ਪੰਜਾਬ ਪੁਲਸ ਨੇ ਅੰਤਰਰਾਜੀ ਡਰੱਗ ਨੈੱਟਵਰਕ ਦਾ ਕੀਤਾ ਪਰਦਾਫਾਸ਼, 70 ਲੱਖ ਨਸ਼ੀਲੀਆਂ ਗੋਲ਼ੀਆਂ ਬਰਾਮਦ
Saturday, May 11, 2024 - 09:28 PM (IST)
ਜਲੰਧਰ/ਚੰਡੀਗੜ੍ਹ (ਧਵਨ)- ਫਾਰਮਾ ਓਪੀਆਡਜ਼ ਵਿਰੁੱਧ ਵੱਡੀ ਖੁਫੀਆ ਕਾਰਵਾਈ ਕਰਦੇ ਹੋਏ ਪੰਜਾਬ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ ਸਥਿਤ ਫਾਰਮਾ ਫੈਕਟਰੀ ਤੋਂ ਚੱਲ ਰਹੇ ਸਾਇਕੋਟ੍ਰੋਪਿਕ ਪਦਾਰਥਾਂ ਦੇ ਨਿਰਮਾਣ ਤੇ ਸਪਲਾਈ ਇਕਾਈਆਂ ਦੇ ਅੰਤਰਰਾਜੀ ਗੈਰ-ਕਾਨੂੰਨੀ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ। ਪੰਜਾਬ ਪੁਲਸ ਦੇ ਮਹਾਨਿਰਦੇਸ਼ਕ ਗੌਰਵ ਯਾਦਵ ਨੇ ਪੱਤਰਕਾਰਾਂ ਨੂੰ ਉਕਤ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਸਪੈਸ਼ਲ ਟਾਸਕ ਫੋਰਸ, ਬਾਰਡਰ ਰੇਂਜ, ਅੰਮ੍ਰਿਤਸਰ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਨ ਦੇ ਸੁਖਵਿੰਦਰ ਸਿੰਘ ਉਰਫ ਧਾਮੀ ਤੇ ਅੰਮ੍ਰਿਤਸਰ ਦੇ ਗੋਵਿੰਦ ਨਗਰ ਦੇ ਜਸਪ੍ਰੀਤ ਸਿੰਘ ਉਰਫ ਜੱਸ ਨਾਮੀ ਦੋ ਨਸ਼ਾ ਸਮੱਗਲਰਾਂ ਦੇ ਅਗਲੇ ਪਿਛਲੇ ਸਬੰਧਾਂ ਦੀ ਤਿੰਨ ਮਹੀਨੇ ਤੱਕ ਦੀ ਬਾਰੀਕੀ ਨਾਲ ਜਾਂਚ ਤੋਂ ਬਾਅਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸਮੱਗਲਰਾਂ ਨੂੰ ਇਸ ਸਾਲ ਫਰਵਰੀ ਮਹੀਨੇ ਬਿਆਸ ਤੋਂ 4.24 ਲੱਖ ਨਸ਼ੀਲੀ ਗੋਲੀਆਂ/ਕੈਪਸੂਲ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ- ਫਰਿੱਜ ਵੇਚਣ ਪਿੱਛੇ ਭਰਾ ਨੇ ਹੀ ਕਰ'ਤਾ ਭਰਾ ਦਾ ਕਤਲ, ਬੈੱਡ 'ਚ ਲਾਸ਼ ਲੁਕਾ ਖ਼ੁਦ ਫ਼ੋਨ ਕਰ ਕਿਹਾ, 'ਆ ਕੇ ਸਾਂਭ ਲਵੋ'
ਪੰਜ ਸੂਬਿਆਂ ’ਚ ਚਲਾਏ ਗਏ ਇਸ ਪੂਰੇ ਆਪ੍ਰੇਸ਼ਨ ਦੌਰਾਨ ਪੁਲਸ ਵੱਲੋਂ ਕੁਲ 7 ਨਸ਼ਾ ਸਮੱਗਲਰਾਂ/ ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 70.42 ਲੱਖ ਨਸ਼ੀਲੀ ਗੋਲੀਆਂ/ਕੈਪਸੂਲ 2.37 ਲੱਖ ਰੁਪਏ ਦੀ ਡਰੱਗ ਮਨੀ ਅਤੇ 725.5 ਕਿਲੋ ਨਸ਼ੀਲੇ ਟ੍ਰਾਮਾਡੋਲ ਪਾਊਡਰ ਦੀ ਪ੍ਰਭਾਵੀ ਬਰਾਮਦਗੀ ਹੋਈ ਹੈ। ਇਨ੍ਹਾਂ ਪੰਜ ਸੂਬਿਆਂ ’ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਸ਼ਾਮਲ ਹਨ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਨ੍ਹਾਂ ਦੋ ਨਸ਼ਾ ਸਮੱਗਲਰਾਂ ਦੀ ਗ੍ਰਿਫਤਾਰੀ ਪਿੱਛੋਂ ਪੁਲਸ ਸਪਰਡੈਂਟ (ਐੱਸ.ਟੀ.ਐੱਫ.) ਵਿਸ਼ਾਲਜੀਤ ਸਿੰਘ ਅਤੇ ਡੀ.ਐੱਸ.ਪੀ. (ਐੱਸ.ਟੀ.ਐੱਫ.) ਵਵਿੰਦਰ ਕੁਮਾਰ ਦੀ ਅਗਵਾਈ ਅਧੀਨ ਪੁਲਸ ਟੀਮਾਂ ਨੇ ਇਸ ਰੈਕੇਟ ਦੇ ਮੁੱਖ ਸਰਗਨਾ ਐਲੇਕਸ ਪਾਲੀਵਾਲ ਨੂੰ ਉਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਟ੍ਰੇਸ ਕਰ ਕੇ ਗ੍ਰਿਫਤਾਰ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਸ ਦੇ ਕਬਜ਼ੇ ’ਚੋਂ 9.04 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 1.37 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।
ਉਨ੍ਹਾਂ ਦੱਸਿਆ ਕਿ ਦੋਸ਼ੀ ਐਲੇਕਸ ਪਾਲੀਵਾਲ ਦੇ ਖੁਲਾਸੇ ਪਿੱਛੋਂ ਹਿਮਾਚਲ ਪ੍ਰਦੇਸ਼ ’ਚ ਕਾਰਵਾਈ ਕਰਦੇ ਹੋਏ ਡਰੱਗ ਕੰਟ੍ਰੋਲ ਅਫਸਰ ਸੁਖੀਪ ਸਿੰਘ ਅਤੇ ਰਮਨੀਕ ਸਿੰਘ ਦੀ ਮੌਜੂਦਗੀ ’ਚ ਪੁਲਸ ਟੀਮਾਂ ਨੇ ਬਾਇਜੈਨੇਟਿਕ ਡਰੱਗ ਪ੍ਰਾਈਵੇਟ ਲਿਮਟਿਡ ਦੀ ਜਾਂਚ ਕੀਤੀ ਅਤੇ ਰਿਕਾਰਡ ਜ਼ਬਤ ਕੀਤੇ। ਇਨ੍ਹਾਂ ਰਿਕਾਰਡਾਂ ਤੋਂ ਪਤਾ ਲੱਗਾ ਕਿ ਕੰਪਨੀ ਨੇ ਸਿਰਫ 8 ਮਹੀਨੇ ’ਚ 20 ਕਰੋੜ ਤੋਂ ਵੱਧ ਐਲਪਰਾਜੋਲਮ ਗੋਲੀਆਂ ਦਾ ਨਿਰਮਾਣ ਕੀਤਾ। ਰਿਕਾਰਡਾਂ ਤੋਂ ਮਹਾਰਾਸ਼ਟਰ ਦੀ ਮੈਸਰਜ਼ ਐਸਟਰ ਫਾਰਮਾ ਨੂੰ ਦਿੱਤੀ ਜਾਣ ਵਾਲੀ ਸਪਲਾਈ ਦਾ ਵੀ ਪਤਾ ਲੱਗਾ। ਇਸ ਸਬੰਧੀ ਵੱਧ ਜਾਂਚ ਤੋਂ ਬੱਦੀ ਸਥਿਤ ਬਾਇਓਜੈਨੇਟਿਕ ਡਰੱਗ ਪ੍ਰਾਈਵੇਟ ਲਿਮਟਿਡ ਦੀ ਦੂਜੀ ਫਾਰਮਾ ਨਿਰਮਾਣ ਕੰਪਨੀ ਸਮਾਈਲੈਕਸ ਫਾਰਮਾ ਕੈਮ ਡਰੱਗ ਇੰਡਸਟਰੀ ਦਾ ਪਰਦਾਫਾਸ਼ ਹੋਇਆ।
ਇਹ ਵੀ ਪੜ੍ਹੋ- ਕਲਯੁਗੀ ਪੁੱਤ ਦਾ ਕਾਰਾ, ਬਿਨਾਂ ਪੁੱਛੇ ਇਨਵਰਟਰ ਲਿਆਉਣ 'ਤੇ ਮਾਂ ਦਾ ਇੱਟ ਮਾਰ ਕੇ ਕਰ'ਤਾ ਕਤਲ
ਡੀ.ਜੀ.ਪੀ. ਨੇ ਕਿਹਾ ਕਿ ਸਮਾਈਲੈਕਸ ਫਾਰਮਾ ਕੈਮ ਡਰੱਗ ਇੰਡਸਟ੍ਰੀਜ਼ ਵਿਰੁੱਧ ਕੀਤੀ ਗਈ ਕਾਰਵਾਈ ਦੌਰਾਨ 47.32 ਨਸ਼ੀਲੇ ਕੈਪਸੂਲ ਅਤੇ 725.5 ਕਿਲੋ ਨਸ਼ੀਲੇ ਟ੍ਰਾਮਾਡੋਲ ਪਾਊਡਰ ਜੋ ਕਿ 1.5 ਕਰੋੜ ਕੈਪਸੂਲ ਬਣਾਉਣ ਲਈ ਕਾਫੀ ਸੀ, ਬਰਾਮਦ ਹੋਇਆ। ਰਿਕਾਰਡ ਤੋਂ ਪਤਾ ਲੱਗਾ ਕਿ ਸਮਾਈਲੈਕਸ ਫਾਰਮਾ ਕੈਮ ਡਰੱਗ ਇੰਡਸਟ੍ਰੀਜ਼ ਨੇ ਇਕ ਸਾਲ ਦੇ ਅੰਦਰ 6500 ਕਿਲੋਗ੍ਰਾਮ ਨਸ਼ੀਲਾ ਟ੍ਰਾਮਾਡੋਲ ਪਾਊਡਰ ਖਰੀਦਿਆ ਸੀ।
ਇਸ ਸਬੰਧੀ ਐੱਫ.ਆਈ.ਆਰ ਨੰਬਰ 31 ਮਿਤੀ 20.02.2024 ਨੂੰ ਥਾਣਾ ਐੱਸ.ਟੀ.ਐੱਫ, ਐੱਸ.ਏ.ਐੱਸ ਨਗਰ ’ਚ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 22-ਸੀ, 25, 27-ਏ ਅਤੇ 29 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਤੋਂ ਆਹਮੋ-ਸਾਹਮਣੇ ਆਏ ਰਾਜਾ ਵੜਿੰਗ ਤੇ ਰਵਨੀਤ ਬਿੱਟੂ, ਪੋਸਟਰਾਂ ਨੂੰ ਲੈ ਕੇ ਛਿੜੀ 'ਟਵੀਟ ਵਾਰ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e