨੂੰਨ ਅਤੇ ਹਿੰਮਤ ਹੋਵੇ ਤਾਂ ਉਹ ਕੁਝ ਵੀ ਕਰ ਸਕਦਾ ਹੈ, ਚਾਹੇ ਉਹ ਕਿੰਨੀ ਵੀ ਉਮਰ ਦਾ ਹੋਵੇ। ਅਜਿਹਾ ਹੀ ਹੌਸਲਾ ਹੈ ਹਰਿਆਣਾ ਦੇ ਰੋਹਤਕ ਦੀ ਰਹਿਣ ਵਾਲੀ 63 ਸਾਲਾ ਕਮਲੇਸ਼ ਰਾਣਾ ਦਾ। ਸੈਕਟਰ 4 ਨਿਵਾਸੀ ਕਮਲੇਸ਼ ਆਪਣੇ ਜਜ਼ਬੇ ਤੇ ਹੌਸਲੇ ਕਾਰਨ ਨੌਜਵਾਨਾਂ ਤੋਂ ਘੱਟ ਨਹੀਂ ਹੈ। ਉਸ ਨੇ ਜੰਮੂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ਯਾਤਰਾ ਕਰਨ ਦਾ ਪ੍ਰਣ ਲਿਆ ਹੋਇਆ ਹੈ। ਇਸ ਦੌਰਾਨ, ਉਹ ਆਪਣੇ ਰਾਹ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਪਾਰ ਕਰਦੇ ਹੋਏ ਅੱਗੇ ਵਧ ਰਹੀ ਹੈ।
ਪਤੀ ਦੀ ਮੌਤ ਹੋਈ ਤਾਂ ਉਹ ਡਿਪ੍ਰੈਸ਼ਨ 'ਚ ਚਲੀ ਗਈ। ਬੀਪੀ ਦੀ ਸ਼ਿਕਾਇਤ ਦੇ ਵਿਚਾਲੇ ਸ਼ੂਗਰ ਦਾ ਲੈਵਲ 440 ਤਕ ਪੁੱਜਾ ਪਰ ਉਸ ਨੇ ਹਾਰ ਨਹੀਂ ਮੰਨੀ ਤੇ ਦਵਾਈਆਂ 'ਤੇ ਨਿਰਭਰ ਹੋਣ ਦੀ ਬਜਾਏ ਸਾਈਕਲਿੰਗ ਦੇ ਜ਼ਰੀਏ ਖੁਦ ਨੂੰ ਸਿਹਤਮੰਦ ਰੱਖਣ ਦਾ ਆਪਣੇ ਨਾਲ ਅਹਿਦ ਕੀਤਾ। ਅੱਜ ਉਹ ਜੰਮੂ ਕਸ਼ਮੀਰ ਤੋਂ ਕੰਨਿਆਕੁਮਾਰੀ ਦੀ ਸਾਈਕਲ ਯਾਤਰਾ 'ਤੇ ਹੈ ਤੇ ਨਸ਼ੇ ਦੇ ਖ਼ਿਲਾਫ ਲੋਕਾਂ ਨੂੰ ਜਾਗਰੁਕ ਕਰਨ 'ਤੇ ਲੱਗੀ ਹੋਈ ਹੈ। ਰਸਤੇ ਵਿਚ ਉਸ ਦਾ ਦੋ ਵਾਰ ਐਕਸੀਡੈਂਟ ਹੋ ਚੁੱਕਾ ਹੈ ਪਰ ਉਸ ਨੇ ਹਿੰਮਤ ਨਹੀਂ ਹਾਰੀ। ਹਾਦਸੇ 'ਚ ਲੱਗੀਆਂ ਸੱਟਾਂ ਕਾਰਨ ਉਹ ਫਿਲਹਾਲ ਬੰਗਲੌਰ 'ਚ ਇਲਾਜ ਅਧੀਨ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਠੀਕ ਹੁੰਦੇ ਹੀ ਆਪਣੀ ਯਾਤਰਾ ਲਈ ਰਵਾਨਾ ਹੋ ਜਾਵੇਗੀ। ਕੋਈ ਵੀ ਰੁਕਾਵਟ ਉਸ ਦੇ ਸਫਰ ਨੂੰ ਰੋਕ ਨਹੀਂ ਸਕੇਗੀ।
ਇਹ ਵੀ ਪੜ੍ਹੋ : ਯੋ-ਯੋ ਟੈਸਟ ਦੀ ਵਾਪਸੀ, ਡੇਕਸਾ ਵੀ ਭਾਰਤੀ ਟੀਮ ਦੇ ਚੋਣ ਮਾਪਦੰਡਾਂ ’ਚ ਸ਼ਾਮਲ
ਕਮਲੇਸ਼ ਨੇ ਦੱਸਿਆ ਕਿ ਸਾਲ 2017 'ਚ ਪਤੀ ਓਮਬੀਰ ਰਾਣਾ ਦੇ ਦਿਹਾਂਤ ਤੋਂ ਬਾਅਦ ਜ਼ਿੰਦਗੀ ਮੁਸੀਬਤਾਂ ਨਾਲ ਘਿਰ ਗਈ। ਪਰ ਈਕੋ ਸਾਈਕਲਿੰਗ ਗਰੁੱਪ ਨਾਲ ਜੁੜੀ ਉਨ੍ਹਾਂ ਦੀ ਧੀ ਪੁਸ਼ਪਾ ਆਪਣੀ ਮਾਂ ਲਈ ਪ੍ਰੇਰਣਾ ਬਣੀ। ਉਸ ਦੀ ਸਲਾਹ 'ਤੇ ਕਮਲੇਸ਼ ਨੇ ਵੀ ਸਾਈਕਲਿੰਗ ਲਈ ਧੀ ਨਾਲ ਜਾਣਾ ਸ਼ੁਰੂ ਕੀਤਾ, ਜਿਸ ਨਾਲ ਨਾ ਸਿਰਫ ਸਿਹਤ 'ਤੇ ਸੁਧਾਰ ਹੋਇਆ ਸਗੋਂ ਦਵਾਈ ਦਾ ਸੇਵਨ ਕੀਤੇ ਬਿਨਾ ਸ਼ੂਗਰ ਨਾਰਮਲ ਹੋ ਗਈ। ਇਸ ਤੋਂ ਬਾਅਦ ਕਮਲੇਸ਼ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕਮਲੇਸ਼ ਸਾਲ 2020 'ਚ ਨਸ਼ਾ ਮੁਕਤ ਥੀਮ 'ਤੇ ਹਰਿਆਣਾ ਦੀ ਯਾਤਰਾ ਕਰ ਚੁੱਕੀ ਹੈ।
ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਬਚਾਉਣਾ ਹੈ ਮਕਸਦ
ਸਤੰਬਰ 2022 'ਚ ਜੰਮੂ ਯਾਤਰਾ ਦੇ ਦੌਰਾਨ ਉਨ੍ਹਾਂ ਨੇ ਤਿੰਨ ਦਿਨ ਤਕ ਸਾਈਕਲਿੰਗ ਕੀਤੀ। ਇਸੇ ਦੌਰਾਨ ਮਨ 'ਚ ਜੰਮੂ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਸਾਈਕਲ ਯਾਤਰਾ ਕਰਨ ਦਾ ਖ਼ਿਆਲ ਆਇਆ। ਇੱਥੋਂ ਹੀ ਕਮਲੇਸ਼ ਨੇ ਸਫਰ ਦੀ ਸ਼ੁਰੂਆਤ ਕੀਤੀ। ਉਹ ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਹੁੰਦੇ ਹੋਏ ਕਰਨਾਟਕ ਦੇ ਸਫਰ 'ਤੇ ਚਲ ਪਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।