ਸ਼ਹਿਰ ''ਚ ਚਲ ਰਹੇ ਦੜੇ-ਸੱਟੇ ਦੇ ਨੈੱਟਵਰਕ ਦਾ ਪਰਦਾਫਾਸ਼

05/15/2017 1:40:59 AM

ਕਪੂਰਥਲਾ, (ਭੂਸ਼ਣ)- ਥਾਣਾ ਸਿਟੀ ਦੀ ਪੁਲਸ ਨੇ ਸ਼ਹਿਰ ''ਚ ਚਲ ਰਹੇ ਇਕ ਵੱਡੇ ਦੜੇ-ਸੱਟੇ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਹਜ਼ਾਰਾਂ ਦੀ ਨਕਦੀ ਸਮੇਤ 2 ਮੁਲਜ਼ਮਾਂ ਨੂੰ ਛਾਪਾਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਪੂਰੇ ਨੈੱਟਵਰਕ ਦੇ ਕਿੰਗ ਮੰਨੇ ਜਾਣ ਵਾਲੇ ਤੀਜੇ ਮੁਲਜ਼ਮ ਦੀ ਤਲਾਸ਼ ''ਚ ਵੱਖ-ਵੱਖ ਥਾਵਾਂ ''ਤੇ ਛਾਪਾਮਾਰੀ ਜਾਰੀ ਹੈ।
ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਸੰਦੀਪ ਸ਼ਰਮਾ ਦੇ ਹੁਕਮਾਂ ''ਤੇ ਜ਼ਿਲਾ ਭਰ ''ਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਦੇ ਤਹਿਤ ਡੀ. ਐੱਸ. ਪੀ. ਸਬ-ਡਵੀਜ਼ਨ ਗੁਰਮੀਤ ਸਿੰਘ ਦੀ ਨਿਗਰਾਨੀ ਵਿਚ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿੰਦਰਜੀਤ ਸਿੰਘ ਨੇ ਪੁਲਸ ਪਾਰਟੀ  ਨਾਲ ਡੀ. ਸੀ. ਚੌਕ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਹਿਮਾਂਸ਼ੂ ਸਹਿਗਲ ਪੁੱਤਰ ਜੋਤੀ ਕਾਂਤ ਸਹਿਗਲ ਨਿਵਾਸੀ ਅਸ਼ੋਕ ਵਿਹਾਰ ਕਪੂਰਥਲਾ ਅਤੇ ਜਤਿੰਦਰਪਾਲ ਸਿੰਘ ਪੁੱਤਰ ਕਮਲਜੀਤ ਸਿੰਘ ਨਿਵਾਸੀ ਮੁਹੱਲਾ ਕਸਾਬਾ ਬਾਜ਼ਾਰ ਕਪੂਰਥਲਾ ਇਸ ਸਮੇਂ ਪੁਲੀ ਮੰਸੂਰਵਾਲ ਦੇ ਨਜ਼ਦੀਕ ਉੱਚੀ ਆਵਾਜ਼ ਦੇ ਕੇ ਲੋਕਾਂ ਨੂੰ 10 ਰੁਪਏ ਦੀ ਪਰਚੀ ਦੜਾ-ਸੱਟਾ ਲਗਾਉਣ  ਦੇ ਬਦਲੇ 100 ਰੁਪਏ ਦੇਣ ਦਾ ਝਾਂਸਾ ਦੇ ਕੇ ਭੋਲੇ-ਭਾਲੇ ਮਾਸੂਮ ਲੋਕਾਂ ਨੂੰ ਜ਼ਿਆਦਾ ਪੈਸਾ ਕਮਾਉਣ ਦਾ ਲਾਲਚ ਦੇ ਕੇ ਠੱਗ ਰਹੇ ਹਨ।
ਜਿਸ ''ਤੇ ਸਿਟੀ ਪੁਲਸ ਨੇ ਜਦੋਂ ਮੌਕੇ ''ਤੇ ਪਹੁੰਚ ਕੇ ਛਾਪਾਮਾਰੀ ਕੀਤੀ ਤਾਂ ਹਿਮਾਂਸ਼ੂ ਸਹਿਗਲ ਤੇ ਜਤਿੰਦਰਪਾਲ ਸਿੰਘ ਨੂੰ  9767 ਰੁਪਏ ਦੀ ਨਕਦੀ ਅਤੇ ਦੜੇ-ਸੱਟੇ ਦੀਆਂ ਪਰਚੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ । ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਸ ਧੰਦੇ ਦਾ ਮੁੱਖ ਕਿੰਗ ਹਰਜਿੰਦਰ ਸਿੰਘ ਧਨੀਆ ਨਿਵਾਸੀ ਲਾਹੌਰੀ ਗੇਟ ਕਪੂਰਥਲਾ ਹੈ, ਜੋ ਸ਼ਹਿਰ ''ਚ ਕਈ ਥਾਵਾਂ ''ਤੇ ਵੱਡੇ ਪੱਧਰ ''ਤੇ ਦੜਾ ਚੋਟੀ ਲਗਾਉਣ ਦਾ ਧੰਦਾ ਕਰਦਾ ਹੈ, ਜਿਸ  ਦੇ ਆਧਾਰ ''ਤੇ ਹਰਜਿੰਦਰ ਸਿੰਘ ਧਨੀਆ ਨੂੰ ਉਕਤ ਮਾਮਲੇ ''ਚ ਨਾਮਜ਼ਦ ਕਰਦੇ ਹੋਏ ਉਸ ਦੀ ਤਲਾਸ਼ ਵਿਚ ਛਾਪਾਮਾਰੀ ਤੇਜ਼ ਕਰ ਦਿੱਤੀ ਗਈ ਹੈ।


Related News