ਕਰੰਸੀ ਨਾਲ ਖੇਡਣਾ ਕਰੰਟ ਨਾਲ ਖੇਡਣ ਵਰਗਾ ਤੁਗਲਕੀ ਸ਼ੌਕ

05/23/2023 2:03:35 PM

ਦਿੱਲੀ ਦੇ ਤੀਨ ਮੂਰਤੀ ਭਵਨ ਵਿਚ ਦੇਸ਼ ਦੇ ਪ੍ਰਧਾਨ ਮੰਤਰੀਆਂ ਦੇ ਮਿਊਜ਼ੀਅਮ ਵਿਚ ਫਿਲਹਾਲ ਨਰਿੰਦਰ ਮੋਦੀ ਜੀ ਦਾ ਰੂਮ ਅਧੂਰਾ ਹੈ। ਜਦੋਂ ਉਨ੍ਹਾਂ ਦੀ ਵਿਦਾਈ ਤੋਂ ਬਾਅਦ ਰਾਸ਼ਟਰ ਉਨ੍ਹਾਂ ਦੇ ਚੰਗੇ-ਬੁਰੇ ਫੈਸਲੇ ਦੀ ਯਾਦ ਸੰਜੋਏਗਾ ਤਾਂ ਉਸ ਮਿਊਜ਼ੀਅਮ ਵਿਚ ਨੋਟਬੰਦੀ ਦਾ ਰੂਮ ਜ਼ਰੂਰ ਹੋਵੇਗਾ। ਉਸ ਰੂਮ ਵਿਚ ਗੁਲਾਬੀ ਰੰਗ ਦੇ 2,000 ਦੇ ਨੋਟਾਂ ਦੀ ਜਗ੍ਹਾ ਜ਼ਰੂਰ ਹੋਵੇਗੀ। ਉਸ ਰੂਮ ਨੂੰ ਦੀਵਾਨੇ ਤੁਗਲਕ ਕਿਹਾ ਜਾਵੇਗਾ ਜਾਂ ਫਿਰ ਮਜ਼ਾਕ ਰੂਮ?

ਸੰਭਵ ਹੈ ਕਿ ਉਸ ਨਵੇਂ ਮਿਜਾਜ਼ ਦੇ ਮਿਊਜ਼ੀਅਮ ਵਿਚ ਇਸ ਨੋਟ ਨੂੰ ਲੈ ਕੇ ਬਣੇ ਚੁਟਕਲਿਆਂ ਨੂੰ ਵੀ ਕੋਈ ਜਗ੍ਹਾ ਮਿਲ ਜਾਵੇ ਅਤੇ ਕੁਝ ਹੋਵੇ ਨਾ ਹੋਵੇ ‘ਅੱਜ ਤੱਕ’ ਦੀ ਐਂਕਰ ਦੀ ਉਸ ਕਲੀਪਿੰਗ ਨੂੰ ਜਗ੍ਹਾ ਜ਼ਰੂਰ ਮਿਲੇਗੀ, ਜਿਸ ਵਿਚ ਉਹ ਨੋਟਬੰਦੀ ਵਾਲੇ ਦਿਨ ਬੜੇ ਭਰੋਸੇ ਨਾਲ 2000 ਰੁਪਏ ਦੇ ਨੋਟਾਂ ਵਿਚ ਲੱਗੀ ‘ਨੈਨੋ ਚਿਪ’ ਦਾ ਵੇਰਵਾ ਦੇ ਰਹੀ ਸੀ। ਮੇਰਾ ਵੱਸ ਚੱਲੇ ਤਾਂ 2000 ਦਾ ਨੋਟ ਵਾਪਸ ਲੈਣ ’ਤੇ ਰੋਫਲ ਗਾਂਧੀ ਦੇ ਨਾਂ ਤੋਂ ਹੋਏ ਇਸ ਟਵੀਟ ਨੂੰ ਵੀ ਮਿਊਜ਼ੀਅਮ ਵਿਚ ਅੰਕਿਤ ਕਰਵਾ ਦੇਵਾਂ। ‘‘ਭਰੋਸੇਯੋਗ ਸੂਤਰਾਂ ਮੁਤਾਬਕ 2000 ਦੇ ਨੋਟ ਵਾਲੀ ਚਿਪ ਦਾ 5ਜੀ ਦੇ ਨਾਲ ਕੁਨੈਕਸ਼ਨ ਫਿੱਟ ਨਹੀਂ ਹੋ ਰਿਹਾ ਸੀ। ਹੁਣ ਨਵਾਂ 5000 ਦਾ 5ਜੀ ਵਾਲਾ ਸੁਪਰ ਨੈਨੋ ਚਿਪ ਵਾਲਾ ਨੋਟ ਆਏਗਾ। ਜੇਕਰ ਕਾਲੇ ਧਨ ਵਾਲੇ ਇਸ ਨੂੰ ਅਲਮਾਰੀ ਵਿਚ ਰੱਖਣਗੇ ਤਾਂ ਖੁਦ ਉਬੇਰ ਬੁੱਕ ਕਰ ਕੇ ਆਰ. ਬੀ. ਆਈ. ਦੇ ਦਫਤਰ ਵਾਪਸ ਆ ਜਾਵੇਗਾ।’’

ਉਸ ਰੂਮ ਵਿਚ 8 ਨਵੰਬਰ, 2016 ਦੀ ਸ਼ਾਮ ਤੋਂ ਲੈ ਕੇ 19 ਮਈ, 2023 ਤੱਕ ਦੀ ਨੋਟਬੰਦੀ ਦੀ ਕਹਾਣੀ ਦੱਸੀ ਜਾਵੇਗੀ। ਕਹਾਣੀ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਵੀਡੀਓ ਕਲਿਪ ਨਾਲ ਹੋਵੇਗੀ, ਜਿਸ ਵਿਚ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਉਸ ਵਿਚ ਹੋਰ ਵੀ ਕਈ ਅਕਸ ਹੋਣਗੇ। ਦੇਸ਼ ਭਰ ਵਿਚ ਲੱਗੀਆਂ ਲਾਈਨਾਂ, ਬੇਕਾਰ ਨੋਟਾਂ ਨੂੰ ਹੱਥ ਵਿਚ ਲਏ ਕਾਤਰ ਅੱਖਾਂ। ਬਿਨਾਂ ਸ਼ੱਕ ਉਥੇ ਦਸਤਾਵੇਜ਼ ਵੀ ਹੋਣਗੇ। ਰਿਜ਼ਰਵ ਬੈਂਕ ਆਫ ਇੰਡੀਆ ਦੇ ਰੋਜ਼ ਨਵੇਂ ਨਿਰਦੇਸ਼ ਬੈਂਕਾਂ ਦੇ ਰੋਜ਼ ਬਦਲਦੇ ਨਿਯਮ।

ਜੇਕਰ ਉਹ ਮਿਊਜ਼ੀਅਮ ਈਮਾਨਦਾਰੀ ਨਾਲ ਬਣਿਆ ਤਾਂ ਇਹ ਵੀ ਦਰਜ ਕਰੇਗਾ ਕਿ ਕਿਵੇਂ ਦੇਸ਼ ਦੀ ਕਰੰਸੀ ਦੇ ਨਾਲ ਇੰਨਾ ਵੱਡਾ ਖਿਲਵਾੜ ਬਿਨਾਂ ਕਿਸੇ ਕਰੰਸੀ ਅਰਥਸ਼ਾਸਤਰੀ ਦੀ ਰਾਏ ਲਏ ਕੀਤਾ ਗਿਆ, ਕਿਵੇਂ ਇਹ ਫੈਸਲਾ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦੀ ਚਿਤਾਵਨੀ ਦੇ ਬਾਵਜੂਦ ਲਿਆ ਗਿਆ। ਜੇਕਰ ਉਹ ਮਿਊਜ਼ੀਅਮ ਭਵਿੱਖ ਪ੍ਰਤੀ ਸਜਗ ਹੈ ਤਾਂ ਉਸ ਵਿਚ ਇਕ ਪੈਨਲ ਹੋਵੇਗਾ ਜੋ ਨੋਟਬੰਦੀ ਦੇ ਦਾਅਵਿਆਂ ਅਤੇ ਉਸ ਦੀ ਹਕੀਕਤ ਨੂੰ ਆਹਮਣੇ-ਸਾਹਮਣੇ ਰੱਖੇਗਾ। ਦਾਅਵਾ ਇਹ ਸੀ ਕਿ ਨੋਟਬੰਦੀ ਨਾਲ ਵੱਡੀ ਮਾਤਰਾ ਵਿਚ ਕਾਲਾ ਧਨ ਡੁੱਬ ਜਾਵੇਗਾ। ਭ੍ਰਿਸ਼ਟਾਚਾਰ ਨੂੰ ਸੱਟ ਵੱਜੇਗੀ।

ਹਕੀਕਤ ਇਹ ਨਿਕਲੀ ਕਿ ਰਿਜ਼ਰਵ ਬੈਂਕ ਦੀ ਆਪਣੀ ਰਿਪੋਰਟ ਮੁਤਾਬਕ 99.3 ਫੀਸਦੀ ਨੋਟ ਵਾਪਸ ਬੈਂਕਾਂ ਵਿਚ ਆ ਗਏ। ਵੱਡੇ-ਵੱਡੇ ਥੈਲੀ ਸ਼ਾਹਾਂ ਦਾ ਪੈਸਾ ਤਾਂ ਨਹੀਂ ਡੁੱਬਿਆ, ਹਾਂ ਗਰੀਬੀ ਦੇ ਗੁਦੜੀ ਵਿਚ ਪਏ ਹੋਏ ਕੁਝ ਨੋਟ ਜ਼ਰੂਰ ਸੜ ਗਏ। ਇਸ ਫੈਸਲੇ ਦੇ ਪਿੱਛੇ ਸਮਝ ਸੀ ਕਿ ਕਾਲਾ ਧਨ ਰੱਖਣ ਵਾਲੇ ਭ੍ਰਿਸ਼ਟਾਚਾਰੀ ਲੋਕ ਕਰੰਸੀ ਨੋਟ ਦੀਆਂ ਗੱਠੀਆਂ ਲੁਕਾ ਕੇ ਰੱਖਦੇ ਹਨ। ਪਤਾ ਲੱਗਾ ਕਿ ਕਾਲਾ ਧਨ ਰੱਖਣ ਵਾਲੇ ਲੋਕ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਹੁੰਦੇ ਹਨ ਅਤੇ ਆਪਣਾ ਧਨ ਬੇਨਾਮੀ ਜਾਇਦਾਦ ਜਾਂ ਹੀਰੇ ਜਵਾਹਰਾਤ ਦੇ ਰੂਪ ਵਿਚ ਰੱਖਦੇ ਹਨ। ਦਾਅਵਾ ਇਹ ਵੀ ਸੀ ਕਿ ਜਾਅਲੀ ਨੋਟਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਬਾਅਦ ਵਿਚ ਖੁਦ ਰਿਜ਼ਰਵ ਬੈਂਕ ਨੇ ਦੱਸਿਆ ਕਿ ਜਾਅਲੀ ਨੋਟਾਂ ਦਾ ਅਨੁਪਾਤ ਸਿਰਫ 0.0007 ਫੀਸਦੀ ਸੀ।

ਇਥੇ ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਗੁਲਾਬੀ ਰੰਗ ਵਿਚ ਰੰਗਿਆ ਮਜ਼ਾਕ ਰੂਪ ਤੁਹਾਡੇ ਕੋਲੋਂ ਇਕ ਸਵਾਲ ਪੁੱਛੇਗਾ-ਜੇਕਰ ਸਮੱਸਿਆ 500 ਅਤੇ 1000 ਰੁਪਏ ਦੇ ਵੱਡੇ ਨੋਟ ਸਨ ਤਾਂ ਹੱਲ ਉਸ ਤੋਂ ਵੱਡਾ 2000 ਦਾ ਨੋਟ ਕਿਵੇਂ ਹੋ ਸਕਦਾ ਹੈ? ਜੇਕਰ 1000 ਰੁਪਏ ਦੇ ਨੋਟ ਨਾਲ ਭ੍ਰਿਸ਼ਟ ਲੋਕਾਂ ਨੂੰ ਪੈਸਾ ਜਮ੍ਹਾ ਕਰਨ ਵਿਚ ਸਹੂਲਤ ਮਿਲ ਰਹੀ ਸੀ ਤਾਂ 2000 ਦੇ ਨੋਟ ਨਾਲ ਉਨ੍ਹਾਂ ਨੂੰ ਹੋਰ ਵੀ ਸੌਖ ਨਹੀਂ ਹੋਵੇਗੀ? ਇਸ ਸਵਾਲ ਦਾ ਜਵਾਬ ਨਾ ਉਦੋਂ ਮਿਲਿਆ, ਨਾ ਬਾਅਦ ਵਿਚ ਕਦੇ ਮਿਲਿਆ।

ਨੋਟਬੰਦੀ ਦੇ ਤੁਗਲਕੀ ਫੈਸਲੇ ’ਤੇ ਸਰਕਾਰ ਨੇ ਜਨਤਾ ਕੋਲੋਂ ਕਦੇ ਮੁਆਫੀ ਨਹੀਂ ਮੰਗੀ। ਹਾਂ, ਕਾਲਾ ਧਨ ਖਤਮ ਕਰਨ ਦੇ ਦਾਅਵਿਆਂ ਦੇ ਆਧਾਰ ’ਤੇ ਚੋਣ ਜਿੱਤ ਲਈ, 1-2 ਵਾਰ ਨੋਟਬੰਦੀ ਦਾ ਜਸ਼ਨ ਮਨਾ ਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਭੁਲਾ ਦਿੱਤਾ ਗਿਆ। ਚੁੱਪਚਾਪ ਸਰਕਾਰ ਨੇ 2018 ਵਿਚ ਹੀ 2000 ਰੁਪਏ ਦੇ ਨੋਟ ਨੂੰ ਛਾਪਣਾ ਬੰਦ ਕਰ ਦਿੱਤਾ ਅਤੇ ਫਿਰ 19 ਮਈ, 2023 ਨੂੰ ਫਿਰ ਇਸ ਨੂੰ ਵੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਦਰਬਾਰੀ ਚੰਪੂ ਨੇ ਲੋਕਾਂ ਨੂੰ ਫਿਰ ਭ੍ਰਿਸ਼ਟਾਚਾਰ ’ਤੇ ਆਖਰੀ ਜੰਗ ਦੇ ਦਾਅਵੇ ਕੀਤੇ ਪਰ ਇਸ ਵਾਰ ਸੁਣਨ ਵਾਲੇ ਨਹੀਂ ਸਨ। ਰਿਜ਼ਰਵ ਬੈਂਕ ਨੇ ਦੱਸਿਆ ਕਿ 2000 ਦੇ ਨੋਟ ਦਾ ਰੁਝਾਨ ਜ਼ਿਆਦਾ ਨਹੀਂ ਸੀ ਪਰ ਇਹ ਨਹੀਂ ਦੱਸਿਆ ਕਿ ਇੰਨੀ ਸਿੱਧੀ ਗੱਲ ਜਾਣਨ ਲਈ ਪੂਰੇ ਦੇਸ਼ ਦੇ ਨਾਲ ਪ੍ਰਯੋਗ ਕਰਨ ਦੀ ਕੀ ਲੋੜ ਸੀ। ਇਹ ਵੀ ਸੁਣਨ ਵਿਚ ਆਇਆ ਕਿ 2000 ਦੇ ਨੋਟ ਦਾ ਜਾਅਲੀ ਐਡੀਸ਼ਨ ਬਣਾਉਣਾ ਪਹਿਲਾਂ ਨਾਲੋਂ ਵੀ ਜ਼ਿਆਦਾ ਸੌਖਾ ਸੀ। ਇਕ ਵਾਰ ਫਿਰ ਕਵਾਇਦ ਹੋਈ 2000 ਦੇ ਨੋਟ ਦੇ 181 ਕਰੋੜ ਨੋਟਾਂ ਨੂੰ ਬੈਂਕ ਵਿਚ ਵਾਪਸ ਕਰਨ ਦੀ। ਫਿਰ ਹਰ ਦਿਨ ਦੀਆਂ ਹੱਦਾਂ ਬੰਨ੍ਹੀਆਂ ਗਈਆਂ, ਫਿਰ ਹਰ ਹਫਤੇ ਇਨ੍ਹਾਂ ਨਿਯਮਾਂ ਨੂੰ ਬਦਲਿਆ ਗਿਆ, ਜੋ ਨੋਟ ਆਪਣੇ ਆਪ ਰੁਝਾਨ ਤੋਂ ਬਾਹਰ ਜਾ ਰਿਹਾ ਸੀ, ਉਸ ਨੂੰ ਖਤਮ ਕਰਨ ਲਈ ਇੰਨੀ ਮਹਿੰਗੀ ਕਵਾਇਦ ਕਿਉਂ ਕੀਤੀ ਗਈ, ਇਸ ਦਾ ਕਾਰਨ ਵੀ ਕਦੇ ਕਿਸੇ ਨੂੰ ਸਮਝ ਨਹੀਂ ਆਇਆ। ਬੱਸ ਇੰਝ ਸਮਝ ਲਓ ਕਿ ਸਰਕਾਰ ਨੇ ਨੋਟਬੰਦੀ ਦੀ ਸਮਾਧੀ ’ਤੇ 2000 ਦੇ ਨੋਟ ਰੂਪੀ ਗੁਲਾਬੀ ਫੁੱਲ ਚੜ੍ਹਾਏ ਸਨ।

ਜਦੋਂ ਤੱਕ ਪ੍ਰਧਾਨ ਮੰਤਰੀ ਮਿਊਜ਼ੀਅਮ ਵਿਚ ਮੋਦੀ ਜੀ ਦੇ ਪ੍ਰਧਾਨ ਮੰਤਰੀ ਕਾਲ ਦਾ ਨੋਟਬੰਦੀ ਰੂਮ ਬਣ ਕੇ ਤਿਆਰ ਹੋਵੇਗਾ ਉਦੋਂ ਤੱਕ ਦੁਨੀਆ ਭਰ ਦੇ ਅਰਥਸ਼ਾਸਤਰ ਦੀਆਂ ਕਿਤਾਬਾਂ ਵਿਚ ਭਾਰਤ ਦੀ ਨੋਟਬੰਦੀ ਦੀ ਕੇਸ ਸਟੱਡੀ ਛਪੇਗੀ, ਚਲਦੀ-ਚਲਾਉਂਦੀ ਅਰਥਵਿਵਸਥਾ ਦੇ ਨਾਲ ਬੈਠੇ-ਬਿਠਾਏ ਖਿਲਵਾੜ ਨਾ ਕਰਨ ਦੀ ਮਿਸਾਲ ਦੇ ਰੂਪ ਵਿਚ। ਦੱਸਿਆ ਜਾਵੇਗਾ ਕਿ ਜਿਵੇਂ ਅੱਖ ਦਾ ਆਪ੍ਰੇਸ਼ਨ ਪੇਚਕਸ ਨਾਲ ਨਹੀਂ ਕੀਤਾ ਜਾਂਦਾ ਉਂਝ ਹੀ ਆਧੁਨਿਕ ਅਰਥਵਿਵਸਥਾ ਦੀ ਕਰੰਸੀ ਨੂੰ ਨੌਸਿੱਖੀਆਂ ਦੇ ਹੱਥਾਂ ਵਿਚ ਨਹੀਂ ਦਿੱਤਾ ਜਾਂਦਾ। ਹੋ ਸਕਦਾ ਹੈ ਕਿ ਉਸ ਰੂਮ ਦੇ ਅਖੀਰ ਵਿਚ ਇਕ ਪੱਟੀ ਲੱਗੀ ਹੋਵੇ ‘ਸਾਵਧਾਨ’ ਕਰੰਸੀ ਨਾਲ ਖੇਡਣਾ ਕਰੰਟ ਨਾਲ ਖੇਡਣ ਵਰਗਾ ਹੈ।’

ਯੋਗੇਂਦਰ ਯਾਦਵ


Rakesh

Content Editor

Related News