ਬ੍ਰਾਜ਼ੀਲੀ ਫੁੱਟਬਾਲ ਦੇ 17 ਖਿਡਾਰੀ ਕੋਰੋਨਾ ਦੀ ਲਪੇਟ ''ਚ
Friday, Jun 05, 2020 - 05:51 PM (IST)
ਸਪੋਰਟਸ ਡੈਸਕ : ਬ੍ਰਾਜ਼ੀਲ ਦੇ ਸਿਰੀ ਏ ਫੁੱਟਬਾਲ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਕਲੱਬ ਸੇਆਰਾ ਦੇ 9 ਖਿਾਡਰੀਆਂ ਸਣੇ ਕੁਲ 17 ਮੈਂਬਰ ਕੋਰੋਨਾ ਨਾਲ ਇਨਫੈਕਟਡ ਪਾਏ ਗਏ ਹਨ ਜਦਕਿ 7 ਸ਼ੱਕੀ ਹਨ। ਕਲੱਬ ਨੇ ਖਿਡਾਰੀ, ਕੋਚ ਤੇ ਸਟਾਫ ਸਣੇ ਕੁਝ 148 ਲੋਕਾਂ ਦਾ ਕੋਰੋਨਾ ਟੈਸਟ ਕਰਾਇਆ ਗਿਆ ਸੀ, ਜਿਸ ਵਿਚ 17 ਲੋਕ ਕੋਰੋਨਾ ਨਾਲ ਇਨਫੈਕਟਡ ਪਾਏ ਗਏ ਹਨ ਤੇ 7 ਲੋਕ ਸ਼ੱਕੀ ਹਨ, ਜਿਨ੍ਹਾਂ ਦੀ ਰਿਪੋਰਟ ਅਜੇ ਨਹੀਂ ਆਈ ਹੈ।
ਕਲੱਬ ਦੇ ਡਾਕਟਰ ਗੁਸਤਾਵੋ ਪਿਰੇਸ ਨੇ ਦੱਸਿਆ ਕਿ ਜੋ ਮੈਂਬਰ ਕੋਰੋਨਾ ਨਾਲ ਇਨਫੈਕਟਡ ਹਨ ਜਾਂ ਜੋ ਸ਼ੱਕੀ ਹਨ ਉਨ੍ਹਾਂ ਨੂੰ ਵੱਖ ਰੱਖਿਆ ਗਿਆ ਹੈ ਤੇ ਇਨ੍ਹਾਂ ਲੋਕਾਂ ਦਾ ਇਲਾਜ ਜਾਰੀ ਹੈ। ਉਸ ਨੇ ਕਿਹਾ ਕਿ 23 ਖਿਡਾਰੀਆਂ ਦੇ ਟੈਸਟ ਨੈਗੇਟਿਵ ਆਏ ਹਨ ਅਤੇ ਇਹ ਖਿਡਾਰੀ ਟ੍ਰੇਨਿੰਗ ਕਰ ਸਕਦੇ ਹਨ। ਬ੍ਰਾਜ਼ੀਲ ਵਿਚ ਕੋਰੋਨਾ ਦੇ ਖਤਰੇ ਕਾਰਨ ਮਾਰਚ ਤੋਂ ਹੀ ਫੁੱਟਬਾਲ ਗਤੀਵਿਧੀਆਂ ਮੁਅੱਤਲ ਹਨ। ਬ੍ਰਾਜ਼ੀਲ ਦੀ ਸੀਰੀ-ਏ ਚੈਂਪੀਅਨਸ਼ਿਪ ਮਈ ਵਿਚ ਹੋਣੀ ਸੀ ਪਰ ਉਸ ਨੂੰ ਅਣਮਿੱਥੇ ਸਮੇਂ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਬ੍ਰਾਜ਼ੀਲ ਵਿਚ ਕੋਰੋਨਾ ਦੇ ਹੁਣ ਤਕ 616000 ਮਾਮਲੇ ਹਨ ਅਤੇ ਇਸ ਨਾਲ ਇੱਥੇ 34000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।