ਕਿਰਾਇਆ ਘਟਾਉਣ ਨਾਲ ਨਹੀਂ ਹਟੇਗਾ ਏਅਰਲਾਈਨਜ਼ ਦਾ ਸਿਰਦਰਦ

Friday, May 03, 2019 - 03:52 AM (IST)

ਜੇ. ਚੰਦਰਾ
ਜੈੱਟ ਏਅਰਵੇਜ਼ ਦੇ ਅਸਥਾਈ ਤੌਰ ’ਤੇ ਬੰਦ ਹੋਣ ਨਾਲ ਬਾਕੀ ਏਅਰਲਾਈਨਜ਼ ਨੂੰ ਆਪਣੇ ਕਿਰਾਏ ਵਧਾਉਣ ਦਾ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੁੰਬਈ ਅਤੇ ਦਿੱਲੀ ਹਵਾਈ ਅੱਡੇ ’ਤੇ ਲਾਹੇਵੰਦ ਰੂਟਾਂ ’ਤੇ ਪ੍ਰੀਮੀਅਮ ਸਲਾਟ ਹਾਸਿਲ ਕਰਨ ਦਾ ਵੀ ਮੌਕਾ ਮਿਲਿਆ ਹੈ ਪਰ ਜੈੱਟ ਏਅਰਵੇਜ਼ ਦੀ ਕਿਸਮਤ ’ਚ ਆਈ ਅਨਿਸ਼ਚਿਤਤਾ ਉਸ ਦੇ ਵਿਰੋਧੀਆਂ ਲਈ ਖੁਸ਼ੀ ਵਾਲੀ ਗੱਲ ਨਹੀਂ ਹੈ ਤੇ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਇਕ ਸਲਾਟ ਅਲਾਟਮੈਂਟ ਕਮੇਟੀ ਜੈੱਟ ਏਅਰਵੇਜ਼ ਦੇ 440 ਸਲਾਟਸ ਨੂੰ 2 ਰੁਝੇਵੇਂ ਵਾਲੇ ਹਵਾਈ ਅੱਡਿਆਂ ’ਤੇ ਤਿੰਨ ਮਹੀਨਿਆਂ ਲਈ ਮੁੜ ਅਲਾਟ ਕਰੇਗੀ। ਜਿਵੇਂ ਹੀ ਜੈੱਟ ਏਅਰਵੇਜ਼ ਨੇ ਆਪਣੀਆਂ ਉਡਾਣਾਂ ਨੂੰ ਰੱਦ ਕਰਨਾ ਸ਼ੁਰੂ ਕੀਤਾ, ਇਸ ਦੇ ਮੁਕਾਬਲੇਬਾਜ਼ਾਂ ਸਪਾਈਸ ਜੈੱਟ, ਇੰਡੀਗੋ, ਵਿਸਤਾਰਾ ਤੇ ਗੋ ਏਅਰ ਨੇ ਦਿੱਲੀ ਤੋਂ ਮੁੰਬਈ ਦਰਮਿਆਨ 100 ਨਵੀਆਂ ਉਡਾਣਾਂ ਦਾ ਐਲਾਨ ਕਰ ਦਿੱਤਾ ਪਰ ਇਕ ਏਅਰਲਾਈਨਜ਼ ਨੂੰ ਤਰਜੀਹ ਦਿੱਤੇ ਜਾਣ ਦੇ ਦੋਸ਼ਾਂ ਤੋਂ ਇਲਾਵਾ ਸਵਾਲ ਇਹ ਹੈ ਕਿ ਕੀ ਇਹ ਅਸਥਾਈ ਸਲਾਟਸ ਏਅਰਲਾਈਨਜ਼ ਲਈ ਰਣਨੀਤਕ ਤੌਰ ’ਤੇ ਫਾਇਦੇਮੰਦ ਹੋਣਗੇ? ਗੋ ਏਅਰਜ਼ ਦੇ ਸਾਬਕਾ ਰਣਨੀਤਕ ਮੁਖੀ ਸਤੇਂਦਰ ਪਾਂਡੇ ਦਾ ਕਹਿਣਾ ਹੈ ਕਿ ‘‘ਲੱਗਭਗ 60 ਫੀਸਦੀ ਏਅਰ ਟਰੈਫਿਕ ਦੇ ਇਕ ਕਿਨਾਰੇ ਮੈਟਰੋ ਸਿਟੀ ਹਨ ਪਰ ਇਨ੍ਹਾਂ ’ਚੋਂ ਬਹੁਤੇ, ਜਿਵੇਂ ਕਿ ਮੁੰਬਈ, ਦਿੱਲੀ, ਬੈਂਗਲੁਰੂ, ਹੈਦਰਾਬਾਦ ਅਤੇ ਚੇਨਈ ’ਚ ਜਾਂ ਤਾਂ ਕੋਈ ਸਲਾਟ ਮੁਹੱਈਆ ਨਹੀਂ ਹੈ ਜਾਂ ਕਮਾਈ ਵਾਲੇ ਸਲਾਟਸ ਖਤਮ ਹੋ ਚੁੁੱਕੇ ਹਨ। ਇਸ ਲਈ ਜੈੱਟ ਏਅਰਵੇਜ਼ ਦੇ ਸਲਾਟਸ ਹਾਸਿਲ ਕਰਨਾ ਏਅਰਲਾਈਨਜ਼ ਲਈ ਮਹੱਤਵਪੂਰਨ ਹੈ ਪਰ ਉਨ੍ਹਾਂ ਦੇ ਅਸਥਾਈ ਹੋਣ ਦਾ ਮਤਲਬ ਇਹ ਹੈ ਕਿ 3 ਮਹੀਨਿਆਂ ਬਾਅਦ ਏਅਰਲਾਈਨਜ਼ ਇਨ੍ਹਾਂ ਨੂੰ ਵੇਚਣ ਦੇ ਸਮਰੱਥ ਨਹੀਂ ਹੋਣਗੀਆਂ, ਜਿਸ ਨਾਲ ਉਨ੍ਹਾਂ ਦੀ ਆਮਦਨ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ ਜੇਕਰ ਜੈੱਟ ਏਅਰਵੇਜ਼ ਨੂੰ ਇਹ ਸਲਾਟਸ ਵਾਪਿਸ ਕਰ ਦਿੱਤੇ ਜਾਂਦੇ ਹਨ ਤਾਂ ਇਨ੍ਹਾਂ ਏਅਰਲਾਈਨਜ਼ ਨੂੰ ਆਪਣੇ ਜਹਾਜ਼ ਮੁੜ ਮੈਟਰੋ ਰੂਟਾਂ ’ਤੇ ਉਡਾਉਣੇ ਪੈਣਗੇ। ਸਰਕਾਰ ਨੇ ਜੈੱਟ ਏਅਰਵੇਜ਼ ਸਲਾਟਸ ਮੁੜ ਅਲਾਟ ਕਰਨ ਤੋਂ ਪਹਿਲਾਂ ਇਸ ਮਾਮਲੇ ’ਤੇ ਸਹੀ ਢੰਗ ਨਾਲ ਵਿਚਾਰ ਨਹੀਂ ਕੀਤਾ।’’

ਅਵਿਵਸਥਾ ਦੀ ਸਥਿਤੀ

ਸ਼੍ਰੀ ਪਾਂਡੇ ਦਾ ਕਹਿਣਾ ਹੈ ਕਿ ਸਰਕਾਰ ਇਕ ਅਜਿਹੀ ਅਵਿਵਸਥਾ ਵਾਲੀ ਸਥਿਤੀ ਬਣਾ ਰਹੀ ਹੈ, ਜਿਸ ’ਚੋਂ ਬਾਹਰ ਆਉਣਾ ਮੁਸ਼ਕਿਲ ਹੋਵੇਗਾ। ਸਰਕਾਰ ਸ਼ਾਇਦ ਦੋਗਲੀ ਭਾਸ਼ਾ ਬੋਲ ਰਹੀ ਹੈ ਕਿਉਂਕਿ ਜੋ ਕੋਈ ਵੀ ਜੈੱਟ ਏਅਰਵੇਜ਼ ’ਚ ਪੈਸਾ ਲਗਾਏਗਾ, ਉਹ ਇਹ ਵੀ ਚਾਹੇਗਾ ਕਿ ਟਿਕਟਾਂ ਦੀ ਵਿਕਰੀ ਫੌਰਨ ਸ਼ੁਰੂ ਕਰ ਦਿੱਤੀ ਜਾਵੇ ਪਰ ਸਲਾਟ ਮੁਹੱਈਆ ਨਾ ਹੋਣ ਕਰ ਕੇ ਉਹ ਅਜਿਹਾ ਨਹੀਂ ਕਰ ਸਕੇਗਾ। ਏਅਰਲਾਈਨਜ਼ ਨੂੰ ਸਲਾਟਸ ਮੁੜ ਅਲਾਟ ਕਰਨ ਦੀ ਲੋੜ ਇਸ ਲਈ ਪਈ ਕਿਉਂਕਿ ਦੇਸ਼ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨ ਦਾ ਫਲੀਟ ‘ਗਰਾਊਂਡ’ ਹੋ ਜਾਣ ਕਰ ਕੇ ਮੁਸਾਫਿਰਾਂ ਦੀ ਮੰਗ ਤੇ ਮੁਹੱਈਆ ਉਡਾਣਾਂ ’ਚ ਫਰਕ ਬਹੁਤ ਵਧ ਗਿਆ ਸੀ। ਆਈ. ਸੀ. ਆਰ. ਏ. ਅਨੁਸਾਰ ਇਸ ਫਰਕ ਕਾਰਨ ਹਵਾਈ ਕਿਰਾਇਆਂ ’ਚ 30-40 ਫੀਸਦੀ ਵਾਧਾ ਦਰਜ ਕੀਤਾ ਗਿਆ। ਮਾਰਚ ਦੇ ਅਖੀਰ ਤਕ 123 ਜਹਾਜ਼ਾਂ ਦੀ ਫਲੀਟ ਵਾਲੀ ਏਅਰਲਾਈਨ 35 ਜਹਾਜ਼ਾਂ ਤਕ ਸੀਮਤ ਹੋ ਕੇ ਰਹਿ ਗਈ। ਹਵਾਈ ਕਿਰਾਏ ਵਧਣ ਕਰ ਕੇ ਘਰੇਲੂ ਮੁਸਾਫਿਰਾਂ ਦੇ ਦੌਰਿਆਂ ’ਚ ਸਿਰਫ 0.14 ਫੀਸਦੀ ਵਾਧਾ ਹੋਇਆ। ਹਾਲਾਂਕਿ ਹਵਾਈ ਕਿਰਾਏ ਵਧਣਾ ਏਅਰਲਾਈਨਜ਼ ਲਈ ਚੰਗੀ ਗੱਲ ਹੈ ਪਰ ਇਸ ਉਦਯੋਗ ’ਤੇ ਨਜ਼ਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਜ਼ਿਆਦਾ ਕਿਰਾਇਆਂ ਕਾਰਨ ਅੱਗੇ ਚੱਲ ਕੇ ਮੁਸਾਫਿਰਾਂ ਦੀ ਗਿਣਤੀ ਘਟ ਸਕਦੀ ਹੈ। ਮੌਜੂਦਾ ਮਾਹੌਲ ’ਚ ਹਵਾਈ ਸਫਰ ਸਾਰੇ ਵਰਗਾਂ ਦੇ ਲੋਕਾਂ ਲਈ ਘੱਟ ਦਿਲਖਿੱਚਵਾਂ ਹੋ ਗਿਆ ਹੈ, ਜਦਕਿ ਪਹਿਲਾਂ ਏਅਰਲਾਈਨ ਵਲੋਂ ਸਮਰੱਥਾ ਵਧਾਉਣ ਨਾਲ ਗਾਹਕਾਂ ਨੂੰ ਫਾਇਦਾ ਹੋਇਆ ਸੀ। ਆਜ਼ਾਦ ਹਵਾਬਾਜ਼ੀ ਮਾਹਿਰ ਮੁਨੀਸ਼ ਦਾ ਕਹਿਣਾ ਹੈ ਕਿ ਹਵਾਈ ਸਫਰ ਦਾ ਮਹਿੰਗਾ ਹੋਣਾ ਲੰਮੇ ਸਮੇਂ ਤਕ ਨਹੀਂ ਚੱਲ ਸਕੇਗਾ ਅਤੇ ਇਸ ਨਾਲ ਮੰਗ ’ਤੇ ਅਸਰ ਪਵੇਗਾ। ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਦਾ ਕਹਿਣਾ ਹੈ ਕਿ ਸਮਰੱਥਾ ’ਚ ਕਮੀ ਤੇ ਹਵਾਈ ਕਿਰਾਇਆਂ ’ਚ ਵਾਧੇ ਦੀ ਸਮੱਸਿਆ ਨਾਲ ਨਜਿੱਠਿਆ ਜਾ ਰਿਹਾ ਹੈ। ਏਅਰਲਾਈਨਜ਼ ਨੇ ਅਗਲੇ 3 ਮਹੀਨਿਆਂ ’ਚ 31 ਨਵੇਂ ਜਹਾਜ਼ ਜੋੜਨ ਦੀ ਯੋਜਨਾ ਬਣਾਈ ਹੈ। ਹਾਲਾਂਕਿ ਇਹ ਵੀ ਸਪੱਸ਼ਟ ਹੈ ਕਿ ਏਅਰਲਾਈਨਜ਼ ਜੈੱਟ ਏਅਰਵੇਜ਼ ਕਾਰਨ ਖਾਲੀ ਹੋਈ ਥਾਂ ਨੂੰ ਛੇਤੀ ਨਹੀਂ ਭਰ ਸਕਣਗੀਆਂ।

ਕੀਮਤਾਂ ’ਚ ਤਬਦੀਲੀ

ਇਸ ਦਰਮਿਆਨ ਏਅਰਲਾਈਨਜ਼ ਨੂੰ ਜਿੱਥੇ ਇਕ ਪਾਸੇ ਗਾਹਕਾਂ ਦੇ ਖੁੱਸਣ ਦਾ ਖਤਰਾ ਹੈ, ਉਥੇ ਹੀ ਉਨ੍ਹਾਂ ਦੀ ਇਨਪੁੱਟ ਲਾਗਤ ਵੀ ਵਧ ਸਕਦੀ ਹੈ ਕਿਉਂਕਿ ਜੈੱਟ ਏਅਰਵੇਜ਼ ਦੇ ਵਿਕ੍ਰੇਤਾ ਆਪਣੇ ਮਾਲੀਏ ਨੂੰ ਹੋਏ ਨੁਕਸਾਨ ਦੀ ਪੂਰਤੀ ਕਰਨਾ ਚਾਹੁਣਗੇ। ਇਸ ਤੋਂ ਇਲਾਵਾ ਇੰਡੀਗੋ, ਸਪਾਈਸ ਜੈੱਟ ਅਤੇ ਵਿਸਤਾਰਾ ਵਰਗੀਆਂ ਏਅਰਲਾਈਨਜ਼ ਆਪਣੇ ਕੌਮਾਂਤਰੀ ਰੂਟਾਂ ’ਤੇ ਨਵੀਆਂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਨੂੰ ਰੱਦ ਕਰ ਸਕਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਘਰੇਲੂ ਬਾਜ਼ਾਰ ’ਚ ਹੀ ਚੰਗੇ ਮੌਕੇ ਨਜ਼ਰ ਆ ਰਹੇ ਹੋਣਗੇ। ਪਰ ਜੈੱਟ ਏਅਰਵੇਜ਼ ਦਾ ਪਤਨ ਕਿਉਂ ਹੋਇਆ ਅਤੇ ਜ਼ਿਆਦਾਤਰ ਏਅਰਲਾਈਨਜ਼ ਦੇ ਲਾਭ ’ਚ ਕਮੀ ਕਿਉਂ ਆਈ ਹੈ? ਇਸ ਦੇ ਲਈ ਸਾਬਕਾ ਕੰਸਲਟੈਂਟ ਅੰਮ੍ਰਿਤ ਪਾਂਡੂਰੰਗੀ ਏਅਰਲਾਈਨਜ਼ ਦੇ ਉਸ ਰੁਝਾਨ ਨੂੰ ਜ਼ਿੰਮੇਵਾਰ ਮੰਨਦੇ ਹਨ, ਜਿਸ ਦੇ ਤਹਿਤ ਉਹ ਹੋਰਨਾਂ ਏਅਰਲਾਈਨਜ਼ ਦੇ ਗਾਹਕ ਖਿੱਚਣ ਲਈ ਆਪਣੇ ਕਿਰਾਏ ਕਾਫੀ ਘਟਾ ਦਿੰਦੀਆਂ ਹਨ। ਇਸ ਲਈ ਜਦੋਂ ਤਕ ਸਭ ਠੀਕ ਚੱਲ ਰਿਹਾ ਸੀ ਤੇ ਕੱਚੇ ਤੇਲ ਦੀਆਂ ਕੀਮਤਾਂ ਵੀ ਘੱਟ ਸਨ, ਉਦੋਂ ਤਕ ਤਾਂ ਸਭ ਠੀਕ ਸੀ ਪਰ ਜਦੋਂ ਕੀਮਤਾਂ ਵਧ ਗਈਆਂ, ਉਦੋਂ ਉਨ੍ਹਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ। ਹੁਣ ਉਨ੍ਹਾਂ ਨੂੰ ਬਹੁਤ ਘੱਟ ਲਾਭਅੰਸ਼ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ। ਪਾਂਡੂਰੰਗੀ ਅਨੁਸਾਰ ਘੱਟ ਕਿਰਾਏ ਨਾਲ ਮੁਸਾਫਿਰਾਂ ਨੂੰ ਲੁਭਾਉਣ ਦੀ ਬਜਾਏ ਏਅਰਲਾਈਨਜ਼ ਨੂੰ ਆਪਣੇ ਖਰਚ ਢਾਂਚੇ ਵੱਲ ਧਿਆਨ ਦੇਣਾ ਪਵੇਗਾ। (ਹਿੰ.)
 


Bharat Thapa

Content Editor

Related News