ਦੇਸ਼ ਦੇ ਵੱਕਾਰ ਨੂੰ ਕਿਸ ਨੇ ਠੇਸ ਪਹੁੰਚਾਈ

Thursday, Mar 23, 2023 - 09:12 PM (IST)

ਦੇਸ਼ ਦੇ ਵੱਕਾਰ ਨੂੰ ਕਿਸ ਨੇ ਠੇਸ ਪਹੁੰਚਾਈ

ਰਾਜ ਸਭਾ ਵਿਚ ਤੱਤਕਾਲੀਨ ਸਦਨ ਦੇ ਨੇਤਾ ਅਰੁਣ ਜੇਤਲੀ ਨੇ 28 ਅਪ੍ਰੈਲ, 2015 ਨੂੰ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦੇਸ਼ੀ ਧਰਤੀ ਤੋਂ ਭਾਰਤ ਦੇ ਬਾਰੇ ਵਿਚ ਕਥਿਤ ਨਿਰਾਦਰ ਦਾ ਪੁਰਜ਼ੋਰ ਬਚਾਅ ਕਰਦੇ ਹੋਏ ਕਿਹਾ ਸੀ, ‘‘ਇਸ ਵਿਸ਼ੇ ਵਿਚ ਵਿਚਾਰਾਂ ਦੇ ਪ੍ਰਗਟਾਵੇ ’ਤੇ ਕੋਈ ਰੋਕ ਨਹੀਂ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪਿਛਲੇ 60 ਸਾਲਾਂ ਦੇ ਘਟਨਾਕ੍ਰਮ ’ਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਹੈ।’’

ਜਦੋਂ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਦੇਸ਼ ਦੀ ਸ਼ਾਨ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਤਾਂ ਜੇਤਲੀ ਨੇ ਉਨ੍ਹਾਂ ’ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ, ‘‘ਕੀ ਉਨ੍ਹਾਂ ਨੂੰ ਜਾਪਦਾ ਹੈ ਕਿ ਭਾਰਤ ਦੀ ਬਦਨਾਮੀ ਭ੍ਰਿਸ਼ਟਾਚਾਰ ਦੇ ਕਾਰਿਆਂ ਨਾਲ ਨਹੀਂ ਸਗੋਂ ਉਨ੍ਹਾਂ ਦਾ ਵਰਣਿਨ ਕਰਨ ਨਾਲ ਹੁੰਦੀ ਹੈ।’’

ਉਨ੍ਹਾਂ ਨੇ ਅੱਗੇ ਕਿਹਾ, ‘‘ਕਿਸੇ ਮੁੱਦੇ ’ਤੇ ਚਰਚਾ ਭਾਵੇਂ ਭਾਰਤ ਵਿਚ ਹੋਵੇ ਜਾਂ ਭਾਰਤ ਤੋਂ ਬਾਹਰ, ਇੰਟਰਨੈੱਟ ਅਤੇ ਸੈਟੇਲਾਈਟ ਵਰਗੀ ਅੱਜ ਦੀ ਤਕਨੀਕ, ਇਸ ਨੂੰ ਦੁਨੀਆ ਵਿਚ ਹਰ ਥਾਂ ਲੈ ਜਾਵੇਗੀ ਅਤੇ ਦੁਨੀਆ ਭਰ ਦੇ ਲੋਕ ਇਸ ਨੂੰ ਦੇਖਣਗੇ। ਇਸਦੇ ਨਾਲ-ਨਾਲ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਸੰਵੇਦਨਸ਼ੀਲ ਨਾ ਹੋਣ ਕਿ ਕਿਸੇ ਵਿਸ਼ੇ ’ਤੇ ਚਰਚਾ ਦੇਸ਼ ਵਿਚ ਨਹੀਂ, ਸਗੋਂ ਦੇਸ਼ ਦੇ ਬਾਹਰ ਹੋ ਰਹੀ ਹੈ।

ਤਾਂ, ਇਸੇ ਤਰਕ ਦੇ ਆਧਾਰ ’ਤੇ ਕੋਈ ਵੀ ਵਿਅਕਤੀ ਇਹ ਸਮਝਣ ’ਚ ਅਸਫਲ ਹੈ ਕਿ ਬ੍ਰਿਟੇਨ ਵਿਚ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਟਿੱਪਣੀ ’ਤੇ ਭਾਜਪਾ ਵੱਲੋਂ ਪਿਛਲੇ ਇਕ ਪੰਦਰਵਾੜੇ ਤੋਂ ਇੰਨਾ ਰੌਲਾ-ਰੱਪਾ ਕਿਉਂ ਪਾ ਜਾ ਰਿਹਾ ਹੈ। ਇਹ ਮਾਨਸਿਕਤਾ ਭਾਜਪਾ ਦੇ ਦੋਹਰੇ ਮਾਪਦੰਡਾਂ ਨੂੰ ਉਜਾਗਰ ਕਰਦੀ ਹੈ। 16 ਮਈ, 2015 ਨੂੰ ਚੀਨ ਦੀ ਧਰਤੀ ’ਤੇ ਖੁਦ ਪ੍ਰਧਾਨ ਮੰਤਰੀ ਨੇ ਕਿਹਾ ਸੀ, ‘‘ਅਸੀਂ ਆਪਣੇ ਪਿਛਲੇ ਜਨਮਾਂ ਵਿਚ ਪਤਾ ਨਹੀਂ ਕੀ ਪਾਪ ਕਰਮ ਕੀਤੇ ਸਨ, ਜੋ ਸਾਨੂੰ ਭਾਰਤ ਵਿਚ ਜਨਮ ਮਿਲਿਆ।’’ ਉਨ੍ਹਾਂ ਨੇ ਆਪਣੀਆਂ ਦੱਖਣੀ ਕੋਰੀਆ ਅਤੇ ਹੋਰਨਾਂ ਦੇਸ਼ਾਂ ਦੀਆਂ ਯਾਤਰਾਵਾਂ ਦੇ ਦੌਰਾਨ ਵੀ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸਨ।

ਇਹ ਰਾਸ਼ਟਰ ਨਿਰਮਾਣ ਇਕ ਮੱਠੀ ਪਰ ਸਮੁੱਚੀ ਪ੍ਰਕਿਰਿਆ ਹੈ ਅਤੇ ਅਸੀਂ ਅੱਜ ਜੋ ਕੁਝ ਵੀ ਹਾਂ, ਉਸਦਾ ਸਿਹਰਾ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੇ ਬਾਅਦ ਬਣਨ ਵਾਲੇ ਪ੍ਰਧਾਨ ਮੰਤਰੀਆਂ ਵੱਲੋਂ ਕੀਤੇ ਗਏ ਮਹਾਨ ਮੁੱਢਲੇ ਕਾਰਜਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਹ ਨਿੰਦਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਉੱਚੇ ਅਹੁਦੇ ਦੀ ਸ਼ਾਨ ਦਾ ਅਨੁਸਰਨ ਨਹੀਂ ਕੀਤਾ ਅਤੇ ਆਪਣੇ ਪਹਿਲਿਆਂ ਅਤੇ ਸਿਆਸੀ ਵਿਰੋਧੀਆਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ।

ਇਕ ਪ੍ਰਧਾਨ ਮੰਤਰੀ ਦੇ ਸ਼ਾਨਦਾਰ ਪ੍ਰਗਟਾਵੇ ਨੂੰ ਅਪਣਾਉਣ ਅਤੇ ਪਿਛਲੀਆਂ ਸਰਕਾਰਾਂ ਦੇ ਯੋਗਦਾਨ ਨੂੰ ਪ੍ਰਵਾਨ ਕਰਨ ਦੀ ਆਸ, ਉਨ੍ਹਾਂ ਨੇ ਆਪਣੇ ਵਿਦੇਸ਼ੀ ਦੌਰਿਆਂ ਦੇ ਦੌਰਾਨ ਵੀ ਸਿਰਫ ਇਕ ਭਾਜਪਾ ਨੇਤਾ ਵਾਂਗ ਆਚਰਣ ਕੀਤਾ। ਕੀ ਭਾਜਪਾ ਨੇਤਾਵਾਂ ਅਤੇ ਰਾਹੁਲ ਗਾਂਧੀ ’ਤੇ ਉਂਗਲੀ ਚੁੱਕਣ ਵਾਲੇ ਹੋਰਨਾਂ ਲੋਕਾਂ ਨੇ ਕਦੀ ਇਹ ਮੁਲਾਂਕਣ ਕਰਨ ਦੀ ਖਾਹਿਸ ਕੀਤੀ ਹੈ ਕਿ ਵਿਦੇਸ਼ਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਅਜਿਹੀਆਂ ਟਿੱਪਣੀਆਂ ਨਾਲ ਦੇਸ਼ ਦੇ ਵੱਕਾਰ ਨੂੰ ਕਿੰਨਾ ਨੁਕਸਾਨ ਪੁੱਜਾ ਹੈ।

ਇਸਦੇ ਉਲਟ, ਭਾਜਪਾ ਨੇਤਾਵਾਂ ਦੀ ਇਕ ਪੂਰੀ ਬਟਾਲੀਅਨ ਰਾਹੁਲ ਗਾਂਧੀ ’ਤੇ ਇਹ ਮਿੱਥਿਆ ਵਾਰ ਕਰਨ ਲਈ ਮੈਦਾਨ ਵਿਚ ਉਤਰੀ ਹੋਈ ਹੈ ਕਿ ਉਨ੍ਹਾਂ ਨੇ ਨਾ ਸਿਰਫ ਦੇਸ਼ ਨੂੰ ਬਦਨਾਮ ਕੀਤਾ, ਸਗੋਂ ਭਾਰਤ ਵਿਚ ਲੋਕਤੰਤਰ ਨੂੰ ਮੁੜ ਜ਼ਿੰਦਾ ਕਰਨ ਦੇ ਲਈ ਪੱਛਮ ਦੀ ਦਖਲਅੰਦਾਜ਼ੀ ਦੀ ਵੀ ਮੰਗ ਕੀਤੀ।

ਭਾਜਪਾ ਵੱਲੋਂ ਭਾਰਤ ਦੀ ਸੰਸਦ ਨੂੰ ਸੱਤਾਧਾਰੀ ਪਾਰਟੀ ਵੱਲੋਂ ਨਹੀਂ ਚੱਲਣ ਦਿੱਤਾ ਜਾ ਰਿਹਾ। ਰਾਹੁਲ ਗਾਂਧੀ ਦੇ ਅਕਸ ਨੂੰ ਧੁੰਦਲਾ ਕਰਨ ਦੀ ਕਾਹਲ ਵਿਚ ਜਾਂ ਤਾਂ ਭਾਜਪਾ ਨੇ ਉਨ੍ਹਾਂ ਦਾ ਪੂਰਾ ਬਿਆਨ ਸੁਣਨ ਦੀ ਖੇਚਲ ਨਹੀਂ ਕੀਤੀ ਜਾਂ ਜਾਣਬੁੱਝ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਚੌਥੇ ਹਾਊਸ ਪ੍ਰਸ਼ਨ-ਉੱਤਰ ਦੇ ਦੌਰਾਨ ਰਾਹੁਲ ਕੋਲੋਂ ਪੁੱਛਿਆ ਗਿਆ ਸੀ ਕਿ ਭਾਰਤ ਦੇ ਕਮਜ਼ੋਰ ਹੁੰਦੇ ਲੋਕਤੰਤਰ ਵਿਚ ਯੂਰਪ ਦੇ ਦੇਸ਼ ਕੀ ਮਦਦ ਕਰ ਸਕਦੇ ਹਨ, ਇਸਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਇਹ ਚੰਗੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਸੀ ਕਿ ‘‘ਇਹ ਇਕ ਸਾਡੀ ਅੰਦਰੂਨੀ ਸਮੱਸਿਆ ਹੈ ਅਤੇ ਇਹ ਭਾਰਤ ਦੀ ਸਮੱਸਿਆ ਹੈ ਅਤੇ ਇਸਦਾ ਹੱਲ ਵੀ ਅੰਦਰੋਂ ਆਵੇਗਾ, ਬਾਹਰੋਂ ਨਹੀਂ ਪਰ ਕੁਝ ਸਿਆਸੀ ਟਿੱਪਣੀਕਾਰ ਅਤੇ ਜਨਤਕ ਤੌਰ ’ਤੇ ਮੁਹੱਈਆ ਗੱਲਬਾਤ ਦਾ ਅਧਿਐਨ ਕੀਤੇ ਬਿਨਾਂ ਬੜੇ ਉਤਸ਼ਾਹ ਨਾਲ ਟਿੱਪਣੀ ਕਰਨ ਲਈ ਮੈਦਾਨ ਵਿਚ ਕੁੱਦ ਪਏ।

ਬ੍ਰਿਟਿਸ਼ ਸੰਸਦ ਅਤੇ ਕੈਂਬ੍ਰਿਜ ਯੂਨੀਵਰਸਿਟੀ ਵਿਚ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਕਿਸੇ ਵੀ ਭਾਰਤੀ ਲਈ ਮਾਣ ਦੀ ਗੱਲ ਹੈ ਪਰ ਲੱਗਦਾ ਹੈ ਕਿ ਭਾਜਪਾ ਨੇਤਾਵਾਂ ਨੂੰ ਇਹ ਰਾਸ ਨਹੀਂ ਆ ਰਿਹਾ ਹੈ ਅਤੇ ਉਹ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਵਿਰੋਧੀ ਦੇ ਵਧਦੇ ਕੱਦ ਨੂੰ ਪਚਾ ਨਹੀਂ ਪਾ ਰਹੇ ਹਨ।

ਹਰ ਚੀਜ਼ ਨੂੰ ਸਿਆਸੀ ਐਨਕ ਨਾਲ ਦੇਖਣ ਵਾਲਿਆਂ ਨੂੰ ਇਸ ਗੱਲ ’ਤੇ ਨਿਰਾਸ਼ਾ ਹੋ ਰਹੀ ਹੈ ਕਿ ਰਾਹੁਲ ਗਾਂਧੀ ਦੇ ਅਕਸ ਨੂੰ ਵਿਗਾੜਨ ਵਿਚ ਖਰਚ ਕੀਤਾ ਗਿਆ ਸਾਰਾ ਪੈਸਾ ਬੇਕਾਰ ਹੋ ਗਿਆ ਹੈ ਅਤੇ ਲੋਕ ਉਨ੍ਹਾਂ ਨੂੰ ਵੱਖ-ਵੱਖ ਰਾਸ਼ਟਰੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਡੂੰਘੀ ਸਮਝ ਰੱਖਣ ਵਾਲੇ ਇਕ ਦੂਰਦਰਸ਼ੀ ਨੇਤਾ ਦੇ ਰੂਪ ਵਿਚ ਦੇਖ ਰਹੇ ਹਨ।

ਜਦੋਂ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਜਿਥੋਂ ਤੱਕ ਯੂਕ੍ਰੇਨ-ਰੂਸ ਜੰਗ ’ਤੇ ਭਾਰਤ ਦੀ ਵਿਦੇਸ਼ ਨੀਤੀ ਦਾ ਸਵਾਲ ਹੈ, ਉਹ ਮੌਜੂਦਾ ਸਰਕਾਰ ਦੀ ਨੀਤੀ ਨਾਲ ਸਹਿਮਤ ਹਨ, ਤਾਂ ਕੀ ਇਸ ਨਾਲ ਉਨ੍ਹਾਂ ਦਾ ਭਾਰਤ ਵਿਰੋਧੀ ਨਜ਼ਰੀਅਾ ਪ੍ਰਦਰਸ਼ਿਤ ਹੋਇਆ? ਜਦੋਂ ਉਹ ਚੀਨ ਨੂੰ ਇਕ ਗੈਰ-ਲੋਕਤੰਤਰੀ ਤਾਕਤ ਦੱਸ ਕੇ ਦੁਨੀਆ ਤੋਂ ਅਲੱਗ-ਥਲੱਗ ਕਰ ਰਹੇ ਸਨ ਜਾਂ ਬੇਲਾਰੀ, ਮੁਰਾਦਾਬਾਦ ਆਦਿ ਸ਼ਹਿਰਾਂ ਨੂੰ ਹੁਨਰ ਦੇ ਕੇਂਦਰ ਦੇ ਰੂਪ ਵਿਚ ਪ੍ਰਚਾਰਿਤ ਕਰ ਰਹੇ ਸਨ, ਤਾਂ ਕੀ ਉਹ ਭਾਰਤ ਨੂੰ ਬਦਨਾਮ ਕਰ ਰਹੇ ਸਨ ਜਾਂ ਸਾਡੀਆਂ ਪ੍ਰਤਿਭਾਵਾਂ ਦੀ ਸ਼ਲਾਘਾ ਕਰ ਰਹੇ ਸਨ?

ਜਿਥੇ ਭਾਜਪਾ ਹਰ ਚੀਜ਼ ਦੇ ਕੇਂਦਰ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਆਪਣੇ ਸਿਆਸੀ ਹਿੱਤਾਂ ਨੂੰ ਰੱਖਦੀ ਹੈ, ਉਥੇ ਹੀ ਕਾਂਗਰਸ ਸਾਰੇ ਕਾਰਜਾਂ ਦਾ ਮੁਲਾਂਕਣ ਰਾਸ਼ਟਰੀ ਝਰੋਖੇ ਤੋਂ ਕਰਨਾ ਪਸੰਦ ਕਰਦੀ ਹੈ। ਜਦੋਂ ਰਾਹੁਲ ਗਾਂਧੀ ਪਾਕਿਸਤਾਨ ਵੱਲੋਂ ਪ੍ਰਯੋਜਿਤ ਅੱਤਵਾਦ ਦੇ ਵਿਰੁੱਧ ਸਖ਼ਤ ਸੰਦੇਸ਼ ਦਿੰਦੇ ਹਨ, ਭਾਰਤੀ ਲੋਕਤੰਤਰ ਦੀ ਮਜ਼ਬੂਤੀ ਨੂੰ ਕੌਮਾਂਤਰੀ ਲੋਕਹਿੱਤ ਦੱਸਦੇ ਹਨ ਜਾਂ ਭਾਰਤੀ ਸੱਭਿਆਚਾਰ ਅਤੇ ਵਿਰਾਸਤ ’ਤੇ ਰੌਸ਼ਨੀ ਪਾਉਂਦੇ ਹਨ ਤਾਂ ਕਿਸੇ ਵੀ ਭਾਰਤੀ ਨੂੰ ਮਾਣ ਮਹਿਸੂਸ ਹੁੰਦਾ ਹੈ ਅਤੇ ਉਨ੍ਹਾਂ ਨੇ ਇਹ ਸਭ ਕੁਝ ਬ੍ਰਿਟੇਨ ਵਿਚ ਕੀਤਾ।

-ਡਾ. ਵਿਨੀਤ ਪੁਨੀਆ
(ਲੇਖਕ ਕਾਂਗਰਸ ਦੇ ਸਕੱਤਰ ਹਨ)


author

Mukesh

Content Editor

Related News