2019 ''ਚ ਭਾਜਪਾ ਦੀ ਜਿੱਤ ਬਾਰੇ ਭਵਿੱਖਬਾਣੀ ਕਰਨਾ ਸਮਝਦਾਰੀ ਵਾਲੀ ਗੱਲ ਨਹੀਂ ਹੋਵੇਗੀ

03/20/2017 6:45:28 AM

''''ਭਵਿੱਖਬਾਣੀਆਂ ਕਰਨਾ ਬਹੁਤ ਮੁਸ਼ਕਿਲ ਕੰਮ ਹੈ।'''' ਇਸ ਮਸਾਲੇਦਾਰ ਕਥਨ ਦਾ ਸਿਹਰਾ ਅਮਰੀਕੀ ਬੇਸਬਾਲ ਖਿਡਾਰੀ ਯੋਗੀ ਬੇਰਾ ਨੂੰ ਦਿੱਤਾ ਜਾਂਦਾ ਹੈ, ਜਿਸ ਦਾ ਅਸਲੀ ਨਾਂ ਲੋਰੈਂਜ਼ੋ ਸੀ ਪਰ ਯੋਗੀ ਉਪ-ਨਾਂ ਇਸ ਲਈ ਪੈ ਗਿਆ ਕਿਉਂਕਿ ਭਾਰਤੀ ਸਾਧੂਆਂ ਵਾਂਗ ਉਹ ਬਹੁਤ ਆਰਾਮ ਨਾਲ ''ਪਦਮ ਆਸਣ'' ਵਿਚ ਬੈਠ ਜਾਂਦਾ ਸੀ। 
ਅਸੀਂ ਯੋਗੀ ਜਾਂ ਰਹੱਸਵਾਦੀ ਨਾ ਬਣੀਏ ਅਤੇ 2019 ਦੀਆਂ ਚੋਣਾਂ ਬਾਰੇ ਅੱਜ ਤੋਂ ਹੀ ਭਵਿੱਖਬਾਣੀਆਂ ਕਰਨ ਤੋਂ ਪ੍ਰਹੇਜ਼ ਕਰੀਏ। ਫਿਰ ਵੀ ਅਸੀਂ 2014 ਦੇ ਚੋਣ ਗਣਿਤ ''ਤੇ ਤਾਂ ਨਜ਼ਰ ਮਾਰ ਹੀ ਸਕਦੇ ਹਾਂ ਅਤੇ ਇਨ੍ਹਾਂ ਦੇ ਵਿਸ਼ਲੇਸ਼ਣ, ਜੋੜ-ਤੋੜ ਦੇ ਆਧਾਰ ''ਤੇ 2019 ਦੀਆਂ ਸੰਭਾਵਨਾਵਾਂ ਦਾ ਜਾਇਜ਼ਾ ਲੈ ਸਕਦੇ ਹਾਂ।
ਯੂ. ਪੀ. ਵਿਚ  ਭਾਜਪਾ ਦੀ ਤਾਜ਼ਾ ਜਿੱਤ ਬਾਰੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਨੇ 2019 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਤਾ ਵਿਚ ਮੁੜ ਵਾਪਸੀ ਨੂੰ ਅਟਲ ਬਣਾ ਦਿੱਤਾ ਹੈ। ਜੇ ਸੱਚਮੁਚ ਹੀ ਅਜਿਹਾ ਹੈ ਤਾਂ ਕੀ ਕਰਨ ਦੀ ਲੋੜ ਪਵੇਗੀ? ਪਿਛਲੀਆਂ ਚੋਣਾਂ ਵਿਚ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਮੋਦੀ ਨੇ ਭਵਿੱਖਬਾਣੀ ਕੀਤੀ ਸੀ ਕਿ ਉਨ੍ਹਾਂ ਦੀਆਂ ਰੈਲੀਆਂ ਵਿਚ ਅਜਿਹੀ ਭੀੜ ਜੁੜਦੀ ਰਹੀ ਹੈ, ਜਿਹੋ ਜਿਹੀ 1984 ਤੋਂ ਬਾਅਦ ਹੁਣ ਤਕ ਕਦੇ ਦੇਖਣ ਨੂੰ ਨਹੀਂ ਮਿਲੀ। 
ਇਸ ਨਾਲ ਉਨ੍ਹਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਉਹ ਪੂਰਨ ਬਹੁਮਤ ਹਾਸਿਲ ਕਰਨਗੇ ਤੇ ਹੋਇਆ ਵੀ ਅਜਿਹਾ ਹੀ। ਭਾਜਪਾ ਨੂੰ 543 ''ਚੋਂ ਲੋਕ ਸਭਾ ਦੀਆਂ 282 ਸੀਟਾਂ ਮਿਲ ਗਈਆਂ ਸਨ ਅਤੇ ਜ਼ਿਆਦਾਤਰ ਸੀਟਾਂ ਉਨ੍ਹਾਂ ਨੂੰ ਉੱਤਰ ਭਾਰਤੀ ਸੂਬਿਆਂ ਤੋਂ ਹੀ ਮਿਲੀਆਂ। ਉਹ ਖਾਸ ਤੌਰ ''ਤੇ ਉਨ੍ਹਾਂ ਥਾਵਾਂ ''ਤੇ ਹਾਵੀ ਰਹੇ, ਜਿਥੇ ਜਾਂ ਤਾਂ ਭਾਜਪਾ ਸੱਤਾ ਵਿਚ ਸੀ ਜਾਂ ਫਿਰ ਉਸ ਦੀ ਮਜ਼ਬੂਤ ਮੌਜੂਦਗੀ ਸੀ। 
ਇਨ੍ਹਾਂ ਸੂਬਿਆਂ ''ਚ ਮੋਦੀ ਦਾ ਗ੍ਰਹਿ ਸੂਬਾ ਗੁਜਰਾਤ (ਜਿਥੇ ਉਨ੍ਹਾਂ ਨੇ 26 ''ਚੋਂ 26 ਸੀਟਾਂ ਜਿੱਤੀਆਂ), ਰਾਜਸਥਾਨ (25 ''ਚੋਂ 25 ਸੀਟਾਂ ਜਿੱਤੀਆਂ), ਮੱਧ ਪ੍ਰਦੇਸ਼ (29 ''ਚੋਂ 27 ਸੀਟਾਂ), ਝਾਰਖੰਡ (14 ''ਚੋਂ 12 ਸੀਟਾਂ), ਹਿਮਾਚਲ ਪ੍ਰਦੇਸ਼ (4 ''ਚੋਂ 4 ਸੀਟਾਂ), ਹਰਿਆਣਾ (10 ''ਚੋਂ 7 ਸੀਟਾਂ), ਦਿੱਲੀ (7 ''ਚੋਂ 7 ਸੀਟਾਂ), ਛੱਤੀਸਗੜ੍ਹ (11 ''ਚੋਂ 10 ਸੀਟਾਂ), ਉੱਤਰਾਖੰਡ (5 ''ਚੋਂ 5 ਸੀਟਾਂ) ਅਤੇ ਉੱਤਰ ਪ੍ਰਦੇਸ਼ (80 ''ਚੋਂ 71 ਸੀਟਾਂ) ਸ਼ਾਮਿਲ ਸਨ। 
ਉੱਤਰੀ ਸੂਬਿਆਂ ਵਿਚ ਇਸ ਧਮਾਕੇਦਾਰ ਕਾਰਗੁਜ਼ਾਰੀ ਦੇ ਨਾਲ-ਨਾਲ ਕੁਝ ਉੱਤਰ-ਪੂਰਬੀ ਸੂਬਿਆਂ ਦੀ ''ਕ੍ਰਿਪਾ'' ਨਾਲ ਮੋਦੀ 200 ਸੀਟਾਂ ਦਾ ਅੰਕੜਾ ਪਾਰ ਕਰ ਗਏ, ਜੋ ਭਾਜਪਾ ਦੇ ਪਿਛਲੇ 30 ਵਰ੍ਹਿਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਸੀ। ਜਿੱਤ ਹਾਸਿਲ ਕਰਨ ਲਈ ਉਨ੍ਹਾਂ ਨੂੰ ਬਾਕੀ ਸੂਬਿਆਂ ਵਿਚ ਸਿਰਫ ਔਸਤਨ ਕਾਰਗੁਜ਼ਾਰੀ ਦਿਖਾਉਣ ਦੀ ਹੀ ਲੋੜ ਸੀ, ਇਸ ਲਈ ਮੋਦੀ ਸਾਹਮਣੇ ਸਿੱਧਾ ਤੇ ਸਰਲ ਰਾਹ ਇਹੋ ਹੈ ਕਿ ਜਿੱਤ ਲਈ ਉਹ ਦੁਬਾਰਾ ਇਹੋ ਫਾਰਮੂਲਾ ਅਪਣਾਉਣ।
ਉਂਝ ਉੱਤਰੀ ਭਾਰਤ ਵਿਚ ਅਜਿਹੀ ਕਾਰਗੁਜ਼ਾਰੀ ਨੂੰ ਦੁਬਾਰਾ ਅੰਜਾਮ ਦੇਣਾ ਮੋਦੀ ਲਈ ਬਹੁਤ ਵੱਡੀ ਚੁਣੌਤੀ ਹੋਵੇਗੀ। ਰਾਜਸਥਾਨ, ਗੁਜਰਾਤ ਅਤੇ ਸ਼ਾਇਦ ਯੂ. ਪੀ. ਦੀਆਂ ਕੁਝ ਸੀਟਾਂ ''ਤੇ ਉਨ੍ਹਾਂ ਦੀ ਪਾਰਟੀ 2019 ਦੀਆਂ ਚੋਣਾਂ ਤਕ ਹੁਣ ਵਰਗੀ ਪਕੜ ਕਾਇਮ ਨਹੀਂ ਰੱਖ ਸਕੇਗੀ। ਸਮੁੱਚੇ ਤੌਰ ''ਤੇ ਅਗਾਂਹ ਕੋਈ ਪ੍ਰਾਪਤੀ ਹਾਸਿਲ ਨਹੀਂ ਕੀਤੀ ਜਾ ਸਕਦੀ ਅਤੇ ਗੁਜਰਾਤ, ਉੱਤਰਾਖੰਡ, ਰਾਜਸਥਾਨ ਅਤੇ ਦਿੱਲੀ ਵਿਚ ਭਾਜਪਾ ਦਾ ਪਹਿਲਾਂ ਹੀ ਮੁਕੰਮਲ ਸੰਸਦੀ ਸੀਟਾਂ ''ਤੇ ਕਬਜ਼ਾ ਹੈ। ਗੁਜਰਾਤ ਵਿਚ ਭਾਜਪਾ ਨੂੰ ਉਸ ਪਾਟੀਦਾਰ ਭਾਈਚਾਰੇ ਤੋਂ ਬਗ਼ਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਹੁਣ ਤਕ ਇਸ ਦਾ ਸਭ ਤੋਂ ਵਫ਼ਾਦਾਰ ਵੋਟਰ ਵਰਗ ਸੀ। 
ਰਾਜਸਥਾਨ ਵਿਚ ਸਚਿਨ ਪਾਇਲਟ ਇਕ ਤੇਜ਼-ਤਰਾਰ ਸਥਾਨਕ ਆਗੂ ਹਨ। ਇਹੋ ਹਾਲ ਪੰਜਾਬ ਵਿਚ ਹੈ, ਜਿਥੇ ਕੁਸ਼ਲ ਸਥਾਨਕ ਲੀਡਰਸ਼ਿਪ ਹੈ, ਜੋ ਇਕ-ਇਕ ਸੀਟ ''ਤੇ ਭਾਜਪਾ ਨੂੰ ਸਖ਼ਤ ਚੁਣੌਤੀ ਦੇਵੇਗੀ। ਮੋਦੀ ਦੀ ਖੁਸ਼ਕਿਸਮਤੀ ਹੀ ਕਹਿ ਲਓ ਕਿ ਹੋਰਨਾਂ ਸੂਬਿਆਂ ਵਿਚ ਉਹ ਕਈ ਸੀਟਾਂ ''ਤੇ ਵਧੀਆ ਕਾਰਗੁਜ਼ਾਰੀ ਦਿਖਾ ਸਕਦੇ ਹਨ। 
ਮਹਾਰਾਸ਼ਟਰ (ਭਾਜਪਾ ਕੋਲ ਇਸ ਸਮੇਂ 48 ''ਚੋਂ 23 ਸੀਟਾਂ ਹਨ), ਬਿਹਾਰ (40 ''ਚੋਂ 22), ਓਡਿਸ਼ਾ (21 ''ਚੋਂ 1) ਅਤੇ ਪੱਛਮੀ ਬੰਗਾਲ (42 ''ਚੋਂ 2) ਵਰਗੇ ਸੂਬਿਆਂ ਵਿਚ ਪੱਕੀ ਸੰਭਾਵਨਾ ਹੈ ਕਿ ਮੋਦੀ ਆਪਣੀ ਮਾਰੂ ਸਮਰੱਥਾ ਕਾਫੀ ਮਜ਼ਬੂਤ ਕਰ ਲੈਣਗੇ। ਮਹਾਰਾਸ਼ਟਰ ਵਿਚ ਤਾਂ ਭਾਜਪਾ ਸ਼ਰਦ ਪਵਾਰ ਦੀ ਰਾਕਾਂਪਾ, ਊਧਵ ਠਾਕਰੇ ਦੀ ਸ਼ਿਵ ਸੈਨਾ ਦੇ ਨਾਲ-ਨਾਲ ਕਾਂਗਰਸ ਨੂੰ ਧੂੜ ਚਟਾਉਂਦਿਆਂ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। 
ਓਡਿਸ਼ਾ ਤੇ ਪੱਛਮੀ ਬੰਗਾਲ ਵਿਚ ਅੱਜ ਤਕ ਕਦੇ ਵੀ ਭਾਜਪਾ ਦੀਆਂ ਸਰਕਾਰਾਂ ਨਹੀਂ ਬਣੀਆਂ। ਫਿਰ ਵੀ ਤਾਜ਼ਾ ਲੋਕਲ ਬਾਡੀਜ਼ ਚੋਣਾਂ ਨੇ ਦਿਖਾ ਦਿੱਤਾ ਹੈ ਕਿ ਓਡਿਸ਼ਾ ਵਿਚ ਜਿਥੇ ਭਾਜਪਾ ਨੇ ਕਾਂਗਰਸ ਨੂੰ ਇਕ ਪਾਸੇ ਧੱਕਦਿਆਂ ਪ੍ਰਮੁੱਖ ਵਿਰੋਧੀ ਪਾਰਟੀ ਦੀ ਹੈਸੀਅਤ ਹਾਸਿਲ ਕਰ ਲਈ ਹੈ, ਉਥੇ ਹੀ ਬੰਗਾਲ ਵਿਚ ਇਸ ਨੂੰ ਆਪਣੇ ਪੈਰ ਜਮਾਉਣ ਦੀ ਜਗ੍ਹਾ ਮਿਲ ਗਈ ਹੈ। ਕੁਝ ਹੱਦ ਤਕ ਤਾਂ ਅਜਿਹਾ ਮੋਦੀ ਦੀ ਰਾਸ਼ਟਰਵਿਆਪੀ ਹਰਮਨਪਿਆਰਤਾ ਕਾਰਨ ਹੋ ਰਿਹਾ ਹੈ ਤੇ 2019 ਦੀਆਂ ਚੋਣਾਂ ਵਿਚ ਇਸ ਨਾਲ ਉਨ੍ਹਾਂ ਦੇ ਉਮੀਦਵਾਰਾਂ ਨੂੰ ਫਾਇਦਾ ਹੋਵੇਗਾ। 
ਮਹਾਰਾਸ਼ਟਰ, ਬਿਹਾਰ, ਓਡਿਸ਼ਾ ਤੇ ਪੱਛਮੀ ਬੰਗਾਲ ਵਿਚ ਕਿਉਂਕਿ ਮੋਦੀ ਨੂੰ ਕੁਝ ਸਾਹ ਲੈਣ ਦੀ ਜਗ੍ਹਾ ਮਿਲ ਗਈ ਹੈ, ਇਸ ਲਈ 5 ਦੱਖਣੀ ਸੂਬੇ ਹੁਣ ਉਨ੍ਹਾਂ ਲਈ ਪਹਿਲਾਂ ਦੀ ਬਜਾਏ ਕਾਫੀ ਘੱਟ ਅਹਿਮ ਬਣ ਗਏ ਹਨ। ਉਂਝ ਮੋਦੀ ਉਨ੍ਹਾਂ ਸੂਬਿਆਂ ਵਿਚ ਵੀ ਕਾਫੀ ਚੰਗੀ ਸਥਿਤੀ ਵਿਚ ਹਨ। 
ਕਰਨਾਟਕ (28 ''ਚੋਂ 17 ਸੀਟਾਂ), ਆਂਧਰਾ (25 ''ਚੋਂ 2 ਸੀਟਾਂ), ਕੇਰਲ (20 ''ਚੋਂ ਸਿਫਰ), ਤਾਮਿਲਨਾਡੂ (39 ''ਚੋਂ 1 ਸੀਟ) ਅਤੇ ਤੇਲੰਗਾਨਾ (17 ''ਚੋਂ 1 ਸੀਟ) ਵਿਚ ਸ਼ਾਇਦ ਉਹ ਆਪਣੀ ਮੌਜੂਦਾ ਪ੍ਰਾਪਤੀ ਨੂੰ ਬਰਕਰਾਰ ਰੱਖਣਗੇ ਜਾਂ ਇਸ ਵਿਚ ਸੁਧਾਰ ਕਰ ਲੈਣਗੇ। ਇਨ੍ਹਾਂ ''ਚੋਂ ਕੁਝ ਸੂਬਿਆਂ ਵਿਚ ਹਾਰਨ ਦੇ ਬਾਵਜੂਦ ਭਾਜਪਾ ਦੀ ਵੋਟ ਹਿੱਸੇਦਾਰੀ ਕਾਫੀ ਚੰਗੀ ਹੈ। ਮਿਸਾਲ ਦੇ ਤੌਰ ''ਤੇ ਕੇਰਲਾ ਵਿਚ ਇਸ ਨੂੰ 10 ਫੀਸਦੀ ਵੋਟਾਂ ਮਿਲੀਆਂ ਸਨ। 
ਹੁਣ ਇਨ੍ਹਾਂ ਸੂਬਿਆਂ ਵਿਚ ਭਾਜਪਾ ਦੀ ਹਾਜ਼ਰੀ ਸਥਾਈ ਲੱਛਣ ਬਣ ਗਈ ਹੈ। ਅਜਿਹਾ ਕੁਝ ਹੱਦ ਤਕ ਤਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਰਕਰਾਂ ਦੀ ਬਦੌਲਤ ਹੋਇਆ ਹੈ। (ਮੋਦੀ ਵੀ ਹਮੇਸ਼ਾ ਸਥਾਨਕ ਪੱਧਰ ''ਤੇ ਚੋਣਾਂ ਦੀ ਜਿੱਤ ਦਾ ਜਾਇਜ਼ਾ ਲੈਂਦੇ ਸਮੇਂ ਉਨ੍ਹਾਂ ਨੂੰ ਵਧਾਈ ਦਿੰਦੇ ਹਨ ਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਨ।)
ਕਈ ਦਹਾਕਿਆਂ ਦੇ ਨਿਸ਼ਕਾਮ ਸਵੈਮ ਸੇਵਕ ਵਜੋਂ ਕੀਤੇ ਕੰਮ ਨੇ ਆਖਿਰ ਆਪਣਾ ਰੰਗ ਦਿਖਾ ਦਿੱਤਾ ਹੈ। ਉਂਝ ਕੁਝ ਹੱਦ ਤਕ ਕਾਂਗਰਸ ਦਾ ਭੱਠਾ ਬੈਠਣ ਨਾਲ ਵੀ ਭਾਜਪਾ ਦੀ ਸਥਿਤੀ ਮਜ਼ਬੂਤ ਹੋਈ ਹੈ ਕਿਉਂਕਿ ਇਨ੍ਹਾਂ ਦੱਖਣ ਭਾਰਤੀ ਸੂਬਿਆਂ ਵਿਚ ਕਾਂਗਰਸ ਨੂੰ ਕਾਫੀ ਧੱਕਾ ਲੱਗਾ ਹੈ। 
ਸਾਡੇ ''ਚੋਂ ਬਹੁਤ ਸਾਰੇ ਲੋਕਾਂ ਨੇ 2004 ਵਿਚ ਸੋਚਿਆ ਸੀ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ ਬਹੁਮਤ ਹਾਸਿਲ ਕਰ ਲੈਣਗੇ। ਅਸਲ ਵਿਚ ਉਹ ਖ਼ੁਦ ਜਿੱਤ ਪ੍ਰਤੀ ਬਹੁਤ ਆਸਵੰਦ ਸਨ। ਇਸੇ ਲਈ ਉਨ੍ਹਾਂ ਨੇ 7 ਮਹੀਨੇ ਪਹਿਲਾਂ ਹੀ ਚੋਣਾਂ ਕਰਵਾ ਲਈਆਂ ਸਨ ਪਰ ਉਨ੍ਹਾਂ ਦੀ ਝੋਲੀ ਵਿਚ ਜਿੱਤ ਨਹੀਂ ਪੈ ਸਕੀ। ਅਜਿਹੀ ਸਥਿਤੀ ਵਿਚ 2 ਸਾਲਾਂ ਬਾਅਦ (2019) ਵਿਚ ਕੀ ਹੋਵੇਗਾ, ਇਸ ਬਾਰੇ ਭਵਿੱਖਬਾਣੀ ਕਰਨਾ ਸਮਝਦਾਰੀ ਵਾਲੀ ਗੱਲ ਨਹੀਂ ਹੋਵੇਗੀ ਕਿਉਂਕਿ ਸਰਕਾਰਾਂ ਤੇ ਲੋਕ-ਨਾਇਕਾਂ ਦੀ ਹਰਮਨਪਿਆਰਤਾ ਨੂੰ ਹਵਾ ਹੁੰਦਿਆਂ ਵੀ ਦੇਰ ਨਹੀਂ ਲੱਗਦੀ। 
ਉਂਝ ਮੋਦੀ ਦਾ ਪੱਖ ਮਜ਼ਬੂਤ ਹੈ ਤੇ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ 2019 ਦੀਆਂ ਚੋਣਾਂ ਮੋਦੀ ਦੀਆਂ ਹੋਣਗੀਆਂ, ਨਾ ਕਿ ਵਿਰੋਧੀ ਧਿਰ ਦੀਆਂ। ਇਸ ਲਈ ਵਿਰੋਧੀ ਧਿਰ ਨੂੰ ਜਿੱਤ ਦੀ ਓਨੀ ਉਮੀਦ ਨਹੀਂ ਹੋਵੇਗੀ, ਜਿੰਨਾ ਮੋਦੀ ਨੂੰ ਹਾਰ ਦਾ ਡਰ ਸਤਾਏਗਾ।            


Related News