''ਬੰਦੂਕ ਸੱਭਿਆਚਾਰ'' ਤੋਂ ਛੁਟਕਾਰਾ ਪਾਉਣਾ ਹੀ ਪਵੇਗਾ

03/20/2019 7:25:40 AM

ਹਥਿਆਰ ਘਾਤਕ ਹੋਵੇ ਜਾਂ ਸਾਧਾਰਨ, ਹਿੰਸਾ ਦਾ ਪ੍ਰਤੀਕ ਹੁੰਦਾ ਹੈ, ਬੇਕਸੂਰ ਲੋਕਾਂ ਦੀ ਜਾਨ ਲੈਣ ਵਾਲਾ ਹੁੰਦਾ ਹੈ, ਵਿਗੜੀ ਮਾਨਸਿਕਤਾ ਨੂੰ ਜਨਮ ਦੇਣ ਵਾਲਾ ਹੁੰਦਾ ਹੈ। ਇਹੋ ਵਜ੍ਹਾ ਹੈ ਕਿ ਮਾਰੂ ਹਥਿਆਰ ਰੱਖਣ ਵਾਲੇ ਦੇਸ਼, ਸਮੂਹ ਅਤੇ ਵਿਅਕਤੀ ਲੁਟੇਰੀ ਮਾਨਸਿਕਤਾ ਨੂੰ ਅੰਜਾਮ ਦੇ ਕੇ ਬੇਕਸੂਰਾਂ ਅਤੇ ਕਮਜ਼ੋਰ ਲੋਕਾਂ 'ਤੇ ਵੱਖ-ਵੱਖ ਤਰ੍ਹਾਂ ਦੇ ਅੱਤਿਆਚਾਰ ਕਰਦੇ ਹਨ। 
ਹਥਿਆਰ ਨੂੰ ਸਿਰਫ ਸੁਰੱਖਿਆ ਦਾ ਪ੍ਰਤੀਕ ਨਹੀਂ ਮੰਨਿਆ ਜਾਣਾ ਚਾਹੀਦਾ। ਇਸ ਨੂੰ ਹਿੰਸਾ, ਅਪਰਾਧ ਦਾ ਪ੍ਰਤੀਕ ਮੰਨਿਆ ਜਾਣਾ ਚਾਹੀਦਾ ਹੈ। ਜਾਇਜ਼ ਅਤੇ ਨਾਜਾਇਜ਼ ਹਰ ਤਰ੍ਹਾਂ ਦੇ ਹਥਿਆਰਾਂ ਪ੍ਰਤੀ ਹੁਣ ਨਜ਼ਰੀਆ ਬਦਲਣਾ ਚਾਹੀਦਾ ਹੈ ਤਾਂ ਕਿ ਨਿਊਜ਼ੀਲੈਂਡ 'ਚ ਬ੍ਰੈਂਟਨ ਟੈਰੇਂਟ ਨੇ ਜਿਹੋ ਜਿਹੀ ਹਿੰਸਕ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਤੋਂ ਬਚਿਆ ਜਾ ਸਕੇ। ਪਿਛਲੇ ਦਿਨੀਂ ਨਿਊਜ਼ੀਲੈਂਡ 'ਚ ਬ੍ਰੈਂਟਨ ਨੇ ਬੰਦੂਕ ਨਾਲ ਅੰਨ੍ਹੇਵਾਹ ਫਾਇਰਿੰਗ ਕਰ ਕੇ ਲੱਗਭਗ 50 ਬੇਕਸੂਰ ਲੋਕਾਂ ਨੂੰ ਮਾਰ-ਮੁਕਾਇਆ।
ਦੁਨੀਆ ਦੇ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਜਿਸ ਵਿਅਕਤੀ ਨੇ ਬੰਦੂਕ ਨਾਲ ਇੰਨੇ ਲੋਕਾਂ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ, ਉਹ ਇਸਲਾਮ ਦੇ ਹਿੰਸਕ ਰੁਝਾਨ ਨੂੰ ਲੈ ਕੇ ਗੁੱਸੇ 'ਚ ਸੀ। ਇਸ ਦੇ ਨਾਲ ਹੀ ਉਸ ਨੂੰ ਮਾਨਸਿਕ ਤੌਰ 'ਤੇ ਵਿਗੜਿਆ ਦੱਸਣ ਦੀ ਵੀ ਪ੍ਰਕਿਰਿਆ ਚੱਲ ਰਹੀ ਹੈ।
ਇਹ ਸਹੀ ਹੈ ਕਿ ਮਜ਼੍ਹਬ ਆਧਾਰਿਤ ਸੋਚ ਰੱਖਣ ਵਾਲੇ ਕਿਸੇ ਨਾ ਕਿਸੇ ਰੂਪ 'ਚ ਮਾਨਸਸਿਕ ਵਿਕਾਰ  ਦਾ ਸ਼ਿਕਾਰ ਹੁੰਦੇ ਹਨ ਤੇ ਇਸੇ ਕਾਰਨ ਬੇਕਸੂਰਾਂ ਦੀ ਜਾਨ ਲੈ ਲੈਂਦੇ ਹਨ। ਦੁਨੀਆ 'ਚ ਜਿੰਨੇ ਵੀ ਮਜ਼ਹਬੀ ਸਮੂਹ, ਮਜ਼ਹਬੀ ਸੋਚ ਤੋਂ ਪੀੜਤ ਅੱਤਵਾਦੀ ਸੰਗਠਨ ਹਨ, ਉਹ ਸਾਰੇ ਮਜ਼ਹਬ ਆਧਾਰਿਤ ਸੋਚ ਤੋਂ ਅੱਗੇ ਕੁਝ ਦੇਖ-ਸੋਚ ਨਹੀਂ ਸਕਦੇ। ਅਲਕਾਇਦਾ, ਤਾਲਿਬਾਨ, ਆਈ. ਐੱਸ. ਵਰਗੇ ਮਜ਼ਹਬੀ ਸੰਗਠਨ ਵੀ ਇਸੇ ਤਰ੍ਹਾਂ ਦੀ ਵਿਗੜੀ ਮਾਨਸਿਕਤਾ ਦੇ ਸ਼ਿਕਾਰ ਹਨ। 
ਸੂਚਨਾ ਕ੍ਰਾਂਤੀ ਦਾ ਧਮਾਕਾ ਵੀ ਅਜਿਹੀ ਵਿਗੜੀ ਮਾਨਸਿਕਤਾ ਨੂੰ ਖਤਮ ਨਹੀਂ ਕਰ ਸਕਿਆ। ਦੁਨੀਆ ਅਸਲੀ ਸਮੱਸਿਆਵਾਂ ਤੇ ਸੰਕਟਾਂ ਪ੍ਰਤੀ ਚਾਕ-ਚੌਬੰਦ ਢੰਗ ਨਾਲ ਸੋਚ ਨਹੀਂ ਰੱਖਦੀ। ਸਹੀ ਸੋਚ ਇਹ ਹੈ ਕਿ ਮਜ਼ਹਬੀ ਤੌਰ 'ਤੇ ਵਿਗੜੀ ਮਾਨਸਿਕਤਾ ਵਾਲੇ ਲੋਕਾਂ, ਸੰਗਠਨਾਂ ਕੋਲ ਮਾਰੂ ਹਥਿਆਰ ਇੰਨੀ ਆਸਾਨੀ ਨਾਲ ਕਿਵੇਂ ਪਹੁੰਚ ਜਾਂਦੇ ਹਨ। ਉਨ੍ਹਾਂ ਨੂੰ ਹਥਿਆਰ ਦੇਣ ਵਾਲੇ ਕੌਣ ਲੋਕ ਹਨ ਤੇ ਉਨ੍ਹਾਂ ਨੂੰ ਕਿਸ ਮਕਸਦ ਲਈ ਹਥਿਆਰ ਦਿੱਤੇ ਜਾਂਦੇ ਹਨ? ਬ੍ਰੈਂਟਨ ਟੈਰੇਂਟ ਦੀ ਮਿਸਾਲ ਦੇਖ ਲਓ : ਜੇ ਉਸ ਕੋਲ ਮਾਰੂ ਹਥਿਆਰ ਨਾ ਹੁੰਦੇ ਤਾਂ ਉਹ ਇੰਨੀ ਆਸਾਨੀ ਨਾਲ ਨਾ ਤਾਂ ਨਿਊਜ਼ੀਲੈਂਡ ਦੀ ਮਸਜਿਦ 'ਚ ਹਮਲਾ ਕਰ ਸਕਦਾ ਸੀ ਅਤੇ ਨਾ ਹੀ ਚਾਰ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਸਕਦਾ ਸੀ। 
ਬੰਦੂਕ ਸੱਭਿਆਚਾਰ 'ਤੇ ਪਰਦਾ ਪਾਉਣ ਦੀ ਕੋਸ਼ਿਸ਼
ਅਸਲ 'ਚ ਅਮਰੀਕਾ ਅਤੇ ਯੂਰਪ 'ਚ ਬੰਦੂਕ ਸੱਭਿਆਚਾਰ (ਗੰਨ ਕਲਚਰ) ਨੇ ਲੰਮੇ ਸਮੇਂ ਤੋਂ ਹਿੰਸਾ ਦਾ ਕਹਿਰ  ਢਾਹਿਆ ਹੈ। ਅਮਰੀਕਾ ਅਤੇ ਯੂਰਪ ਬੰਦੂਕ ਸੱਭਿਆਚਾਰ 'ਚ ਸੋਧ ਜਾਂ ਇਸ ਨੂੰ ਖਤਮ ਕਰਨ ਲਈ ਅੱਗੇ ਕਿਉਂ ਨਹੀਂ ਆ ਰਹੇ। ਬੰਦੂਕ ਸੱਭਿਆਚਾਰ 'ਤੇ ਪਰਦਾ ਪਾਉਣ ਦੀ ਬਹੁਤ ਕੋਸ਼ਿਸ਼ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਟੈਰੇਂਟ ਇਸਲਾਮ ਅਤੇ ਮੁਸਲਿਮ ਅੱਤਵਾਦੀ ਸੰਗਠਨਾਂ ਤੋਂ ਨਫਰਤ ਕਰਦਾ ਸੀ, ਇਸੇ ਲਈ ਉਸ ਨੇ ਇਹ ਕਦਮ ਚੁੱਕਿਆ। 
ਇਹ ਸੱਚ ਹੈ ਕਿ ਅਮਰੀਕਾ ਅਤੇ ਯੂਰਪ ਅੱਜ ਕਿਸੇ ਨਾ ਕਿਸੇ ਰੂਪ 'ਚ ਇਸਲਾਮ ਦੇ ਹਮਲਾਵਰ ਪ੍ਰਚਾਰ-ਪਸਾਰ ਕਾਰਨ ਨਾ ਸਿਰਫ ਹੈਰਾਨ ਹਨ, ਸਗੋਂ ਮੁਸਲਿਮ ਅੱਤਵਾਦੀ ਸੰਗਠਨਾਂ ਵਲੋਂ ਫੈਲਾਈ ਜਾ ਰਹੀ ਹਿੰਸਾ ਤੇ ਨਫਰਤ ਤੋਂ ਬੇਚੈਨ ਵੀ ਹਨ, ਪੀੜਤ ਵੀ ਤੇ ਗੁੱਸੇ 'ਚ ਵੀ। ਅਮਰੀਕਾ ਅਤੇ ਯੂਰਪ ਦੇ ਗੈਰ-ਮੁਸਲਿਮ ਨੌਜਵਾਨ ਹੁਣ ਕਿਸੇ ਵੀ ਤਰ੍ਹਾਂ ਇਸਲਾਮ ਅਤੇ ਮੁਸਲਿਮ ਅੱਤਵਾਦੀ ਸੰਗਠਨਾਂ ਪ੍ਰਤੀ ਹਮਦਰਦੀ ਰੱਖਣ ਲਈ ਤਿਆਰ ਨਹੀਂ ਹਨ। ਅਮਰੀਕਾ ਅਤੇ ਯੂਰਪ ਦਾ ਸਮਾਜ ਬਹੁਲਤਾਵਾਦ 'ਤੇ ਆਧਾਰਿਤ ਹੈ, ਜਿੱਥੇ ਸਾਰੇ ਧਰਮਾਂ ਤੇ ਮਜ਼ਹਬਾਂ ਦੇ ਲੋਕਾਂ ਨੂੰ ਆਪਣੀ ਕਿਸਮਤ ਬਣਾਉਣ ਲਈ ਬਰਾਬਰ ਮੌਕੇ ਦਿੱਤੇ ਜਾਂਦੇ ਹਨ। ਮੁਸਲਿਮ ਦੁਨੀਆ ਵਾਂਗ ਯੂਰਪ ਅਤੇ ਅਮਰੀਕਾ ਦਾ ਸਮਾਜ ਅਜਿਹਾ ਨਹੀਂ ਹੈ, ਜਿੱਥੇ ਸਿਰਫ ਮਜ਼ਹਬੀ ਤਾਨਾਸ਼ਾਹੀ ਦਾ ਬੋਲਬਾਲਾ ਹੁੰਦਾ ਹੈ, ਬਾਕੀ ਧਰਮਾਂ ਦੇ ਲੋਕਾਂ ਨੂੰ ਹਿੰਸਾ, ਅੱਤਵਾਦ, ਨਫਰਤ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਜ਼ਬਰਦਸਤੀ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਜਾਂਦਾ ਹੈ। 
ਅਲਕਾਇਦਾ, ਆਈ. ਐੱਸ. ਵਰਗੇ ਮੁਸਲਿਮ ਅੱਤਵਾਦੀ ਸੰਗਠਨਾਂ ਨੇ ਅਮਰੀਕਾ ਤੇ ਯੂਰਪ 'ਚ ਹਿੰਸਕ ਹਮਲੇ ਕਰ ਕੇ ਉਥੋਂ ਦੇ ਨੌਜਵਾਨ ਵਰਗ ਅੰਦਰ ਗੁੱਸਾ ਪੈਦਾ ਕੀਤਾ ਤੇ ਨਿਊਜ਼ੀਲੈਂਡ 'ਚ ਹੋਇਆ ਕਤਲੇਆਮ ਵੀ ਇਸੇ ਦਾ ਸਿੱਟਾ ਹੈ। ਫਿਰ ਵੀ ਅਮਰੀਕਾ ਤੇ ਯੂਰਪ ਆਪਣੇ ਬੰਦੂਕ ਸੱਭਿਆਚਾਰ ਦੀ ਅਸਫਲਤਾ ਅਤੇ ਹਿੰਸਾ ਤੋਂ ਪਿੱਛਾ ਨਹੀਂ ਛੁਡਾ ਸਕਦੇ, ਇਸ ਦੇ ਅਪਰਾਧ ਤੋਂ ਮੁਕਤ ਨਹੀਂ ਹੋ ਸਕਦੇ। ਸਵਾਲ ਇਹ ਹੈ ਕਿ ਜੇ ਅਮਰੀਕਾ ਤੇ ਯੂਰਪ ਸ਼ਾਂਤੀ ਅਤੇ ਸਦਭਾਵਨਾ  ਭਰੀ ਸਮਾਜ ਵਿਵਸਥਾ 'ਚ ਸਰਗਰਮ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਬੰਦੂਕ, ਭਾਵ ਹਿੰਸਕ ਹਥਿਆਰਾਂ ਨਾਲ ਇੰਨਾ ਪ੍ਰੇਮ ਕਿਉਂ ਹੈ? 
ਸ਼ਾਂਤੀ ਅਤੇ ਸਦਭਾਵਨਾ ਦੀ ਕਸੌਟੀ 'ਤੇ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੁੰਦੀ। ਬੰਦੂਕ ਸਮੇਤ ਹਰ ਤਰ੍ਹਾਂ ਦੇ ਹਥਿਆਰ ਹਿੰਸਾ ਦੇ ਪ੍ਰਤੀਕ ਹੁੰਦੇ ਹਨ। ਅਮਰੀਕਾ ਤੇ ਯੂਰਪ ਦੀ ਸਥਿਤੀ ਇਹ ਹੈ ਕਿ ਉਥੇ ਸਾਧਾਰਨ ਹੀ ਨਹੀਂ, ਸਗੋਂ ਅਸਾਧਾਰਨ ਤੇ ਬਹੁਤ ਮਾਰੂ ਹਥਿਆਰ ਆਸਾਨੀ ਨਾਲ ਮਿਲ ਜਾਂਦੇ ਹਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਅਮਰੀਕਾ ਅਤੇ ਯੂਰਪ ਦੇ ਲੱਗਭਗ ਸਾਰੇ ਨਾਗਰਿਕਾਂ ਕੋਲ ਹਥਿਆਰ ਹਨ ਤੇ ਖ਼ੁਦ ਨੂੰ ਸ਼ਾਂਤੀ ਦਾ ਪ੍ਰਤੀਕ ਦੱਸਣ ਵਾਲੇ ਯੂਰਪੀ ਤੇ ਅਮਰੀਕੀ ਨਾਗਰਿਕ ਮਾਰੂ ਹਥਿਆਰ ਰੱਖਣ 'ਚ ਮਾਣ ਮਹਿਸੂਸ ਕਰਦੇ ਹਨ। 
ਬੰਦੂਕ ਸੱਭਿਆਚਾਰ ਦਾ ਭੂਤ
ਅਮਰੀਕਾ 'ਚ ਬੰਦੂਕ ਸੱਭਿਆਚਾਰ ਦਾ ਭੂਤ ਨੌਜਵਾਨਾਂ ਹੀ ਨਹੀਂ, ਸਗੋਂ ਬਜ਼ੁਰਗਾਂ ਦੇ ਬੱਚਿਆਂ ਦੇ ਸਿਰ ਚੜ੍ਹਿਆ ਹੋਇਆ ਹੈ। ਅਮਰੀਕਾ 'ਚ ਬੱਚਿਆਂ ਵਲੋਂ ਮਾਰੂ ਹਥਿਆਰਾਂ ਨਾਲ ਹਿੰਸਕ ਕਹਿਰ ਢਾਹੁਣ ਲਈ ਇਕ-ਦੋ ਨਹੀਂ ਸਗੋਂ ਕਈ ਘਟਨਾਵਾਂ ਹੋਈਆਂ ਹਨ, ਜਿਨ੍ਹਾਂ 'ਚ ਬੱਚਿਆਂ ਨੇ ਆਪਣੇ ਘਰੋਂ ਮਾਰੂ ਹਥਿਆਰ ਲਿਆ ਕੇ ਆਪਣੇ ਸਕੂਲੀ ਸਹਿਪਾਠੀਆਂ ਤੇ ਅਧਿਆਪਕਾਂ ਤਕ ਨੂੰ ਮੌਤ ਦੇ ਘਾਟ ਉਤਾਰਿਆ। ਨੌਜਵਾਨਾਂ ਵਲੋਂ ਕਿਸੇ ਨਾ ਕਿਸੇ ਝਗੜੇ ਜਾਂ ਸਮੱਸਿਆ ਤੋਂ ਭੜਕ ਕੇ ਜਨਤਕ ਥਾਵਾਂ 'ਤੇ ਗੋਲੀਬਾਰੀ ਕਰਨਾ ਤੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਆਮ ਗੱਲ ਹੈ। 
ਅਮਰੀਕਾ 'ਚ ਫੇਸਬੁੱਕ ਅਤੇ ਟਵਿਟਰ ਵਰਗੇ ਚਰਚਿਤ ਅਦਾਰੇ ਵੀ ਬੰਦੂਕ ਸੱਭਿਆਚਾਰ ਦੀ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਹਨ, ਜਿੱਥੇ ਭੜਕੇ ਨੌਜਵਾਨਾਂ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਬੇਕਸੂਰਾਂ ਨੂੰ ਮਾਰ ਦਿੱਤਾ। ਅਮਰੀਕਾ ਤੇ ਯੂਰਪ 'ਚ ਇਸ ਗੱਲ 'ਤੇ ਵਿਚਾਰ ਘੱਟ ਹੀ ਹੁੰਦਾ ਹੈ ਕਿ ਹਥਿਆਰਾਂ ਦੀ ਲੋੜ ਕਿਸ ਨੂੰ ਹੈ ਅਤੇ ਕਿਸ ਨੂੰ ਨਹੀਂ। ਜੇ ਇਸ 'ਤੇ ਵਿਚਾਰ ਕੀਤਾ ਜਾਂਦਾ ਅਤੇ ਇਹ ਸਮਝਿਆ ਜਾਂਦਾ ਕਿ ਜਿਸ ਨੂੰ ਜਾਨ ਦਾ ਖਤਰਾ ਹੈ, ਉਸ ਨੂੰ ਹਥਿਆਰ ਮੁਹੱਈਆ ਕਰਵਾਇਆ ਜਾਵੇ, ਹਥਿਆਰ ਮੰਗਣ ਵਾਲਾ ਕਿਤੇ ਵਿਗੜੀ ਮਾਨਸਿਕਤਾ ਦਾ ਸ਼ਿਕਾਰ ਤਾਂ ਨਹੀਂ, ਹਥਿਆਰ ਮੰਗਣ ਵਾਲੇ ਦਾ ਸਬੰਧ ਕਿਸੇ ਅੱਤਵਾਦੀ ਸੰਗਠਨ ਨਾਲ ਤਾਂ ਨਹੀਂ, ਤਾਂ ਸ਼ਾਇਦ ਅਜਿਹੇ ਲੋਕਾਂ ਕੋਲ ਮਾਰੂ ਹਥਿਆਰ ਨਾ ਪਹੁੰਚਦੇ ਅਤੇ ਅਜਿਹੀ ਹਿੰਸਾ, ਹਿੰਸਕ ਘਟਨਾਵਾਂ ਤੋਂ ਬਚਿਆ ਜਾ ਸਕਦਾ ਸੀ। 
ਟੈਰੇਂਟ ਦੀ ਮਿਸਾਲ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਨਿਊਜ਼ੀਲੈਂਡ ਦੇ ਰਾਸ਼ਟਰਪਤੀ ਨੇ ਨਾ ਸਿਰਫ ਇਸ ਨੂੰ ਆਪਣੀ ਅਸਫਲਤਾ ਕਿਹਾ ਹੈ, ਸਗੋਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਲਈ ਬੰਦੂਕ ਸੱਭਿਆਚਾਰ ਆਤਮਘਾਤੀ ਸਿੱਧ ਹੋ ਰਿਹਾ ਹੈ। ਉਨ੍ਹਾਂ ਨੇ ਹੁਣ ਬੰਦੂਕ ਸੱਭਿਆਚਾਰ ਤੋਂ ਪਿੱਛਾ ਛੁਡਾਉਣ ਦੀ ਗੱਲ ਵੀ ਕਹੀ ਹੈ। ਹੁਣ ਨਾ ਸਿਰਫ ਨਿਊਜ਼ੀਲੈਂਡ, ਸਗੋਂ ਅਮਰੀਕਾ ਅਤੇ ਪੂਰੇ ਯੂਰਪ ਨੂੰ ਬੰਦੂਕ ਸੱਭਿਆਚਾਰ ਤੋਂ ਛੁਟਕਾਰਾ ਪਾਉਣਾ ਪਵੇਗਾ, ਹਥਿਆਰ ਦੇਣ ਵਾਲੇ ਕਾਨੂੰਨਾਂ 'ਚ ਸੋਧ ਕਰਨੀ ਪਵੇਗੀ। ਜੇ ਅਜਿਹਾ ਨਾ ਹੋਇਆ ਤਾਂ ਨਿਊਜ਼ੀਲੈਂਡ ਦੀ ਮਸਜਿਦ 'ਚ ਹੋਈ ਘਟਨਾ ਵਰਗੀਆਂ ਕਈ ਘਟਨਾਵਾਂ ਅਮਰੀਕਾ ਤੇ ਯੂਰਪ 'ਚ ਵੀ ਹੁੰਦੀਆਂ ਰਹਿਣਗੀਆਂ।            -ਵਿਸ਼ਨੂੰ ਗੁਪਤ
(guptvishnu@gmail.com)


Bharat Thapa

Content Editor

Related News