‘ਸਵੱਛ ਭਾਰਤ’ ਦੇ 4 ਸਾਲਾਂ ਬਾਅਦ ਵੀ ਰੋਟੀ ਲਈ ਮੈਲ਼ਾ ਢੋਂਦੇ ਹਨ ਇਹ ਲੋਕ

10/04/2018 6:48:47 AM

ਰਾਜਸਥਾਨ ਦੇ ਜ਼ਿਲਾ ਭਰਤਪੁਰ ’ਚ ਪੈਂਦੇ ਪਿੰਡ ਬੇਹਨਾਰਾ ਦੀ ਇਕ ਤੰਗ ਗਲੀ ’ਚ ਉੱਚੀ ਜਾਤ ਦੇ ਲੋਕਾਂ ਦੇ ਘਰਾਂ ਅੰਦਰ ਪਖਾਨਿਆਂ ’ਚੋਂ ਫਲੱਸ਼ ਕੀਤੇ ਗਏ ਮਲ-ਮੂਤਰ ਦੇ ਢੇਰ ਲੱਗੇ ਹੋਏ ਹਨ। ਸਾਂਤਾ ਦੇਵੀ ਆਪਣੀ ਸਾੜ੍ਹੀ  ਦਾ ਪੱਲੂ ਆਪਣੇ ਮੂੰਹ ’ਤੇ ਖਿੱਚ ਕੇ ਸਵੇਰ ਦੇ ਮਲ-ਮੂਤਰ ਨੂੰ ਆਪਣੇ ਹੱਥ ਨਾਲ ਬਣਾਏ ਫਹੁੜੇ ਅਤੇ ਝਾੜੂ ਦੀ ਮਦਦ ਨਾਲ ਧਾਤੂ ਦੀ ਬਣੀ ਇਕ ਚਿਲਮਚੀ ’ਚ ਪਲਟਣ ਲੱਗਦੀ ਹੈ। ਉਸ ਨੂੰ ਨੇੜਲੇ ਡੰਪ ’ਚ ਪਲਟਣ ਤੋਂ ਬਾਅਦ ਉਹ ਫਿਰ ਵਾਪਸ ਆ ਕੇ ਇਕ-ਦੋ ਰੋਟੀਆਂ ਇਕੱਠੀਆਂ ਕਰਦੀ ਹੈ, ਜੋ ਕੀਤੇ ਗਏ ਕੰਮ ਲਈ ਉਸ ਦਾ ਇਕੋ-ਇਕ ‘ਭੁਗਤਾਨ’ ਹੈ।  
ਸਾਂਤਾ ਦੇਵੀ ਪਿਛਲੇ 60 ਸਾਲਾਂ ਤੋਂ ਹਰ ਰੋਜ਼ ਸਵੇਰ ਨੂੰ ਆਪਣੇ ਦਿਨ ਦੀ ਸ਼ੁਰੂਆਤ ਇਸੇ ਤਰ੍ਹਾਂ ਕਰਦੀ ਹੈ। ਕੇਂਦਰ ਸਰਕਾਰ ਦੀ ਖਾਹਿਸ਼ੀ ਯੋਜਨਾ ‘ਸਵੱਛ ਭਾਰਤ’ ਦੇ ਤਹਿਤ ਇਕ ਸਾਲ ਪਹਿਲਾਂ ਇਸ ਪਿੰਡ ਅਤੇ ਸਾਰੇ ਦਿਹਾਤੀ ਰਾਜਸਥਾਨ ਨੂੰ ਖੁੱਲ੍ਹੇ ’ਚ ਜੰਗਲ-ਪਾਣੀ ਤੋਂ ਮੁਕਤ ਕਰਾਰ ਦੇਣ, ਜਿਸ ’ਚ ਸਾਰੇ ਖੁਸ਼ਕ ਪਖਾਨਿਆਂ ਨੂੰ ਖਤਮ ਕਰਨਾ ਵੀ ਸ਼ਾਮਲ ਹੈ, ਦੇ ਬਾਵਜੂਦ ਅੱਜ ਵੀ ਬਹੁਤ ਘੱਟ ਤਬਦੀਲੀ ਆਈ ਹੈ। ਸੰਨ 2013 ਦੇ ਕਾਨੂੰਨ ਮੁਤਾਬਕ ਹੱਥ ਨਾਲ ਮੈਲ਼ਾ ਚੁੱਕਣਾ ਇਕ ਅਪਰਾਧ ਹੈ। 
ਇਕ 65 ਸਾਲਾ ਬਜ਼ੁਰਗ ਨੇ ਦੱਸਿਆ ਕਿ ਉਸ ਦੀ ਭੈਣ ਮੁੰਨੀ, ਉਸ ਦਾ ਪਤੀ ਰੰਭੂ ਅਤੇ ਉਹ ਖੁਦ ਰੋਜ਼ਾਨਾ ਮੈਲ਼ਾ ਢੋਣ ਦਾ ਕੰਮ ਕਰਦੇ ਹਨ। ਇਸ ਕੰਮ ’ਚ ਉਨ੍ਹਾਂ ਨੂੰ 5-6 ਘੰਟੇ ਲੱਗਦੇ ਹਨ ਤੇ ਉਨ੍ਹਾਂ ਦੇ ਸਰੀਰ ’ਚੋਂ ਬਦਬੂ ਆਉਂਦੀ ਰਹਿੰਦੀ ਹੈ। ਸਫਾਈ ਦੇ ਹੋਰਨਾਂ ਕੰਮਾਂ ਲਈ ਤਾਂ ਉਨ੍ਹਾਂ ਨੂੰ ਥੋੜ੍ਹਾ-ਬਹੁਤ ਪੈਸਾ ਮਿਲ ਜਾਂਦਾ ਹੈ ਪਰ ਮੈਲ਼ਾ ਹਟਾਉਣ ਲਈ ਸਿਰਫ ਇਕ ਰੋਟੀ ਮਿਲਦੀ ਹੈ। 
ਬਸਤੀ ’ਚ ਮੇਹਤਰ ਭਾਈਚਾਰੇ ਦੇ 5 ਪਰਿਵਾਰ ਹਨ, ਜਿਨ੍ਹਾਂ ਨੂੰ ਰਵਾਇਤੀ ਤੌਰ ’ਤੇ ਉੱਚੀਆਂ ਜਾਤਾਂ ਦਾ ਮੈਲ਼ਾ ਸਾਫ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਲਗਭਗ 250 ਘਰਾਂ ਵਾਲੇ ਇਸ ਪਿੰਡ ’ਚ ਜਾਟ ਅਤੇ ਜਾਟਵ ਰਹਿੰਦੇ ਹਨ। ਸਾਂਤਾ ਦੇਵੀ ਤੇ ਉਸ ਦਾ ਪਰਿਵਾਰ ਜਾਟਾਂ ਦੇ 10 ਘਰਾਂ ’ਚੋਂ ਮੈਲ਼ਾ ਚੁੱਕਦਾ ਹੈ ਤੇ ਗਲੀਆਂ ’ਚ ਵੀ ਉੱਚੀ ਜਾਤ ਦੇ ਕਈ ਘਰਾਂ ਨਾਲ ਲੱਗਦੇ ਗਟਰਾਂ ’ਚੋਂ ਮੈਲ਼ਾ ਸਾਫ ਕਰਦਾ ਹੈ। 
ਸਾਂਤਾ ਤੇ ਮੁੰਨੀ ਦੇ ਬੇਟੇ ਕਦੇ-ਕਦਾਈਂ ਇਹ ਕੰਮ ਕਰਦੇ ਹਨ। ਇਸ ਤੋਂ ਇਲਾਵਾ ਉਹ ਆਮ ਪਖਾਨਿਆਂ ਤੇ ਸੈਪਟਿਕ ਟੈਂਕਾਂ ਦੀ ਸਫਾਈ, ਸਾਲਿਡ ਵੇਸਟ ਇਕੱਠਾ ਕਰਨ ਤੇ ਮਰ ਚੁੱਕੇ ਜਾਨਵਰਾਂ ਨੂੰ ਹਟਾਉਣ ਦਾ ਕੰਮ ਕਰਦੇ ਹਨ।
ਮੁੰਨੀ ਦੇ ਬੇਟੇ ਮੁਕੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ  ਕਰਨ ਦਿੱਤਾ ਜਾਂਦਾ। ਉਨ੍ਹਾਂ ਤੋਂ ਕੋਈ ਵੀ ਕੁਝ ਨਹੀਂ ਖਰੀਦਦਾ ਤੇ ਲੋਕ ਉਨ੍ਹਾਂ ਨੂੰ ਗੰਦਾ ਕਹਿੰਦੇ ਹਨ। ਇਥੋਂ ਤਕ ਕਿ ਉਨ੍ਹਾਂ ਨੂੰ ਪਿੰਡ ਦੇ ਮੰਦਿਰ ’ਚ ਪੂਜਾ ਕਰਨ ਦੀ ਵੀ ਇਜਾਜ਼ਤ ਨਹੀਂ ਹੈ। ਮੁੰਨੀ ਨੂੰ ਉਮੀਦ ਹੈ ਕਿ ਉਸ ਦੇ ਪੜਪੋਤੇ ਸਿੱਖਿਆ ਦੇ ਜ਼ਰੀਏ ਇਸ ਸਿਲਸਿਲੇ ਨੂੰ ਖਤਮ  ਕਰਨਗੇ। 
ਚੌਥੀ ਜਮਾਤ ’ਚ ਪੜ੍ਹਨ ਵਾਲੇ ਸੰਗਮ ਨੇ ਕਿਹਾ ਕਿ ਦੁਸ਼ਮਣ ਨਾਲ ਲੜਨ ਲਈ ਉਹ ਪੁਲਸਮੈਨ  ਬਣਨਾ ਚਾਹੁੰਦਾ ਹੈ। ਸੰਗਮ ਦਾ ਅਧਿਆਪਕ ਮੇਹਤਰ ਭਾਈਚਾਰੇ ਦੇ ਲੜਕਿਆਂ ਨੂੰ ਸਭ ਤੋਂ ਪਿੱਛੇ ਅਤੇ ਵੱਖਰੇ ਬਿਠਾਉਂਦਾ ਹੈ। ਉਸ ਦਾ ਪਿਤਾ ਸਕੂਲ ਦੇ ਪਖਾਨੇ ਸਾਫ ਕਰਦਾ ਹੈ। ਜਿਸ ਦਿਨ ਉਹ ਇਹ ਕੰਮ ਨਹੀਂ ਕਰਦਾ, ਉਸ ਦਿਨ ਸੰਗਮ ਅਤੇ ਉਸ ਦੇ ਭਰਾ ਸਾਗਰ ਤੋਂ ਇਹ ਕੰਮ ਕਰਨ ਦੀ ਆਸ ਕੀਤੀ ਜਾਂਦੀ ਹੈ।
ਹਾਲਾਂਕਿ ਸਵੱਛਤਾ ਸਕੱਤਰ ਪਰਮੇਸ਼ਵਰਨ ਅਈਅਰ ਦਾ ਕਹਿਣਾ ਹੈ ਕਿ ਸਵੱਛ ਭਾਰਤ ਅਭਿਆਨ ਨੇ ਜਾਤਾਂ ਦੇ ਇਨ੍ਹਾਂ ਅੜਿੱਕਿਆਂ ਨੂੰ ਤੋੜ ਦਿੱਤਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਜੇ ਕਿਸੇ ਪਿੰਡ ਜਾਂ ਸੂਬੇ ਨੂੰ ਖੁੱਲ੍ਹੇ ’ਚ ਜੰਗਲ-ਪਾਣੀ ਤੋਂ ਮੁਕਤ ਕਰਾਰ ਦਿੱਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਸਾਰੇ ਘਰਾਂ ’ਚ ਸਾਫ-ਸੁਥਰੇ ਪਖਾਨਿਆਂ ਦੀ ਸਹੂਲਤ ਹੈ ਪਰ ਉਨ੍ਹਾਂ ਨੇ ਅਜੇ ਵੀ ਸਫਾਈ ਕਰਮਚਾਰੀਆਂ ਵਲੋਂ ਖੁਸ਼ਕ ਪਖਾਨਿਆਂ ਦੀ ਹੱਥਾਂ ਨਾਲ ਸਫਾਈ ਕਰਨ ਦੀਆਂ ਘਟਨਾਵਾਂ ਨੂੰ ‘ਹੈਰਾਨੀਜਨਕ’ ਦੱਸਿਆ ਹੈ। 
ਇਕ ਗੈਰ-ਸਰਕਾਰੀ ਸੰਸਥਾ ‘ਰਾਸ਼ਟਰੀ ਗਰਿਮਾ ਅਭਿਆਨ’ (ਆਰ. ਜੀ. ਓ.) ਅਨੁਸਾਰ ਹੁਣ ਤਕ ਸਮਾਜਿਕ ਨਿਆਂ ਮੰਤਰਾਲੇ ਦੀ ਅਗਵਾਈ ਹੇਠ ਇਕ ਟਾਸਕ ਫੋਰਸ ਨੇ ਘੱਟੋ-ਘੱਟ 160 ਜ਼ਿਲਿਆਂ ’ਚ ਹੱਥ ਨਾਲ ਮੈਲ਼ਾ ਸਾਫ ਕਰਨ ਵਾਲੇ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਨਾਂ ਦਰਜ ਕੀਤੇ ਹਨ। 
ਅਪ੍ਰੈਲ 2018 ’ਚ ਸਾਂਤਾ ਦੇਵੀ ਅਤੇ ਉਸ ਦੇ ਬੇਟਿਆਂ ਸਮੇਤ ਬੇਹਨਾਰਾ ਦੀ ਮੇਹਤਰ ਬਸਤੀ ਦੇ 10 ਮੈਂਬਰ ਸਰਵੇਖਣ ਟੀਮ ਵਲੋਂ ਲਾਏ ਕੈਂਪ ’ਚ ਗਏ ਸਨ। ਉਨ੍ਹਾਂ ਦੇ ਨਾਂ ਸਰਵੇਖਣ ਸੂਚੀ ’ਚ ਸ਼ਾਮਲ ਕੀਤੇ ਗਏ ਪਰ ਨਾਲ ਹੀ ਜ਼ਿਲਾ ਅਧਿਕਾਰੀਆਂ ਨੇ ਉਨ੍ਹਾਂ ਦੇ ਨਾਂ ਅੱਗੇ ਲਿਖ ਦਿੱਤਾ–‘ਮੈਲ਼ਾ ਢੋਣ ਦਾ ਕੰਮ ਨਹੀਂ ਕਰਦੇ’।        


Related News