ਲੱਦਾਖ ਅਤੇ ਸ਼੍ਰੀਨਗਰ ਵਾਦੀ ’ਚ ਫਰਕ

Monday, Oct 08, 2018 - 06:56 AM (IST)

ਭਾਰਤ ਦਾ ਮੁਕੁਟ ਮੰਨਿਆ ਜਾਂਦਾ ਸੂਬਾ ਜੰਮੂ-ਕਸ਼ਮੀਰ 3 ਹਿੱਸਿਅਾਂ ’ਚ ਵੰਡਿਆ  ਹੋਇਆ ਹੈ ਅਤੇ ਇਹ ਹਨ ਲੇਹ-ਲੱਦਾਖ, ਸ਼੍ਰੀਨਗਰ ਦੀ ਵਾਦੀ ਤੇ ਆਸ-ਪਾਸ ਦਾ ਇਲਾਕਾ ਅਤੇ ਜੰਮੂ। ਤਿੰਨਾਂ ਹਿੱਸਿਅਾਂ ਦੀ ਸੱਭਿਅਤਾ ਅਤੇ ਅਾਚਾਰ-ਵਿਹਾਰ ’ਚ ਭਾਰੀ ਫਰਕ ਹੈ, ਜਦਕਿ ਤਿੰਨਾਂ ਖੇਤਰਾਂ ’ਚ ਸਿਵਲ ਪ੍ਰਸ਼ਾਸਨ ਅਤੇ ਫੌਜ ਦੀ ਮੌਜੂਦਗੀ ਇਕੋ ਜਿਹੀ ਹੈ। 
ਤਿੰਨਾਂ ਹੀ ਖੇਤਰਾਂ ’ਚ ਬੁਨਿਆਦੀ ਢਾਂਚੇ ਦਾ ਵਿਕਾਸ, ਹੰਗਾਮੀ ਸਥਿਤੀਅਾਂ ਨਾਲ ਨਜਿੱਠਣਾ ਅਤੇ ਮੁਸ਼ਕਿਲ ਪਹਾੜਾਂ ਦਰਮਿਆਨ ਇਲਾਕੇ ਦੀ ਸੁਰੱਖਿਆ ਅਤੇ ਸ਼ਹਿਰੀ ਵਿਵਸਥਾਵਾਂ ਯਕੀਨੀ ਬਣਾਉਣਾ–ਇਨ੍ਹਾਂ ਸਾਰੇ ਚੁਣੌਤੀ ਭਰੇ ਕੰਮਾਂ ’ਚ ਫੌਜ ਦੀ ਮੁੱਖ ਭੂਮਿਕਾ ਹੁੰਦੀ ਹੈ। 
ਜਿਥੇ ਇਕ ਪਾਸੇ ਕਸ਼ਮੀਰ ਵਾਦੀ ਦੇ ਲੋਕ ਭਾਰਤੀ ਫੌਜ ਨਾਲ ਬਹੁਤ ਰੁੱਖਾ ਅਤੇ ਹਮਲਾਵਰ ਰਵੱਈਆ ਰੱਖਦੇ ਹਨ, ਉਥੇ ਹੀ ਜੰਮੂ ’ਚ ਲੋਕ ਫੌਜ ਨਾਲ ਸਦਭਾਵਨਾ ਬਣਾਈ ਰੱਖਦੇ ਹਨ ਪਰ ਫੌਜ ਦੀ ਸਭ ਤੋਂ ਵਧੀਆ ਸਥਿਤੀ ਲੇਹ-ਲੱਦਾਖ ਖੇਤਰ ’ਚ ਹੀ ਹੈ। ਉਥੋਂ ਦੇ ਲੋਕ ਫੌਜ ਦਾ ਅਹਿਸਾਨ ਮੰਨਦੇ ਹਨ ਕਿ ਉਸ ਦੇ ਆਉਣ ਨਾਲ ਇਲਾਕੇ ’ਚ ਪੁਲਾਂ-ਸੜਕਾਂ ਦਾ ਜਾਲ ਵਿਛ ਗਿਆ ਹੈ ਤੇ ਹੋਰ ਵੀ ਕਈ ਸਹੂਲਤਾਂ ’ਚ ਵਾਧਾ ਹੋਇਆ ਹੈ। 
ਲੇਹ-ਲੱਦਾਖ ਦੀ 80 ਫੀਸਦੀ ਆਬਾਦੀ ਬੋਧੀ ਲੋਕਾਂ ਦੀ ਹੈ, ਬਾਕੀ ਮੁਸਲਮਾਨ ਅਤੇ ਥੋੜ੍ਹੇ ਜਿਹੇ ਈਸਾਈ ਤੇ ਹਿੰਦੂ ਹਨ। ਮੂਲ ਤੌਰ ’ਤੇ ਲੇਹ-ਲੱਦਾਖ ਦਾ ਇਲਾਕਾ ਅਮਨਪਸੰਦ ਰਿਹਾ ਹੈ ਪਰ ਸਮੇਂ-ਸਮੇਂ ’ਤੇ ਪੱਛਮ ਤੋਂ ਆਏ ਮੁਸਲਿਮ ਹਮਲਾਵਰਾਂ ਨੇ ਇਥੋਂ ਦੀ ਸ਼ਾਂਤੀ ਭੰਗ ਕੀਤੀ ਹੈ ਅਤੇ ਆਪਣੇ ਅਧਿਕਾਰ ਜਮਾਏ ਹਨ। 
ਲੇਹ-ਲੱਦਾਖ ਦੇ ਲੋਕ ਭਾਰਤੀ ਫੌਜ ਨਾਲ ਬਹੁਤ ਪਿਆਰ ਕਰਦੇ ਹਨ ਤੇ ਜਵਾਨਾਂ ਦਾ ਸਨਮਾਨ ਕਰਦੇ ਹਨ। ਇਸ ਦੀ ਵਜ੍ਹਾ ਇਹ ਹੈ ਕਿ ਦੁਨੀਆ ਦੇ ਸਭ ਤੋਂ ਉੱਚੇ ਪਠਾਰ ਅਤੇ ਰੇਗਿਸਤਾਨ ਨਾਲ ਭਰਿਆ ਇਹ ਇਲਾਕਾ ਇੰਨਾ ਮੁਸ਼ਕਿਲਾਂ ਵਾਲਾ ਹੈ ਕਿ ਇਥੇ ਕੋਈ ਵੀ ਵਿਕਾਸ ਕਰਨਾ ਬਹੁਤ ਵੱਡਾ ਕੰਮ ਹੈ। 
ਉੱਚੇ-ਉੱਚੇ ਪਹਾੜ, ਜਿਨ੍ਹਾਂ ’ਤੇ ਕੋਈ ਰੁੱਖ ਤਾਂ ਕੀ, ਘਾਹ ਵੀ ਨਹੀਂ ਉੱਗਦਾ। ਇਨ੍ਹਾਂ ਪਹਾੜਾਂ ’ਤੇ ਸਰਦੀਅਾਂ ’ਚ ਜੰਮਣ ਵਾਲੀ ਬਰਫ ਕਦੇ ਵੀ ਕਹਿਰ ਢਾਹ ਸਕਦੀ ਹੈ। ਵੱਡੇ ਹਿਮ-ਖੰਡਾਂ  (ਬਰਫ ਦੇ ਤੋਦਿਅਾਂ) ਦੇ ਖਿਸਕਣ ਤੇ ਪਹਾੜ ਟੁੁੱਟ ਕੇ ਡਿੱਗਣ ਨਾਲ ਆਵਾਜਾਈ ਲਈ ਖਤਰਾ ਪੈਦਾ ਹੋ ਜਾਂਦਾ ਹੈ। ਤੇਜ਼ ਹਵਾਵਾਂ ਚੱਲਣ  ਕਾਰਨ ਇਥੇ ਹੈਲੀਕਾਪਟਰ ਵੀ ਹਮੇਸ਼ਾ ਸਫਲ ਨਹੀਂ ਹੁੰਦਾ। 
ਉੱਚੇ-ਉੱਚੇ ਪਹਾੜਾਂ ਦੀ ਲੜੀ ਇਕ ਪਾਸੇ ਕੁਦਰਤ ਪ੍ਰੇਮੀਅਾਂ ਨੂੰ ਆਪਣੇ ਵੱਲ ਖਿੱਚਦੀ ਹੈ ਤੇ ਦੂਜੇ ਪਾਸੇ ਆਮ ਸੈਲਾਨੀਅਾਂ ਨੂੰ ਰੋਮਾਂਚਿਤ ਵੀ ਕਰਦੀ ਹੈ। ਲੱਦਾਖ ਦੇ ਲੋਕ ਬਹੁਤ ਸਰਲ ਸੁਭਾਅ ਦੇ, ਸਬਰ ਵਾਲੇ ਤੇ ਮਿਹਨਤੀ ਹਨ। ਫਿਰ ਵੀ ਇਥੇ ਜ਼ਿਆਦਾ ਆਰਥਿਕ ਵਿਕਾਸ ਨਹੀਂ ਹੋ ਸਕਿਆ। 
ਵਜ੍ਹਾ ਇਹ ਹੈ ਕਿ ਉਥੋਂ ਦੀਅਾਂ ਮੁਸ਼ਕਿਲ ਸਥਿਤੀਅਾਂ ’ਚ ਕੋਈ ਉਦਯੋਗ-ਵਪਾਰ ਕਰਨਾ ਬਹੁਤ ਖਰਚੀਲਾ ਤੇ ਜੋਖਮ ਭਰਿਆ ਹੁੰਦਾ ਹੈ। ਉਂਝ ਵੀ ਜੰਮੂ-ਕਸ਼ਮੀਰ ਸੂਬੇ ’ਚ ਬਾਹਰਲੇ ਸੂਬਿਅਾਂ ਦੇ ਲੋਕਾਂ ਨੂੰ ਜ਼ਮੀਨ-ਜਾਇਦਾਦ ਖਰੀਦਣ ਦੀ ਇਜਾਜ਼ਤ ਨਹੀਂ ਹੈ। 
ਅੱਜਕਲ ਉੱਤਰ ਭਾਰਤ ਤੋਂ ਵੱਡੀ ਗਿਣਤੀ ’ਚ ਸੈਲਾਨੀ ਲੇਹ-ਲੱਦਾਖ ਜਾ ਰਹੇ ਹਨ ਤੇ ਇਨ੍ਹਾਂ ’ਚ ਕਾਫੀ ਵੱਡੀ ਗਿਣਤੀ ਅਜਿਹੇ ਉਤਸ਼ਾਹੀ ਲੋਕਾਂ ਦੀ ਹੈ, ਜਿਹੜੇ ਇਹ ਪੂਰੀ ਯਾਤਰਾ ਮੋਟਰਸਾਈਕਲਾਂ ’ਤੇ ਹੀ ਕਰਦੇ ਹਨ। ਅਸੀਂ ਮੈਦਾਨ ਦੇ ਲੋਕ ਉਸ ਸਾਫ-ਸੁਥਰੇ ਇਲਾਕੇ ’ਚ ਕੂੜਾ-ਕਰਕਟ ਸੁੱਟ ਕੇ ਚਲੇ ਆਉਂਦੇ ਹਾਂ ਅਤੇ ਇਸ ਤਰ੍ਹਾਂ ਉਸ ਇਲਾਕੇ ਦੇ ਚੌਗਿਰਦੇ ਨੂੰ ਨਸ਼ਟ ਕਰਨ ਦਾ ਕੰਮ ਕਰਦੇ ਹਾਂ। ਜ
ੇ ਇਹੋ ਹਾਲ ਰਿਹਾ ਤਾਂ ਆਉਣ ਵਾਲੇ ਸਾਲਾਂ ’ਚ ਲੇਹ-ਲੱਦਾਖ ਦੇ ਸੁੰਦਰ ਸੈਰ-ਸਪਾਟਾ ਸਥਾਨ ਕੂੜੇ ਦੇ ਢੇਰ ਬਣ ਜਾਣਗੇ। ਇਸ ਦੇ ਲਈ ਕੇਂਦਰ ਸਰਕਾਰ ਨੂੰ ਬਹੁਤ ਸਰਗਰਮ ਹੋ ਕੇ ਕੁਝ ਕਦਮ ਚੁੱਕਣੇ ਚਾਹੀਦੇ ਹਨ ਤਾਂ  ਕਿ ਇਸ ਇਲਾਕੇ ਦੀ ਸੁੰਦਰਤਾ ਨਸ਼ਟ ਨਾ ਹੋਵੇ।
 ਇਸ ਇਲਾਕੇ ਦੇ ਪਹਾੜਾਂ ’ਚ ਦੁਨੀਆ ਭਰ ਦੀ ਖਣਿਜ ਜਾਇਦਾਦ ਭਰੀ ਪਈ ਹੈ, ਜਿਸ ਦਾ ਅਜੇ ਤਕ ਕੋਈ ਇਸਤੇਮਾਲ ਨਹੀਂ ਕੀਤਾ ਗਿਆ ਹੈ। ਲੇਹ ’ਚ ਮਿਲਣ ਵਾਲੇ ਖਣਿਜਾਂ ’ਚ ਗ੍ਰੇਨਾਈਟ ਵਰਗੇ ਉਪਯੋਗੀ ਪੱਥਰਾਂ ਤੋਂ ਇਲਾਵਾ ਭਾਰੀ ਮਾਤਰਾ ’ਚ ਸੋਨਾ, ਹੀਰਾ, ਪੰਨਾ ਤੇ ਯੂਰੇਨੀਅਮ ਭਰਿਆ ਪਿਆ ਹੈ। ਇਸੇ ਲਈ ਚੀਨ ਹਮੇਸ਼ਾ ਲੇਹ-ਲੱਦਾਖ ’ਤੇ ਆਪਣੀ ‘ਬਾਜ ਅੱਖ’ ਲਾਈ ਰੱਖਦਾ ਹੈ। 
ਦੱਸਿਆ ਜਾਂਦਾ ਹੈ ਕਿ ਜਾਪਾਨ ਸਰਕਾਰ  ਨੇ ਭਾਰਤ ਸਰਕਾਰ ਅੱਗੇ ਪ੍ਰਸਤਾਵ ਰੱਖਿਆ ਸੀ ਕਿ ਜੇ ਉਸ ਨੂੰ ਲੇਹ-ਲੱਦਾਖ ’ਚ ਖਣਿਜ ਲੱਭਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਉਹ ਪੂਰੇ ਇਲਾਕੇ ਦਾ ਬੁਨਿਆਦੀ ਢਾਂਚਾ ਆਪਣੇ ਖਰਚੇ ’ਤੇ ਵਿਕਸਿਤ ਕਰਨ ਲਈ ਤਿਆਰ ਹੈ ਪਰ ਭਾਰਤ ਸਰਕਾਰ ਨੇ ਅਜਿਹੀ ਇਜਾਜ਼ਤ ਨਹੀਂ ਦਿੱਤੀ।
ਭਾਰਤ ਸਰਕਾਰ ਨੂੰ ਚਿੰਤਾ ਹੈ ਕਿ ਲੇਹ-ਲੱਦਾਖ ਦੇ ਖਣਿਜਾਂ ’ਤੇ ‘ਬਾਜ ਅੱਖ’ ਰੱਖਣ ਵਾਲੇ ਚੀਨ ਤੋਂ ਇਸ ਇਲਾਕੇ ਦੀਅਾਂ ਸਰਹੱਦਾਂ ਦੀ ਰਾਖੀ ਕਿਵੇਂ ਯਕੀਨੀ ਬਣਾਈ ਜਾਵੇ ਕਿਉਂਕਿ ਆਏ ਦਿਨ ਚੀਨ ਵਲੋਂ ਘੁਸਪੈਠੀਏ ਇਸ ਇਲਾਕੇ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਜਿਸ ਕਾਰਨ ਦੋਹਾਂ ਧਿਰਾਂ ਵਿਚਾਲੇ ਝੜਪਾਂ ਹੀ ਹੁੰਦੀਅਾਂ ਰਹਿੰਦੀਅਾਂ ਹਨ। 
ਜੰਮੂ-ਕਸ਼ਮੀਰ ਸਰਕਾਰ ਸੈਲਾਨੀਅਾਂ ਤੋਂ ਹਰ ਤਰ੍ਹਾਂ ਦੇ ਟੈਕਸ ਤਾਂ ਲੈਂਦੀ ਹੈ ਪਰ ਪੂਰੇ ਲੇਹ-ਲੱਦਾਖ ’ਚ ਸੈਲਾਨੀਅਾਂ ਦੀ ਸਹੂਲਤ ਲਈ ਕੋਈ ਖਾਸ ਯਤਨ ਨਹੀਂ ਕੀਤੇ ਜਾਂਦੇ। ਜਦੋਂ ਤੋਂ ਆਮਿਰ ਖਾਨ ਦੀ ਫਿਲਮ ‘ਥ੍ਰੀ ਇਡੀਅਟਸ’ ਦੀ ਸ਼ੂਟਿੰਗ ਇਥੇ ਹੋਈ ਹੈ, ਉਦੋਂ ਤੋਂ ਇਥੇ ਸੈਲਾਨੀਅਾਂ ਦਾ ਆਗਮਨ ਵਧਿਆ ਹੈ ਪਰ  ਉਸ ਹਿਸਾਬ ਨਾਲ ਇਥੇ ਬੁਨਿਆਦੀ ਢਾਂਚੇ ਦਾ ਵਿਕਾਸ ਨਹੀਂ ਹੋਇਆ।
ਇਕ ਚੀਜ਼ ਹੈਰਾਨ ਕਰਨ ਵਾਲੀ ਹੈ ਕਿ ਪੂੂਰੇ ਲੇਹ-ਲੱਦਾਖ ’ਚ ਸੈਰ-ਸਪਾਟੇ ਦੇ ਨਜ਼ਰੀਏ ਤੋਂ ਹਜ਼ਾਰਾਂ ਗੱਡੀਅਾਂ ਤੇ ਸਾਮਾਨ ਢੋਣ ਵਾਲੇ ਹਜ਼ਾਰਾਂ ਟਰੱਕ ਵਗੈਰਾ ਦਿਨ-ਰਾਤ ਦੌੜਦੇ ਹਨ ਅਤੇ ਹੋਟਲ ਕਾਰੋਬਾਰੀਅਾਂ ਵਲੋਂ ਜਨਰੇਟਰਾਂ ਦੀ ਵਰਤੋਂ ਵੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਪਰ ਪੂਰੇ ਇਲਾਕੇ ’ਚ ਦੂਰ-ਦੂਰ ਤਕ ਕਿਤੇ ਵੀ ਕੋਈ ਪੈਟਰੋਲ ਪੰਪ ਦਿਖਾਈ ਨਹੀਂ ਦਿੰਦਾ। 
ਸਥਾਨਕ ਲੋਕਾਂ ਨੇ ਦੱਸਿਆ ਕਿ ਫੌਜ ਦੇ ਡਿਪੂ ਤੋਂ ਕਰੋੜਾਂ ਰੁਪਏ ਦਾ ਪੈਟਰੋਲ ਤੇ ਡੀਜ਼ਲ ਚੋਰੀ ਹੋ ਕੇ ਇਥੇ ਸ਼ਰੇਆਮ ਬਲੈਕ ਮਾਰਕੀਟ ’ਚ ਵਿਕਦਾ ਹੈ। ਕੀ ਰੱਖਿਆ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਇਸ ਵੱਲ ਧਿਆਨ ਦੇਣਗੇ? 
ਲੇਹ-ਲੱਦਾਖ ਦਾ ਨੌਜਵਾਨ ਵੀ ਹੁੁਣ ਜਾਗਰੂਕ ਹੋ ਰਿਹਾ ਹੈ ਤੇ ਆਪਣੇ  ਹੱਕ ਦੀ ਮੰਗ ਕਰ ਰਿਹਾ ਹੈ ਪਰ ਅਜੇ ਸਾਡਾ ਧਿਆਨ ਉਧਰ ਨਹੀਂ ਹੈ। ਜੇ ਭਾਰਤ ਸਰਕਾਰ ਨੇ ਉਸ ਪਾਸੇ ਧਿਆਨ ਨਾ ਦਿੱਤਾ ਤਾਂ ਕਸ਼ਮੀਰ ਦਾ ਅੱਤਵਾਦ ਲੇਹ-ਲੱਦਾਖ ਨੂੰ ਵੀ ਆਪਣੀ ਲਪੇਟ ’ਚ ਲੈ ਸਕਦਾ ਹੈ।       
 


Related News