ਕ੍ਰਿਕਟ ਜਗਤ ਨੂੰ 'ਜ਼ਖ਼ਮ' ਦੇ ਗਿਆ 2022, ਵਾਰਨ-ਸਾਇਮੰਡਸ ਨੇ ਛੱਡੀ ਦੁਨੀਆ, ਪੰਤ ਨਾਲ ਵਾਪਰਿਆ ਭਿਆਨਕ ਹਾਦਸਾ

Saturday, Dec 31, 2022 - 03:01 PM (IST)

ਕ੍ਰਿਕਟ ਜਗਤ ਨੂੰ 'ਜ਼ਖ਼ਮ' ਦੇ ਗਿਆ 2022, ਵਾਰਨ-ਸਾਇਮੰਡਸ ਨੇ ਛੱਡੀ ਦੁਨੀਆ, ਪੰਤ ਨਾਲ ਵਾਪਰਿਆ ਭਿਆਨਕ ਹਾਦਸਾ

ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਟਾਰ ਖਿਡਾਰੀ ਰਿਸ਼ਭ ਪੰਤ ਸ਼ੁੱਕਰਵਾਰ (30 ਦਸੰਬਰ) ਨੂੰ ਸੜਕ ਹਾਦਸੇ 'ਚ ਬੁਰੀ ਜ਼ਖਮੀ ਹੋ ਗਏ ਸਨ। ਰੁੜਕੀ ਨੇੜੇ ਮੁਹੰਮਦਪੁਰ ਜਾਟ ਇਲਾਕੇ 'ਚ ਪੰਤ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। 25 ਸਾਲਾ ਰਿਸ਼ਭ ਪੰਤ ਫਿਲਹਾਲ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਦਾਖਲ ਹੈ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਇਸ ਹਾਦਸੇ ਕਾਰਨ ਪੰਤ ਦੇ ਸਿਰ ਅਤੇ ਲੱਤ 'ਤੇ ਕਾਫੀ ਸੱਟਾਂ ਲੱਗੀਆਂ ਹਨ। ਖ਼ੈਰ ਚੰਗੀ ਗੱਲ ਇਹ ਹੈ ਕਿ ਐਮਆਰਆਈ ਸਕੈਨ ਵਿੱਚ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਨਾਰਮਲ ਹੈ।

ਰਿਸ਼ਭ ਪੰਤ ਨਾਲ ਹੋਏ ਹਾਦਸੇ ਨੇ ਟੀਮ ਇੰਡੀਆ ਦੀ ਮੁਸੀਬਤ ਵਧਾ ਦਿੱਤੀ ਹੈ ਕਿਉਂਕਿ ਭਾਰਤ ਨੇ ਅਗਲੇ ਸਾਲ ਫਰਵਰੀ-ਮਾਰਚ 'ਚ ਆਸਟ੍ਰੇਲੀਆ ਦੇ ਖਿਲਾਫ ਚਾਰ ਮੈਚਾਂ ਦੀ ਕਾਫੀ ਅਹਿਮ ਟੈਸਟ ਸੀਰੀਜ਼ ਖੇਡਣੀ ਹੈ। ਜੇਕਰ ਭਾਰਤੀ ਟੀਮ ਇਸ ਟੈਸਟ ਸੀਰੀਜ਼ 'ਚ ਤਿੰਨ ਮੈਚ ਜਿੱਤਣ 'ਚ ਸਫਲ ਰਹਿੰਦੀ ਹੈ ਤਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਉਸ ਦੀ ਜਗ੍ਹਾ ਪੱਕੀ ਹੋ ਜਾਵੇਗੀ। ਇਸ ਹਾਦਸੇ ਤੋਂ ਬਾਅਦ ਹੁਣ ਰਿਸ਼ਭ ਦਾ ਇਸ ਟੈਸਟ ਸੀਰੀਜ਼ 'ਚ ਹਿੱਸਾ ਲੈਣਾ ਅਸੰਭਵ ਹੈ ਕਿਉਂਕਿ ਲਿਗਾਮੈਂਟ ਦੀ ਸੱਟ ਨੂੰ ਠੀਕ ਹੋਣ 'ਚ 3-6 ਮਹੀਨੇ ਦਾ ਸਮਾਂ ਲੱਗਦਾ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਦਿਵੇਸ਼ ਮੇਹਨ ਨੇ ਏਸ਼ੀਆ ਚੈਂਪੀਅਨਸ਼ਿਪ 'ਚ ਚਮਕਾਇਆ ਭਾਰਤ ਦਾ ਨਾਂ

ਜੇਕਰ ਦੇਖਿਆ ਜਾਵੇ ਤਾਂ ਸਾਲ 2022 ਕ੍ਰਿਕਟ ਜਗਤ ਨੂੰ ਕਈ ਜ਼ਖ਼ਮ ਦੇਣ ਤੋਂ ਬਾਅਦ ਖ਼ਤਮ ਹੋਣ ਜਾ ਰਿਹਾ ਹੈ। ਇਸ ਸਾਲ ਸ਼ੇਨ ਵਾਰਨ ਅਤੇ ਐਂਡਰਿਊ ਸਾਇਮੰਡਸ ਵਰਗੇ ਦਿੱਗਜ ਖਿਡਾਰੀਆਂ ਨੇ ਦੁਨੀਆ ਨੂੰ ਅਚਾਨਕ ਅਲਵਿਦਾ ਕਹਿ ਦਿੱਤਾ। ਇਸ ਦੇ ਨਾਲ ਹੀ ਰਿਸ਼ਭ ਪੰਤ ਨਾਲ ਹੋਏ ਇਸ ਦਰਦਨਾਕ ਹਾਦਸੇ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਕਾਫੀ ਠੇਸ ਪਹੁੰਚਾਈ ਹੈ। ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਰਿਸ਼ਭ ਪੰਤ ਜਲਦੀ ਹੀ ਫਿੱਟ ਹੋ ਕੇ ਮੈਦਾਨ 'ਤੇ ਵਾਪਸੀ ਕਰਨਗੇ ਅਤੇ ਨਿਡਰ ਹੋ ਕੇ ਵਿਰੋਧੀ ਗੇਂਦਬਾਜ਼ਾਂ ਦਾ ਕੁਟਾਪਾ ਚਾੜ੍ਹਨਗੇ। 

ਸ਼ੇਨ ਵਾਰਨ ਨੇ ਦਿਲ ਦਾ ਦੌਰਾ ਪੈਣ ਨਾਲ ਗੁਆਈ ਜਾਨ

ਮਹਾਨ ਸਪਿਨਰ ਸ਼ੇਨ ਵਾਰਨ ਦੀ ਗੱਲ ਕਰੀਏ ਤਾਂ 4 ਮਾਰਚ ਨੂੰ ਕੋਹ ਸਮੂਈ, ਥਾਈਲੈਂਡ ਵਿੱਚ ਉਸਦੀ ਮੌਤ ਹੋ ਗਈ ਸੀ। 52 ਸਾਲਾ ਸ਼ੇਨ ਵਾਰਨ ਆਪਣੇ ਵਿਲਾ ਵਿੱਚ ਬੇਹੋਸ਼ ਪਾਏ ਗਏ ਸਨ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਬਾਅਦ 'ਚ ਹਸਪਤਾਲ ਲਿਜਾਂਦੇ ਸਮੇਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਵਾਰਨ ਨੇ 145 ਮੈਚਾਂ ਦੇ ਆਪਣੇ ਟੈਸਟ ਕਰੀਅਰ ਵਿੱਚ 708 ਵਿਕਟਾਂ ਲਈਆਂ, ਜੋ ਮੁਥੱਈਆ ਮੁਰਲੀਧਰਨ (800 ਵਿਕਟਾਂ) ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ ਵਾਰਨ ਨੇ 194 ਵਨਡੇ ਮੈਚਾਂ 'ਚ 293 ਵਿਕਟਾਂ ਲਈਆਂ। ਵਾਰਨ ਦੀ ਕਪਤਾਨੀ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ ਸਾਲ 2008 ਵਿੱਚ ਚੈਂਪੀਅਨ ਬਣੀ ਸੀ।

ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਮਾਂ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਰਿਸ਼ਭ ਪੰਤ ਨੂੰ ਇਸ ਗ਼ਲਤੀ ਨੇ ਪਹੁੰਚਾਇਆ ਹਸਪਤਾਲ

ਸਾਇਮੰਡਸ ਦੀ ਸੜਕ ਹਾਦਸੇ 'ਚ ਹੋਈ ਮੌਤ

14 ਮਈ ਨੂੰ ਆਲਰਾਊਂਡਰ ਐਂਡਰਿਊ ਸਾਇਮੰਡਸ ਕਾਰ ਹਾਦਸੇ ਵਿਚ ਆਪਣੀ ਜਾਨ ਗੁਆ​ਬੈਠਾ। 47 ਸਾਲਾ ਸਾਇਮੰਡਸ ਦੀ ਕਾਰ ਟਾਊਨਸਵਿਲੇ ਨੇੜੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। 1998 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਐਂਡਰਿਊ ਸਾਇਮੰਡਸ ਨੇ ਆਸਟਰੇਲੀਆ ਲਈ 198 ਵਨਡੇ ਖੇਡੇ ਅਤੇ 5088 ਦੌੜਾਂ ਬਣਾਈਆਂ। ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਸਾਇਮੰਡਸ ਨੇ 26 ਮੈਚਾਂ 'ਚ 1462 ਦੌੜਾਂ ਬਣਾਈਆਂ ਹਨ। ਸਾਇਮੰਡਸ ਨੇ 14 ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ, ਜਿਸ ਵਿਚ ਉਸ ਦੇ ਨਾਂ ਕੁੱਲ 337 ਦੌੜਾਂ ਹਨ। ਸਾਇਮੰਡਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕੁੱਲ 165 ਵਿਕਟਾਂ ਵੀ ਲਈਆਂ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News