ਮਾਪਿਆਂ ਨਾਲ ਗੱਲ ਕਰਨ ਤੋਂ 15 ਮਿੰਟ ਬਾਅਦ ਪ੍ਰਾਪਰਟੀ ਡੀਲਰ ਨੇ ਲਿਆ ਫਾਹਾ

Friday, May 30, 2025 - 01:22 PM (IST)

ਮਾਪਿਆਂ ਨਾਲ ਗੱਲ ਕਰਨ ਤੋਂ 15 ਮਿੰਟ ਬਾਅਦ ਪ੍ਰਾਪਰਟੀ ਡੀਲਰ ਨੇ ਲਿਆ ਫਾਹਾ

ਡੇਰਾਬਸੀ (ਵਿਕਰਮਜੀਤ) : ਗੁਲਮੋਹਰ ਸਿਟੀ ’ਚ ਵਿਅਕਤੀ ਨੇ ਗ਼ਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਣਜੀਤ ਝਾ ਵਜੋਂ ਹੋਈ ਹੈ ਜੋ ਪ੍ਰਾਪਰਟੀ ਡੀਲਰ ਸੀ। ਉਹ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ। ਜਾਂਚ ਅਫਸਰ ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਸੂਚਨਾ ਮਿਲੀ ਸੀ ਕਿ ਸੁਸਾਇਟੀ ਦੇ ਫਲੈਟ ’ਚ ਵਿਅਕਤੀ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ। ਪੁਲਸ ਨੂੰ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। 

ਪੁਲਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਹੈ ਜਿਨ੍ਹਾਂ ਦੇ ਆਉਣ ਮਗਰੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਰਣਜੀਤ ਡੇਰਾਬਸੀ-ਹੈਬਤਪੁਰ ਰੋਡ ’ਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਫਲੈਟ ਖਰੀਦਿਆ ਸੀ ਜਦਕਿ ਪਤਨੀ ਅਤੇ ਬੱਚੇ ਬਹਿਲਾਣਾ ਵਿਖੇ ਰਹਿੰਦੇ ਹਨ। ਮ੍ਰਿਤਕ ਕੁਝ ਦਿਨਾਂ ਤੋਂ ਬਿਹਾਰ ’ਚ ਮਾਪਿਆਂ ਕੋਲ ਗਿਆ ਸੀ ਜਿੱਥੋਂ ਅੱਜ ਹੀ ਵਾਪਸ ਆਇਆ ਸੀ। ਦੁਪਹਿਰ 12 ਵਜੇ ਮਾਪਿਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਸਵਾ 12 ਵਜੇ ਉਸ ਨੇ ਫਾਹਾ ਲੈ ਲਿਆ।

 


author

Gurminder Singh

Content Editor

Related News