3 ਸਾਲਾਂ ’ਚ 5ਵੀਆਂ ਚੋਣਾਂ ਵੱਲ ਵਧ ਰਿਹਾ ਇਜ਼ਰਾਈਲ

06/24/2022 12:22:22 PM

ਇਜ਼ਰਾਈਲ ਦੀ ਨਾਜ਼ੁਕ ਅਤੇ ਥੋੜ੍ਹਚਿਰੀ ਗਠਜੋੜ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਸੰਸਦ ਨੂੰ ਭੰਗ ਕਰਨ ਲਈ ਅਗਲੇ ਹਫਤੇ ਬਿੱਲ ਪੇਸ਼ ਕਰੇਗੀ, ਜਿਸ ਨਾਲ 3 ਸਾਲਾਂ ’ਚ 5ਵੀਆਂ ਚੋਣਾਂ ਅਤੇ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਸੱਤਾ ’ਚ ਸੰਭਾਵਿਤ ਵਾਪਸੀ ਲਈ ਮੰਚ ਤਿਆਰ ਹੋਵੇਗਾ। 2019 ਅਤੇ 2021 ਦਰਮਿਆਨ ਇਜ਼ਰਾਈਲ ਦੀਆਂ ਪਿਛਲੀਆਂ 4 ਚੋਣਾਂ ਮੂਲ ਤੌਰ ’ਤੇ ਇਸ ਗੱਲ ’ਤੇ ਰਾਏਸ਼ੁਮਾਰੀ ਸਨ ਕਿ ਨੇਤਨਯਾਹੂ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਮੁਕੱਦਮੇ ਦਾ ਸਾਹਮਣਾ ਕਰਦੇ ਹੋਏ ਸ਼ਾਸਨ ਕਰ ਸਕਦੇ ਹਨ। ਨਵੰਬਰ 2019 ’ਚ ਲੱਗੇ ਇਨ੍ਹਾਂ ਦੋਸ਼ਾਂ ਤੋਂ ਨੇਤਨਯਾਹੂ ਨੇ ਨਾਂਹ ਕੀਤੀ ਹੈ। ਸੱਤਾਧਾਰੀ ਗਠਜੋੜ ਦੇ ਸੱਤਾ-ਸਾਂਝਾਕਰਨ ਸਮਝੌਤੇ ਅਨੁਸਾਰ, ਇਕ ਵਾਰ ਬਿੱਲ ਪਾਸ ਹੋ ਜਾਣ ਦੇ ਬਾਅਦ ਦੱਖਣਪੰਥੀ ਸਿਆਸੀ ਗਠਜੋੜ ਯਾਮਿਨਾ ਦੇ ਨੇਤਾ, ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਅਹੁਦਾ ਛੱਡ ਦੇਣਗੇ ਅਤੇ ਉਦਾਰਵਾਦੀ ਮੱਧਮਾਰਗੀ ਯੇਸ਼ ਅਤੀਦ ਪਾਰਟੀ ਦੇ ਨੇਤਾ ਵਿਦੇਸ਼ ਮੰਤਰੀ ਯਾਯਰ ਲੈਪਿਡ ਨਵੀਂ ਸਰਕਾਰ ਬਣਨ ਤੱਕ ਅੰਤ੍ਰਿਮ ਪੀ. ਐੱਮ. ਬਣਨਗੇ। ਟਿੱਪਣੀਕਾਰਾਂ ਅਨੁਸਾਰ ਚੋਣਾਂ ਪਤਝੜ ’ਚ ਹੋਣਗੀਆਂ। ਵਿਚਾਰਕ ਤੌਰ ’ਤੇ ਵੰਡੇ ਗਠਜੋੜ, ਇਜ਼ਰਾਈਲ ਦੇ ਇਤਿਹਾਸ ’ਚ ਸਭ ਤੋਂ ਵੱਖਰੇ, ਨੇ ਬੇਨੇਟ ਦੀ ਯਾਮਿਨਾ ਦੇ ਇਕ ਵਿਧਾਇਕ ਵੱਲੋਂ ਦਲਬਦਲ ਦੇ ਬਾਅਦ ਅਪ੍ਰੈਲ ’ਚ ਆਪਣਾ ਕਮਜ਼ੋਰ ਬਹੁਮਤ ਗੁਆ ਦਿੱਤਾ। ਸਰਕਾਰ ਨੂੰ 6 ਜੂਨ ਨੂੰ ਸਭ ਤੋਂ ਵੱਡੇ ਝਟਕੇ ਦਾ ਸਾਹਮਣਾ ਕਰਨਾ ਪਿਆ, ਜਦੋਂ ਵਿਰੋਧੀ ਧਿਰ ਨੇ ਬਾਗੀ ਗਠਜੋੜ ਮੈਂਬਰਾਂ ਦੇ ਨਾਲ, ਕਬਜ਼ੇ ਵਾਲੇ ਵੈਸਟ ਬੈਂਕ ’ਚ ਵਸਣ ਵਾਲੇ ਇਜ਼ਰਾਈਲੀਆਂ ਲਈ ਕਾਨੂੰਨ ਸੁਰੱਖਿਆ ਦਾ ਨਵੀਨੀਕਰਨ ਕਰਨ ਦੇ ਮਕਸਦ ਨਾਲ ਇਕ ਬਿੱਲ ਨੂੰ ਹਰਾਉਣ ’ਚ ਮਦਦ ਕੀਤੀ।

ਚੋਣ ਪ੍ਰਕਿਰਿਆ

ਇਜ਼ਰਾਈਲ ਕੋਲ ਇਕ ਲਿਖਤੀ ਸੰਵਿਧਾਨ ਨਹੀਂ ਹੈ ਅਤੇ ਇਸ ਦੇ ਮੂਲ ਕਾਨੂੰਨਾਂ ਅਨੁਸਾਰ, ਸੰਸਦ ਦੀ ਚੋਣ ਹਰ 4 ਸਾਲ ’ਚ ਹੁੰਦੀ ਹੈ, ਜਦੋਂ ਤੱਕ ਕਿ ਨੇਸੇਟ ਇਕ ਸਾਧਾਰਨ ਬਹੁਮਤ ਨਾਲ ਸੰਸਦ ਭੰਗ ਕਰਨ ਅਤੇ ਜਲਦੀ ਚੋਣ ਕਰਵਾਉਣ ਦਾ ਫੈਸਲਾ ਨਹੀਂ ਕਰਦਾ। ਭਾਰਤ ਦੇ ਉਲਟ ਇਜ਼ਰਾਈਲ ਦੇ ਵੋਟਰ ਪਾਰਟੀ ਨੂੰ ਵੋਟਾਂ ਦਿੰਦੇ ਹਨ, ਪ੍ਰਮੁੱਖ ਉਮੀਦਵਾਰਾਂ ਨੂੰ ਨਹੀਂ। 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਇਜ਼ਰਾਈਲੀ ਨਾਗਰਿਕ ਵੋਟ ਪਾਉਣ ਦੇ ਹੱਕਦਾਰ ਹਨ। ਨੇਸੇਟ ’ਚ 120 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ ਇਕ ਪਾਰਟੀ ਨੂੰ ਘੱਟ ਤੋਂ ਘੱਟ 61 ਦੀ ਲੋੜ ਹੁੰਦੀ ਹੈ। ਅਕਸਰ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਨੂੰ ਸਰਕਾਰ ਬਣਾਉਣ ਲਈ ਇਕ ਪੰਦਰਵਾੜੇ ਦੇ ਸੰਭਾਵਿਤ ਵਿਸਤਾਰ ਦੇ ਨਾਲ 28 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ।

2 ਸਾਲ, 4 ਚੋਣਾਂ

2015 ’ਚ ਆਪਣਾ ਚੌਥਾ ਕਾਰਜਕਾਲ ਜਿੱਤਣ ਦੇ ਬਾਅਦ, ਦੱਖਣਪੰਥੀ ਲਿਕੁਡ ਪਾਰਟੀ ਦੇ ਨੇਤਨਯਾਹੂ ਅਾਖਰੀ ਸਮੇਂ ’ਚ ਇਕ ਸੱਤਾਧਾਰੀ ਗਠਜੋੜ ਬਣਾਉਣ ’ਚ ਸਫਲ ਰਹੇ ਪਰ ਉਨ੍ਹਾਂ ਨੂੰ ਆਪਣੇ ਰੱਖਿਆ ਮੰਤਰੀ ਏਵਗਿਡੋਰ ਲਿਬਰਮੈਨ, ਦੱਖਣਪੱਥੀ ਧਰਮਨਿਰਪੱਖ ਰਾਸ਼ਟਰਵਾਦੀ ਯਿਸਰਾਈਲ ਬੇਈਟਿਨੂ ਪਾਰਟੀ ਦੇ ਨੇਤਾ ਦੇ ਅਸਤੀਫੇ ਦੇ ਬਾਅਦ, ਅਪ੍ਰੈਲ 2019 ’ਚ ਸੰਸਦ ਨੂੰ ਭੰਗ ਕਰਨ ਅਤੇ ਮੱਧਕਾਲੀ ਚੋਣਾਂ ਕਰਾਉਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ, ਨੇਤਨਯਾਹੂ ਸਰਕਾਰ ਬਣਾਉਣ ਲਈ ਸੀਟਾਂ ਸੁਰੱਖਿਅਤ ਰੱਖਣ ’ਚ ਅਸਫਲ ਰਹੇ ਅਤੇ ਸਤੰਬਰ 2019 ’ਚ ਇਕ ਹੋਰ ਚੋਣ ਹੋਈ ਪਰ ਮੁੜ ਤੋਂ ਨਾ ਤਾਂ ਨੇਤਨਯਾਹੂ ਅਤੇ ਨਾ ਹੀ ਬਲਿਊ ਐਂਡ ਵ੍ਹਾਈਟ ਪਾਰਟੀ ਦੇ ਉਨ੍ਹਾਂ ਦੇ ਵਿਰੋਧੀ ਬੇਨੀ ਗੈਂਟਜ਼ ਸਰਕਾਰ ਬਣਾਉਣ ’ਚ ਸਮਰੱਥ ਸਨ। ਇਜ਼ਰਾਈਲੀ ਪ੍ਰਣਾਲੀ ’ਚ, ਅੜਿੱਕੇ ਨੂੰ ਤੋੜਨ ਦਾ ਇਕੋ-ਇਕ ਤਰੀਕਾ ਕਿਸੇ ਨੂੰ ਬਹੁਮਤ ਮਿਲਣ ਤੱਕ ਚੋਣ ਕਰਾਉਣੀ ਹੈ, ਇਸ ਲਈ ਮਾਰਚ 2020 ’ਚ ਤੀਸਰੀ ਚੋਣ ਹੋਈ, ਜੋ ਮੁੜ ਤੋਂ ਗੈਰ-ਫੈਸਲਾਕੁੰਨ ਸੀ। ਅਪ੍ਰੈਲ, 2020 ’ਚ ਨੇਤਨਯਾਹੂ ਆਪਣੇ ਪ੍ਰਮੁੱਖ ਵਿਰੋਧੀ ਗੈਂਟਜ਼ ਨਾਲ ਇਕ ‘ਹੰਗਾਮੀ’ ਗਠਜੋੜ ਸਰਕਾਰ ਬਣਾਉਣ ’ਚ ਸਫਲ ਰਹੇ। ਇਹ ਕਮਜ਼ੋਰ ਗਠਜੋੜ ਸਿਰਫ 7 ਮਹੀਨਿਆਂ ਤੱਕ ਚੱਲਿਆ, ਦਸੰਬਰ ’ਚ, ਖੰਡਿਤ ਸੱਤਾਧਾਰੀ ਗਠਜੋੜ ਨੇਸੇਟ ’ਚ ਬਜਟ ਪਾਸ ਕਰਨ ’ਚ ਅਸਫਲ ਰਿਹਾ, ਮਾਰਚ 2021 ’ਚ ਚੌਥੀ ਚੋਣ ਸ਼ੁਰੂ ਹੋਈ।

ਇਕ ਨਵਾਂ ਗਠਜੋੜ

ਨੇਤਨਯਾਹੂ ਜੋ ਇਸ ਅਰਸੇ ਦੌਰਾਨ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ, ਨੇ ਆਖਿਰਕਾਰ ਜੂਨ 2021 ’ਚ 12 ਸਾਲ ਬਾਅਦ ਸੱਤਾ ਗੁਆ ਦਿੱਤੀ ਕਿਉਂਕਿ ਨੇਸੇਟ ਨੇ ਬੇਨੇਟ ਨੂੰ ਨਵੇਂ ਪ੍ਰਧਾਨ ਮੰਤਰੀ ਦੇ ਰੂਪ ’ਚ ਮਨਜ਼ੂਰੀ ਦੇ ਦਿੱਤੀ। ਗਠਜੋੜ ਸਮਝੌਤੇ ਦੇ ਆਧਾਰ ’ਤੇ ਲੈਪਿਡ ਨੂੰ 2 ਸਾਲ ’ਚ ਉਨ੍ਹਾਂ ਦੀ ਥਾਂ ਲੈਣੀ ਸੀ। 8 ਧਿਰੀ ਗਠਜੋੜ ’ਚ ਖੱਬੇਪੱਖੀ ਦੋਵਾਂ ਧਿਰਾਂ ਅਤੇ ਧਰਮਨਿਰਪੱਖ ਅਤੇ ਧਾਰਮਿਕ ਦੋਵੇਂ ਸਮੂਹ ਸ਼ਾਮਲ ਸਨ। ਪਹਿਲੀ ਵਾਰ, ਯੂਨਾਈਟਿਡ ਅਰਬ ਲਿਸਟ ਜਾਂ ‘ਰਾਮ’ ਨਾਂ ਦੀ ਇਕ ਅਰਬੀ ਪਾਰਟੀ ਨੇ ਸਰਕਾਰ ’ਚ ਪ੍ਰਵੇਸ਼ ਕੀਤਾ। ਇਨ੍ਹਾਂ ਪਾਰਟੀਆਂ ’ਚ ਬਹੁਤ ਘੱਟ ਬਰਾਬਰੀ ਸੀ, ਨੇਤਨਯਾਹੂ ਨੂੰ ਸੱਤਾ ਤੋਂ ਹਟਾਉਣ ਦੀ ਇੱਛਾ ਨੇ ਉਨ੍ਹਾਂ ਨੂੰ ਲਾਜ਼ਮੀ ਤੌਰ ’ਤੇ ਇਕਜੁੱਟ ਰੱਖਿਆ।

ਹੁਣ ਕੀ ਹੋਇਆ

ਜਿਵੇਂ ਕਿ ਇਜ਼ਰਾਈਲ ਚੋਣਾਂ ਦੀ ਉਡੀਕ ਕਰ ਰਿਹਾ ਹੈ, ਕਾਨੂੰਨੀ ਰੁਕਾਵਟਾਂ ਅਤੇ ਛੁੱਟੀ ’ਚ ਦੇਰੀ ਕਾਰਨ ਅਕਤੂਬਰ ਦੇ ਅਖੀਰ ’ਚ, ਨੇਤਨਯਾਹੂ ਨੇ ਘਟਨਾਕ੍ਰਮ ਨੂੰ ‘ਲੱਖਾਂ ਇਜ਼ਰਾਈਲੀ ਨਾਗਰਿਕਾਂ ਲਈ ਚੰਗੀ ਖਬਰ’ ਕਿਹਾ ਹੈ ਅਤੇ ਪ੍ਰਧਾਨ ਮੰਤਰੀ ਦੇ ਰੂਪ ’ਚ ਦਫਤਰ ਪਰਤਣ ਦੀ ਕਸਮ ਖਾਧੀ ਹੈ।

ਹਾਲ ਦੇ ਰਾਏਸ਼ੁਮਾਰੀ ਸਰਵੇਖਣਾਂ ਅਨੁਸਾਰ, ਨੇਤਨਯਾਹੂ ਦੀ ਲਿਕੁਡ ਦੇ ਅਗਲੇ ਨੇਸੇਟ ’ਚ ਸਭ ਤੋਂ ਵੱਡੀ ਹੋਣ ਦੀ ਸੰਭਾਵਨਾ ਹੈ। ਜਿਵੇਂ ਕਿ ਹਾਲ ਦੀਆਂ ਚੋਣਾਂ ਨੇ ਦਿਖਾਇਆ ਹੈ ਜੋ ਬੇਯਕੀਨੀ ਬਣਿਆ ਹੋਇਆ ਹੈ, ਕੀ ਉਹ ਇਕ ਸੱਤਾਧਾਰੀ ਗਠਜੋੜ ਨੂੰ ਇਕੱਠੇ ਲਿਆਉਣ ’ਚ ਸਮਰੱਥ ਹੋਣਗੇ? ਦਿ ਨਿਊਯਾਰਕ ਟਾਈਮਸ ਦੀ ਇਕ ਰਿਪੋਰਟ ਅਨੁਸਾਰ, ਕੁਝ ਪਾਰਟੀਆਂ ਲਿਕੁਡ ਨਾਲ ਗਠਜੋੜ ਕਰਨਾ ਚਾਹੁਣਗੀਆਂ, ਜੇਕਰ ਨੇਤਨਯਾਹੂ ਪਾਰਟੀ ਦੇ ਨੇਤਾ ਦੇ ਰੂਪ ’ਚ ਅਸਤੀਫਾ ਦੇ ਦੇਣ। ਸਾਬਕਾ ਪ੍ਰਧਾਨ ਮੰਤਰੀ ਨੇ ਧੋਖਾਦੇਹੀ, ਰਿਸ਼ਵਤਖੋਰੀ ਅਤੇ ਯਕੀਨ ਦੀ ਉਲੰਘਣਾ ਦੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਲਈ ਉਹ ਮੌਜੂਦਾ ਸਮੇਂ ’ਚ ‘ਸ਼ੱਕੀ’ ਦੇ ਰੂਪ ’ਚ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ।

ਰਘੂ ਮਲਹੋਤਰਾ
 


Anuradha

Content Editor

Related News