ਵੋਟਰ ਹੀ ਹੈ ਭਾਰਤ ਦਾ ‘ਭਾਗ-ਵਿਧਾਤਾ’

04/19/2019 8:04:34 AM

ਨਿਰੰਕਾਰ ਸਿੰਘ
ਇਕ ਰਾਸ਼ਟਰ ਦੇ ਰੂਪ ’ਚ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਦੇਸ਼ ਲਈ ਸੰਸਦੀ ਲੋਕਤੰਤਰਿਕ ਪ੍ਰਣਾਲੀ ਦੀ ਚੋਣ ਕੀਤੀ, ਜਿਸ ਨੂੰ ਲੋਕਾਂ ਵਲੋਂ, ਲੋਕਾਂ ਦਾ ਸ਼ਾਸਨ ਵੀ ਕਿਹਾ ਗਿਆ। ਇਸ ਦੇ ਤਹਿਤ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੋਟ ਦੇ ਜ਼ਰੀਏ ਆਪਣਾ ਨੁਮਾਇੰਦਾ ਚੁਣਨ ਦਾ ਅਧਿਕਾਰ ਮਿਲਿਆ। ਇਸ ਸਮੇਂ ਦੇਸ਼ ’ਚ ਆਮ ਚੋਣਾਂ ਚੱਲ ਰਹੀਆਂ ਹਨ। 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ 19 ਮਈ ਤਕ ਚੱਲਣਗੀਆਂ ਤੇ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਇਸ ਵਾਰ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਚੋਣ ਕਮਿਸ਼ਨ ਚੌਕਸ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ 8.43 ਕਰੋੜ ਵੋਟਰ ਵਧੇ ਹਨ ਤੇ ਇਸ ਤਰ੍ਹਾਂ ਕੁਲ 90 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਸੰਸਦ ਮੈਂਬਰਾਂ ਦੀ ਚੋਣ ਕਰਨਗੇ। ਬਹੁਤ ਸਾਰੇ ਲੋਕਾਂ ਨੂੰ ਆਪਣੀ ਸਰਕਾਰ ਤੇ ਸੰਸਦ ਮੈਂਬਰਾਂ ਤੋਂ ਬਹੁਤ ਸ਼ਿਕਾਇਤਾਂ ਹੁੰਦੀਆਂ ਹਨ ਪਰ ਚੋਣਾਂ ਦੇ ਮੌਕੇ ’ਤੇ ਅਸੀਂ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੇ ਹਾਂ, ਇਸ ਲਈ ਸਾਨੂੰ ਹਰ ਹਾਲ ’ਚ ਆਪਣੇ ਪੋਲਿੰਗ ਬੂਥ ’ਤੇ ਜਾ ਕੇ ਆਪਣੀ ਪਸੰਦ ਦੇ ਨੁਮਾਇੰਦੇ ਨੂੰ ਵੋਟ ਦੇਣੀ ਪਵੇਗੀ। ਵੋਟਰਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ’ਤੇ ਸਾਫ-ਸੁਥਰੇ ਅਕਸ ਵਾਲੇ ਵਿਅਕਤੀਆਂ ਨੂੰ ਹੀ ਚੋਣ ਮੈਦਾਨ ’ਚ ਉਤਾਰਨ ਲਈ ਦਬਾਅ ਪਾਉਣਾ ਚਾਹੀਦਾ ਹੈ। ਵੋਟ ਦੇਣ ਤੋਂ ਪਹਿਲਾਂ ਕਿਸੇ ਵੀ ਉਮੀਦਵਾਰ ਦੇ ਆਚਰਣ, ਉਸ ਦੇ ਚਰਿੱਤਰ, ਉਸ ਦੀ ਸਮਾਜ ਸੇਵਾ ਦੇ ਸਬੰਧ ’ਚ ਪੂਰੀ ਜਾਣਕਾਰੀ ਹਾਸਲ ਕਰ ਲਈ ਜਾਵੇ, ਜਾਤਵਾਦ, ਵਰਗਵਾਦ, ਭਾਸ਼ਾਵਾਦ ਤੇ ਫਿਰਕੂ ਆਧਾਰ ’ਤੇ ਵੋਟ ਕਦੇ ਨਾ ਦਿਓ। ਇਸ ਨਾਲ ਦੇਸ਼ ’ਚ ਅਰਾਜਕਤਾ, ਅੱਤਵਾਦ, ਭ੍ਰਿਸ਼ਟਾਚਾਰ ਤੇ ਅਪਰਾਧਾਂ ’ਚ ਵਾਧਾ ਹੋ ਰਿਹਾ ਹੈ। ਤੁਹਾਡੇ ਨੁਮਾਇੰਦੇ ਨੇ ਦੇਸ਼ ਲਈ, ਦੇਸ਼ ਦੇ ਲੋਕਾਂ ਲਈ ਅਤੇ ਆਪਣੇ ਹਲਕੇ ਦੇ ਵੋਟਰਾਂ ਲਈ ਕੀ ਕੀਤਾ, ਇਸ ’ਤੇ ਗੰਭੀਰਤਾ ਨਾਲ ਸੋਚੋ। ਦੇਸ਼ ’ਚ ਸਾਫ-ਸੁਥਰੀ ਤੇ ਈਮਾਨਦਾਰ ਲੋਕਾਂ ਦੀ ਸਰਕਾਰ ਬਣੇ, ਜੋ ਦੇਸ਼ ਦੇ ਨਾਗਰਿਕਾਂ ਦੀ ਭਲਾਈ ਲਈ ਕੰਮ ਕਰਨ। ਇਹ ਤਾਂ ਹੀ ਹੋਵੇਗਾ, ਜਦੋਂ ਸਰਕਾਰ ਤੇ ਵਿਰੋਧੀ ਧਿਰ ’ਚ ਚੰਗੇ, ਸਾਫ-ਸੁਥਰੇ ਅਕਸ ਵਾਲੇ ਲੋਕ ਹੋਣਗੇ।

ਅਪਰਾਧੀ ਤੇ ਬਾਹੂਬਲੀ ਅਨਸਰ

ਦੇਸ਼ ਦੀ ਸਿਆਸਤ ’ਤੇ ਅਪਰਾਧੀ ਅਤੇ ਬਾਹੂਬਲੀ ਅਨਸਰ ਹਾਵੀ ਹੋ ਚੁੱਕੇ ਹਨ। ਅਜਿਹੇ ਲੋਕ ਧਨ ਬਲ ਅਤੇ ਬਾਹੂ ਬਲ ਦੇ ਦਮ ’ਤੇ ਲੋਕਾਂ ਦੀਆਂ ਵੋਟਾਂ ਹਾਸਿਲ ਕਰ ਲੈਂਦੇ ਹਨ ਤੇ ਆਪਣੇ ਅਪਰਾਧਾਂ ’ਤੇ ਪਰਦਾ ਪਾ ਲੈਂਦੇ ਹਨ। ਵੋਟ ਦਾ ਸੌਦਾ ਕਦੇ ਨਾ ਕਰੋ, ਸਮਝਦਾਰੀ ਅਤੇ ਆਤਮਾ ਦੀ ਆਵਾਜ਼ ’ਤੇ ਵੋਟ ਦਿਓ। ਆਪਣੀ ਪਾਰਟੀ ਤੇ ਦੇਸ਼ ਨਾਲ ‘ਗੱਦਾਰੀ’ ਕਰਨ ਵਾਲੇ ਦਲ-ਬਦਲੂਆਂ ਨੂੰ ਬਿਲਕੁਲ ਵੋਟ ਨਾ ਦਿਓ। ਸਮਾਜਿਕ ਤੇ ਫਿਰਕੂ ਸਦਭਾਵਨਾ ਦੇ ਮੁੱਦਿਆਂ ’ਤੇ ਵੀ ਵੋਟਿੰਗ ਤੋਂ ਪਹਿਲਾਂ ਚਰਚਾ ਹੋਣੀ ਚਾਹੀਦੀ ਹੈ। ਵੋਟਰਾਂ ਨੂੰ ਉਮੀਦਵਾਰਾਂ ਨਾਲ ਉਨ੍ਹਾਂ ਦੇ ਪਿਛਲੇ ਵਾਅਦਿਆਂ ਤੇ ਮੌਜੂਦਾ ਮੈਨੀਫੈਸਟੋ ’ਤੇ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਤੋਂ ਸਵਾਲ ਪੁੱਛਣੇ ਚਾਹੀਦੇ ਹਨ। ਵੋਟਰਾਂ ਲਈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਉਨ੍ਹਾਂ ਦੇ ਨੁਮਾਇੰਦੇ ਦੀ ਆਰਥਿਕ ਸਥਿਤੀ ਸਿਰਫ 5 ਸਾਲਾਂ ’ਚ ਜ਼ਮੀਨ ਤੋਂ ਆਸਮਾਨ ਤਕ ਕਿਵੇਂ ਪਹੁੰਚ ਗਈ? ਨੁਮਾਇੰਦਿਆਂ ਨੂੰ ਇਹ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਯਤਨਾਂ ਨਾਲ ਉਨ੍ਹਾਂ ਦੇ ਸੰਸਦੀ ਹਲਕਿਆਂ ’ਚ ਵਿਕਾਸ ਦੇ ਕਿੰਨੇ ਕੰਮ ਹੋਏ? ਉਹ ਇਹ ਵੀ ਦੱਸਣ ਕਿ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਉਹ ਕਿਵੇਂ ਬਿਹਤਰ ਹਨ? ਸ਼ੁੱਧ ਸਥਾਨਕ ਸਮੱਸਿਆਵਾਂ ਤੇ ਮੁੱਦਿਆਂ ’ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਜਿਹੜੀਆਂ ਪਾਰਟੀਆਂ ਜਾਂ ਉਮੀਦਵਾਰ ਜਾਤ, ਧਰਮ ਦੀ ਦੁਹਾਈ ਦੇ ਕੇ ਵੋਟਾਂ ਮੰਗ ਰਹੇ ਹਨ, ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਪਿਛਲੇ 5 ਸਾਲਾਂ ’ਚ ਉਨ੍ਹਾਂ ਨੇ ਉਸ ਜਾਤ ਜਾਂ ਧਰਮ ਦੀ ਬਿਹਤਰੀ ਲਈ ਕੀ ਕੀਤਾ? ਵੋਟਰਾਂ ਦਾ ਧਰਮ ਹੈ ਕਿ ਉਹ ਨਾਂਹ-ਪੱਖੀ ਮੁੱਦਿਆਂ ਤੋਂ ਦੂਰ ਰਹਿ ਕੇ ਨਿੱਜੀ ਅਤੇ ਸਮਾਜਿਕ ਵਿਕਾਸ, ਦੇਸ਼ ਅਤੇ ਸੂਬੇ ਦੀ ਖੁਸ਼ਹਾਲੀ ਨੂੰ ਧਿਆਨ ’ਚ ਰੱਖ ਕੇ ਵੋਟ ਦੇਣ।

ਲੋਕਤੰਤਰ ਦੀ ਮਜ਼ਬੂਤੀ

ਇਹੋ ਮੌਕਾ ਹੈ, ਜਦੋਂ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਬਣਾ ਸਕਦੇ ਹਾਂ। ਲੋਕਤੰਤਰ ਦੀਆਂ ਇਨ੍ਹਾਂ ਚੋਣਾਂ ’ਚ ਇਕ ਵਾਰ ਫਿਰ ਵੋਟਰਾਂ ਨੂੰ ਆਪਣੀ ਤੇ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨ ਦਾ ਮੌਕਾ, ਅਧਿਕਾਰ ਮਿਲਿਆ ਹੈ। ਜੇ ਅਸੀਂ ਸਿਹਤਮੰਦ ਸਮਾਜ ਚਾਹੁੰਦੇ ਹਾਂ ਤਾਂ ਭ੍ਰਿਸ਼ਟਾਚਾਰੀ ਤੇ ਅਪਰਾਧੀ ਅਨਸਰਾਂ ਨੂੰ ਵੋਟ ਨਾ ਦੇਈਏ। ਦੇਸ਼ ਦਾ ਸ਼ਾਸਨ ਕਾਨੂੰਨ ਮੁਤਾਬਿਕ ਚੱਲਦਾ ਹੈ ਤੇ ਦੇਸ਼ ਦਾ ਕਾਨੂੰਨ ਸਾਡੇ ਚੁਣੇ ਹੋਏ ਨੁਮਾਇੰਦੇ (ਸੰਸਦ ਮੈਂਬਰ) ਬਣਾਉਂਦੇ ਹਨ। ਫਿਲਹਾਲ ਫੈਸਲਾ ਵੋਟਰਾਂ ਦੇ ਹੱਥ ’ਚ ਹੈ। ਸਾਨੂੰ ਅਜਿਹੇ ਸੰਸਦ ਮੈਂਬਰ ਚੁਣਨੇ ਪੈਣਗੇ, ਜਿਨ੍ਹਾਂ ਦੇ ਹੱਥਾਂ ’ਚ 5 ਸਾਲਾਂ ਤਕ ਭਾਰਤ ਦਾ ਭਵਿੱਖ ਹੋਵੇਗਾ। ਜੇ ਚੰਗੇ ਲੋਕ ਸੰਸਦ ’ਚ ਜਾਣਗੇ ਤਾਂ ਉਹ ਚੰਗੇ ਕਾਨੂੰਨ ਬਣਾ ਕੇ ਦੇਸ਼ ਦਾ ਵਿਕਾਸ ਕਰਨਗੇ ਪਰ ਜੇ ਗਲਤ ਲੋਕ ਪਹੁੰਚ ਗਏ ਤਾਂ ਉਹ ਨਾ ਚੰਗੇ ਕਾਨੂੰਨ ਬਣਨ ਦੇਣਗੇ ਅਤੇ ਨਾ ਹੀ ਦੇਸ਼ ਦਾ ਵਿਕਾਸ ਹੋਣ ਦੇਣਗੇ। ਗਲਤ ਸੰਸਦ ਮੈਂਬਰ ਸਿਰਫ ਇਕ ਜ਼ਿਲੇ ਦਾ ਨਹੀਂ, ਸਗੋਂ ਦੇਸ਼ ਦੇ ਕਰੋੜਾਂ ਲੋਕਾਂ ਦਾ ਨੁਕਸਾਨ ਕਰ ਸਕਦਾ ਹੈ ਕਿਉਂਕਿ ਜੇ ਇਕ ਅਪਰਾਧੀ ਜਾਂ ਭ੍ਰਿਸ਼ਟਾਚਾਰੀ ਨੂੰ ਚੋਣਾਂ ’ਚ ਜਿਤਾ ਕੇ ਕਾਨੂੰਨ ਦਾ ਨਿਰਮਾਤਾ ਬਣਾ ਦਿੱਤਾ ਜਾਂਦਾ ਹੈ ਤਾਂ ਉਹ ਕਦੇ ਵੀ ਅਜਿਹੇ ਕਾਨੂੰਨ ਦਾ ਸਮਰਥਨ ਨਹੀਂ ਕਰੇਗਾ, ਜੋ ਅਪਰਾਧੀਆਂ ’ਤੇ ਰੋਕ ਲਾਉਂਦਾ ਹੋਵੇ। ਅਜਿਹੀ ਸਥਿਤੀ ’ਚ ਲੋਕਾਂ ਦੇ ਹਿੱਤ ਦੇ ਕਾਨੂੰਨ ਪਾਸ ਨਹੀਂ ਹੁੰਦੇ। ਪਿਛਲੇ 70 ਸਾਲਾਂ ’ਚ ਸਾਡੀ ਲੋਕਤੰਤਰਿਕ ਪ੍ਰਣਾਲੀ ’ਚ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਕਰਨ ਵਾਲੇ ਅਪਰਾਧੀ, ਭ੍ਰਿਸ਼ਟ ਲੋਕਾਂ ਦੀ ਘੁਸਪੈਠ ਜ਼ਿਆਦਾ ਹੀ ਹੋ ਗਈ ਹੈ, ਜਿਸ ਨਾਲ ਲੋਕਾਂ ਦੀ ਕੀਮਤ ’ਤੇ ਚੋਰਾਂ, ਬੇਈਮਾਨਾਂ ਤੇ ਅਪਰਾਧੀਆਂ ਨੂੰ ਵਧਣ-ਫੁੱਲਣ ’ਚ ਮਦਦ ਮਿਲ ਰਹੀ ਹੈ। ਅਪਰਾਧੀ ਅਤੇ ਮਾਫੀਆ ਕਿਸਮ ਦੇ ਲੋਕ ਵਿਧਾਇਕ, ਸੰਸਦ ਮੈਂਬਰ ਤੇ ਮੰਤਰੀ ਤਕ ਬਣ ਚੁੱਕੇ ਹਨ। ਹੁਣ ਸਮਾਂ ਆ ਗਿਆ ਹੈ ਕਿ ਵੋਟਰ ਸਾਡੇ ਸਿਸਟਮ ’ਚੋਂ ਅਜਿਹੇ ਲੋਕਾਂ ਦੀ ‘ਸਫਾਈ’ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਕਿਉਂਕਿ ਵੋਟਰ ਹੀ ਦੇਸ਼ ਦਾ ‘ਭਾਗ-ਵਿਧਾਤਾ’ ਹੁੰਦਾ ਹੈ ਤੇ ਵੋਟਰ ਹੀ ਆਪਣੀ ਪਸੰਦ ਜ਼ਾਹਿਰ ਕਰ ਕੇ ਸਿਆਸੀ ਪਾਰਟੀਆਂ ’ਚ ਸ਼ਾਮਿਲ ਹੋਏ ਅਪਰਾਧੀਆਂ ਤੇ ਭ੍ਰਿਸ਼ਟਾਚਾਰੀਆਂ ਨੂੰ ਬਾਹਰਲਾ ਰਸਤਾ ਦਿਖਾ ਸਕਦੇ ਹਨ।

ਸੱਤਾ ਪੱਖ ਤੇ ਵਿਰੋਧੀ ਧਿਰ ਦੀ ਅਹਿਮ ਭੂਮਿਕਾ

ਲੋਕਤੰਤਰ ’ਚ ਸੱਤਾ ਪੱਖ ਅਤੇ ਵਿਰੋਧੀ ਧਿਰ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਵਿਰੋਧੀ ਧਿਰ ਦੀ ਸਭ ਤੋਂ ਜ਼ਿਆਦਾ ਭੂਮਿਕਾ ਇਹੋ ਹੈ ਕਿ ਉਹ ਸਰਕਾਰ ਦੀਆਂ ਕਾਰਗੁਜ਼ਾਰੀਆਂ ’ਤੇ ਨਜ਼ਰ ਰੱਖੇ ਤੇ ਉਸ ਨੂੰ ਤਾਨਾਸ਼ਾਹ ਨਾ ਬਣਨ ਦੇਵੇ। ਜਾਣੇ-ਅਣਜਾਣੇ ਸਰਕਾਰ ਜੇ ਕੋਈ ਗਲਤ ਕਦਮ ਚੁੱਕ ਰਹੀ ਹੋਵੇ ਤਾਂ ਵਿਰੋਧੀ ਧਿਰ ਉਸ ਨੂੰ ਰੋਕੇ। ਇਸ ਦੇ ਨਾਲ ਹੀ ਵਿਆਪਕ ਜਨਹਿੱਤ ਅਤੇ ਰਾਸ਼ਟਰਹਿੱਤ ਦੇ ਮੁੱਦਿਆਂ ’ਤੇ ਵਿਰੋਧੀ ਧਿਰ ਦਾ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਾ ਜ਼ਰੂਰੀ ਹੈ ਪਰ ਕਈ ਸਿਆਸੀ ਪਾਰਟੀਆਂ ਇਹ ਗੱਲ ਭੁੱਲ ਚੁੱਕੀਆਂ ਹਨ ਅਤੇ ਇਹ ਦੇਸ਼ ਦੇ ਅਕਸ, ਵਿਕਾਸ ਲਈ ਘਾਤਕ ਹੈ। ਸੱਤਾ ਦੀ ਖਾਹਿਸ਼ ਰੱਖਣ ’ਚ ਕੋਈ ਬੁਰਾਈ ਨਹੀਂ ਪਰ ਸੱਤਾ ਹਾਸਿਲ ਕਰਨ ਲਈ ਆਪਣੇ ਹੀ ਦੇਸ਼ ਦਾ ਨਾਂਹ-ਪੱਖੀ ਅਕਸ ਪੇਸ਼ ਕਰਨਾ ਅਨੈਤਿਕ ਹੈ। ਸੱਤਾਪੱਖ ਦੀ ਜ਼ਿੰਮੇਵਾਰੀ ਹੈ ਕਿ ਸਿਆਸੀ ਮਾਹੌਲ ਨੂੰ ਹਾਂ-ਪੱਖੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਚੋਣਾਂ ਦੇ ਸਮੇਂ ਅਜਿਹੀਆਂ ਪਾਰਟੀਆਂ ਨੂੰ ਖਾਰਿਜ ਕਰ ਦੇਣ, ਜਿਹੜੀਆਂ ਜਾਤ, ਧਰਮ, ਖੇਤਰ ਅਤੇ ਨਿੱਜੀ ਖੁਣਸ ਦੀ ਸਿਆਸਤ ਦੇ ਜ਼ਰੀਏ ਦੇਸ਼ ਦਾ ਅਕਸ ਵਿਗਾੜ ਰਹੀਆਂ ਹਨ। ਅੱਜ ਜਿਸ ਤਰ੍ਹਾਂ ਪਾਕਿਸਤਾਨ ਤੇ ਚੀਨ ਸਾਡੇ ਦੇਸ਼ ਦੀ ਘੇਰਾਬੰਦੀ ਕਰ ਰਹੇ ਹਨ, ਉਸ ਨੂੰ ਦੇਖਦਿਆਂ ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਇਸ ਦੇਸ਼ ਦਾ ਭਵਿੱਖ ਕਿਸ ਪਾਰਟੀ ਦੇ ਨੇਤਾ ਦੇ ਹੱਥਾਂ ’ਚ ਸੁਰੱਖਿਅਤ ਰਹੇਗਾ। ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਈਮਾਨਦਾਰ ਅਤੇ ਦੇਸ਼ਭਗਤ ਉਮੀਦਵਾਰਾਂ ਨੂੰ ਚੁਣਿਆ ਜਾਵੇ ਤਾਂ ਹੀ ਦੇਸ਼ ਅਤੇ ਦੇਸ਼ ਦੇ ਲੋਕਾਂ ਦਾ ਭਵਿੱਖ ਸੁਰੱਖਿਅਤ ਰਹੇਗਾ।


Bharat Thapa

Content Editor

Related News