''ਹਰਬਲ ਸੰਪਦਾ'' ਦੀ ਚੋਰੀ ਅਤੇ ਸਮੱਗਲਿੰਗ ਨਾਲ ਤਬਾਹੀ

02/22/2020 12:38:26 AM

ਸਾਡਾ ਦੇਸ਼ ਕੁਝ ਇਸ ਤਰ੍ਹਾਂ ਦੀ ਭੂਗੋਲਿਕ ਸਥਿਤੀ ਨਾਲ ਬਣਿਆ ਹੈ ਕਿ ਅਸੀਂ ਅਨੇਕ ਮਾਮਲਿਆਂ 'ਚ ਦੁਨੀਆ ਦੇ ਸਾਰੇ ਦੇਸ਼ਾਂ ਨਾਲੋਂ ਖੁਸ਼ਕਿਸਮਤ ਕਹੇ ਜਾ ਸਕਦੇ ਹਾਂ। ਸਾਡਾ ਪਹਿਰੇਦਾਰ ਹਿਮਾਲਿਆ ਪਰਬਤ ਹੈ ਅਤੇ ਇਸ ਨਾਲ ਜੁੜੀ ਸਾਰੀ ਪਰਬਤ ਮਾਲਾ ਵਿਸ਼ਾਲ ਕੁਦਰਤੀ ਸੋਮਿਆਂ ਦਾ ਭੰਡਾਰ ਹੈ। ਸਾਡੇ ਜੰਗਲ ਇੰਨੇ ਸੰਘਣੇ ਹਨ ਕਿ ਉਨ੍ਹਾਂ ਵਿਚ ਦਾਖਲ ਹੋਣਾ ਬਹੁਤ ਖਤਰਨਾਕ ਅਤੇ ਅਸੰਭਵ ਜਿਹਾ ਹੈ। ਕੁਦਰਤ ਨੇ ਸਾਡੇ ਵਣ ਪ੍ਰਦੇਸ਼ਾਂ ਦੀ ਰਚਨਾ ਇੰਨੀ ਗੁੰਝਲਦਾਰ ਅਤੇ ਮੁਸ਼ਕਿਲ ਇਸੇ ਲਈ ਹੀ ਕੀਤੀ ਹੈ ਕਿਉਂਕਿ ਇਨ੍ਹਾਂ 'ਚ ਅਜਿਹੇ ਖਜ਼ਾਨੇ ਲੁਕੇ ਹਨ, ਜੋ ਵਿਸ਼ਵ 'ਚ ਹੋਰ ਕਿਤੇ ਨਹੀਂ ਹਨ।

ਅਨਮੋਲ ਸੰਪਦਾ
ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ, ਲੱਦਾਖ, ਉੱਤਰ ਪੂਰਬ ਦੇ ਪ੍ਰਦੇਸ਼, ਮਹਾਰਾਸ਼ਟਰ ਅਤੇ ਦੱਖਣੀ ਸੂਬਿਆਂ ਦੇ ਵਣ ਪ੍ਰਦੇਸ਼ ਅਜਿਹੀ ਅਨਮੋਲ ਸੰਪਦਾ ਆਪਣੇ ਅੰਦਰ ਸਮਾਏ ਹੋਏ ਹਨ ਕਿ ਜਿਨ੍ਹਾਂ ਦੀ ਤੁਲਨਾ ਦੁਨੀਆ ਦੇ ਕਿਸੇ ਵਣ ਪ੍ਰਦੇਸ਼ ਨਾਲ ਨਹੀਂ ਕੀਤੀ ਜਾ ਸਕਦੀ। ਇਹੀ ਕਾਰਣ ਹੈ ਕਿ ਸਾਡੀ ਵਣ ਸੰਪਦਾ ਹਮੇਸ਼ਾ ਤੋਂ ਵਿਦੇਸ਼ੀਆਂ ਦੀ ਨਜ਼ਰ ਵਿਚ ਰੜਕਦੀ ਰਹੀ ਹੈ ਅਤੇ ਉਹ ਕਿਸੇ ਕਾਨੂੰਨੀ ਅਤੇ ਜ਼ਿਆਦਾਤਰ ਗੈਰ-ਕਾਨੂੰਨੀ ਤਰੀਕੇ ਨਾਲ ਉਸ 'ਤੇ ਕਬਜ਼ਾ ਕਰਨ ਵਿਚ ਸਫਲ ਹੁੰਦੇ ਜਾ ਰਹੇ ਹਨ।
ਜਿਨ੍ਹਾਂ ਨੂੰ ਅਸੀਂ ਜੜ੍ਹੀਆਂ-ਬੂਟੀਆਂ ਅਤੇ ਵਣ ਉਪਜ ਦੇ ਨਾਂ ਨਾਲ ਜਾਣਦੇ ਹਾਂ, ਉਹ ਕਿੰਨੀਆਂ ਉਪਯੋਗੀ ਹਨ, ਇਸ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਿਸੇ ਵੀ ਭਿਆਨਕ ਰੋਗ ਦੇ ਇਲਾਜ ਵਿਚ ਇਨ੍ਹਾਂ ਦੀ ਵਰਤੋਂ ਦੁਨੀਆ ਦੀਆਂ ਵੱਡੀਆਂ-ਵੱਡੀਆਂ ਫਾਰਮੇਸੀ ਕੰਪਨੀਆਂ ਕਰਦੀਆਂ ਹਨ ਅਤੇ ਕਿਉਂਕਿ ਉਨ੍ਹਾਂ ਦੇ ਲਈ ਇਨ੍ਹਾਂ ਨੂੰ ਸਹੀ ਰਸਤੇ ਤੋਂ ਹਾਸਲ ਕਰਨਾ ਆਸਾਨ ਨਹੀਂ ਹੈ, ਇਸ ਲਈ ਉਹ ਅਜਿਹੇ ਹੱਥਕੰਡੇ ਅਪਣਾਉਂਦੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀ ਚਾਲ ਕਾਮਯਾਬ ਹੋਵੇ, ਜਿਸ ਦੇ ਲਈ ਉਹ ਛਲ, ਬਲ ਅਤੇ ਧਨ ਤਿੰਨਾਂ ਦੀ ਵਰਤੋਂ ਕਰਦੀਆਂ ਹਨ।
ਜੇਕਰ ਤੁਸੀਂ ਜੰਗਲਾਂ ਵਿਚ ਘੁੰਮਣ ਦੇ ਸ਼ੌਕੀਨ ਹੋ ਜਾਂ ਤੁਸੀਂ ਕੋਈ ਖੋਜ ਕਰਨ ਲਈ ਇਨ੍ਹਾਂ ਥਾਵਾਂ 'ਤੇ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਸੈਲਾਨੀਆਂ ਵਾਂਗ ਵਿਵਹਾਰ ਕਰਦੇ ਕੁਝ ਦੇਸ਼ਾਂ, ਖਾਸ ਤੌਰ 'ਤੇ ਚੀਨ, ਜਾਪਾਨ, ਬ੍ਰਿਟੇਨ ਦੇ ਲੋਕ ਘੁੰਮਦੇ ਮਿਲ ਜਾਣਗੇ, ਇਹ ਸੈਲਾਨੀ ਨਹੀਂ ਸਗੋਂ ਇਨ੍ਹਾਂ ਦੇਸ਼ਾਂ ਦੇ ਵਿਗਿਆਨਿਕ ਹੋ ਸਕਦੇ ਹਨ, ਜੋ ਚੋਰੀ-ਛਿਪੇ ਸਾਡੇ ਪੇੜ-ਪੌਦਿਆਂ ਅਤੇ ਉਨ੍ਹਾਂ ਤੋਂ ਮਿਲਣ ਵਾਲੇ ਫਲ-ਫੁੱਲ ਅਤੇ ਸੱਕ ਅਤੇ ਦੂਸਰੀ ਸਮੱਗਰੀ ਦੀ ਪਛਾਣ ਕਰ ਕੇ ਉਨ੍ਹਾਂ ਦੀ ਚੋਰੀ ਅਤੇ ਸਮੱਗਲਿੰਗ ਕਰਨ ਲਈ ਇਥੇ ਆਉਂਦੇ ਹਨ।
ਜੰਗਲਾਂ 'ਚ ਰਹਿਣ ਵਾਲੇ ਜ਼ਿਆਦਾਤਰ ਆਦਿਵਾਸੀ ਹੁੰਦੇ ਹਨ ਅਤੇ ਉਹ ਸੁਭਾਅ ਦੇ ਤੌਰ 'ਤੇ ਸਿੱਧੇ ਹੁੰਦੇ ਹਨ। ਇਸੇ ਦੇ ਨਾਲ ਜੋ ਆਸ-ਪਾਸ ਦੇ ਪਿੰਡ ਹਨ, ਉੱਥੇ ਸਰਪੰਚ, ਸਥਾਨਕ ਵਿਧਾਇਕ ਅਤੇ ਸੰਸਦ ਮੈਂਬਰ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੁੰਦੇ ਹਨ ਕਿ ਉਨ੍ਹਾਂ ਦਾ ਖੇਤਰ ਕਿੰਨਾ ਮੁੱਲਵਾਨ ਹੈ ਅਤੇ ਇਸ ਦੀ ਕਿੰਨੀ ਕੀਮਤ ਵਸੂਲੀ ਜਾ ਸਕਦੀ ਹੈ। ਹੁਣ ਕਿਉਂਕਿ ਸਾਡੇ ਵਣ ਵਾਸੀ ਗਰੀਬੀ, ਅਗਿਆਨਤਾ ਅਤੇ ਸਾਧਨਹੀਣਤਾ ਦੇ ਕਾਰਣ ਇਨ੍ਹਾਂ ਦੇ ਲਾਲਚ ਵਿਚ ਆ ਜਾਂਦੇ ਹਨ ਅਤੇ ਉਹ ਅਣਜਾਣੇ 'ਚ ਸਮੱਗਲਰਾਂ ਦੇ ਨੈੱਟਵਰਕ ਦਾ ਹਿੱਸਾ ਬਣ ਜਾਂਦੇ ਹਨ। ਉਨ੍ਹਾਂ ਦਾ ਜ਼ਬਰਦਸਤ ਸ਼ੋਸ਼ਣ ਹੁੰਦਾ ਹੈ ਅਤੇ ਇਸ ਤਰ੍ਹਾਂ ਜੀਵਨ ਉਪਯੋਗੀ ਸੰਪਦਾ ਉਨ੍ਹਾਂ ਤੋਂ ਖੋਹ ਲਈ ਜਾਂਦੀ ਹੈ। ਅਨੇਕ ਪੌਦੇ ਲੁਪਤ ਹੁੰਦੇ ਜਾ ਰਹੇ ਹਨ, ਇਸ ਦੇ ਲਈ ਸਮੱਗਲਰਾਂ ਵਲੋਂ ਜਿਸ ਵਿਧੀ ਦੀ ਵਰਤੋਂ ਹੁੰਦੀ ਹੈ, ਉਸ ਨੂੰ ਹੱਤਿਆ ਕਹਿਣਾ ਸਹੀ ਹੋਵੇਗਾ। ਹੁੰਦਾ ਇਹ ਹੈ ਕਿ ਸਮੱਗਲਰ ਉਨ੍ਹਾਂ ਪੌਦਿਆਂ ਨੂੰ ਜੜ੍ਹੋਂ ਉਖਾੜ ਦਿੰਦੇ ਹਨ ਅਤੇ ਉਸ ਜਗ੍ਹਾ ਨੂੰ ਸਮਤਲ ਕਰ ਦਿੰਦੇ ਹਨ ਤਾਂ ਕਿ ਉਹ ਦੁਬਾਰਾ ਪਣਪ ਨਾ ਸਕਣ ਅਤੇ ਉਹ ਆਪਣੇ ਦੇਸ਼ ਲਿਜਾ ਕੇ ਉਨ੍ਹਾਂ ਨੂੰ ਲਾ ਦੇਣ ਅਤੇ ਆਪਣਾ ਕਹਿ ਸਕਣ ਅਤੇ ਵੱਡੀ ਪੱਧਰ 'ਤੇ ਉਸ ਦੀ ਖੇਤੀ ਕਰ ਕੇ ਮਾਲਾਮਾਲ ਹੋਣ ਅਤੇ ਜੇਕਰ ਸਾਨੂੰ ਜਾਂ ਕਿਸੇ ਹੋਰ ਨੇ ਉਨ੍ਹਾਂ ਦੀ ਕਿਸੇ ਦਵਾਈ ਬਣਾਉਣ ਵਿਚ ਵਰਤੋਂ ਕਰਨੀ ਹੈ ਤਾਂ ਮਨਚਾਹੀ ਕੀਮਤ ਵਸੂਲ ਕਰ ਸਕਣ।
ਜੀਵਨ ਰੱਖਿਅਕ ਔਸ਼ਧੀਆਂ ਤੋਂ ਲੈ ਕੇ ਸ਼ਿੰਗਾਰ ਸਮੱਗਰੀ ਦੇ ਬਾਜ਼ਾਰ 'ਤੇ ਕੁਝ ਵਿਦੇਸ਼ੀ ਕੰਪਨੀਆਂ ਦਾ ਕਬਜ਼ਾ ਹੈ ਅਤੇ ਤਰਾਸਦੀ ਇਹ ਹੈ ਕਿ ਇਨ੍ਹਾਂ ਨੂੰ ਬਣਾਉਣ 'ਚ ਜੜ੍ਹੀਆਂ-ਬੂਟੀਆਂ ਦੀ ਵਰਤੋਂ ਹੁੰਦੀ ਹੈ, ਉਹ ਭਾਰਤ ਤੋਂ ਇਲਾਵਾ ਕਿਤੇ ਹੋਰ ਉੱਗ ਨਹੀਂ ਸਕਦੀਆਂ। ਇਕ ਉਦਾਹਰਣ ਹੈ, ਹਿਮਾਚਲ ਪ੍ਰਦੇਸ਼ 'ਚ ਇਕ ਅਜਿਹਾ ਪੌਦਾ ਹੈ, ਜੋ ਉੱਥੇ ਲੱਗਭਗ ਛੇ ਮਹੀਨੇ ਬਰਫ 'ਚ ਦੱਬਿਆ ਰਹਿੰਦਾ ਹੈ ਅਤੇ ਜਦੋਂ ਬਰਫ ਪਿਘਲਦੀ ਹੈ, ਉਦੋਂ ਹੀ ਬਾਹਰ ਕਿਸੇ ਨੂੰ ਦਿਖਾਈ ਦਿੰਦਾ ਹੈ। ਅਨੇਕ ਦੇਸ਼ਾਂ ਅਤੇ ਸਾਡੇ ਵਿਗਿਆਨੀਆਂ ਨੇ ਇਹ ਕੋਸ਼ਿਸ਼ ਕੀਤੀ ਕਿ ਉਸ ਨੂੰ ਆਪਣੇ ਇਥੇ ਉਗਾ ਲੈਣ, ਇਥੋਂ ਤਕ ਕਿ ਫਰਿੱਜ ਵਿਚ ਉਗਾਉਣ ਦੀ ਵੀ ਕੋਸ਼ਿਸ਼ ਹੋਈ ਪਰ ਕਾਮਯਾਬੀ ਨਹੀਂ ਮਿਲੀ। ਹਿਮਾਲਿਆ ਦੀ ਬਰਫ ਵਿਚ ਹੀ ਉਹ ਗੁਣ ਹੈ, ਜੋ ਉਸ ਨੂੰ ਅਨੋਖਾ ਬਣਾਉਂਦਾ ਹੈ। ਇਸੇ ਤਰ੍ਹਾਂ ਇਕ ਹੀ ਤਰ੍ਹਾਂ ਦੇ ਦਿਸਣ ਵਾਲੇ ਦੋ ਪੌਦੇ, ਜੋ ਇਕ-ਦੂਸਰੇ ਦੇ ਬਰਾਬਰ ਲੱਗੇ ਹੋਣ, ਉਨ੍ਹਾਂ 'ਚੋਂ ਇਕ ਨਕਲੀ ਅਤੇ ਇਕ ਅਸਲੀ ਹੋ ਸਕਦਾ ਹੈ। ਇਸ ਦੀ ਪਛਾਣ ਸਿਰਫ ਆਦਿਵਾਸੀ ਜਾਂ ਵਣ ਵਾਸੀ ਹੀ ਕਰ ਸਕਦੇ ਹਨ।
ਸਮੱਗਲਰਾਂ ਦਾ ਗਿਰੋਹ ਆਪਣੇ ਜਾਲ ਵਿਚ ਇਨ੍ਹਾਂ ਨੂੰ ਫਸਾ ਕੇ ਇਨ੍ਹਾਂ ਤੋਂ ਉਹ ਸਭ ਕੁਝ ਕਰਵਾਉਣ ਵਿਚ ਕਾਮਯਾਬ ਹੋ ਜਾਂਦਾ ਹੈ, ਜੋ ਗੈਰ-ਕਾਨੂੰਨੀ ਹੈ ਅਤੇ ਇਸ ਤਰ੍ਹਾਂ ਇਸ ਦਾ ਇਲਜ਼ਾਮ ਇਨ੍ਹਾਂ ਦੇ ਸਿਰ ਮੜ੍ਹ ਦਿੱਤਾ ਜਾਂਦਾ ਹੈ ਅਤੇ ਪੁਲਸ ਹੋਵੇ ਜਾਂ ਪ੍ਰਸ਼ਾਸਨ ਇਨ੍ਹਾਂ ਦਾ ਹਰ ਤਰ੍ਹਾਂ ਨਾਲ ਸ਼ੋਸ਼ਣ ਕਰਦਾ ਹੈ।

ਹਰਬਲ ਸੰਪਦਾ ਦੀ ਸਾਂਭ-ਸੰਭਾਲ
ਔਸ਼ਧੀ ਅਤੇ ਸ਼ਿੰਗਾਰ ਸਮੱਗਰੀ ਦੀ ਵਰਤੋਂ 'ਚ ਆਉਣ ਵਾਲੇ ਪੌਦਿਆਂ ਅਤੇ ਉਨ੍ਹਾਂ ਤੋਂ ਪ੍ਰਾਪਤ ਸਮੱਗਰੀ ਦੀ ਰੱਖਿਆ ਲਈ ਅਤੇ ਇਸ ਦੇ ਨਾਲ ਹੀ ਵਿਦੇਸ਼ੀਆਂ ਵਲੋਂ ਇਨ੍ਹਾਂ ਦਾ ਕਾਪੀਰਾਈਟ ਆਪਣੇ ਨਾਂ 'ਤੇ ਕਰਾਉਣ ਦੀ ਚਾਲ ਨੂੰ ਰੋਕੇ ਜਾਣ ਲਈ ਕਰਨਾ ਇਹ ਹੋਵੇਗਾ ਕਿ ਇਨ੍ਹਾਂ ਦਾ ਵਿਆਪਕ ਪ੍ਰਚਾਰ ਹੋਵੇ ਅਤੇ ਵੱਡੀ ਪੱਧਰ 'ਤੇ ਇਨ੍ਹਾਂ ਦੀ ਖੇਤੀ ਕਰਨ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ। ਆਦਿਵਾਸੀ ਖੇਤਰਾਂ ਵਿਚ ਰਹਿਣ ਵਾਲਿਆਂ ਨੂੰ ਇਨ੍ਹਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਲੁਪਤ ਹੋਣ ਤੋਂ ਰੋਕਣ ਲਈ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇ ਅਤੇ ਇਨ੍ਹਾਂ ਦੀ ਉਪਜ ਵਿਚ ਗੁਣਾਤਮਕ ਸੁਧਾਰ ਕਰਨ ਲਈ ਆਧੁਨਿਕ ਤਕਨੀਕਾਂ ਨੂੰ ਉਨ੍ਹਾਂ ਤਕ ਪਹੁੰਚਾਇਆ ਜਾਏ। ਇਸ ਨਾਲ ਆਦਿਵਾਸੀ ਅਤੇ ਵਣ ਵਾਸੀ ਭਾਈਚਾਰੇ ਦੀ ਆਮਦਨੀ ਵੀ ਵਧੇਗੀ ਅਤੇ ਉਹ ਇਨ੍ਹਾਂ ਦਾ ਮਹੱਤਵ ਸਮਝਣਗੇ।
ਸਾਡੇ ਵਿਗਿਆਨੀ ਅਕਸਰ ਲੁਪਤ ਹੋਣ ਵਾਲੀਆਂ ਪ੍ਰਜਾਤੀਆਂ ਦੇ ਕਲੋਨ ਵਿਕਸਿਤ ਕਰ ਰਹੇ ਹਨ, ਜੋ ਉਨ੍ਹਾਂ ਦੀ ਸੰਭਾਲ ਅਤੇ ਉਨ੍ਹਾਂ ਤੋਂ ਨਵੀਂ ਪੌਦ ਬਣਾਉਣ ਦਾ ਯਤਨ ਹੈ। ਅਕਸਰ ਪ੍ਰੋਸੈਸਿੰਗ ਸਹੂਲਤਾਂ ਦੇ ਨਾ ਹੋਣ ਕਾਰਣ ਦਵਾਈ ਅਤੇ ਕਾਸਮੈਟਿਕਸ ਕੰਪਨੀਆਂ ਬਹੁਤ ਹੀ ਸਸਤੀ ਕੀਮਤ 'ਤੇ ਇਨ੍ਹਾਂ ਦੀ ਖਰੀਦਦਾਰੀ ਕਰਦੀਆਂ ਹਨ, ਜਿਸ ਨਾਲ ਇਨ੍ਹਾਂ ਦਾ ਉਤਪਾਦਨ ਕਰਨਾ ਆਕਰਸ਼ਕ ਨਹੀਂ ਰਹਿੰਦਾ। ਜੇਕਰ ਉਤਪਾਦਨ ਦੀ ਥਾਂ 'ਤੇ ਹੀ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇ ਕੇ ਉਨ੍ਹਾਂ ਨੂੰ ਪ੍ਰੋਸੈਸਿੰਗ ਯੂਨਿਟ ਲਾਉਣ ਵੱਲ ਆਕਰਸ਼ਿਤ ਕੀਤਾ ਜਾਵੇ ਤਾਂ ਇਹ ਕਿੰਨਾ ਫਾਇਦੇਮੰਦ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਜੇਕਰ ਲਾਇਆ ਜਾਵੇ ਤਾਂ ਇਹ ਸਾਡੀ ਗ੍ਰਾਮੀਣ ਅਤੇ ਆਦਿਵਾਸੀ ਅਰਥਵਿਵਸਥਾ ਦਾ ਸਰੂਪ ਹੀ ਬਦਲ ਸਕਦਾ ਹੈ।
90 ਫੀਸਦੀ ਉਤਪਾਦਕ ਇਹ ਨਹੀਂ ਜਾਣਦੇ ਕਿ ਇਨ੍ਹਾਂ ਜੜ੍ਹੀਆਂ-ਬੂਟੀਆਂ ਨੂੰ ਕਿੱਥੇ ਵੇਚਿਆ ਜਾਵੇ ਅਤੇ ਉਸੇ ਕਾਰਣ ਉਹ ਸਮੱਗਲਰਾਂ ਦੇ ਜਾਲ 'ਚ ਫਸ ਕੇ ਆਪਣਾ ਅਤੇ ਦੇਸ਼ ਦਾ ਨੁਕਸਾਨ ਕਰ ਬੈਠਦੇ ਹਨ। ਜੇਕਰ ਇਨ੍ਹਾਂ ਦੀ ਰੱਖਿਆ ਕਰਨੀ ਹੈ ਅਤੇ ਹਰਬਲ ਉਦਯੋਗ ਨੂੰ ਵਿਕਸਿਤ ਕਰਨਾ ਹੈ ਤਾਂ ਇਸ ਤੋਂ ਇਲਾਵਾ ਹੋਰ ਕੋਈ ਉਪਾਅ ਨਹੀਂ ਹੈ ਕਿ ਸਰਕਾਰ ਉਤਪਾਦਕਾਂ ਨੂੰ ਉਤਸ਼ਾਹਿਤ ਕਰੇ, ਪ੍ਰੋਸੈਸਿੰਗ ਦੀਆਂ ਸਹੂਲਤਾਂ ਦਾ ਆਦਿਵਾਸੀ ਖੇਤਰਾਂ ਵਿਚ ਵਿਕਾਸ ਕਰੇ ਅਤੇ ਵਿਕਰੀ ਦਾ ਪਾਰਦਰਸ਼ੀ ਢੰਗ ਨਾਲ ਇੰਤਜ਼ਾਮ ਕਰੇ।
ਸਾਡੇ ਵਣ ਖੇਤਰਾਂ 'ਚ ਇੰਨੀ ਸਮਰੱਥਾ ਹੈ ਕਿ ਉਹ ਕਿਸੇ ਵੀ ਬੀਮਾਰੀ ਦਾ ਇਲਾਜ ਕਰਨ ਦੀ ਔਸ਼ਧੀ ਦੇ ਸਕਦੇ ਹਨ, ਮਨੁੱਖ ਨੂੰ ਲੰਬੀ ਉਮਰ ਦਾ ਵਰਦਾਨ ਦੇ ਸਕਦੇ ਅਤੇ ਉਸ ਨੂੰ ਚਿਰਕਾਲ ਤਕ ਸਿਹਤਮੰਦ ਅਤੇ ਸੁੰਦਰ ਬਣਾਈ ਰੱਖ ਸਕਦੇ ਹਨ।

                                                                                               —ਪੂਰਨ ਚੰਦ ਸਰੀਨ


KamalJeet Singh

Content Editor

Related News