ਕੀ ਕਾਂਗਰਸ ਜ਼ੀਰਾ ਦੇ ਸਵਾਲਾਂ ਦਾ ਜਵਾਬ ਦੇਵੇਗੀ

01/19/2019 7:42:57 AM

‘‘ਬੋਲ ਕਿ ਲਬ ਆਜ਼ਾਦ ਹੈਂ ਤੇਰੇ, ਬੋਲ ਕਿ ਜਿਹਬਾ ਤੇਰੀ ਹੈ!’’
ਇਹ ਸਤਰਾਂ ਵਾਰ-ਵਾਰ ਮਨ ’ਚ ਗੂੰਜ ਰਹੀਅਾਂ ਹਨ। ਬਹਾਨਾ ਭਾਵੇਂ ਕੋਈ ਵੀ ਬਣ ਜਾਵੇ ਜਾਂ ਉਹੀ ਕਿਉਂ  ਨਾ ਬਣ ਜਾਵੇ, ਜਿਹਦੇ ’ਚ ਖ਼ੁਦ ’ਚ ਉਨੱਤੀ ਸੌ ਛੇਕ ਹੋਣ ਪਰ ਸਮਾਜ ਅੰਦਰ ਜੋ ਮਾੜਾ ਹੋ ਰਿਹਾ ਹੁੰਦਾ ਹੈ, ਉਹਦਾ ਕਸੀਰ ਮਨ ਵਿਚ ਕਿਤੇ ਨਾ ਕਿਤੇ ਟਸ-ਟਸ ਜ਼ਰੂਰ ਕਰਨ ਲੱਗ ਜਾਂਦਾ ਹੈ। 
ਤਦੇ ਕਈ ਵਾਰ ਇਹ ਅਵਸਥਾ ਭਾਰੀ ਹੋ ਜਾਂਦੀ ਹੈ ਕਿ ਤੁਸੀਂ ਉਦਾਸ ਹੋਣ ਲੱਗਦੇ ਹੋ, ਚੁਫੇਰੇ ਨਿਰਾਸ਼ਾ ਤੇ ਨਾ-ਉਮੀਦੀ ਦਾ ਆਲਮ ਨਜ਼ਰ ਆਉਣ ਲੱਗਦਾ ਹੈ। ਸ਼ਰੇਆਮ ਦਿਖਾਈ ਦੇਣ ਲੱਗਦਾ ਹੈ ਕਿ ਜੇਕਰ ਕੋਈ ਬੋਲੇਗਾ ਤਾਂ ਉਸ ਦੀ ਜ਼ੁਬਾਨ ਬੰਦ ਕਰਵਾ ਦਿੱਤੀ ਜਾਵੇਗੀ। ਫੇਰ ਜੇਕਰ ਕੋਈ ਚੋਣਾਵੀ ਮਾਹੌਲ ਹੈ ਜਾਂ ਚੋਣਾਂ ਨੇੜੇ-ਤੇੜੇ ਹਨ ਤਾਂ ਇਹ ਦਾਤਰ ਜ਼ਿਆਦਾ ਤਿੱਖਾ ਤੇ ਤੇਜ਼ ਹੋ ਜਾਂਦਾ ਹੈ। 
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਕਾਂਗਰਸ ਦੀ  ਮੁੱਢਲੀ ਮੈਂਬਰੀ ਤੋਂ ਮੁਅੱਤਲੀ ਕਈ ਸਵਾਲ ਖੜ੍ਹੇ ਕਰ ਗਈ ਹੈ। (ਹਾਲਾਂਕਿ ਤਾਜ਼ਾ ਖਬਰ ਅਨੁਸਾਰ ਜ਼ੀਰਾ ਦੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ।) ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਬਗੈਰ ਕਾਂਗਰਸ ਦੀ ਸਰਕਾਰ ਤੇ ਖ਼ੁਦ ਪਾਰਟੀ ਪ੍ਰਧਾਨ ਨੂੰ ਰਾਹ ਦਿਖਾਈ ਨਹੀਂ ਦੇਣਾ। ਕੀ ਕਾਂਗਰਸ ਦਾ ਚੋਣ ਵਾਅਦਾ ਕਿ ‘ਨਸ਼ੇ ਦੇ ਵਪਾਰੀਅਾਂ ਤੇ ਵੱਡੀਅਾਂ ਮੱਛੀਅਾਂ ਨੂੰ ਫੜ ਕੇ ਸਲਾਖਾਂ ਪਿੱਛੇ ਦੇਵਾਂਗੇ’ ਪੂਰਾ ਹੋ ਗਿਆ? 
ਕੀ ਸਰਕਾਰ ਨੇ ਇਕਦਮ ਆ ਕੇ ਇਸ ਮਾਮਲੇ ਨੂੰ ਡੀਰੇਲ ਕਰ ਕੇ ਚੁੱਪ ਵੱਟ ਜਾਣ ਵਾਲਾ ਬੱਜਰ ਗੁਨਾਹ ਨਹੀਂ ਕੀਤਾ? ਕੀ ਨਸ਼ੇ ਪੰਜਾਬ ’ਚੋਂ ਪੱਤਰੇ ਵਾਚ ਗਏ ਹਨ? ਕੀ ਕਾਨੂੰਨੀ ਚੋਰ-ਮੋਰੀਅਾਂ ਰਾਹੀਂ ਭਜਾਏ ਜਾਣ ਵਾਲੇ ਜਾਂ ਛੁਡਾਏ ਜਾਣ ਵਾਲੇ ਤਸਕਰਾਂ ਦੀਅਾਂ ਖ਼ਬਰਾਂ ਸਰਕਾਰ ਤਕ ਨਹੀਂ ਪਹੁੰਚਦੀਅਾਂ? 
ਕੀ ਅੱਜ ਪੰਜਾਬ ਅੰਦਰ ਪੁਲਸ ਤੇ ਅਫਸਰਸ਼ਾਹੀ ਦਾ ਸਿੱਕਾ ਹੀ ਨਹੀਂ ਚੱਲ ਰਿਹਾ? ਫੇਰ ਜੇਕਰ ਕੋਈ ਅਜਿਹੇ ਮਸਲਿਅਾਂ ਬਾਰੇ ਗੱਲ ਕਰਦਾ ਹੈ ਤਾਂ ਉਹ ਪਾਰਟੀ ਵਿਰੋਧੀ ਹੀ ਕਿਉਂ ਹੋ ਗਿਆ? ਕੀ ਪਹਿਲਾਂ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲੇ ਆਗੂਅਾਂ ਨੂੰ ਅਜਿਹੀ ਸਜ਼ਾ ਜਾਖੜ ਹੁਰਾਂ ਨੇ ਦਿੱਤੀ? ਜੇਕਰ ਨਹੀਂ ਤਾਂ ਫਿਰ ਸਿਰਫ ਨਸ਼ੇ ਵਿਰੁੱਧ ਅਫਸਰਸ਼ਾਹੀ ਵੱਲ ਉਂਗਲ ਚੁੱਕਣ ਵਾਲੇ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ? 
ਨਸ਼ਾ ਤਸਕਰਾਂ ਨੂੰ ਬਚਾਉਣ ਵਾਲੇ 42 ਮਾਮਲੇ
ਹੁਣ ਜ਼ੀਰੇ ਵਾਲੀ ਗੱਲ ਵੱਲ ਆਉਣ ਤੋਂ ਪਹਿਲਾਂ ਇਕ ਵੱਡੀ ਖ਼ਬਰ ਵੱਲ ਝਾਤੀ ਮਾਰਨੀ ਬਹੁਤ ਜ਼ਰੂਰੀ ਹੈ। ਖ਼ਬਰ ਮੁਤਾਬਿਕ ਸਪੈਸ਼ਲ ਟਾਸਕ ਫੋਰਸ ਨੇ ਉਨ੍ਹਾਂ ਪੁਲਸ ਅਧਿਕਾਰੀਅਾਂ ਵਿਰੁੱਧ ਕਾਰਵਾਈ ਕਰਨ ਦੀ ਠਾਣ ਲਈ ਹੈ, ਜਿਨ੍ਹਾਂ ਵਲੋਂ ਚਲਾਨ ਸਮੇਂ ਸਿਰ ਨਾ ਪੇਸ਼ ਕਰਨ ਕਰਕੇ ਨਸ਼ਾ ਤਸਕਰਾਂ ਨੂੰ ਜ਼ਮਾਨਤਾਂ ਮਿਲ ਗਈਅਾਂ ਜਾਂ ਭਗੌੜੇ ਤਸਕਰਾਂ ਤਕ ਜੋ ਪਹੁੰਚ ਬਣੀ ਸੀ, ਉਹ ਅਪਹੁੰਚ ਹੋ ਗਈ। ਅਜਿਹੇ ਕੋਈ 42 ਦੇ ਕਰੀਬ ਮਾਮਲੇ ਟਰੇਸ ਹੋਏ ਹਨ। ਇਹ ਵੱਧ ਵੀ ਹੋ ਸਕਦੇ ਹਨ, ਜੇਕਰ ਨਿਗ੍ਹਾ ਰਤਾ ਕੁ ਕੈੜੀ ਰੱਖੀ ਜਾਵੇ ਤਾਂ।
ਨਸ਼ੇ ਦੀ ਖੁੱਲ੍ਹੀ ਖੇਡ
ਨਸ਼ੇ ਦੀ ਖੇਡ ਖੁੱਲ੍ਹੀ ਖੇਡੀ ਗਈ ਅਕਾਲੀ-ਭਾਜਪਾ ਸਰਕਾਰ ਮੌਕੇ, ਤਾਂ ਹੀ ਅੱਜ ਹਾਲਤ ਇਹ ਹੈ ਕਿ ਸਰਕਾਰ  ਦੇ ਅੰਕੜਿਅਾਂ ਮੁਤਾਬਿਕ ਸੰਨ 2018 ਵਿਚ ਤਕਰੀਬਨ 3 ਲੱਖ ਨਸ਼ੇੜੀਅਾਂ ਦਾ ਸਰਕਾਰੀ ਹਸਪਤਾਲਾਂ ’ਚ ਇਲਾਜ ਕੀਤਾ ਗਿਆ। ਹੁਣ ਵੀ 163 ਕਲੀਨਿਕਾਂ ’ਚ 63,000 ਨਸ਼ੇੜੀਅਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ’ਚੋਂ 25,000 ਦੇ ਕਰੀਬ ਹੈਰੋਇਨ ਦੇ ਸ਼ਿਕਾਰ ਹਨ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਅਜੇ ਵੀ ਪੁਲਸ ਅਫਸਰਾਂ ਦੀ ਹੇਠਲੇ ਪੱਧਰ ਦੀ ਨਰਮਾਈ ਸਰਕਾਰ ਸਾਹਮਣੇ ਵਿਕਰਾਲ ਹਾਲਾਤ ਦੀ ਨਿਸ਼ਾਨਦੇਹੀ ਨਹੀਂ ਕਰ ਰਹੀ? 
ਮੌਜੂਦਾ ਸਰਕਾਰ ਜੇਕਰ ਨਸ਼ੇ ਨੂੰ ਲੈ ਕੇ ਏਨੀ ਹੀ ਦਿਆਨਤਦਾਰ ਹੈ ਤਾਂ ਜ਼ੀਰਾ ਦੇ ਸਵਾਲਾਂ ਦਾ ਜਵਾਬ ਵੀ ਨਾਲ ਹੀ ਦੇਵੇ। ਇਨ੍ਹਾਂ ਦਾ ਪਾਰਟੀ ਦਾ ਅੰਦਰੂਨੀ ਮਸਲਾ ਹੈ ਅਨੁਸ਼ਾਸਨ ਨੂੰ ਲੈ ਕੇ। ਅਸੀਂ ਮੰਨ ਲੈਂਦੇ ਹਾਂ ਪਰ ਉਹਦੇ ਵਲੋਂ ਪੈਦਾ ਕੀਤੇ ਸਵਾਲਾਂ ਨੂੰ ਸੰਬੋਧਨ ਕਿਉਂ ਨਹੀਂ ਹੋਇਆ ਜਾ ਰਿਹਾ? ਜਾਖੜ ਸਾਹਿਬ ਉਨ੍ਹਾਂ ਸਵਾਲਾਂ ਤੋਂ ਕਿਨਾਰਾ ਕਿਉਂ ਕਰ ਰਹੇ ਹਨ?
ਪਿਛਲੇ ਦਿਨੀਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਕੁਝ ਅਜਿਹੇ ਮਸਲਿਅਾਂ ਵੱਲ ਧਿਆਨ ਦਿਵਾਇਆ ਸੀ। ਉਨ੍ਹਾਂ ਕਿਹਾ ਸੀ ਕਿ ਕਿਉਂ ਨਾ ਪਾਰਟੀਅਾਂ ਦੇ ਚੋਣ ਮੈਨੀਫੈਸਟੋ ਕਾਨੂੰਨੀ ਦਸਤਾਵੇਜ਼ ਐਲਾਨੇ ਜਾਣ ਤਾਂ ਕਿ ਲੋਕਾਂ ਨਾਲ ਮੋਟੇ-ਮੋਟੇ ਵਾਅਦੇ ਕਰਨ ਵਾਲੀਅਾਂ ਸਿਆਸੀ ਪਾਰਟੀਅਾਂ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਸੋਚਣ ਵਾਸਤੇ ਮਜਬੂਰ ਹੋਣ ਕਿ ਅਸੀਂ ਕੀ ਕਰਨ ਜਾ ਰਹੇ ਹਾਂ? ਕੀ ਅਸੀਂ ਇਹ ਵਾਅਦਾ ਪੂਰਾ ਵੀ ਕਰ ਸਕਾਂਗੇ? 
ਪਰ ਉਨ੍ਹਾਂ ਦੇ ਇਸ ਵਿਚਾਰ ਨੂੰ ਕਿਸੇ ਨੇ ਵੀ ਨਹੀਂ ਗੌਲਿ਼ਆ। ਸਾਨੂੰ ਵੀ ਇੰਝ ਮਹਿਸੂਸ ਹੋਇਆ ਕਿ ਆਖਿਰ ਇਹ ਖਾਮੋਸ਼ੀ ਕਿਉਂ ਹੈ ਕਿ ਜੇਕਰ ਕੋਈ ਕਿਸੇ ਵੀ ਤਰ੍ਹਾਂ ਦੀ ਸਾਰਥਕ ਗੱਲ ਕਰਦਾ ਹੈ ਤਾਂ ਉਸ ਦੀ ਆਵਾਜ਼ ਨੂੰ ਉਠਾਇਆ ਹੀ ਨਹੀਂ ਜਾਂਦਾ। 
ਅੰਦਰੋਂ ਕਿਤੇ ਖੇਰੂੰ-ਖੇਰੂੰ ਤਾਂ ਨਹੀਂ ਕਾਂਗਰਸ?
ਹੁਣ ਜ਼ੀਰੇ ਵਾਲਾ ਸਵਾਲ ਵੀ ਕਈ ਕੋਣਾਂ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ। ਪਹਿਲਾ, ਕਿ ਇਸੇ ਤਰ੍ਹਾਂ ਬੀਤੇ ਸਮੇਂ ’ਚ ਸੀਨੀਅਰ ਆਗੂ ਸੁਰਜੀਤ ਧੀਮਾਨ ਅਤੇ ਇਕ ਕੈਬਨਿਟ ਮੰਤਰੀ ਵਿਰੁੱਧ ਵੀ ਅਨੁਸ਼ਾਸਨਹੀਣਤਾ ਦੇ ਦੋਸ਼ ਲੱਗੇ ਸਨ। ਫਿਰ ਉਨ੍ਹਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕਿਉਂ ਨਹੀਂ ਕੀਤਾ ਗਿਆ? 
ਦੂਸਰਾ, ਕਿ ਕਿਤੇ ਕਾਂਗਰਸ ਨੂੰ ਏਨੀ ਸਖਤੀ ਦੀ ਲੋੜ ਇਸ ਕਰਕੇ ਤਾਂ ਨਹੀਂ ਪਈ ਕਿ ਪਾਰਟੀ ਅੰਦਰੋਂ ਖੇਰੂੰ-ਖੇਰੂੰ ਹੈ ਤੇ ਇਸ ਦੇ ਉੱਚ ਪੱਧਰੀ ਨੇਤਾ ਇਹ ਨਹੀਂ ਚਾਹੁੰਦੇ ਕਿ ਇਕ ਤੋਂ ਬਾਅਦ ਇਕ ਆਗੂ ਆਪਣੀ ਆਵਾਜ਼ ਇਵੇਂ ਹੀ ਜਨਤਕ ਥਾਵਾਂ ’ਤੇ ਉਠਾਉਣਾ ਸ਼ੁਰੂ ਕਰ ਦੇਣ? 
ਤੀਸਰਾ, ਕੀ ਨਸ਼ੇ ਦੇ ਅੰਦਰੂਨੀ ਹਾਲਾਤ ਜਿਉਂ ਦੇ ਤਿਉਂ ਹੀ ਕਾਇਮ ਤਾਂ ਨਹੀਂ, ਜਿਹਦੇ ਸੂਰਤੇ-ਹਾਲ ਨੂੰ ਲੈ ਕੇ ਸਰਕਾਰ ਵੀ ਤੇ ਪਾਰਟੀ ਵੀ ਪ੍ਰੇਸ਼ਾਨ ਹੈ? ਕਿਤੇ ਇਹ ਵੀ ਤਾਂ ਨਹੀਂ ਕਿ ਪੁਲਸ ਪ੍ਰਸ਼ਾਸਨ ਦਾ ਪਾਰਟੀ ਉੱਤੇ ਦਬਾਅ ਹੀ ਏਨਾ ਹੈ ਕਿ ਉਨ੍ਹਾਂ ਨੂੰ ਇਹ ਕਦਮ ਉਠਾਉਣਾ ਪੈ ਗਿਆ।
ਇਹ ਵੀ ਕੌਣ ਨਹੀਂ ਜਾਣਦਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਰਤਾ ਕੁ ਕੈਪਟਨ ਅਮਰਿੰਦਰ ਸਿੰਘ ਵੱਲ ਹੋਰ ਈ ਤਰ੍ਹਾਂ ਦਾ ਇਸ਼ਾਰਾ ਗੱਲਾਂ-ਗੱਲਾਂ ’ਚ ਕਰ ਦਿੱਤਾ ਸੀ ਤਾਂ ਕਿਵੇਂ ਪਾਰਟੀ ਵਿਧਾਇਕਾਂ ਵਲੋਂ ਇਹ ਮੁਹਿੰਮ ਹੀ ਵਿੱਢ ਦਿੱਤੀ ਗਈ ਕਿ ‘ਪੰਜਾਬ ਦਾ ਕੈਪਟਨ, ਸਾਡਾ ਕੈਪਟਨ’। ਕਿੱਥੇ ਏਨੀ ਆਫਤ ਆ ਗਈ ਸੀ ਕਿ ਹੋਰਡਿੰਗਜ਼ ਦਾ ਹੜ੍ਹ ਈ ਆ ਗਿਆ ਸੀ? 
ਸਾਫ ਸੀ ਕਿ ਤੁਸੀਂ ਅੰਦਰੋਂ ਵਾਹਵਾ ਖੋਖਲੇ ਹੋ। ਖ਼ਤਰਾ ਸਹੇੜਨ ਵਾਲੀ ਪੁਜ਼ੀਸ਼ਨ ’ਚ ਤੁਸੀਂ ਹੋ ਨਹੀਂ। ਸ਼ਾਇਦ ਤਦੇ ਇਹ ਮੁਅੱਤਲੀ ਤੁਹਾਡੇ ਵਾਸਤੇ ਜ਼ਰੂਰੀ ਅਤੇ ਤੇਜ਼ੀ ਨਾਲ ਹੋ ਗਈ ਸੀ।               kali.desraj@gmail.com


Related News