ਅੱਜ ਦੇਸ਼ ਨੂੰ ਨਫ਼ਰਤ, ਕੱਟੜਤਾ, ਅਸਹਿਣਸ਼ੀਲਤਾ ਅਤੇ ਝੂਠ ਨੇ ਘੇਰਿਆ ਹੋਇਆ ਹੈ

04/18/2022 8:40:43 PM

ਕੀ ਭਾਰਤ ’ਚ ਹਮੇਸ਼ਾ ਧਰੁਵੀਕਰਨ ਦਾ ਵਾਤਾਵਰਣ ਹੋਣਾ ਚਾਹੀਦਾ ਹੈ। ਸੱਤਾ ਸੰਸਥਾਨ ਸਪੱਸ਼ਟ ਤੌਰ ’ਤੇ ਚਾਹੁੰਦਾ ਹੈ ਕਿ ਭਾਰਤ ਦੇ ਨਾਗਰਿਕ ਇਹ ਯਕੀਨ ਕਰ ਲੈਣ ਕਿ ਅਜਿਹਾ ਵਾਤਾਵਰਣ ਉਨ੍ਹਾਂ ਲਈ ਸਭ ਤੋਂ ਉੱਤਮ ਹਿੱਤ ’ਚ ਹੈ। ਭਾਵੇਂ ਉਹ ਪਹਿਰਾਵਾ ਹੋਵੇ, ਭੋਜਨ ਹੋਵੇ, ਆਸਥਾ ਹੋਵੇ, ਤਿਉਹਾਰ ਹੋਵੇ ਜਾਂ ਭਾਸ਼ਾ। ਭਾਰਤੀਆਂ ਨੂੰ ਭਾਰਤੀਆਂ ਵਿਰੁੱਧ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਅਸੁਖਾਵਾਂ ਮਾਹੌਲ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ ’ਤੇ ਹਰ ਪੱਖੋਂ ਉਤਸ਼ਾਹਿਤ ਕੀਤਾ ਜਾਂਦਾ ਹੈ। ਇਤਿਹਾਸ, ਪ੍ਰਾਚੀਨ ਅਤੇ ਸਮਕਾਲੀਨ ਦੋਵਾਂ ਦੀ ਵਿਆਖਿਆ ਲਗਾਤਾਰ ਪੂਰਵਾਗ੍ਰਹਿ, ਦੁਸ਼ਮਣੀ ਅਤੇ ਗੁੱਸੇ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ।

ਭਾਰਤ ਦੀਆਂ ਬਹੁ-ਵੰਨ-ਸੁਵੰਨਤਾਵਾਂ ਨੂੰ ਪ੍ਰਵਾਨ ਕਰਦੇ ਹੋਏ ਪ੍ਰਧਾਨ ਮੰਤਰੀ ਵੱਲੋਂ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਕੌੜੀ ਸੱਚਾਈ ਇਹ ਹੈ ਕਿ ਜਿਸ ਖੁਸ਼ਹਾਲ ਵੰਨ-ਸੁਵੰਨਤਾ ਨੇ ਸਾਡੇ ਸਮਾਜ ਨੂੰ ਸਦੀਆਂ ਤੋਂ ਪਰਿਭਾਸ਼ਤ ਤੇ ਮਜ਼ਬੂਤ ਕੀਤਾ ਹੈ, ਉਨ੍ਹਾਂ ਦੀ ਹੀ ਦੁਰਵਰਤੋਂ ਸਾਡੇ ’ਚ ਫੁੱਟ ਪਾਉਣ ਲਈ ਅਤੇ ਉਸ ਤੋਂ ਵੀ ਭੈੜੀਆਂ ਤ੍ਰੇੜਾਂ ਨੂੰ ਭਰਨ ਦੀ ਬਜਾਏ ਉਨ੍ਹਾਂ ਨੂੰ ਹੋਰ ਡੂੰਘਾ ਬਣਾਉਣ ਲਈ ਕੀਤੀ ਜਾ ਰਹੀ ਹੈ।

ਇਹ ਹਰ ਪੱਖੋਂ ਮੰਨਣਯੋਗ ਹੈ ਕਿ ਸਾਨੂੰ ਉੱਚ ਆਰਥਿਕ ਵਿਕਾਸ ਨੂੰ ਬਣਾਈ ਰੱਖਣਾ ਹੋਵੇਗਾ ਜਿਸ ਨਾਲ ਕਿ ਤਿਆਰ ਧਨ ਦੀ ਮੁੜ ਵੰਡ ਹੋ ਸਕੇ, ਲੋਕਾਂ ਦੀ ਜ਼ਿੰਦਗੀ ਦਾ ਪੱਧਰ ਬਿਹਤਰ ਬਣਾਇਆ ਜਾ ਸਕੇ ਅਤੇ ਸਭ ਤੋਂ ਜ਼ਰੂਰੀ ਸਮਾਜਿਕ ਭਲਾਈ ਪ੍ਰੋਗਰਾਮਾਂ ਲਈ ਜ਼ਰੂਰੀ ਮਾਲੀਆ ਇਕੱਠਾ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਲੋੜੀਂਦੇ ਰੋਜ਼ਗਾਰ ਦੇ ਮੌਕੇ ਮੁਹੱਈਆ ਕੀਤੇ ਜਾ ਸਕਣ ਪਰ ਸਮਾਜਿਕ ਅਸੁਖਾਂਵਾਪਨ, ਧਰਮਪੁਣਾ, ਨਫ਼ਰਤ ਅਤੇ ਫੁੱਟਪਾਊ ਮਾਹੌਲ ਆਰਥਿਕ ਵਿਕਾਸ ਦੀ ਨੀਂਹ ਨੂੰ ਕਮਜ਼ੋਰ ਕਰ ਦਿੰਦਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਡੇ ਸੂਬਿਆਂ ’ਚ ਸਭ ਤੋਂ ਉੱਦਮਸ਼ੀਲ ਅਤੇ ਤੇਜ਼ੀ ਨਾਲ ਵਧਦੇ ਸੂਬੇ ਕਰਨਾਟਕ ’ਚ ਕੁਝ ਹਿੰਮਤੀ ਉਦਯੋਗਪਤੀਆਂ ਵੱਲੋਂ ਇਸ ਗਿਣੀ-ਮਿਥੀ ਸਾਜ਼ਿਸ਼ ਵਿਰੁੱਧ ਆਵਾਜ਼ ਚੁੱਕੀ ਜਾ ਰਹੀ ਹੈ ਅਤੇ ਜਿਹੋ-ਜਿਹੀ ਆਸ ਕੀਤੀ ਜਾ ਰਹੀ ਸੀ ਕਿ ਇਨ੍ਹਾਂ ਦਲੇਰ ਆਵਾਜ਼ਾਂ ਵਿਰੁੱਧ ਸੋਸ਼ਲ ਮੀਡੀਆ ’ਤੇ ਤੇਜ਼ ਪ੍ਰਤੀਕਿਰਿਆ ਦਿੱਤੀ ਗਈ। ਇਸ ਗੱਲ ਤੋਂ ਸਾਰੇ ਚਿੰਤਤ ਹਨ ਅਤੇ ਚਿੰਤਾ ਜਾਇਜ਼ ਹੈ। ਇਹ ਰਹੱਸ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਪਿਛਲੇ ਕਈ ਸਾਲਾਂ ’ਚ ਸਭ ਤੋਂ ਵੱਧ ਗਿਣਤੀ ’ਚ ਕਾਰੋਬਾਰੀਆਂ ਨੇ ਆਪਣੇ-ਆਪ ਨੂੰ ਅਪ੍ਰਵਾਸੀ ਭਾਰਤੀ ਬਣਾ ਲਿਆ ਹੈ।

ਨਫ਼ਰਤ, ਹਮਲਾਵਰਪੁਣੇ ਲਈ ਖੁੱਲ੍ਹੇ ਤੌਰ ’ਤੇ ਭੜਕਾਉਣਾ ਅਤੇ ਘੱਟ ਗਿਣਤੀਆਂ ਵਿਰੁੱਧ ਅਪਰਾਧ ਸਾਡੇ ਸਹਿਣਸ਼ੀਲ ਅਤੇ ਤਾਲਮੇਲ ਵਾਲੇ ਸੱਭਿਆਚਾਰ ਦੀਆਂ ਰਵਾਇਤਾਂ ਤੋਂ ਦੂਰ ਹੈ। ਤਿਉਹਾਰਾਂ ਦਾ ਸਾਂਝਾ ਉਤਸਵ, ਵੱਖ-ਵੱਖ ਧਰਮਾਂ ਦੇ ਭਾਈਚਾਰਿਆਂ ਦਰਮਿਆਨ ਚੰਗੇ ਗੁਆਂਢੀਆਂ ਵਰਗੇ ਸਬੰਧ, ਕਲਾ ਅਤੇ ਸਿਨੇਮਾ ਤੇ ਰੋਜ਼ਾਨਾ ਦੀ ਜ਼ਿੰਦਗੀ ’ਚ ਆਸਥਾ ਅਤੇ ਵਿਸ਼ਵਾਸ ਦਾ ਵਿਆਪਕ ਮੇਲ-ਮਿਲਾਪ ਜਿਸ ਦੀਆਂ ਉਦਾਹਰਣਾਂ ਹਜ਼ਾਰਾਂ ਲੋਕ ਹਨ, ਇਹ ਸਾਰੀਆਂ ਸਦੀਆਂ ਤੋਂ ਸਾਡੇ ਸਮਾਜ ਦੀਆਂ ਮਾਣਮੱਤੀਆਂ ਅਤੇ ਸਥਾਈ ਰਵਾਇਤਾਂ ਰਹੀਆਂ ਹਨ। ਸੌੜੇ ਸਿਆਸੀ ਲਾਭ ਲਈ ਇਸ ਨੂੰ ਕਮਜ਼ੋਰ ਕਰਨਾ ਭਾਰਤੀ ਸਮਾਜ ਅਤੇ ਰਾਸ਼ਟਰੀਅਤਾ ਦੇ ਸਮੁੱਚੇ ਤਾਲਮੇਲ ਦੀ ਨੀਂਹ ਨੂੰ ਕਮਜ਼ੋਰ ਕਰਨਾ ਹੈ।

ਕਿਸੇ ਸਾਜ਼ਿਸ਼ ਦੇ ਤਹਿਤ ਭਾਰਤ ’ਚ ਇਕ ਸਥਾਈ ਭੜਕਾਹਟ ਦੀ ਸਥਿਤੀ ਬਣਾਈ ਰੱਖਣੀ ਫੁੱਟਪਾਊ ਨੀਤੀ ਦਾ ਹੀ ਹਿੱਸਾ ਹੈ। ਸੱਤਾ ’ਚ ਬੈਠੇ ਲੋਕਾਂ ਦੀ ਵਿਚਾਰਧਾਰਾ ਦੇ ਵਿਰੁੱਧ ਉੱਠਣ ਵਾਲੀ ਹਰ ਕਿਸਮ ਦੀ ਅਸਹਿਮਤੀ ਦੀ ਆਵਾਜ਼ ਅਤੇ ਨਜ਼ਰੀਏ ਨੂੰ ਬੇਰਹਿਮੀ ਨਾਲ ਦਰੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਵਿਰੁੱਧ ਸਰਕਾਰੀ ਮਸ਼ੀਨਰੀ ਦੀ ਪੂਰੀ ਤਾਕਤ ਝੋਕ ਦਿੱਤੀ ਜਾਂਦੀ ਹੈ। ਵਰਕਰਾਂ ਨੂੰ ਧਮਕਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ ਜਾਂਦਾ ਹੈ। ਸੋਸ਼ਲ ਮੀਡੀਆ ਦੀ ਵਰਤੋਂ ਜਿਹੜੀਆਂ ਗੱਲਾਂ ਦੇ ਪ੍ਰਚਾਰ ਲਈ ਕੀਤੀ ਜਾਂਦੀ ਹੈ, ਉਸ ਨੂੰ ਸਿਰਫ ਝੂਠ ਅਤੇ ਜ਼ਹਿਰ ਦੇ ਰੂਪ ’ਚ ਹੀ ਵਰਣਿਤ ਕੀਤਾ ਜਾ ਸਕਦਾ ਹੈ। ਮੋਦੀ ਸਰਕਾਰ ਨੇ 1949 ’ਚ ਸੰਵਿਧਾਨ ਸਭਾ ਵੱਲੋਂ ਸਾਡੇ ਸੰਵਿਧਾਨ ਨੂੰ ਅਪਣਾਉਣ ਦੇ ਮੱਦੇਨਜ਼ਰ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ ’ਚ ਮਨਾਉਣ ਦੀ ਪ੍ਰਥਾ ਸ਼ੁਰੂ ਕੀਤੀ ਹੈ ਪਰ ਇਹ ਸਰਕਾਰ ਹਰ ਸੰਸਥਾ ਨੂੰ ਵਿਵਸਥਿਤ ਤੌਰ ’ਤੇ ਖੋਰਦੀ ਹੋਈ ਸੰਵਿਧਾਨ ਸਾਹਮਣੇ ਨਤਮਸਤਕ ਹੋਣ ਦਾ ਦਿਖਾਵਾ ਕਰਦੀ ਹੈ, ਇਹ ਸਰਾਸਰ ਪਖੰਡ ਹੈ।

ਅਸੀਂ ਵਿਸ਼ਵ ਪੱਧਰ ’ਤੇ ਕਿੰਨੇ ਪ੍ਰਮੁੱਖ ਦਿਸਣਾ ਚਾਹੁੰਦੇ ਹਾਂ, ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਅਸੀਂ ਦੇਸ਼ ’ਚ ਕਿਵੇਂ ਸਰਵਸਮਾਵੇਸ਼ੀ ਸਮਾਜ ਬਣਾਉਂਦੇ ਹਾਂ। ਅਸਲੀਅਤ ’ਚ ਆਚਰਨ ਨਾਲ, ਨਾ ਸਿਰਫ ਨਾਅਰਿਆਂ ਰਾਹੀਂ। ਕਿਹੜੀ ਗੱਲ ਪ੍ਰਧਾਨ ਮੰਤਰੀ ਨੂੰ ਸਪੱਸ਼ਟ ਤੌਰ ’ਤੇ ਅਤੇ ਜਨਤਕ ਤੌਰ ’ਤੇ ਭੜਕਾਊ ਭਾਸ਼ਾ ਵਿਰੁੱਧ ਬੋਲਣ ਤੋਂ ਰੋਕਦੀ ਹੈ? ਭਾਵੇਂ ਉਹ ਕਿਸੇ ਵੀ ਮਾਧਿਅਮ ਤੋਂ ਆ ਰਹੀ ਹੋਵੇ। ਆਦਤਨ ਅਪਰਾਧੀ ਸ਼ਰੇਆਮ ਘੁੰਮਦੇ ਹਨ ਅਤੇ ਉਨ੍ਹਾਂ ਵੱਲੋਂ ਭੜਕਾਊ ਅਤੇ ਉਤੇਜਿਕ ਭਾਸ਼ਾ ਦੀ ਵਰਤੋਂ ’ਤੇ ਕੋਈ ਰੋਕ ਨਹੀਂ ਹੈ। ਅਸਲ ’ਚ ਉਨ੍ਹਾਂ ਨੂੰ ਵੱਖ-ਵੱਖ ਪੱਧਰਾਂ ’ਤੇ ਇਕ ਕਿਸਮ ਦੀ ਅਧਿਕਾਰਕ ਸ਼ਹਿ ਪ੍ਰਾਪਤ ਹੈ ਅਤੇ ਇਹੀ ਕਾਰਨ ਹੈ ਕਿ ਉਹ ਅਪਰਾਧਿਕ ਅਤੇ ਇਸਤਗਾਸਾ ਬਿਆਨ ਦੇਣ ਦੇ ਬਾਵਜੂਦ ਬਚ ਨਿਕਲਦੇ ਹਨ।

ਡੂੰਘੀ ਗੱਲਬਾਤ, ਚਰਚਾ ਅਤੇ ਵਿਸਥਾਰ : ਕਿਸੇ ਵੀ ਕਿਸਮ ਦੀ ਗੱਲਬਾਤ ਜਿੱਥੋਂ ਤੱਕ ਬਦਲਵੇਂ ਨਜ਼ਰੀਏ ਦਾ ਸਵਾਗਤ ਕੀਤਾ ਜਾਂਦਾ ਹੈ, ਹੁਣ ਇਹ ਨਾਮੰਨਣਯੋਗ ਗੱਲ ਹੈ। ਇਹ ਸਾਡਾ ਵੱਡਾ ਨੁਕਸਾਨ ਹੈ। ਇੱਥੋਂ ਤੱਕ ਕਿ ਸਿੱਖਿਆ ਮਾਹਿਰ ਜਿਸ ਨੂੰ ਕਦੀ ਨਵੀਂ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਜਾਂਦਾ ਸੀ, ਉਹ ਅੱਜ ਦੁਨੀਆ ਦੇ ਹੋਰਨਾਂ ਹਿੱਸਿਆਂ ’ਚ ਆਪਣੇ ਹਮਰੁਤਬੇ ਨਾਲ ਗੱਲਬਾਤ ਕਰਨ ਲਈ ਸ਼ੱਕ ਦੇ ਘੇਰੇ ’ਚ ਹਨ। ਆਸਥਾਵਾਂ ਦੀ ਨਿੰਦਾ ਕਰਨੀ ਤੇ ਪੂਰੇ ਭਾਈਚਾਰੇ ਦੀ ਆਲੋਚਨਾ ਕਰਨੀ ਜਿਵੇਂ ਇਕ ਆਮ ਗੱਲ ਹੋ ਗਈ ਹੈ, ਅਜਿਹੇ ’ਚ ਫੁੱਟਪਾਊ ਸਿਆਸਤ ਨਾ ਸਿਰਫ ਕੰਮ ਵਾਲੀ ਥਾਂ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਅਸੀਂ ਹੁਣ ਇਸ ਨੂੰ ਗੁਆਂਢ ਅਤੇ ਅਸਲ ’ਚ ਆਪਣੇ ਘਰਾਂ ’ਚ ਪ੍ਰਵੇਸ਼ ਕਰਦੇ ਹੋਏ ਦੇਖ ਰਹੇ ਹਾਂ। ਇਸ ਤੋਂ ਪਹਿਲਾਂ ਇਸ ਦੇਸ਼ ਨੇ ਸਾਡੇ ਨਾਗਰਿਕਾਂ ਵੱਲੋਂ ਅਪਣਾਈਆਂ ਗਈਆਂ ਦਿਨ-ਪ੍ਰਤੀਦਿਨ ਦੀਆਂ ਪਸੰਦਾਂ-ਨਾਪਸੰਦਾਂ ਦੇ ਆਧਾਰ ’ਤੇ ਨਫ਼ਰਤ ਨਹੀਂ ਦੇਖੀ ਹੈ।

ਸਾਡੀ ਇਹ ਅਜੀਬ ਭੂਮੀ ਵੰਨ-ਸੁਵੰਨਤਾਵਾਂ ਅਤੇ ਬਹੁਲਤਾ ਅਤੇ ਰਚਨਾਤਮਕਤਾ ਦਾ ਧਾਮ ਰਹੀ ਹੈ, ਜਿਸ ਨੇ ਮਹਾਨ ਵਿਚਾਰਾਂ ਅਤੇ ਵਿਅਕਤੀਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਕਾਰਜਾਂ ਨੂੰ ਦੁਨੀਆ ਭਰ ’ਚ ਪੜ੍ਹਿਆ ਅਤੇ ਮੰਨਿਆ ਗਿਆ ਹੈ। ਹੁਣ ਤੱਕ ਉਦਾਰਵਾਦੀ ਵਾਤਾਵਰਣ ਅਤੇ ਸਮਾਵੇਸ਼ਤਾ, ਸਮਾਯੋਜਨ ਅਤੇ ਸਹਿਣਸ਼ੀਲਤਾ ਦੀ ਭਾਵਨਾ ਨੇ ਇਹ ਸਭ ਸੰਭਵ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਕ ਬੰਦ ਸਮਾਜ ਜੋ ਸੀਮਤ ਸੋਚ ਨੂੰ ਉਤਸ਼ਾਹਿਤ ਕਰਦਾ ਹੈ, ਉਸ ’ਚ ਸ਼ਾਇਦ ਹੀ ਨਵੇਂ ਵਿਚਾਰਾਂ ਦਾ ਪ੍ਰਵਾਹ ਹੋ ਸਕੇ। ਇਕ ਥੱਕੇ ਹੋਏ ਦਿਮਾਗ ਦੀ ਪੈਦਾਵਾਰ ਜਾਂ ਵਿਚਾਰ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੁੰਦੀ ਹੈ।

ਅੱਜ ਸਾਡੇ ਦੇਸ਼ ਨੂੰ ਨਫ਼ਰਤ, ਕੱਟੜਤਾ, ਅਸਹਿਣਸ਼ੀਲਤਾ ਅਤੇ ਝੂਠ ਨੇ ਘੇਰਿਆ ਹੋਇਆ ਹੈ, ਜੇਕਰ ਇਸ ਨੂੰ ਹੁਣ ਨਾ ਰੋਕਿਆ ਗਿਆ ਤਾਂ ਇਹ ਸਾਡੇ ਸਮਾਜ ਨੂੰ ਅਜਿਹਾ ਨੁਕਸਾਨ ਪਹੁੰਚਾਏਗਾ ਜਿਸ ਦੀ ਪੂਰਤੀ ਕਰਨੀ ਔਖੀ ਹੋਵੇਗੀ। ਅਸੀਂ ਇਸ ਪ੍ਰਵਿਰਤੀ ਨੂੰ ਅੱਗੇ ਨਹੀਂ ਵਧਣ ਦੇ ਸਕਦੇ ਹਾਂ ਅਤੇ ਨਾ ਹੀ ਅਜਿਹਾ ਹੋਣ ਦੇਣਾ ਚਾਹੀਦਾ ਹੈ। ਜਦੋਂ ਠੰਡੇ ਰਾਸ਼ਟਰਵਾਦ ਦੀ ਵੇਦੀ ਉਤੇ ਸ਼ਾਂਤੀ ਅਤੇ ਬਹੁਲਤਾਵਾਦ ਦੀ ਬਲੀ ਤਾਂ ਅਸੀਂ ਇਕ ਮੂਕਦਰਸ਼ਕ ਵਿਅਕਤੀ ਦੇ ਰੂਪ ’ਚ ਖੜ੍ਹੇ ਹੋ ਕੇ ਇਹ ਸਭ ਨਹੀਂ ਦੇਖ ਸਕਦੇ। ਆਓ, ਅਸੀਂ ਇਸ ਪ੍ਰਚੰਡ ਅੱਗ ਅਤੇ ਨਫ਼ਰਤ ਦੀ ਸੁਨਾਮੀ ’ਤੇ ਕਾਬੂ ਪਾਈਏ ਅਤੇ ਪਿਛਲੀਆਂ ਪੀੜ੍ਹੀਆਂ ਵੱਲੋਂ ਇੰਨੀ ਮਿਹਨਤ ਨਾਲ ਬਣਾਈਆਂ ਗਈਆਂ ਰਵਾਇਤਾਂ ਨੂੰ ਢਹਿ-ਢੇਰੀ ਹੋਣ ਤੋਂ ਬਚਾਈਏ। ਇਕ ਸਦੀ ਤੋਂ ਵੀ ਪਹਿਲਾਂ ਭਾਰਤੀ ਰਾਸ਼ਟਰਵਾਦ ਦੇ ਕਵੀ ਨੇ ਦੁਨੀਆ ਨੂੰ ਆਪਣੀ ਅਮਰ ਕਿਰਤ ਗੀਤਾਂਜਲੀ ਦਿੱਤੀ ਸੀ, ਜਿਸ ਦਾ ਸ਼ਾਇਦ 35ਵਾਂ ਸਲੋਕ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਵੱਧ ਉਚਾਰਿਆ ਜਾਂਦਾ ਹੈ। ਗੁਰੂਦੇਵ ਟੈਗੋਰ ਦੀ ਪ੍ਰਾਰਥਨਾ, ਇਸ ਦੀਆਂ ਮੌਲਿਕ ਸਤਰਾਂ ਨਾਲ ਸ਼ੁਰੂ ਹੁੰਦੀ ਹੈ, ‘ਜਹਾਂ ਮਨ ਭਯ ਰਹਿਤ ਹੋ...’। ਇਹ ਸਤਰਾਂ ਅੱਜ ਹੋਰ ਵੀ ਪ੍ਰਾਸੰਗਿਕ ਹਨ ਅਤੇ ਇਨ੍ਹਾਂ ਦੀ ਗੂੰਜ ਹੋਰ ਵੀ ਸਪੱਸ਼ਟ ਹੈ।

-ਸੋਨੀਆ ਗਾਂਧੀ ਕਾਰਜਕਾਰੀ ਪ੍ਰਧਾਨ, ਕਾਂਗਰਸ


Anuradha

Content Editor

Related News