ਤਾਈਵਾਨ ’ਤੇ ਚੀਨੀ ਹਮਲੇ ਦਾ ਖਤਰਾ ਗੰਭੀਰ

06/20/2023 1:56:29 PM

ਅਜਿਹਾ ਲੱਗਦਾ ਹੈ ਕਿ ਚੀਨ ਅੱਜਕਲ ਤਾਈਵਾਨ ’ਤੇ ਆਪਣਾ ਸ਼ਿਕੰਜਾ ਕੱਸਣ ਲਈ ਪੂਰੀ ਤਰ੍ਹਾਂ ਕਵਾਇਦ ਸ਼ੁਰੂ ਕਰ ਚੁੱਕਾ ਹੈ। ਚੀਨ ਇਸ ਸਮੇਂ ਆਪਣੇ ਗੁਆਂਢੀ ਦੇਸ਼ ਤਾਈਵਾਨ ਦੀਆਂ ਹਵਾਈ ਸਰਹੱਦਾਂ ’ਚ ਆਪਣੇ ਲੜਾਕੂ ਹਵਾਈ ਜਹਾਜ਼ਾਂ ਨੂੰ ਲਗਾਤਾਰ ਭੇਜ ਰਿਹਾ ਹੈ। ਇੰਨੀ ਵੱਡੀ ਗਿਣਤੀ ’ਚ ਲੜਾਕੂ ਹਵਾਈ ਜਹਾਜ਼ਾਂ ਨੂੰ ਚੀਨ ਨੇ ਤਾਈਵਾਨ ’ਚ ਪਹਿਲਾਂ ਕਦੇ ਨਹੀਂ ਭੇਜਿਆ ਸੀ। ਇਸ ਵਾਰ ਚੀਨ ਤਾਈਵਾਨ ਦੀ ਸਰਹੱਦ ਨੇੜੇ ਸਮੁੰਦਰ ’ਚ ਮਿਜ਼ਾਈਲਾਂ ਨੂੰ ਦਾਗ ਰਿਹਾ ਹੈ, ਉਸ ਕਾਰਨ ਤਾਈਵਾਨ ਤਣਾਅ ’ਚ ਹੈ ਪਰ ਇਸ ਪੂਰੇ ਘਟਨਾਚੱਕਰ ’ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕੀ ਨਾਗਰਿਕਾਂ ਨੂੰ ਇਹ ਗੱਲ ਕਹੀ ਹੈ ਕਿ ਉਨ੍ਹਾਂ ਨੂੰ ਹੁਣ ਤਾਈਵਾਨ ਤੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ। ਇਹ ਉਹੀ ਅਮਰੀਕਾ ਹੈ ਜੋ ਤਾਈਵਾਨ ਨੂੰ ਹਮੇਸ਼ਾ ਦਿਲਾਸਾ ਦਿੰਦਾ ਸੀ ਕਿ ਉਹ ਤਾਈਵਾਨ ਦੇ ਨਾਲ ਹੈ। ਬਾਈਡੇਨ ਨੇ ਵੀ ਕੁਝ ਮੌਕਿਆਂ ’ਤੇ ਇਹੀ ਗੱਲ ਕਹੀ ਸੀ ਕਿ ਜੇ ਚੀਨ ਤਾਈਵਾਨ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਯਕੀਨੀ ਤੌਰ ’ਤੇ ਉਸ ਦਾ ਸਾਥ ਦੇਵੇਗਾ ਪਰ ਇਸ ਸਮੇਂ ਜਦੋਂ ਚੀਨ ਤਾਈਵਾਨ ਨੂੰ ਲੈ ਕੇ ਸਭ ਤੋਂ ਵੱਧ ਹਮਲਾਵਰ ਹੈ ਅਤੇ ਤਾਈਵਾਨ ’ਤੇ ਹਮਲਾ ਕਰਨ ਦੇ ਮੌਕੇ ਲੱਭ ਰਿਹਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਸਭ ਤੋਂ ਪਹਿਲਾਂ ਤਾਈਵਾਨ ’ਚ ਰਹਿਣ ਵਾਲੇ ਅਮਰੀਕੀ ਲੋਕਾਂ ਨੂੰ ਉੱਥੋਂ ਜਲਦੀ ਬਾਹਰ ਨਿਕਲ ਆਉਣ ਲਈ ਕਿਹਾ ਹੈ। ਇਹ ਉਹੀ ਅਮਰੀਕਾ ਹੈ ਜੋ ਤਾਈਵਾਨ ਨੂੰ ਪਹਿਲਾਂ ਆਪਣੇ ਹਥਿਆਰ ਬਰਾਮਦ ਕਰਦਾ ਸੀ ਅਤੇ ਬਾਅਦ ’ਚ ਅਮਰੀਕੀ ਆਗੂਆਂ ਨੇ ਤਾਈਵਾਨ ਦਾ ਦੌਰਾ ਕਰਨਾ ਸ਼ੁਰੂ ਕੀਤਾ। ਨਾਲ ਹੀ ਜੀ-7 ਦੇਸ਼ਾਂ ਦੇ ਆਗੂਆਂ ਨੇ ਵੀ ਤਾਈਵਾਨ ਦਾ ਦੌਰਾ ਕੀਤਾ ਜਿਸ ’ਚ ਕੈਨੇਡਾ, ਜਾਪਾਨ, ਇੰਗਲੈਂਡ, ਫਰਾਂਸ ਅਤੇ ਜਰਮਨ ਵਰਗੇ ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਨੇ ਤਾਈਵਾਨ ਦੇ ਆਗੂਆਂ ਦਾ ਦੌਰਾ ਆਪਣੇ ਦੇਸ਼ਾਂ ’ਚ ਵੀ ਕਰਵਾਇਆ। ਪਿਛਲੇ 3-4 ਸਾਲਾਂ ’ਚ ਤਾਈਵਾਨ ’ਤੇ ਇਨ੍ਹਾਂ ਦੇਸ਼ਾਂ ਨੇ ਹੋਰ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ। ਅਮਰੀਕਾ ਸਮੇਤ ਜੀ-7 ਦੇਸ਼ਾਂ ਨੇ ਆਪਣੀ ਸਮੁੰਦਰੀ ਫੌਜ ਦੇ ਜੰਗੀ ਬੇੜਿਆਂ ਨੂੰ ਤਾਈਵਾਨ ਕੋਲ ਦੱਖਣੀ ਚੀਨ ਸਾਗਰ ’ਚ ਭੇਜਣਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਤਾਈਵਾਨ ਨੂੰ ਨਾਲ ਰੱਖ ਕੇ ਸਾਂਝਾ ਸਮੁੰਦਰੀ ਫੌਜ ਜੰਗੀ ਅਭਿਆਸ ਵੀ ਕੀਤਾ। ਇਸ ਨਾਲ ਤਾਈਵਾਨ ਨੂੰ ਉਨ੍ਹਾਂ ਉਪਰ ਪੂਰਾ ਭਰੋਸਾ ਹੋ ਗਿਆ ਕਿ ਮੁਸੀਬਤ ਦੇ ਸਮੇਂ ਉਹ ਚੀਨ ਦੇ ਸਾਹਮਣੇ ਇਕੱਲਾ ਨਹੀਂ ਹੋਵੇਗਾ।

ਅਮਰੀਕਾ ਨੇ ਤਾਈਵਾਨ ਨਾਲ ਆਪਣਾ ਸਹਿਯੋਗ ਵਧਾਉਣ ਦੇ ਨਾਂ ’ਤੇ ਸਾਲ 2022 ’ਚ 2 ਅਗਸਤ ਨੂੰ ਅਮਰੀਕੀ ਪ੍ਰਤੀਨਿਧੀ ਹਾਊਸ ਦੀ ਸਪੀਕਰ ਨੈੈਨਸੀ ਪੇਲੋਸੀ ਨੂੰ ਤਾਈਵਾਨ ਭੇਜਿਆ ਸੀ। ਇਸ ਤੋਂ ਬਾਅਦ ਇਸ ਸਾਲ 30 ਮਾਰਚ ਨੂੰ ਤਾਈਵਾਨ ਦੇ ਰਾਸ਼ਟਰਪਤੀ ਤਸਾਈ ਇੰਗ ਵੇਨ ਨੇ ਵੀ ਅਮਰੀਕਾ ਦਾ ਦੌਰਾ ਕੀਤਾ ਸੀ। ਇੰਝ ਕਰ ਕੇ ਅਮਰੀਕਾ ਨੇ ਤਾਈਵਾਨ ਦਾ ਭਰੋਸਾ ਚੰਗੀ ਤਰ੍ਹਾਂ ਜਿੱਤ ਲਿਆ। ਜਦੋਂ ਤਾਈਵਾਨ ਨਾਲ ਪੱਛਮੀ ਦੇਸ਼ ਘੁਲ-ਮਿਲ ਰਹੇ ਸਨ ਤਾਂ ਉਸ ਸਮੇਂ ਚੀਨ ਲੋਹਾ ਲਾਖਾ ਹੋ ਰਿਹਾ ਸੀ ਪਰ ਤਾਈਵਾਨ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਚੀਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਸੀ। ਇਸ ਦਾ ਬਦਲਾ ਹੁਣ ਚੀਨ ਤਾਈਵਾਨ ਤੋਂ ਲੈਣਾ ਚਾਹੁੰਦਾ ਹੈ। ਇਸੇ ਲਈ ਚੀਨ ਅੱਜਕਲ ਆਪਣੀ ਸਮੁੰਦਰੀ ਫੌਜ ਦੇ ਫ੍ਰਿਗੇਟਸ, ਭੰਨ-ਤੋੜੂ ਅਤੇ ਹੋਰ ਜੰਗੀ ਬੇੜਿਆਂ ਨੂੰ ਤਾਈਵਾਨ ਦੇ ਪਾਣੀ ਖੇਤਰ ’ਚ ਭੇਜਦਾ ਰਹਿੰਦਾ ਹੈ। ਉੱਥੇ ਆਪਣੇ ਲੜਾਕੂ ਹਵਾਈ ਜਹਾਜ਼ਾਂ ਦੇ ਵੱਖ-ਵੱਖ ਸਕਾਰਡਸ ਨੂੰ ਵੀ ਤਾਈਵਾਨ ਦੀ ਹਵਾਈ ਫੌਜ ਅੰਦਰ ਭੇਜ ਕੇ ਉਸ ਨੂੰ ਡਰਾਉਂਦਾ ਰਹਿੰਦਾ ਹੈ।

ਅਮਰੀਕੀ ਖੁਫੀਆ ਰਿਪੋਰਟਾਂ ਦਾ ਇਹ ਕਹਿਣਾ ਹੈ ਕਿ ਚੀਨ ਇਸ ਸਮੇਂ ਪੂਰੇ ਲਾਮ ਲਸ਼ਕਰ ਨਾਲ ਤਾਈਵਾਨ ’ਤੇ ਹਮਲਾ ਕਰਨਾ ਚਾਹੁੰਦਾ ਹੈ। ਉਸ ਕੋਲ ਸਮਾਂ ਵੀ ਹੈ ਤੇ ਸੋਮੇ ਵੀ। ਜਾਣਕਾਰਾਂ ਨੂੰ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਚੀਨ ਕਦੀ ਵੀ ਤਾਈਵਾਨ ’ਤੇ ਹਮਲਾ ਕਰ ਕੇ ਉਸ ਨੂੰ ਆਪਣੇ ਕਬਜ਼ੇ ’ਚ ਲੈ ਸਕਦਾ ਹੈ। ਅਜਿਹੇ ’ਚ ਚੀਨ ਦੇ ਬੇਹੱਦ ਹਮਲਾਵਰਪੁਣੇ ਨੂੰ ਵੇਖਦੇ ਹੋਏ ਅਮਰੀਕਾ ਚੀਨ ਤੋਂ ਡਰ ਗਿਆ ਹੈ ਅਤੇ ਬਾਈਡੇਨ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ, ਤਾਈਵਾਨ ’ਚੋਂ ਨਿਕਲ ਕੇ ਕਿਸੇ ਹੋਰ ਥਾਂ ਚਲੇ ਜਾਣ। ਇਸ ਸਮੇਂ ਅਮਰੀਕਾ ਇਹ ਤੈਅ ਕਰਨ ’ਚ ਜੁਟਿਆ ਹੋਇਆ ਹੈ ਕਿ ਚੀਨ ਵੱਲੋਂ ਹਮਲਾ ਕਰਦੇ ਸਮੇਂ ਉਹ ਆਪਣੇ ਦੇਸ਼ ਵਾਸੀਆਂ ਨੂੰ ਤਾਈਵਾਨ ’ਚੋਂ ਕਿਵੇਂ ਕੱਢੇਗਾ ਅਤੇ ਕੱਢ ਕੇ ਕਿਹੜੇ ਸੁਰੱਖਿਅਤ ਦੇਸ਼ ’ਚ ਭੇਜੇਗਾ। ਤਾਈਵਾਨ ’ਚੋਂ ਅਮਰੀਕੀ ਨਾਗਰਿਕਾਂ ਨੂੰ ਕੱਢਣਾ ਕੋਈ ਸੌਖਾ ਕੰਮ ਨਹੀਂ ਹੋਵੇਗਾ ਕਿਉਂਕਿ ਤਾਈਵਾਨ ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਹੈ ਅਤੇ ਉਸ ਦਾ ਸਭ ਤੋਂ ਨਜ਼ਦੀਕੀ ਦੇਸ਼ ਚੀਨ ਹੀ ਹੈ। ਇੱਥੇ ਅਮਰੀਕਾ ਆਪਣੇ ਨਾਗਰਿਕਾਂ ਨੂੰ ਨਹੀਂ ਭੇਜ ਸਕਦਾ। ਅਮਰੀਕਾ ਆਪਣੇ ਨਾਗਰਿਕਾਂ ਨੂੰ ਤਾਈਵਾਨ ਤੋਂ ਕੱਢਣ ਲਈ ਇੰਨਾ ਗੰਭੀਰ ਇਸ ਲਈ ਵੀ ਹੈ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਚੀਨ ਦੀਆਂ ਤਿਆਰੀਆਂ ਨੂੰ ਦੇਖ ਕੇ ਅਮਰੀਕਾ ਨੂੰ ਪੂਰਾ ਭਰੋਸਾ ਹੋ ਿਗਆ ਹੈ ਕਿ ਚੀਨ ਤਾਈਵਾਨ ’ਤੇ ਹਮਲਾ ਕਰਨ ਵਾਲਾ ਹੈ।


Anuradha

Content Editor

Related News