ਮਰਦਾਂ ਦੇ ‘ਮਨੁੱਖੀ ਅਧਿਕਾਰ’ ਦੀ ਗੱਲ ਕਿਉਂ ਨਹੀਂ ਹੁੰਦੀ

05/11/2019 6:36:54 AM

ਕਸ਼ਮਾ ਸ਼ਰਮਾ
ਹੁਣੇ ਜਿਹੇ ਫਿਲਮ ਅਭਿਨੇਤਰੀ ਅਤੇ ਕਾਲਮਨਵੀਸ ਪੂਜਾ ਬੇਦੀ ਨੇ ਇਕ ਮਸ਼ਹੂਰ ਅੰਗਰੇਜ਼ੀ ਅਖ਼ਬਾਰ ’ਚ ਲਿਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਮਰਦਾਂ ਦੇ ਵੀ ਮਨੁੱਖੀ ਅਧਿਕਾਰ ਦੀ ਗੱਲ ਕੀਤੀ ਜਾਵੇ ਕਿਉਂਕਿ ਔਰਤਾਂ ਦੇ ਕਾਨੂੰਨ ਇਕਪੱਖੀ ਹਨ, ਜੋ ਵੱਡੀ ਗਿਣਤੀ ’ਚ ਬੇਕਸੂਰ ਮਰਦਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜਦੋਂ ਵੀ ਕਿਸੇ ਮਰਦ ’ਤੇ ਕੋਈ ਦੋਸ਼ ਲੱਗਦਾ ਹੈ ਤਾਂ ਮੀਡੀਆ ’ਚ ਉਸ ਦੀ ਫੋਟੋ ਲਗਾਤਾਰ ਦਿਖਾਈ ਜਾਂਦੀ ਹੈ, ਬਦਨਾਮੀ ਕੀਤੀ ਜਾਂਦੀ ਹੈ, ਕਈ ਵਾਰ ਤਾਂ ਉਸ ਦੀ ਨੌਕਰੀ ਤਕ ਚਲੀ ਜਾਂਦੀ ਹੈ। ਇਸ ਨਾਲ ਸੋਚੋ ਕਿ ਉਸ ਦੇ ਪਰਿਵਾਰ ’ਤੇ ਕੀ ਬੀਤਦੀ ਹੈ? ਸਮਾਜ ’ਚ ਬਿਨਾਂ ਕੋਈ ਦੋਸ਼ ਸਿੱਧ ਹੋਇਆਂ ਉਸ ਮਰਦ ਨੂੰ ਅਪਰਾਧੀ ਬਣਾ ਦਿੱਤਾ ਜਾਂਦਾ ਹੈ ਅਤੇ ਇਹ ਦਾਗ ਕਦੇ ਨਹੀਂ ਮਿਟਦਾ। ਪੂਜਾ ਨੇ ਕਿਹਾ ਕਿ ਉਹ ਹਮੇਸ਼ਾ ਔਰਤਾਂ ਦੇ ਹਿੱਤਾਂ ਦੀ ਸਮਰਥਕ ਰਹੀ ਹੈ ਪਰ ਔਰਤਾਂ ਦੇ ਨਾਂ ’ਤੇ ਅਜਿਹੇ ਕਾਨੂੰਨ ਬਣਾ ਦਿੱਤੇ ਗਏ ਹਨ ਕਿ ਮਰਦਾਂ ਨੂੰ ਆਪਣੀ ਗੱਲ ਤਕ ਕਹਿਣ ਦਾ ਹੱਕ ਨਹੀਂ। ਅਜਿਹੇ ਕਾਨੂੰਨਾਂ ਨੂੰ ਬਦਲਣ ਦਾ ਸਮਾਂ ਆ ਗਿਆ ਹੈ ਅਤੇ ਇਸ ਦੇ ਲਈ ‘ਮੈਨ ਟੂ ਮੂਵਮੈਂਟ’ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਪੂਜਾ ਨੇ ਇਹ ਵੀ ਕਿਹਾ ਕਿ ਜੋ ਔਰਤਾਂ ਇਨ੍ਹਾਂ ਕਾਨੂੰਨਾਂ ਦੀ ਦੁਰਵਰਤੋਂ ਕਰ ਰਹੀਆਂ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਅੰਦਰ ਵੀ ਡਰ ਪੈਦਾ ਹੋਵੇ।

ਪੂਜਾ ਦੀਆਂ ਗੱਲਾਂ ’ਚ ਦਮ

ਪੂਜਾ ਦੀਆਂ ਗੱਲਾਂ ’ਚ ਦਮ ਹੈ। ਅਰਸੇ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਮਰਦਾਂ ’ਤੇ ਦਿਨ-ਰਾਤ ਉਨ੍ਹਾਂ ਕਾਨੂੰਨਾਂ ਦੀ ਤਲਵਾਰ ਲਟਕੀ ਰਹਿੰਦੀ ਹੈ, ਜੋ ਔਰਤਾਂ ਨੂੰ ਇਨਸਾਫ ਦੇਣ ਦੇ ਨਾਂ ’ਤੇ ਬਣਾਏ ਗਏ ਹਨ ਪਰ ਉਹ ਬੇਇਨਸਾਫੀ ਹੁੰਦੀ ਹੈ, ਜਿਵੇਂ ਕਿ ਘਰੇਲੂ ਹਿੰਸਾ ਐਕਟ, ਦਾਜ ਵਿਰੋਧੀ ਕਾਨੂੰਨ, ਬਲਾਤਕਾਰ ਕਾਨੂੰਨ, ਜਿਨਸੀ ਸ਼ੋਸ਼ਣ ਕਾਨੂੰਨ। ਅਜਿਹੇ ਮਾਮਲੇ ਇਨ੍ਹੀਂ ਦਿਨੀਂ ਵੱਡੀ ਗਿਣਤੀ ’ਚ ਸਾਹਮਣੇ ਆ ਰਹੇ ਹਨ, ਜਿਥੇ ਔਰਤਾਂ ਕਿਸੇ ਹੋਰ ਗੱਲ ਦਾ ਬਦਲਾ ਲੈਣ ਲਈ ਇਨ੍ਹਾਂ ਕਾਨੂੰਨਾਂ ਦਾ ਇਸਤੇਮਾਲ ਕਰਦੀਆਂ ਹਨ, ਜਿਵੇਂ ਜੇ ਕਿਸੇ ਮਹਿਲਾ ਮੁਲਾਜ਼ਮ ਦਾ ਕੰਮ ਚੰਗਾ ਨਹੀਂ ਹੈ ਅਤੇ ਬੌਸ ਨੇ ਉਸ ਨੂੰ ਟੋਕ ਦਿੱਤਾ ਜਾਂ ਉਸ ਨੂੰ ਚੰਗੀ ਇਨਕ੍ਰੀਮੈਂਟ ਨਾ ਦਿੱਤੀ ਜਾਂ ਫਿਰ ਉਸ ਨੂੰ ਜਾਣ ਲਈ ਕਿਹਾ ਗਿਆ ਤਾਂ ਅਜਿਹੀਆਂ ਔਰਤਾਂ ਅਕਸਰ ਜਿਨਸੀ ਸ਼ੋਸ਼ਣ ਕਾਨੂੰਨ ਦਾ ਸਹਾਰਾ ਲੈਂਦੀਆਂ ਹਨ। ਫਿਰ ਕੀ, ਇਕ ਵਾਰ ਦੋਸ਼ ਲੱਗਦਿਆਂ ਹੀ ਬੌਸ ਦੀ ਸ਼ਾਮਤ ਆ ਜਾਂਦੀ ਹੈ ਤੇ ਕੰਪਨੀ ਉਸ ਤੋਂ ਛੇਤੀ ਪਿੱਛਾ ਛੁਡਾਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਲਿਵ ਇਨ ਰਿਲੇਸ਼ਨ ’ਚ ਰਹੇ, ਗੱਲ ਨਹੀਂ ਬਣੀ, ਦੋਵੇਂ ਆਪੋ-ਆਪਣੇ ਰਾਹ ਜਾਣ ਲੱਗੇ ਅਤੇ ਲੜਕੀ ਨੂੰ ਲੱਗਾ ਕਿ ਲੜਕੇ ਨੂੰ ਸਬਕ ਸਿਖਾਉਣਾ ਹੈ ਤਾਂ ਬਲਾਤਕਾਰ ਦਾ ਦੋਸ਼ ਲਾਉਣਾ ਇਨ੍ਹੀਂ ਦਿਨੀਂ ਆਮ ਗੱਲ ਹੋ ਗਈ ਹੈ। ਬਲਾਤਕਾਰ ਵਰਗੇ ਗੰਭੀਰ ਅਪਰਾਧ ਦਾ ਅਜਿਹਾ ਸਰਲੀਕਰਨ ਚਿੰਤਾਜਨਕ ਹੈ। ਅਦਾਲਤਾਂ ਕਈ ਵਾਰ ਔਰਤਾਂ ਨੂੰ ਇਸ ਮਾਮਲੇ ’ਚ ਚਿਤਾਵਨੀ ਦੇ ਚੁੱਕੀਆਂ ਹਨ। ਇਹੋ ਵਜ੍ਹਾ ਹੈ ਕਿ ਹੁਣ ਬਹੁਤ ਸਾਰੀਆਂ ਕੰਪਨੀਆਂ ਔਰਤਾਂ ਨੂੰ ਨੌਕਰੀ ਨਹੀਂ ਦੇਣਾ ਚਾਹੁੰਦੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਕਾਰਨ ਉਨ੍ਹਾਂ ਦੀ ਕੰਪਨੀ ਦੀ ਬੇਵਜ੍ਹਾ ਬਦਨਾਮੀ ਹੁੰਦੀ ਹੈ। ਜ਼ਿਆਦਾਤਰ ਮਾਮਲਿਆਂ ’ਚ ਕੋਈ ਦੋਸ਼ ਸਿੱਧ ਨਹੀਂ ਹੁੰਦਾ ਪਰ ਕੰਪਨੀ ਦੀ ਰੇਟਿੰਗ ਡਿਗ ਜਾਂਦੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਕਈ ਜੱਜਾਂ ਨੇ ਵੀ ਆਪਣੇ ਲਈ ਮਰਦ ਸਟਾਫ ਦੀ ਮੰਗ ਕੀਤੀ ਸੀ।

ਦਾਜ ਵਿਰੋਧੀ ਧਾਰਾ

ਇਹੋ ਹਾਲ ਦਾਜ ਵਿਰੋਧੀ ਧਾਰਾ-498ਏ ਦਾ ਹੈ। ਔਰਤ ਆਪਣੇ ਪਤੀ ਨੂੰ ਪਸੰਦ ਨਹੀਂ ਕਰਦੀ, ਕਿਸੇ ਹੋਰ ਨਾਲ ਅਫੇਅਰ ਹੈ ਜਾਂ ਫਿਰ ਉਹ ਪਤੀ ਦੇ ਪਰਿਵਾਰ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਬੜੀ ਆਸਾਨੀ ਨਾਲ ਦਾਜ ਲਈ ਤੰਗ ਕਰਨ ਦਾ ਕੇਸ ਦਰਜ ਕਰਵਾ ਦਿੰਦੀ ਹੈ। ਪੁਲਸ ਵਲੋਂ ਸਿਰਫ ਪਤੀ ਹੀ ਨਹੀਂ, ਉਸ ਦੇ ਰਿਸ਼ਤੇਦਾਰਾਂ ਨੂੰ ਵੀ ਬਿਨਾਂ ਜਾਂਚ-ਪੜਤਾਲ ਦੇ ਫੜ ਲਿਆ ਜਾਂਦਾ ਹੈ। ਬਹੁਤ ਸਾਰੇ ਮਾਮਲਿਆਂ ’ਚ ਅਜਿਹਾ ਵੀ ਹੋਇਆ ਹੈ ਕਿ ਪਤੀ ਦੇ ਵਿਦੇਸ਼ ’ਚ ਰਹਿਣ ਵਾਲੇ ਰਿਸ਼ਤੇਦਾਰਾਂ ਤਕ ਦੇ ਨਾਂ ਰਿਪੋਰਟ ’ਚ ਲਿਖਵਾਏ ਗਏ। ਪੂਜਾ ਬੇਦੀ ਨੇ ਇਹ ਵੀ ਕਿਹਾ ਕਿ ਕਈ ਮਾਮਲਿਆਂ ’ਚ ਪੁਲਸ ਨੂੰ ਪਤਾ ਹੁੰਦਾ ਹੈ ਕਿ ਔਰਤ ਝੂਠ ਬੋਲ ਰਹੀ ਹੈ ਪਰ ਕਾਨੂੰਨ ਅਜਿਹਾ ਹੈ ਕਿ ਔਰਤ ਦੇ ਕਹਿਣ ’ਤੇ ਉਸ ਨੂੰ ਸ਼ਿਕਾਇਤ ਲਿਖਣੀ ਪੈਂਦੀ ਹੈ। ਬਲਾਤਕਾਰ ਦੇ ਮਾਮਲਿਆਂ ’ਚ ਔਰਤਾਂ ਅਕਸਰ ਦੋ ਗੱਲਾਂ ਕਹਿੰਦੀਆਂ ਹਨ–ਇਕ, ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਅਤੇ ਦੂਜੀ, ਕਿਸੇ ਡ੍ਰਿੰਕ ’ਚ ਨਸ਼ੇ ਵਾਲਾ ਪਦਾਰਥ ਮਿਲਾ ਕੇ ਪਿਲਾਉਣਾ। ਦਿਲਚਸਪ ਗੱਲ ਇਹ ਹੈ ਕਿ ਅਜਿਹੇ ਦੋਸ਼ ਬਹੁਤ ਸਾਰੀਆਂ ਉਹ ਔਰਤਾਂ ਲਾ ਰਹੀਆਂ ਹਨ, ਜੋ ਕਿ ਪੜ੍ਹੀਆਂ-ਲਿਖੀਆਂ ਹਨ ਅਤੇ ਖ਼ੁਦ ਨੂੰ ਐਂਪਾਵਰਡ ਕਹਿੰਦੀਆਂ ਹਨ। ਉਹ ਮਾਸੂਮ ਬੱਚੀਆਂ ਤਾਂ ਨਹੀਂ ਕਿ ਅਜਿਹੇ ਗੰਭੀਰ ਅਪਰਾਧਾਂ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਜਿਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ। ਦੋਹਾਂ ਤਰ੍ਹਾਂ ਦੀਆਂ ਘਟਨਾਵਾਂ ’ਚ ਜ਼ਮੀਨ-ਆਸਮਾਨ ਦਾ ਫਰਕ ਹੈ। ਇਕ ਪਾਸੇ ਦਰਿੰਦਿਆਂ ਦਾ ਸ਼ਿਕਾਰ ਬੱਚੀਆਂ ਹੋ ਰਹੀਆਂ ਹਨ ਤਾਂ ਦੂਜੇ ਪਾਸੇ ਬਹੁਤ ਸਾਰੀਆਂ ਉਹ ਔਰਤਾਂ ਹਨ, ਜੋ ਹਰ ਤਰ੍ਹਾਂ ਦੀ ਆਜ਼ਾਦੀ ਚਾਹੁੰਦੀਆਂ ਹਨ ਅਤੇ ਗੱਲ ਨਾ ਬਣਨ ’ਤੇ ਕਾਨੂੰਨ ਨੂੰ ਆਪਣੇ ਵੱਲ ਮੋੜਨ ’ਚ ਮਾਹਿਰ ਹਨ। ਇਕ ਪਾਸੇ ਤਾਂ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਕਿਸੇ ਤੋਂ ਕਮਜ਼ੋਰ ਨਾ ਮੰਨਣ ’ਤੇ ਜ਼ੋਰ ਦਿੱਤਾ ਜਾਂਦਾ ਹੈ ਪਰ ਜਿਵੇਂ ਹੀ ਕੋਈ ਔਰਤ ਕਿਸੇ ਮਰਦ ’ਤੇ ਜ਼ਬਰਦਸਤੀ ਦਾ ਦੋਸ਼ ਲਾਉਂਦੀ ਹੈ ਤਾਂ ਉਸ ਨੂੰ ਬੇਚਾਰੀ ਕਿਹਾ ਜਾਂਦਾ ਹੈ। ਇਹੋ ਨਹੀਂ, ਉਸ ਨੂੰ ਸੱਚ ਦੀ ਦੇਵੀ ਵੀ ਸਿੱਧ ਕੀਤਾ ਜਾਂਦਾ ਹੈ ਕਿ ਔਰਤਾਂ ਕੀ ਕਦੇ ਅਜਿਹੇ ਝੂਠੇ ਦੋਸ਼ ਲਾ ਸਕਦੀਆਂ ਹਨ? ਪੁਲਸ ਨੂੰ ਹੀ ਪੁੱਛ ਲਓ ਕਿ ਅਜਿਹੇ ਕਿੰਨੇ ਝੂਠੇ ਕੇਸ ਹੁੰਦੇ ਹਨ। ਜਿਵੇਂ ਕਿ ਅਸੀਂ ਪਿਛਲੇ ਦਿਨੀਂ ‘ਮੀ ਟੂ’ ਮੁਹਿੰਮ ਦੌਰਾਨ ਵੀ ਦੇਖਿਆ ਕਿ ਜਿਸ ਮਰਦ ’ਤੇ ਸਿਰਫ ਦੋਸ਼ ਲੱਗਾ, ਉਸ ਨੂੰ ਨੌਕਰੀ ਤੋਂ ਹਟਾਏ ਜਾਣ ਦੀ ਮੰਗ ਕੀਤੀ ਗਈ ਅਤੇ ਬਹੁਤੇ ਮਾਮਲਿਆਂ ’ਚ ਹਟਾ ਵੀ ਦਿੱਤਾ ਗਿਆ। ਪੂਜਾ ਬੇਦੀ ਨੇ ਸਹੀ ਕਿਹਾ ਹੈ ਕਿ ਕਾਨੂੰਨ ਨੂੰ ਸਾਰਿਆਂ ਨੂੰ ਇਨਸਾਫ ਦੇਣਾ ਚਾਹੀਦਾ ਹੈ। ਉਹ ਕਿਸੇ ਇਕ ਪੱਖ ਵੱਲ ਇੰਨਾ ਨਹੀਂ ਝੁਕਿਆ ਹੋਣਾ ਚਾਹੀਦਾ ਕਿ ਬੇਕਸੂਰ ਨੂੰ ਸਤਾਉਣ ਵਾਲਾ ਇਹ ਸਭ ਤੋਂ ਵੱਡਾ ਹਥਿਆਰ ਬਣ ਜਾਵੇ। ਔਰਤ-ਮਰਦ ਦੇ ਮਾਮਲੇ ’ਚ ਕਾਨੂੰਨ ਨਿਰਪੱਖ ਹੋਣਾ ਚਾਹੀਦਾ ਹੈ ਤਾਂ ਕਿ ਜੋ ਵੀ ਅਪਰਾਧੀ ਹੋਵੇ, ਉਸ ਨੂੰ ਸਜ਼ਾ ਮਿਲੇ। ਪਿਛਲੇ ਦਿਨੀਂ ਬਹੁਤ ਸਾਰੇ ਅਜਿਹੇ ਗਿਰੋਹ ਵੀ ਫੜੇ ਗਏ ਹਨ, ਜੋ ਮਹਿਲਾ ਕਾਨੂੰਨਾਂ ਦਾ ਇਸਤੇਮਾਲ ਬਲੈਕਮੇਲਿੰਗ ਤੇ ਲੱਖਾਂ ਰੁਪਏ ਦੀ ਵਸੂਲੀ ਲਈ ਕਰ ਰਹੇ ਸਨ।
 


Bharat Thapa

Content Editor

Related News