ਰਾਸ਼ਟਰਹਿੱਤ ’ਚ ਹੈ ਭਾਜਪਾ ਦੀ ਵਿਦੇਸ਼ੀ ਪਹੁੰਚ

06/26/2022 3:57:41 PM

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਭਾਰਤੀ ਜਨਤਾ ਪਾਰਟੀ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਕਈ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਲੋਕਤੰਤਰ ਜੀਵੰਤ ਅਤੇ ਸਮਾਵੇਸ਼ੀ ਬਣਿਆ ਹੋਇਆ ਹੈ।
ਭਾਜਪਾ ਭਾਰਤ ਦੇ ਲੋਕਤੰਤਰਿਕ ਆਦਰਸ਼ਾਂ ਦੇ ਪ੍ਰਤੀਨਿਧੀਆਂ ’ਚੋਂ ਇਕ ਹੈ। ਕਈ ਦਹਾਕੇ ਤੋਂ ਪਾਰਟੀ ਨੇ ਵਿਦੇਸ਼ੀ ਅਤੇ ਘਰੇਲੂ ਭਾਈਵਾਲਾਂ ਨਾਲ ਆਪਣੀ ਪਹੁੰਚ ਲਗਾਤਾਰ ਬਣਾਈ ਹੈ। ਹਾਲ ਹੀ ’ਚ ਤਕਨੀਕ ਇਕ ਗੁਣਕ ਦੇ ਰੂਪ ’ਚ ਉੱਭਰੀ ਹੈ। ਦੁਨੀਆ ਲੰਬੇ ਸਮੇਂ ਤੋਂ ਭਾਰਤ ’ਚ ਲੋਕਤੰਤਰਿਕ ਵਿਕਾਸ ਨੂੰ ਦੇਖ ਰਹੀ ਹੈ। ਵਿਦੇਸ਼ੀ ਟੀਕਾਕਾਰਾਂ ਨੇ ਭਾਰਤ ’ਚ ਲੋਕਤੰਤਰ ਦੀ ਆਵਾਜ਼ ਦੀ ਵੱਖ-ਵੱਖ ਤਰ੍ਹਾਂ ਨਾਲ ਵਿਆਖਿਆ ਕੀਤੀ ਹੈ। ਹਾਲਾਂਕਿ ਕੁਝ ਲੋਕ ਕਮੀਆਂ ਸਹਿਤ ਕਈ ਕਾਰਨਾਂ ਨਾਲ ਭਾਰਤੀ ਲੋਕਤੰਤਰ ਦੇ ਵੱਖ-ਵੱਖ ਪਹਿਲੂਆਂ ਤੋਂ ਅਸਲ ’ਚ ਅਣਜਾਣ ਰਹੇ ਹਨ।
ਪੂਰਵਾਗ੍ਰਹਿ ਅਤੇ ਪਹਿਲੀਆਂ ਕਲਪਿਤ ਧਾਰਨਾਵਾਂ ਪ੍ਰਮੁੱਖ ਚੁਣੌਤੀਆਂ ਹਨ ਜਿਨ੍ਹਾਂ ਨੂੰ ਭਾਜਪਾ ਨੇ ਵੱਖ-ਵੱਖ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਦੇਸ਼ੀ ਕੂਟਨੀਤਕਾਂ ਨੂੰ ਪਾਰਟੀ ਦੇ ਕੰਮਕਾਜ ਦੇ ਬਾਰੇ ’ਚ ਜਾਣਕਾਰੀ ਦੇਣ ਲਈ ਭਾਜਪਾ ਨੇ ਇਕ ਪਹਿਲ ਕੀਤੀ ਹੈ। ਵਿਦੇਸ਼ੀ ਕੂਟਨੀਤਕਾਂ ਦੇ ਨਾਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ 3 ਵਾਰ ਗੱਲਬਾਤ ਕੀਤੀ। ਇਸ ਗੱਲਬਾਤ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਮੌਜੂਦ ਰਹੇ।
ਤੀਸਰੀ ਬੈਠਕ ’ਚ ਨੱਢਾ ਨੇ ਰੂਸ, ਤਾਜਿਕਿਸਤਾਨ, ਉਜ਼ਬੇਕਿਸਤਾਨ, ਤੁਰਕੀ ਅਤੇ ਲਾਓਸ ਸਹਿਤ 6 ਦੇਸ਼ਾਂ ਦੇ ਦੂਤਾਂ ਨੂੰ ਭਾਜਪਾ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦੀ ਵਿਸਥਾਰਤ ਜਾਣਕਾਰੀ ਦਿੱਤੀ। ‘ਭਾਜਪਾ ਨੂੰ ਜਾਣੋ’ ਅਭਿਆਸ ਦਾ ਦੂਜਾ ਹਿੱਸਾ ਰਾਏਸੀਨਾ ਡਾਇਲਾਗ ’ਤੇ ਹੋਇਆ ਜਿਸ ’ਚ 16 ਦੇਸ਼ਾਂ ਦੇ ਵਿਦੇਸ਼ ਮੰਤਰੀਆਂ, ਕੂਟਨੀਤਕਾਂ, ਵਿਦੇਸ਼ੀ ਮਾਮਲਿਆਂ ਦੇ ਟੀਕਾਕਾਰਾਂ ਅਤੇ ਹੋਰਨਾਂ ਹਿੱਤਧਾਰਕਾਂ ਨੇ ਹਿੱਸਾ ਲਿਆ ਜਿਨ੍ਹਾਂ ’ਚ ਅਮਰੀਕਾ, ਆਸਟ੍ਰੇਲੀਆ ਅਤੇ ਇਜ਼ਰਾਈਲ ਦੇ ਲੋਕ ਸ਼ਾਮਲ ਸਨ। ਦੋਵੇਂ ਘਟਨਾਵਾਂ ਇਕ-ਦੂਜੇ ਤੋਂ ਆਜ਼ਾਦ ਸਨ ਪਰ ਰਾਸ਼ਟਰੀਹਿੱਤ ਨੂੰ ਅੱਗੇ ਵਧਾਉਣ ’ਚ ਇਕ-ਦੂਜੇ ਦੀਆਂ ਪੂਰਕ ਸਨ।
ਪ੍ਰਤੱਖ ਸੰਚਾਰ ਦਾ ਨਵਾਂ ਪੜਾਅ ਮੱਧ ਏਸ਼ੀਆਈ ਦੇਸ਼ਾਂ ਦੇ ਕੂਟਨੀਤਕ ਭਾਈਚਾਰੇ ਨਾਲ ਆਯੋਜਿਤ ਕੀਤਾ ਗਿਆ ਸੀ ਜਿਨ੍ਹਾਂ ਨਾਲ ਭਾਰਤ ਦੇ ਸਦੀਆਂ ਪੁਰਾਣੇ ਰਿਸ਼ਤੇ ਸਮਰਾਟ ਅਸ਼ੋਕ ਦੇ ਸਮੇਂ ਤੋਂ ਚਲੇ ਆ ਰਹੇ ਹਨ। ਅਸ਼ੋਕ ਦੇ ਥੰਮ੍ਹ ਇਨ੍ਹਾਂ ਦੇਸ਼ਾਂ ’ਚ ਸਥਾਪਿਤ ਕੀਤੇ ਗਏ ਸਨ। ਰਾਏਸੀਨਾ ਡਾਇਲਾਗ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੀ ਗੱਲ ’ਚ ਭਾਰਤ ਦਾ ਵਿਸ਼ਵ ਪੱਧਰੀ ਨਜ਼ਰੀਆ ਦੋਹਰਾਇਆ। ਇਸ ਦੌਰਾਨ ਰੂਸ-ਯੂਕ੍ਰੇਨ ਜੰਗ ’ਤੇ ਵੀ ਗੌਰ ਕੀਤਾ ਗਿਆ।
ਦੁਨੀਆ ਨੂੰ ਦੱਖਣੀ ਏਸ਼ੀਆਈ ਉਪ-ਮਹਾਦੀਪ ’ਚ ਕੀਤੀਆਂ ਗਈਆਂ ਗਲਤੀਆਂ ’ਤੇ ਧਿਆਨ ਦਿਵਾਉਣ ਲਈ ਭਾਰਤ ਨੇ ਵਿਸਤਾਰਵਾਦੀ ਚੀਨ ਦੇ ਬਾਰੇ ’ਚ ਦੱਸਿਆ। ਚੀਨ ਦਹਾਕਿਆਂ ਤੋਂ ਭਾਰਤ ਦੇ ਪੂਰਬੀ ਮੋਰਚੇ ’ਤੇ ਅਸਲ ਕੰਟਰੋਲ ਰੇਖਾ ’ਤੇ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਜਦਕਿ ਪਾਕਿਸਤਾਨ ਅੱਤਵਾਦ ਦੀ ਬਰਾਮਦ ਕਰਦਾ ਹੈ।
ਬੇਰੋਕ ਗੱਲਬਾਤ ਪਹਿਲੀ ਵਾਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਰੱਖੀ। ਜਸਵੰਤ ਸਿੰਘ-ਸਟ੍ਰੋਬ ਟੈਲਬੋਟ ਗੱਲਬਾਤ ਜੋ ਕਿ ਕਈ ਸਾਲਾਂ ਤੱਕ ਚੱਲੀ, ਨੇ ਅਮਰੀਕਾ ਲਈ ਏਸ਼ੀਆ ’ਚ ਭਾਰਤੀ ਧੁਰੀ ਦੀ ਨੀਂਹ ਰੱਖੀ ਅਤੇ ਇਸ ਤਹਿਤ ਭਾਰਤ ਨੇ ਆਪਣੀ ਵਿਸ਼ਵ ਪੱਧਰੀ ਪਹੁੰਚ ਨੂੰ ਵਧਾਇਆ।
ਵਿਸ਼ੇਸ਼ ਤੌਰ ’ਤੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਭਾਜਪਾ ਦੇ ਵਿਦੇਸ਼ੀ ਮਿੱਤਰਾਂ ਨਾਲ ਭਾਰਤ ਦੀ ਪਹੁੰਚ ਬਣਾਉਣ ਲਈ ਇਕ ਅਹਿਮ ਭੂਮਿਕਾ ਅਦਾ ਕੀਤੀ। ਪਿਛਲੇ ਇਕ ਦਹਾਕੇ ’ਚ ਭਾਜਪਾ ਨੇ ਮੀਡੀਆ ਪਲੇਟਫਾਰਮ ਦੀ ਪੂਰੀ ਸਮਰੱਥਾ ਦੀ ਪਹੁੰਚ ਨਾਲ ਵਿਦੇਸ਼ੀ ਪਹੁੰਚ ਲਈ ਤਕਨਾਲੋਜੀ ਦੀ ਤਾਇਨਾਤੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ’ਚ ਪ੍ਰਵਾਸੀ ਭਾਰਤੀਆਂ ਨੂੰ ਰਾਸ਼ਟਰੀਹਿੱਤ ਲਈ ਸਹੀ ਅਾਵਾਜ਼ ਮਿਲੀ। ਮੋਦੀ ਨੇ ਇਕ ਅਜਿਹੇ ਭਾਰਤ ਦਾ ਨਿਰਮਾਣ ਕਰ ਕੇ ਇਸ ਨੂੰ ਦੁਨੀਆ ਦੇ ਹਰੇਕ ਕੋਨੇ ਨਾਲ ਜੋੜਿਆ ਹੈ। ਉਨ੍ਹਾਂ ਨੇ ਇਕ ਭਰੋਸੇਮੰਦ ਦੋਸਤ ਹੋਣ ਦੇ ਨਾਤੇ ਚੰਗੇ ਸਬੰਧ ਬਣਾਉਣ ਲਈ ਆਪਣੇ ਪੂਰੇ ਸਰੋਤ ਲਾ ਦਿੱਤੇ।
ਕਈ ਲੋਕਾਂ ਲਈ ਭਾਜਪਾ ਇਕ ਆਸ ਅਨੁਸਾਰ ਨਵੀਂ ਸਿਆਸੀ ਪਾਰਟੀ ਹੈ ਕਿਉਂਕਿ ਉਨ੍ਹਾਂ ਨੂੰ ਦਹਾਕਿਆਂ ਤੋਂ ਕਾਂਗਰਸ ਨੂੰ ਸੱਤਾ ’ਚ ਦੇਖਣ ਦੀ ਆਦਤ ਪਈ ਹੋਈ ਹੈ। 2014 ’ਚ ਨਰਿੰਦਰ ਮੋਦੀ ਨੂੰ ਲੋਕ ਸਭਾ ’ਚ ਮੁਕੰਮਲ ਬਹੁਮਤ ਮਿਲਿਆ। 2019 ਦੀਆਂ ਆਮ ਚੋਣਾਂ ’ਚ ਫਿਰ ਅਜਿਹਾ ਹੀ ਹੋਇਆ।
ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਅਤੇ ਮੁਸਲਮਾਨਾਂ ਦਰਮਿਆਨ 3 ਤਲਾਕ ਦੀ ਪੁਰਾਣੀ ਪ੍ਰਥਾ ਨੂੰ ਤਿਆਗਣ ਵਰਗੀਆਂ ਗੱਲਾਂ ਨੇ ਦੁਨੀਆ ਦੇ ਕਈ ਲੋਕਾਂ ਦਾ ਧਿਆਨ ਖਿੱਚਿਆ। ਸਖਤ ਸੁਧਾਰਾਂ ਨੂੰ ਅੰਜਾਮ ਦੇਣ ਦੀ ਅਜਿਹੀ ਸਿਆਸੀ ਇੱਛਾਸ਼ਕਤੀ ਦੁਨੀਆ ਦੇ ਕਈ ਨੇਤਾਵਾਂ ’ਚ ਮਿਲਣਾ ਮੁਸ਼ਕਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ’ਚ ਵਿਦੇਸ਼ੀ ਟਿੱਪਣੀਕਾਰਾਂ ਦੀ ਉਤਸੁਕਤਾ ਵਧੀ ਹੈ।
ਕੋਵਿਡ-19 ਦੇ ਕਹਿਰ ਨੇ ਕਈ ਦੇਸ਼ਾਂ ਦੇ ਰਾਸ਼ਟਰੀ ਨੇਤਾਵਾਂ ਦੇ ਚਰਿੱਤਰ ਦੀ ਪ੍ਰੀਖਿਆ ਲਈ। ਇਕ ਅਰਬ ਤੋਂ ਵੱਧ ਆਬਾਦੀ ਵਾਲੇ ਭਾਰਤ ਦੇ ਕਈ ਲੋਕਾਂ ਨੇ ਖਤਰਨਾਕ ਮਹਾਮਾਰੀ ਨੂੰ ਦੇਖਿਆ। ਭਾਰਤ ਨੇ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਲੱਖਾਂ ਲੋਕਾਂ ਦੀ ਰੱਖਿਆ ਕੀਤੀ। ਗੁਆਂਢੀ ਦੇਸ਼ ਵੀ ਪੂਰੀ ਤਰ੍ਹਾਂ ਭਾਰਤ ’ਤੇ ਨਿਰਭਰ ਰਹੇ।
ਗੱਲਬਾਤ ਅਤੇ ਪ੍ਰਸਾਰ ਭਾਜਪਾ ਅਤੇ ਉਸ ਦੇ ਮੂਲ ਸੰਗਠਨ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਡੀ. ਐੱਨ. ਏ. ’ਚ ਹੈ। ਆਰ. ਐੱਸ. ਐੱਸ. ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕੁਝ ਸਾਲ ਪਹਿਲਾਂ ਵਿਗਿਆਨ ਭਵਨ ’ਚ ਵਿਦੇਸ਼ੀ ਮੀਡੀਆ ਦੇ ਪ੍ਰਤੀਨਿਧੀਆਂ ਨਾਲ ਵਿਆਪਕ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਸੰਗਠਨ ਦੇ ਵਿਸ਼ਵ ਪੱਧਰੀ ਨਜ਼ਰੀਏ ਅਤੇ ਕੰਮਕਾਜ ਦੇ ਬਾਰੇ ’ਚ ਸਮਝਾਇਆ।
(ਲੇਖਕ ਭਾਜਪਾ ਦੇ ਪ੍ਰਮੁੱਖ ਥਿੰਕ ਟੈਂਕ ਪਬਲਿਕ ਪਾਲਿਸੀ ਰਿਸਰਚ ਸੈਂਟਰ ਦੇ ਨਿਰਦੇਸ਼ਕ ਹਨ)

ਲੇਖਕ- ਸੁਮੀਤ ਭਸੀਨ


Aarti dhillon

Content Editor

Related News