ਕ੍ਰਿਕਟ ਮੈਚ ਦੀ ਨਹੀਂ ਮਿਲੀ ਟਿਕਟ ਤਾਂ BCCI ਮੁਖੀ ਨੇ ਸ਼ੁਰੂ ਕਰਵਾ ’ਤਾ ਏਸ਼ੀਆ ਕੱਪ, ਜਾਣੋ ਹੋਰ ਵੀ ਰੋਚਕ ਤੱਥ

Thursday, Aug 25, 2022 - 01:44 PM (IST)

ਕ੍ਰਿਕਟ ਮੈਚ ਦੀ ਨਹੀਂ ਮਿਲੀ ਟਿਕਟ ਤਾਂ BCCI ਮੁਖੀ ਨੇ ਸ਼ੁਰੂ ਕਰਵਾ ’ਤਾ ਏਸ਼ੀਆ ਕੱਪ, ਜਾਣੋ ਹੋਰ ਵੀ ਰੋਚਕ ਤੱਥ

ਸਪੋਰਟਸ ਡੈਸਕ : 27 ਅਗਸਤ ਤੋਂ ਸ਼ੁਰੂ ਹੋਣ ਵਾਲਾ ਏਸ਼ੀਆ ਕੱਪ ਕਦੇ ਇਸ ਸਵਰੂਪ ਵਿਚ ਨਾ ਪਹੁੰਚਦਾ ਜੇਕਰ ਬੀ. ਸੀ. ਸੀ. ਆਈ. ਮੁਖੀ ਨੂੰ 1983 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਦੇਖਣ ਦੀ ਟਿਕਟ ਮਿਲ ਜਾਂਦੀ। ਏਸ਼ੀਈ ਕੱਪ ਕਰਵਾਉਣ ਦੀ ਪਲਾਨਿੰਗ ਇਸੇ ਦਿਨ ਸ਼ੁਰੂ ਹੋਈ ਸੀ।  ਖੇਡ ਪੱਤ੍ਰਿਕਾ ਵਿਜ਼ਡਨ ਵਿਚ ਛਪੇ ਲੇਖ ਅਨੁਸਾਰ, ਦਰਅਸਲ ਹੋਇਆ ਇਸ ਤਰ੍ਹਾਂ ਸੀ ਕਿ ਜਦੋਂ ਕਪਿਲ ਦੇਵ ਦੀ ਅਗਵਾਈ ਵਿਚ ਭਾਰਤੀ ਟੀਮ ਇੰਗਲੈਂਡ ਗਈ ਸੀ ਤਾਂ ਉਸ ਸਮੇਂ ਟੀਮ ਦੇ ਨਾਲ ਬੀ. ਸੀ. ਸੀ. ਆਈ.  ਦੇ ਤਤਕਾਲੀਨ ਪ੍ਰਧਾਨ ਐੱਨ. ਕੇ. ਪੀ. ਸਾਲਵੇ ਵੀ ਨਾਲ ਸਨ ਅਤੇ ਸਲਾਵੇ 25 ਜੂਨ 1983 ਨੂੰ ਲਾਰਸਡਸ ਵਿਚ ਖੇਡੇ ਗਏ ਵਿਸ਼ਵ ਕੱਪ ਫਾਈਨਲ ਨੂੰ ਸਟੈਂਡ ਵਿਚੋਂ ਦੇਖਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਤਹੱਈਆ ਕੀਤਾ ਕਿ ਹੁਣ ਉਹ ਵਿਸ਼ਵ ਕੱਪ ਦੇ ਬਰਾਬਰ ਇਕ ਟੂਰਨਾਮੈਂਟ ਖੜ੍ਹਾ ਕਰਨਗੇ।

ਸਾਲਵੇ ਭਾਰਤ ਆਏ ਤੇ ਆਪਣੇ ਇਰਾਦੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨਾਲ ਸਾਂਝੇ ਕੀਤੇ। ਤਦ ਪੀ. ਸੀ. ਬੀ. ਦੇ ਮੁਖੀ ਨੂਰ ਖਾਨ ਸਨ। ਉਨ੍ਹਾਂ ਦੇ ਨਾਲ ਸ਼੍ਰੀਲੰਕਾ ਕ੍ਰਿਕਟ ਬੋਰਡ ਦੇ ਮੁਖੀ ਗਾਮਿਨੀ ਦਿਸਾਨਾਯਕੇ ਵੀ ਜੁੜ ਗਏ। 1983 ਵਿਚ ਹੀ 19 ਸਤੰਬਰ ਦੇ ਦਿਨ ਏਸ਼ੀਅਨ ਕ੍ਰਿਕਟ ਕਾਨਫਰੰਸ (ਹੁਣ ਏਸ਼ੀਅਨ ਕ੍ਰਿਕਟ ਕੌਂਸਲ) ਬਣਾਈ ਗਈ। ਇਸ ਵਿਚ ਭਾਰਤ, ਪਾਕਿਸਤਾਨ ਤੇ ਸ਼੍ਰੀਲੰਕਾ ਫੁਲ ਮੈਂਬਰ ਸਨ। ਬਾਅਦ ਵਿਚ ਬੰਗਲਾਦੇਸ਼, ਮਲੇਸ਼ੀਆ ਤੇ ਸਿੰਗਾਪੁਰ ਨੂੰ ਵੀ ਜੋੜ ਲਿਆ ਗਿਆ ।

ਇਹ ਕ੍ਰਿਕਟ ਜਗਤ ਦੀਆਂ ਵੱਡੀਆਂ ਘਟਨਾਵਾਂ ਵਿਚੋਂ ਇਕ ਸੀ, ਕਿਉਂਕਿ ਇਸ ਤੋਂ ਪਹਿਲਾਂ ਕੌਮਾਂਤਰੀ ਕ੍ਰਿਕਟ ਵਿਚ ਵੱਡੇ ਫੈਸਲੇ ਇੰਟਰਨੈਸ਼ਨਲ ਕ੍ਰਿਕਟ ਬੋਰਡ ਅਰਥਾਤ ਆਈ. ਸੀ. ਸੀ. ਲੈਂਦਾ ਸੀ ਪਰ ਭਾਰਤ ਵਲੋਂ ਦੋ-ਪੱਖੀ ਸੰਸਥਾ ਖੜ੍ਹੀ ਕਰਨ ’ਤੇ ਆਈ. ਸੀ. ਸੀ. ਦੇ ਵੀ ਕੰਨ ਖੜ੍ਹੇ ਹੋ ਗਏ। ਸਾਲ 1984 ਵਿਚ ਹੀ ਪਹਿਲਾ ਏਸ਼ੀਆ ਕੱਪ ਕਰਵਾਇਆ ਗਿਆ। ਇਸਦੇ ਲਈ ਯੂ. ਏ. ਈ. ਨੂੰ ਚੁਣਿਆ ਗਿਆ। ਸਾਲ 1984 ਤੋਂ ਲੈ ਕੇ ਇਹ ਟੂਰਨਾਮੈਂਟ ਵਨ ਡੇ ਫਾਰਮੈੱਟ ਵਿਚ ਹੀ ਖੇਡਿਆ ਗਿਆ ਪਰ 2016 ਵਿਚ ਇਸ ਨੂੰ ਟੀ-20 ਫਾਰਮੈੱਟ ਵਿਚ ਖੇਡਿਆ ਗਿਆ। ਹੁਣ 2022 ਵਿਚ ਇਕ ਵਾਰ ਫਿਰ ਇਸ ਨੂੰ ਟੀ-20 ਫਾਰਮੈੱਟ ਵਿਚ ਹੀ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਏਅਰਪੋਰਟ 'ਤੇ ਪਰਿਵਾਰ ਸਮੇਤ ਫਸੇ ਇਰਫਾਨ ਪਠਾਨ ਨਾਲ ਹੋਈ ਬਦਸਲੂਕੀ! ਕੀਤੀ ਕਾਰਵਾਈ ਦੀ ਮੰਗ

ਏਸ਼ੀਆ ਕੱਪ ਦੇ ਰੋਮਾਂਚਕ ਤੱਥ

1. ਭਾਰਤ ਦਾ ਸਾਬਕਾ ਸਪਿਨਰ ਅਰਸ਼ਦ ਅਯੂਬ ਏਸ਼ੀਆ ਕੱਪ ਵਿਚ ਇਕ ਮੈਚ ਦੌਰਾਨ 5 ਵਿਕਟਾਂ ਲੈਣ ਵਾਲਾ ਇਕਲੌਤਾ ਭਾਰਤੀ ਖਿਡਾਰੀ ਹੈ। ਉਸ ਨੇ 1998 ਵਿਚ ਢਾਕਾ ਵਿਚ ਪਾਕਿਸਤਾਨ ਵਿਰੁੱਧ ਮੈਚ ਦੌਰਾਨ 21 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਸਨ।

2. ਸਨਤ ਜੈਸੂਰੀਆ ਏਸ਼ੀਆ ਕੱਪ ਵਿਚ ਸਭ ਤੋਂ ਵੱਧ 1220 ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਦੂਜੇ ਨੰਬਰ ’ਤੇ ਕੁਮਾਰ ਸੰਗਾਕਾਰਾ (1075 ਦੌੜਾਂ) ਦਾ ਨਾਂ ਨੰਬਰ ਆਉਂਦਾ ਹੈ। ਸਚਿਨ ਤੇਂਦੁਲਕਰ ਵੀ ਏਸ਼ੀਆ ਕੱਪ ਵਿਚ 971 ਦੌੜਾਂ ਬਣਾ ਚੁੱਕਾ ਹੈ।

3. ਮੁਥੱਈਆ ਮੁਰਲੀਧਰਨ ਏਸ਼ੀਆ ਕੱਪ ਦਾ ਸਭ ਤੋਂ ਸਫਲ ਗੇਂਦਬਾਜ਼ ਹੈ। ਉਸਦੇ ਨਾਂ ’ਤੇ 24 ਮੈਚਾਂ ਵਿਚ 30 ਵਿਕਟਾਂ ਹਨ। ਦੂਜੇ ਨੰਬਰ ’ਤੇ ਸ਼੍ਰੀਲੰਕਾ ਦਾ ਹੀ ਲਸਿਥ ਮਲਿੰਗਾ (29 ਵਿਕਟਾਂ) ਹੈ। ਭਾਰਤ ਦਾ ਇਰਫਾਨ ਪਠਾਨ 22 ਵਿਕਟਾਂ ਲੈ ਚੁੱਕਾ ਹੈ।

4. ਵਿਰਾਟ ਕੋਹਲੀ ਦੇ ਨਾਂ ਏਸ਼ੀਆ ਕੱਪ ਦਾ ਸਰਵਸ੍ਰੇਸ਼ਠ ਸਕੋਰ (183*) ਬਣਾਉਣ ਦਾ ਰਿਕਾਰਡ ਹੈ। ਸ਼ਾਹਿਦ ਅਫਰੀਦੀ ਦੀ ਸਟ੍ਰਾਈਕ ਰੇਟ (140.74) ਸਭ ਤੋਂ ਵੱਧ ਹੈ। ਸਭ ਤੋਂ ਵੱਧ ਸੈਂਕੜੇ ਸ਼੍ਰੀਲੰਕਾ ਦੇ ਜੈਸੂਰੀਆ (6) ਨੇ ਲਗਾਏ ਹਨ।

5. ਵਨ ਡੇ ਸਵਰੂਪ ਵਿਚ ਕੋਈ ਭਾਰਤੀ ਜ਼ੀਰੋ ’ਤੇ ਆਊਟ ਨਹੀਂ ਹੋਇਆ। ਸ਼੍ਰੀਲੰਕਾ ਦੇ ਖਿਡਾਰੀ ਵਨ ਡੇ ਫਾਰਮੈੱਟ ਵਿਚ ਸਭ ਤੋਂ ਵੱਧ 17 ਵਾਰ ਡਕ ਦਾ ਸ਼ਿਕਾਰ ਹੋਏ ਹਨ। ਇਸ ਵਿਚ ਬੰਗਲਾਦੇਸ਼ (11) ਤੇ ਪਾਕਿਸਤਾਨ (9) ਵੀ ਹਨ।

ਕੁਇਕ ਰੀਡ

• ਇਹ ਏਸ਼ੀਆ ਕੱਪ ਦਾ ਕਿਹੜਾ ਐਡੀਸ਼ਨ ਹੈ?
15ਵਾਂ। ਏਸ਼ੀਆ ਕੱਪ 1984 ਵਿਚ ਪਹਿਲੀ ਵਾਰ ਹੋਇਆ। 

• ਕੌਣ ਸਭ ਤੋਂ ਵੱਧ ਵਾਰ ਜਿੱਤਿਆ ਖਿਤਾਬ?
ਭਾਰਤ 7, ਸ਼੍ਰੀਲੰਕਾ 5 ਤੇ ਪਾਕਿਸਤਾਨ 2 ਵਾਰ।

•ਇਸ ਸਾਲ ਕਿੱਥੇ ਹੋਵੇਗਾ ਏਸ਼ੀਆ ਕੱਪ?
27 ਅਗਸਤ ਤੋਂ ਯੂ . ਏ. ਈ. ਵਿਚ ਹੋਵੇਗੀ ਸ਼ੁਰੂਆਤ। ਪਹਿਲਾ ਮੁਕਾਬਲਾ ਦੁਬਈ ਦੇ ਮੈਦਾਨ ’ਤੇ। ਫਾਈਨਲ ਮੁਕਾਬਲਾ 11 ਸਤੰਬਰ ਨੂੰ।

•ਕਿਹੜੀਆਂ ਟੀਮਾਂ ਖੇਡ ਰਹੀਆਂ ਹਨ?
ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਇਕ ਕੁਆਲੀਫਾਇਰ (ਯੂ. ਏ. ਈ., ਹਾਂਗਕਾਂਗ, ਸਿੰਗਾਪੁਰ ਤੇ ਕੁਵੈਤ ਵਿਚੋਂ)

ਕਿੰਨੇ ਗਰੁੱਪ ਤੇ ਕਿੰਨੀਆਂ ਟੀਮਾਂ ਹੋਣਗੀਆਂ?
ਗਰੁੱਪ-ਏ : ਭਾਰਤ, ਪਾਕਿਸਤਾਨ, ਕੁਆਲੀਫਾਇਰ ਟੀਮ
ਗਰੁੱਪ-ਬੀ : ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ।
ਹਰੇਕ ਟੀਮ ਗਰੁੱਪ ਵਿਚ ਇਕ-ਦੂਜੇ ਨਾਲ ਇਕ ਵਾਰ ਖੇਡੇਗੀ। ਟਾਪ-2 ਟੀਮਾਂ ਸੁਪਰ-4 ਲਈ ਜਾਣਗੀਆਂ।

ਸੁਪਰ-4 ਕੀ ਹੈ?
ਸੁਪਰ-4 ਵਿਚ ਹਰੇਕ ਟੀਮ ਸਾਹਮਣੇ ਵਾਲੀ ਟੀਮ ਨਾਲ ਇਕ-ਇਕ ਮੈਚ ਖੇਡੇਗੀ। ਦੋ ਟੀਮਾਂ ਫਾਈਨਲ ਲਈ ਕੁਆਲੀਫਾਈ ਕਰਨਗੀਆਂ। 

ਕੀ ਭਾਰਤ-ਪਾਕਿ ਵਿਚਾਲੇ 3 ਮੈਚ ਹੋਣਗੇ?
ਸੰਭਵ ਹੈ। ਗਰੁੱਪ ਵਿਚ ਇਕ ਮੈਚ ਹੋਣ ਤੋਂ ਬਾਅਦ ਸੁਪਰ-4 ਵਿਚ ਟੱਕਰ ਹੋਵੇਗੀ। ਜੇਕਰ ਦੋਵੇਂ ਟੀਮਾਂ ਫਾਈਨਲ ਵਿਚ ਪਹੁੰਚਦੀਆਂ ਹਨ ਤਾਂ ਇਕ ਹੋਰ ਮੁਕਾਬਲਾ ਹੋਵੇਗਾ।

ਹੈੱਡ ਟੂ ਹੈੱਡ

ਭਾਰਤ-ਪਾਕਿ 14 ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਭਾਰਤ 8 ਤੇ ਪਾਕਿਸਤਾਨ 5 ਮੈਚ ਜਿੱਤਿਆ ਹੈ। ਇਕ ਮੈਚ ਬੇਨਤੀਜਾ ਰਿਹਾ। 

ਕੀ ਪਹਿਲੀ ਵਾਰ ਟੀ-20 ਫਾਰਮੈੱਟ ਦਿਖੇਗਾ?
ਨਹੀਂ, ਇਸ ਤੋਂ ਪਹਿਲਾਂ 2016 ਵਿਚ ਬੰਗਲਾਦੇਸ਼ ਵਿਚ ਟੀ-20 ਫਾਰਮੈੱਟ ਵਿਚ ਹੀ ਏਸ਼ੀਆ ਕੱਪ ਹੋਇਆ ਸੀ। ਇਹ ਆਗਾਮੀ ਟੀ-20 ਵਿਸ਼ਵ ਕੱਪ ਦੇ ਕਾਰਨ ਕੀਤਾ ਗਿਆ ਸੀ। 2023 ਵਿਚ ਕ੍ਰਿਕਟ ਵਨ ਡੇ ਕੱਪ ਹੋਣਾ ਸੀ। ਅਜਿਹੇ ਵਿਚ ਅਗਲੇ ਸਾਲ ਏਸ਼ੀਆ ਕੱਪ ਵੀ ਵਨ ਡੇ ਫਾਰਮੈੱਟ ਵਿਚ ਹੋਵੇਗਾ।

ਇਹ ਵੀ ਪੜ੍ਹੋ : ਜਲੰਧਰ ਦੇ ਅਭਿਨਵ ਦੀ ਭਾਰਤੀ ਬੈਡਮਿੰਟਨ ਟੀਮ 'ਚ ਚੋਣ, ਜੂਨੀਅਰ ਵਰਲਡ ਚੈਂਪੀਅਨਸ਼ਿਪ 'ਚ ਲੈਣਗੇ ਹਿੱਸਾ

ਸੁਨੀਲ ਗਾਵਸਕਰ ਨੇ ਭਾਰਤ ਨੂੰ ਬਣਾਇਆ ਪਹਿਲੀ ਵਾਰ ਚੈਂਪੀਅਨ

ਏਸ਼ੀਆ ਕੱਪ 38 ਸਾਲ ਪਹਿਲਾਂ ਸ਼ਾਰਜਾਹ ਵਿਚ 1984 ਵਿਚ ਖੇਡਿਆ ਗਿਆ ਸੀ।  ਤਦ ਭਾਰਤ, ਪਾਕਿਸਤਾਨ  ਤੇ ਸ਼੍ਰੀਲੰਕਾ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਤਿੰਨ ਰਾਊਂਡ ਰੌਬਿਨ ਮੈਚਾਂ ਤੋਂ ਬਾਅਦ ਸੁਨੀਲ ਗਾਵਸਕਰ ਦੀ ਕਪਤਾਨੀ ਵਿਚ ਭਾਰਤੀ ਟੀਮ ਚੈਂਪੀਅਨ ਬਣੀ ਸੀ। ਭਾਰਤ ਨੇ ਦੋਵੇਂ ਮੈਚ ਜਿੱਤੇ ਸਨ ਤੇ ਚੋਟੀ ’ਤੇ ਰਹਿਣ ਦੀ ਵਜ੍ਹਾ ਨਾਲ ਟਰਾਫੀ ’ਤੇ ਕਬਜ਼ਾ ਕੀਤਾ ਸੀ।

ਭਾਰਤ ਦਾ ਏਸ਼ੀਆ ਕੱਪ ਵਿਚ ਰਿਕਾਰਡ

ਵਨ ਡੇ : ਮੈਚ 49, ਜਿੱਤੇ 31, ਹਾਰੇ 16, ਟਾਈ 1, ਬੇਨਤੀਜਾ 1
ਟੀ-20 : ਮੈਚ 5, ਜਿੱਤੇ 5, ਹਾਰੇ 0, ਟਾਈ 0, ਬੇਨਤੀਜਾ 0

ਏਸ਼ੀਆ ਕੱਪ-2022 ਦਾ ਸ਼ੈਡਿਊਲ

27 ਅਗਸਤ : ਸ਼੍ਰੀਲੰਕਾ ਬਨਾਮ ਅਫਗਾਨਿਸਤਾਨ, ਦੁਬਈ
28 ਅਗਸਤ : ਭਾਰਤ ਬਨਾਮ ਪਾਕਿਸਤਾਨ, ਦੁਬਈ
30 ਅਗਸਤ : ਬੰਗਲਾਦੇਸ਼ ਬਨਾਮ ਟੀ. ਬੀ. ਸੀ., ਸ਼ਾਰਜਾਹ
31 ਅਗਸਤ : ਭਾਰਤ ਬਨਾਮ ਟੀ. ਬੀ.ਸੀ., ਦੁਬਈ
1 ਸਤੰਬਰ : ਪਾਕਿਸਤਾਨ ਬਨਾਮ ਟੀ. ਬੀ. ਸੀ, ਸ਼ਾਰਜਾਹ
3 ਸਤੰਬਰ ਤੋਂ ਸੁਪਰ-4 ਮੁਕਾਬਲੇ ਸ਼ੁਰੂ ਹੋਣਗੇ, ਜਿਸ ਵਿਚ ਹਰੇਕ ਟੀਮ ਇਕ-ਦੂਜੇ ਨਾਲ ਇਕ-ਇਕ ਮੈਚ ਮੈਚ ਖੇਡੇਗੀ। 2 ਟੀਮਾਂ ਫਾਈਨਲ ’ਚ ਜਾਣਗੀਆਂ । (ਏਸ਼ੀਆ ਕੱਪ ਕੁਆਲੀਫਾਇਰ ਰਾਊਂਡ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਟੀਮਾਂ ਫਾਈਨਲ ਹੋਣਗੀਆਂ)

ਇਹ ਵੀ ਪੜ੍ਹੋ : ਮੈਂ 4-5 ਨਵੇਂ ਸ਼ਾਟਸ ਬਿੰਦੂਆਂ 'ਤੇ ਕੰਮ ਕਰ ਰਿਹਾ ਹਾਂ ਤੇ ਮੈਨੂੰ ਇਸ ਦਾ ਫ਼ਾਇਦਾ ਮਿਲਿਆ : ਮਯੰਕ ਅਗਰਵਾਲ

ਰੋਹਿਤ ’ਤੇ ਨਜ਼ਰਾਂ

4 ਮੈਚ ਖੇਡ ਕੇ ਰੋਹਿਤ ਏਸ਼ੀਆ ਕੱਪ ਵਿਚ ਸਭ ਤੋਂ ਵੱਧ ਮੈਚ ਖੇਡਣ ਵਾਲਾ ਖਿਡਾਰੀ ਬਣ ਜਾਵੇਗਾ। ਉਸ ਨੇ ਅਜੇ ਤਕ 22 ਮੈਚਾਂ ਵਿਚ 745 ਦੌੜਾਂ ਬਣਾਈਆਂ ਹਨ। ਰੋਹਿਤ ਦਾ ਬਤੌਰ ਕਪਤਾਨ ਟੀ-20 ਕਰੀਅਰ ਬਹੁਤ ਚੰਗਾ ਹੈ। ਉਸ ਨੇ 16 ਵਿਚੋਂ 14 ਮੁਕਾਬਲੇ ਟੀਮ ਇੰਡੀਆ ਨੂੰ ਜਿੱਤਵਾਏ ਹਨ। ਏਸ਼ੀਆ ਕੱਪ ਵੀ ਟੀ-20 ਫਾਰਮੈੱਟ ਵਿਚ ਹੋਣਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News