14 ਸਾਲ ਦੇ ਵੈਭਵ ਸੂਰਿਆਵੰਸ਼ੀ ਨੇ ਗੱਡੇ ਝੰਡੇ, ਰਾਸ਼ਟਰਪਤੀ ਮੁਰਮੂ ਨੇ ਕੀਤਾ ਸਨਮਾਨਿਤ
Friday, Dec 26, 2025 - 12:41 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਦੇ ਉਭਰਦੇ ਸਿਤਾਰੇ ਵੈਭਵ ਸੂਰਿਆਵੰਸ਼ੀ ਨੇ ਆਪਣੀ ਅਸਾਧਾਰਨ ਪ੍ਰਤਿਭਾ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੈਭਵ ਨੂੰ ਖੇਡਾਂ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ 'ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ' ਨਾਲ ਸਨਮਾਨਿਤ ਕੀਤਾ। ਵੈਭਵ ਨੇ ਪਿਛਲੇ ਕੁਝ ਸਮੇਂ ਵਿੱਚ ਅਜਿਹੀ ਬੱਲੇਬਾਜ਼ੀ ਕੀਤੀ ਹੈ, ਜਿਸ ਦੀ ਮਿਸਾਲ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।
ਪੁਰਸਕਾਰ ਲਈ ਛੱਡਿਆ ਵਿਜੇ ਹਜ਼ਾਰੇ ਟਰਾਫੀ ਦਾ ਮੈਚ
ਵੈਭਵ ਸੂਰਿਆਵੰਸ਼ੀ ਬਿਹਾਰ ਦੀ ਟੀਮ ਵੱਲੋਂ ਵਿਜੇ ਹਜ਼ਾਰੇ ਟਰਾਫੀ ਖੇਡ ਰਹੇ ਸਨ, ਪਰ ਦਿੱਲੀ ਵਿੱਚ ਰਾਸ਼ਟਰਪਤੀ ਕੋਲੋਂ ਇਹ ਵੱਕਾਰੀ ਸਨਮਾਨ ਹਾਸਲ ਕਰਨ ਲਈ ਉਨ੍ਹਾਂ ਨੇ ਮਣੀਪੁਰ ਵਿਰੁੱਧ ਹੋਣ ਵਾਲਾ ਮੈਚ ਛੱਡ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿਰੁੱਧ ਖੇਡਦਿਆਂ ਮਹਿਜ਼ 84 ਗੇਂਦਾਂ ਵਿੱਚ 190 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਸੀ, ਜਿਸ ਵਿੱਚ 16 ਚੌਕੇ ਅਤੇ 15 ਛੱਕੇ ਸ਼ਾਮਲ ਸਨ।
IPL 'ਚ ਵੀ ਮਚਾ ਚੁੱਕੇ ਹਨ ਤਹਿਲਕਾ
ਵੈਭਵ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ ਦਾ ਹਿੱਸਾ ਹਨ। ਉਨ੍ਹਾਂ ਨੇ IPL 2025 ਦੇ 7 ਮੈਚਾਂ ਵਿੱਚ 252 ਦੌੜਾਂ ਬਣਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਜਿਸ ਕਾਰਨ ਟੀਮ ਨੇ ਉਨ੍ਹਾਂ ਨੂੰ ਰਿਟੇਨ (ਬਰਕਰਾਰ) ਵੀ ਕੀਤਾ ਹੈ। ਉਹ ਭਾਰਤੀ ਅੰਡਰ-19 ਟੀਮ ਲਈ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ। ਇਹ ਸਨਮਾਨ ਸਮਾਰੋਹ 'ਵੀਰ ਬਾਲ ਦਿਵਸ' ਦੇ ਮੌਕੇ 'ਤੇ ਆਯੋਜਿਤ ਕੀਤਾ ਗਿਆ।
