ਪੁੱਤਾਂ ਦੀ ਬਜਾਏ ਇਥੇ ਧੀਆਂ ਸੰਭਾਲ ਰਹੀਆਂ ਨੇ ਪਿਤਾ ਦੀ ‘ਸਿਆਸੀ ਵਿਰਾਸਤ’

Saturday, Apr 27, 2019 - 06:36 AM (IST)

ਸ਼ਰੁਤੀ ਜੀ.
ਭਾਰਤ ’ਚ ਵੰਸ਼ਵਾਦ ਦੀ ਸਿਆਸਤ ’ਚ ਆਮ ਤੌਰ ’ਤੇ ਮੁੰਡਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਪਰ ਸਵ. ਗੋਪੀਨਾਥ ਮੁੰਡੇ ਦੀਆਂ ਧੀਆਂ ਪੰਕਜਾ ਮੁੰਡੇ ਅਤੇ ਪ੍ਰੀਤਮ ਮੁੰਡੇ ਅਤੇ ਉਨ੍ਹਾਂ ਦੀ ਮਮੇਰੀ ਭੈਣ ਪੂਨਮ ਮਹਾਜਨ ਇਸ ਮਾਮਲੇ ’ਚ ਅਪਵਾਦ ਹਨ। ਪੂਨਮ ਮਹਾਜਨ ਨੇ 2006 ’ਚ ਆਪਣੇ ਪਿਤਾ ਪ੍ਰਮੋਦ ਮਹਾਜਨ ਦੀ ਹੱਤਿਆ ਤੋਂ ਬਾਅਦ ਭਾਜਪਾ ਜੁਆਇਨ ਕੀਤੀ। ਗੋਪੀਨਾਥ ਮੁੰਡੇ ਨੇ ਆਪਣੇ ਸਿਆਸੀ ਉਤਰਾਧਿਕਾਰੀ ਵਜੋਂ ਆਪਣੇ ਭਤੀਜੇ ਧਨੰਜਯ ਮੁੰਡੇ ਦੀ ਬਜਾਏ ਆਪਣੀ ਧੀ ਪੰਕਜਾ ਨੂੰ ਚੁਣਿਆ। 2014 ’ਚ ਇਕ ਹਾਦਸੇ ’ਚ ਗੋਪੀਨਾਥ ਮੁੰਡੇ ਦੀ ਅਚਾਨਕ ਮੌਤ ਹੋ ਜਾਣ ’ਤੇ ਪ੍ਰੀਤਮ ਮੁੰਡੇ ਵੀ ਸਿਆਸਤ ’ਚ ਆ ਗਈ। ਧਨੰਜਯ, ਜਿਸਨੇ 2012 ’ਚ ਐੱਨ. ਸੀ. ਪੀ. ਜੁਆਇਨ ਕਰ ਲਈ, ਹੁਣ ਆਪਣੀਆਂ ਚਚੇਰੀਆਂ ਭੈਣਾਂ ਨੂੰ ਆਪਣੇ ਗ੍ਰਹਿ ਹਲਕੇ ਮਰਾਠਵਾੜਾ ਦੇ ਬੀੜ ’ਚ ਚੁਣੌਤੀ ਦੇ ਰਹੇ ਹਨ। ਮਹਾਰਾਸ਼ਟਰ ’ਚ ਕੁਝ ਸਾਲ ਪਹਿਲਾਂ ਤਕ ਸਿਰਫ ਕਾਂਗਰਸ ਨੂੰ ਹੀ ਵੰਸ਼ਵਾਦੀ ਪਾਰਟੀ ਕਿਹਾ ਜਾਂਦਾ ਸੀ ਪਰ ਹੁਣ ਲੱਗਭਗ ਸਾਰੀਆਂ ਪਾਰਟੀਆਂ ’ਚ ਧੀਆਂ, ਪੁੱਤ, ਭੈਣ-ਭਰਾ ਅਤੇ ਹੋਰ ਰਿਸ਼ਤੇਦਾਰ ਸਿਆਸਤ ’ਚ ਆ ਗਏ ਹਨ, ਜਿਸ ਨਾਲ ਉਨ੍ਹਾਂ ਦੇ ਹਲਕੇ ਉਨ੍ਹਾਂ ਦੀਆਂ ਜਾਗੀਰਾਂ ’ਚ ਬਦਲ ਗਏ ਹਨ। ਬੀੜ ਵੀ ਇਕ ਅਜਿਹਾ ਹੀ ਲੋਕ ਸਭਾ ਹਲਕਾ ਹੈ, ਜਿੱਥੇ ਪੰਕਜਾ ਅਤੇ ਪ੍ਰੀਤਮ ਆਪਣੇ ਚਚੇਰੇ ਭਰਾ ਧਨੰਜਯ ਦਾ ਸਾਹਮਣਾ ਕਰ ਰਹੀਆਂ ਹਨ। ਗੋਪੀਨਾਥ ਮੁੰਡੇ ਨੇ ਆਪਣੀ ਧੀ ਪੰਕਜਾ ਅਤੇ ਭਤੀਜੇ ਧਨੰਜਯ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਰੀਏ ਸਿਆਸਤ ’ਚ ਲਿਆਉਣ ਵਿਚ ਸਹਾਇਤਾ ਕੀਤੀ। ਧਨੰਜਯ ਇਕ ਵਾਰ ਭਾਜਪਾ ਦੀ ਟਿਕਟ ’ਤੇ ਵਿਧਾਨ ਪ੍ਰੀਸ਼ਦ ਲਈ ਵੀ ਚੁਣੇ ਗਏ ਸਨ। ਗੋਪੀਨਾਥ ਮੁੰਡੇ ਨੇ 2014 ’ਚ ਆਪਣੀ ਵਿਧਾਨ ਸਭਾ ਸੀਟ ਪੰਕਜਾ ਲਈ ਛੱਡ ਦਿੱਤੀ ਸੀ ਅਤੇ ਖ਼ੁਦ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਸੀ। ਹਾਲਾਂਕਿ ਪਰਿਵਾਰ ਦੀ ਇਹ ਖੁਸ਼ੀ ਜ਼ਿਆਦਾ ਦੇਰ ਤਕ ਨਹੀਂ ਰਹਿ ਸਕੀ ਕਿਉਂਕਿ ਲੋਕ ਸਭਾ ਲਈ ਚੁਣੇ ਜਾਣ ਤੋਂ ਇਕ ਮਹੀਨੇ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ। ਪੰਕਜਾ ਨੇ ਉਸੇ ਸਾਲ ਆਪਣੇ ਚਚੇਰੇ ਭਰਾ ਵਿਰੁੱਧ ਚੋਣ ਲੜ ਕੇ ਵਿਧਾਨ ਸਭਾ ਦੀ ਸੀਟ ਜਿੱਤ ਲਈ, ਜਦਕਿ ਪ੍ਰੀਤਮ ਮੁੰਡੇ ਨੇ ਆਪਣੇ ਪਿਤਾ ਦੀ ਮੌਤ ਕਾਰਨ ਖਾਲੀ ਹੋਈ ਲੋਕ ਸਭਾ ਸੀਟ ’ਤੇ ਹੋਈ ਉਪ-ਚੋਣ ’ਚ ਜਿੱਤ ਹਾਸਿਲ ਕੀਤੀ। ਪ੍ਰੀਤਮ ਨੇ ਸਿਆਸਤ ’ਚ ਆਉਣ ਲਈ ਡਾਕਟਰੀ ਦਾ ਪੇਸ਼ਾ ਛੱਡ ਦਿੱਤਾ ਅਤੇ ਪੰਕਜਾ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਚ ਮਹਿਲਾ ਅਤੇ ਬਾਲ ਭਲਾਈ ਮੰਤਰੀ ਬਣੀ।

ਪੂਨਮ ਮਹਾਜਨ ਦਾ ਸਫਰ

ਪੂਨਮ ਨੂੰ ਇਕਦਮ ਸਫਲਤਾ ਨਹੀਂ ਮਿਲੀ। ਉਸ ਨੂੰ ਵੀ ਉਸਦੇ ਫੁੱਫੜ ਗੋਪੀਨਾਥ ਮੁੰਡੇ ਨੇ ਸਿਆਸਤ ’ਚ ਆਉਣ ਲਈ ਉਤਸ਼ਾਹਿਤ ਕੀਤਾ। 2009 ’ਚ ਉਸਨੇ ਘਾਟਕੋਪਰ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਪਰ ਹਾਰ ਗਈ। ਇਸ ਤੋਂ ਬਾਅਦ ਉਸਨੇ ਪਾਰਟੀ ਸੰਗਠਨ ’ਚ ਕੰਮ ਕੀਤਾ ਅਤੇ ਅਮਿਤ ਸ਼ਾਹ ਦੀ ਅਗਵਾਈ ’ਚ ਭਾਜਪਾ ਟੀਮ ਦੀ ਮੈਂਬਰ ਰਹੀ। ਉਸ ਨੂੰ ਅਗਲਾ ਮੌਕਾ 2014 ਦੀਆਂ ਲੋਕ ਸਭਾ ਚੋਣਾਂ ’ਚ ਮਿਲਿਆ। ਉਸ ਨੂੰ ਉੱਤਰ ਕੇਂਦਰੀ ਮੁੰਬਈ ਤੋਂ ਟਿਕਟ ਮਿਲੀ ਅਤੇ ਉਸ ਨੇ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੀ ਕਾਂਗਰਸ ਦੀ ਪ੍ਰਿਆ ਦੱਤ ਨੂੰ ਹਰਾਇਆ। ਵੰਸ਼ਵਾਦੀ ਸਿਆਸਤ ਬਾਰੇ ਪੁੱਛੇ ਜਾਣ ’ਤੇ ਪੂਨਮ ਨੇ ਕਿਹਾ ਕਿ ‘‘ਜਦੋਂ ਵੀ ਕੋਈ ਮੈਨੂੰ ਇਹ ਸਵਾਲ ਪੁੱਛਦਾ ਹੈ ਤਾਂ ਮੈਂ ਇਬ੍ਰਾਹਮ ਲਿੰਕਨ ਦਾ ਹਵਾਲਾ ਦਿੰਦੀ ਹਾਂ। ਲਿੰਕਨ ਨੇ ਕਿਹਾ ਸੀ ਕਿ ਤੁਹਾਡੇ ਦਾਦਾ ਚਾਹੇ ਕਿੰਨੇ ਵੀ ਕੱਦਾਵਰ ਕਿਉਂ ਨਾ ਰਹੇ ਹੋਣ, ਤੁਹਾਨੂੰ ਆਪਣੀ ਤਰੱਕੀ ਖ਼ੁਦ ਹੀ ਕਰਨੀ ਪੈਂਦੀ ਹੈ।’’ ਹਾਲਾਂਕਿ ਇਕ ਸਿਆਸੀ ਟਿਪਣੀਕਾਰ ਦਾ ਕਹਿਣਾ ਹੈ ਕਿ ਸਿਆਸੀ ਵੰਸ਼ਵਾਦ ਲੋਕਤੰਤਰ ਲਈ ਚੰਗਾ ਸੰਕੇਤ ਨਹੀਂ ਹੈ। ਇਕ ਹੀ ਪਰਿਵਾਰ ਦੀ ਸਿਆਸੀ ਸਫਲਤਾ ਦਰਸਾਉਂਦੀ ਹੈ ਕਿ ਅਸੀਂ ਜਾਗੀਰਦਾਰੀ ਕਦਰਾਂ-ਕੀਮਤਾਂ ’ਚ ਯਕੀਨ ਕਰਦੇ ਹਾਂ। ਮੁੰਬਈ ਯੂਨੀਵਰਸਿਟੀ ’ਚ ਰਾਜਨੀਤੀ ਸ਼ਾਸਤਰ ਵਿਭਾਗ ਦੇ ਡਾ. ਸੁਰੇਂਦਰ ਦਾ ਕਹਿਣਾ ਹੈ, ‘‘ਜੇਕਰ ਪਰਿਵਾਰ ਦੇ ਲੋਕਾਂ ਨੂੰ ਹੀ ਟਿਕਟ ਦੇਣਾ ਸਿਆਸੀ ਲੋੜ ਹੈ ਤਾਂ ਅਸੀਂ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਗੁਆ ਬੈਠਾਂਗੇ। ਇਸ ਨਾਲ ਪਾਰਟੀ ’ਚ ਨਵੀਂ ਲੀਡਰਸ਼ਿਪ ਲਈ ਰਸਤੇ ਬੰਦ ਹੋ ਜਾਣਗੇ। ਸਵਾਲ ਇਹ ਹੈ ਕਿ ਸੱਤਾ ਨੂੰ ਪਰਿਵਾਰ ’ਚ ਹੀ ਬਣਾਈ ਰੱਖਣ ਲਈ ਕੀ ਸਿਆਸੀ ਉਤਰਾਧਿਕਾਰੀਆਂ ਨੂੰ ਇਸ ਪੇਸ਼ੇ ’ਚ ਆਉਣ ਲਈ ਮਜਬੂਰ ਕੀਤਾ ਜਾਂਦਾ ਹੈ?’’ (ਮੁੰ. ਮਿ.)


Bharat Thapa

Content Editor

Related News