ਧੋਨੀ, ਅਭਿਸ਼ੇਕ ਬੱਚਨ, ਸ਼ਿਲਪਾ ਸ਼ੈੱਟੀ ਦੇ ਪੈਨ ਵੇਰਵਿਆਂ ਰਾਹੀਂ ਲੱਖਾਂ ਦੀ ਠੱਗੀ, ਸਾਹਮਣੇ ਆਇਆ ਹੈਰਾਨੀਜਨਕ ਸੱਚ
Friday, Mar 03, 2023 - 10:18 AM (IST)
ਨਵੀਂ ਦਿੱਲੀ (ਭਾਸ਼ਾ)- ਸਾਈਬਰ ਧੋਖਾਧੜੀ ਦੇ ਇੱਕ ਅਜੀਬ ਮਾਮਲੇ ਵਿੱਚ ਧੋਖੇਬਾਜ਼ਾਂ ਦੇ ਇੱਕ ਸਮੂਹ ਨੇ ਕਥਿਤ ਤੌਰ 'ਤੇ ਕਈ ਬਾਲੀਵੁੱਡ ਅਦਾਕਾਰਾਂ ਅਤੇ ਕ੍ਰਿਕਟਰਾਂ ਦੇ GST ਪਛਾਣ ਨੰਬਰ ਯਾਨੀ (GSTIN) (ਜੋ ਆਨਲਾਈਨ ਉਪਲਬਧ ਹੈ) ਤੋਂ ਪੈਨ ਵੇਰਵੇ ਪ੍ਰਾਪਤ ਕੀਤੇ ਅਤੇ ਪੁਣੇ ਸਥਿਤ ਫਿਨਟੇਕ ਸਟਾਰਟਅਪ 'ਵਨ ਕਾਰਡ' ਤੋਂ ਉਨ੍ਹਾਂ ਦੇ ਨਾਂ 'ਤੇ ਕ੍ਰੈਡਿਟ ਕਾਰਡ ਬਣਵਾਏ। ਸ਼ਾਹਦਰਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀ.ਸੀ.ਪੀ.) ਰੋਹਿਤ ਮੀਨਾ ਨੇ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਨੇ ਅਭਿਸ਼ੇਕ ਬੱਚਨ, ਸ਼ਿਲਪਾ ਸ਼ੈਟੀ, ਮਾਧੁਰੀ ਦੀਕਸ਼ਿਤ, ਇਮਰਾਨ ਹਾਸ਼ਮੀ ਅਤੇ ਮਹਿੰਦਰ ਸਿੰਘ ਧੋਨੀ ਦੇ ਨਾਮ ਅਤੇ ਵੇਰਵਿਆਂ ਦੀ ਵਰਤੋਂ ਕੀਤੀ। ਮੀਨਾ ਨੇ ਦੱਸਿਆ, "ਮਾਮਲਾ ਜਾਂਚ ਅਧੀਨ ਹੈ, ਇਸ ਲਈ ਅਸੀਂ ਇਸ 'ਤੇ ਹੋਰ ਟਿੱਪਣੀ ਨਹੀਂ ਕਰ ਸਕਦੇ।" ਇਸ ਧੋਖਾਧੜੀ ਦਾ ਪਤਾ ਬਾਅਦ ਵਿੱਚ ਕੰਪਨੀ ਨੂੰ ਲੱਗਾ ਪਰ ਇਸ ਤੋਂ ਪਹਿਲਾਂ ਹੀ ਇਨ੍ਹਾਂ ਕਾਰਡਾਂ ਦੀ ਵਰਤੋਂ ਕਰਕੇ ਧੋਖੇਬਾਜ਼ਾਂ ਨੇ 21.32 ਲੱਖ ਰੁਪਏ ਦੇ ਉਤਪਾਦ ਖ਼ਰੀਦ ਲਏ ਸਨ। ਇਸ ਤੋਂ ਬਾਅਦ ਕੰਪਨੀ ਨੇ ਤੁਰੰਤ ਦਿੱਲੀ ਪੁਲਸ ਨੂੰ ਸੂਚਿਤ ਕੀਤਾ, ਜਿਸ ਨੇ ਹਰਕਤ ਵਿੱਚ ਆਉਂਦਿਆਂ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਭਾਰਤ ਦੀ ਚੋਟੀ ਦੀ ਟ੍ਰਿਪਲ ਜੰਪ ਖਿਡਾਰਨ ਐਸ਼ਵਰਿਆ ਲਈ ਖੜ੍ਹੀ ਹੋਈ ਮੁਸੀਬਤ, ਲੱਗੀ 4 ਸਾਲ ਦੀ ਪਾਬੰਦੀ
ਦਿੱਲੀ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ 5 ਮੁਲਜ਼ਮਾਂ ਦੀ ਪਛਾਣ ਪੁਨੀਤ, ਮੁਹੰਮਦ ਆਸਿਫ਼, ਸੁਨੀਲ ਕੁਮਾਰ, ਪੰਕਜ ਮਿਸ਼ਰਾ ਅਤੇ ਵਿਸ਼ਵ ਭਾਸਕਰ ਸ਼ਰਮਾ ਵਜੋਂ ਹੋਈ ਹੈ। ਉਨ੍ਹਾਂ ਨੇ ਬਹੁਤ ਹੀ ਅਸਾਧਾਰਨ ਤਰੀਕੇ ਨਾਲ ਕੰਪਨੀ ਨੂੰ ਧੋਖਾ ਦੇਣ ਲਈ ਮਿਲ ਕੇ ਕੰਮ ਕੀਤਾ। ਇਕ ਸੂਤਰ ਨੇ ਕਿਹਾ, ''ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਧੋਖਾਧੜੀ ਕੀਤੀ ਗਈ। ਮੁਲਜ਼ਮਾਂ ਨੇ ਗੂਗਲ 'ਤੇ ਮੌਜੂਦ ਮਸ਼ਹੂਰ ਹਸਤੀਆਂ ਦੇ ਜੀ.ਐੱਸ.ਟੀ. ਵੇਰਵੇ ਦੀ ਵਰਤੋਂ ਕੀਤੀ। ਉਨ੍ਹਾਂ ਨੂੰ ਪਤਾ ਸੀ ਕਿ GSTIN ਦੇ ਪਹਿਲੇ ਦੋ ਅੰਕ ਸਟੇਟ ਦਾ ਕੋਡ ਅਤੇ ਉਸ ਦੇ ਬਾਅਦ ਦੇ 10 ਅੰਕ ਪੈਨ ਨੰਬਰ ਹਨ।' ਸੂਤਰ ਨੇ ਕਿਹਾ, “ਇਨ੍ਹਾਂ ਮਸ਼ਹੂਰ ਹਸਤੀਆਂ ਦੀ ਜਨਮ ਤਾਰੀਖ਼ ਗੂਗਲ 'ਤੇ ਉਪਲਬਧ ਸੀ… ਪੈਨ ਨੰਬਰ ਅਤੇ ਜਨਮ ਤਾਰੀਖ਼ ਮਿਲਣ 'ਤੇ ਉਨ੍ਹਾਂ ਨੂੰ ਪੈਨ ਸਬੰਧੀ ਜ਼ਰੂਰੀ ਵੇਰਵੇ ਹਾਸਲ ਹੋ ਗਏ। ਉਨ੍ਹਾਂ ਨੇ ਧੋਖੇ ਨਾਲ ਪੈਨ ਕਾਰਡ ਦੁਬਾਰਾ ਬਣਾਇਆ ਅਤੇ ਉਸ 'ਤੇ ਆਪਣੀ ਫੋਟੋ ਚਿਪਕਾਈ ਤਾਂ ਕਿ ਵੀਡੀਓ ਵੈਰੀਫਿਕੇਸ਼ਨ ਦੌਰਾਨ ਉਨ੍ਹਾਂ ਦਾ ਚਿਹਰਾ ਪੈਨ/ਆਧਾਰ ਕਾਰਡ 'ਤੇ ਮੌਜੂਦ ਫੋਟੋ ਨਾਲ ਮੇਲ ਖਾਂਦਾ ਹੋਵੇ।' ਸੂਤਰ ਨੇ ਦੱਸਿਆ ਕਿ ਉਦਾਹਰਨ ਲਈ ਅਭਿਸ਼ੇਕ ਬੱਚਨ ਦੇ ਪੈਨ ਕਾਰਡ ਵਿੱਚ ਉਨ੍ਹਾਂ ਦਾ ਪੈਨ ਨੰਬਰ ਅਤੇ ਜਨਮ ਤਾਰੀਖ਼ ਸੀ, ਪਰ ਦੋਸ਼ੀਆਂ ਵਿਚੋਂ ਇਕ ਦੀ ਫੋਟੋ ਲੱਗੀ ਸੀ।
ਇਹ ਵੀ ਪੜ੍ਹੋ: ਭਾਰਤੀ ਫੁੱਟਬਾਲਰ ਨੂੰ ਇਹ ਗ਼ਲਤੀ ਪਈ ਭਾਰੀ, ਕੀਤਾ ਗਿਆ 4 ਸਾਲ ਲਈ ਮੁਅੱਤਲ, ਲੱਗਾ ਜੁਰਮਾਨਾ
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਹ ਸ਼ੱਕ ਹੈ ਕਿ ਮੁਲਜ਼ਮਾਂ ਨੇ ਹੋਰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਵੀ ਕ੍ਰੈਡਿਟ ਕਾਰਡ ਹਾਸਲ ਕਰਨ ਲਈ ਇਹੀ ਤਰੀਕਾ ਅਪਣਾਇਆ ਹੋਵੇਗਾ। ਪੁਣੇ ਸਥਿਤ ਕੰਪਨੀ ਨੇ ਆਪਣੀ ਪੁਲਸ ਸ਼ਿਕਾਇਤ ਵਿੱਚ ਕਿਹਾ, "ਐੱਫ.ਪੀ.ਐੱਲ. ਟੈਕਨਾਲੋਜੀਜ਼ ਪ੍ਰਾਈਵੇਟ ਲਿਮਿਟੇਡ 'ਵਨ ਕਾਰਡ' ਜਾਰੀ ਕਰਦਾ ਹੈ, ਜੋ ਇੱਕ ਸੰਪਰਕ ਰਹਿਤ ਕ੍ਰੈਡਿਟ ਕਾਰਡ ਹੈ।" ਇਸ ਦੇ ਨਾਲ ਹੀ ਵਨ ਕਾਰਡ ਅਤੇ ਵਨ ਸਕੋਰ ਐਪ ਰਾਹੀਂ ਆਨਲਾਈਨ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਤਾਂ ਜੋ ਗਾਹਕ ਕਿਸੇ ਵੀ ਵੈਬਸਾਈਟ ਜਾਂ ਐਪ 'ਤੇ ਆਨਲਾਈਨ ਲੈਣ-ਦੇਣ ਜਾਂ ਖ਼ਰੀਦਦਾਰੀ ਕਰਨ ਲਈ ਇਸ ਦੀ ਵਰਤੋਂ ਕਰ ਸਕਣ। ਕੰਪਨੀ ਦਾ ਦੋਸ਼ ਹੈ ਕਿ ਇਨ੍ਹਾਂ ਧੋਖੇਬਾਜ਼ਾਂ ਨੇ ਆਪਣੇ ਨਾਂ 'ਤੇ ਜਾਰੀ ਕੀਤੇ ਗਏ ਕਰੈਡਿਟ ਕਾਰਡ ਪ੍ਰਾਪਤ ਕਰਨ ਲਈ ਪੈਨ ਅਤੇ ਆਧਾਰ ਨੰਬਰ ਵਰਗੇ ਵੇਰਵੇ ਅਪਲੋਡ ਕਰਕੇ ਐਪ ਰਾਹੀਂ ਕੰਪਨੀ ਨਾਲ ਸੰਪਰਕ ਕੀਤਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਮਿਲੀ ਲਾਸ਼, ਮਾਈਕ੍ਰੋਸਾਫਟ ਦੇ ਭਾਰਤੀ ਮੁਲਾਜ਼ਮ ਦੀ ਸੀ ਪਤਨੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।