ਜਿਨਪਿੰਗ ਵਿਰੁੱਧ ਬਗਾਵਤ ਦੇ ਸੰਕੇਤ

11/29/2022 5:42:47 PM

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਕਮਿਊਨਿਸਟ ਪਾਰਟੀ ਵਿਰੁੱਧ ਅੱਜਕਲ ਜਿਸ ਤਰ੍ਹਾਂ ਦੇ ਅੰਦੋਲਨ ਥਾਂ-ਥਾਂ ’ਤੇ ਹੋ ਰਹੇ ਹਨ, ਉਹ 1989 ਦੇ ਤਿਨਾਨਮਿਨ ਚੌਕ ’ਤੇ ਹੋਏ ਭਿਆਨਕ ਕਤਲੇਆਮ ਦੀ ਯਾਦ ਤਾਜ਼ਾ ਕਰ ਰਹੇ ਹਨ। ਪਿਛਲੇ 33 ਸਾਲਾਂ ਵਿਚ ਇੰਨੇ ਜ਼ਬਰਦਸਤ ਵਿਖਾਵੇ ਚੀਨ ’ਚ ਦੁਬਾਰਾ ਨਹੀਂ ਹੋਏ। ਇਹ ਵਿਖਾਵੇ ਹੁਣ ਉਦੋਂ ਹੋ ਰਹੇ ਹਨ ਜਦੋਂ ਇਹ ਮੰਨਿਆ ਜਾ ਰਿਹਾ ਹੈ ਕਿ ਮਾਓ-ਜੇ-ਤੁੰਗ ਤੋਂ ਬਾਅਦ ਸ਼ੀ ਜਿਨਪਿੰਗ ਸਭ ਤੋਂ ਵੱਧ ਹਰਮਨ-ਪਿਆਰੇ ਅਤੇ ਸ਼ਕਤੀਸ਼ਾਲੀ ਨੇਤਾ ਹਨ। ਹੁਣੇ ਜਿਹੇ ਹੀ ਉਨ੍ਹਾਂ ਨੇ ਆਪਣੇ ਆਪ ਨੂੰ ਤੀਜੀ ਵਾਰ ਰਾਸ਼ਟਰਪਤੀ ਐਲਾਨਿਆ ਹੈ ਪਰ ਚੀਨ ਦੇ ਲਗਭਗ 10 ਸ਼ਹਿਰਾਂ ਦੀਆਂ ਯੂਨੀਵਰਸਿਟੀਆਂ ਅਤੇ ਸੜਕਾਂ ’ਤੇ ਉਨ੍ਹਾਂ ਵਿਰੁੱਧ ਨਾਅਰੇ ਲੱਗ ਰਹੇ ਹਨ।

ਅਜਿਹਾ ਕਿਉਂ ਹੋ ਰਿਹਾ ਹੈ? ਸਭ ਅਖਬਾਰਾਂ ਅਤੇ ਟੀ.ਵੀ. ਚੈਨਲ ਇਹ ਮੰਨ ਕੇ ਚੱਲ ਰਹੇ ਹਨ ਕਿ ਇਹ ਵਿਖਾਵੇ ਕੋਰੋਨਾ ਮਹਾਮਾਰੀ ਦੌਰਾਨ ਜਾਰੀ ਪਾਬੰਦੀਆਂ ਵਿਰੁੱਧ ਹਨ। ਮੋਟੇ ਤੌਰ ’ਤੇ ਇਹ ਗੱਲ ਠੀਕ ਹੈ। ਚੀਨ ਵਿਚ ਕੋਰੋਨਾ ਦੀ ਸ਼ੁਰੂਆਤ ਹੋਈ ਅਤੇ ਉਹ ਸਾਰੀ ਦੁਨੀਆ ’ਚ ਫੈਲ ਗਿਆ ਪਰ ਦੁਨੀਆ ਤੋਂ ਤਾਂ ਇਹ ਵਿਦਾ ਹੋ ਗਿਆ ਪਰ ਚੀਨ ’ਚ ਅਜੇ ਤੱਕ ਉਸ ਦਾ ਪ੍ਰਕੋਪ ਜਾਰੀ ਹੈ। ਤਾਜ਼ਾ ਸੂਚਨਾ ਮੁਤਾਬਕ 40 ਹਜ਼ਾਰ ਲੋਕ ਅਜੇ ਵੀ ਇਸ ਮਹਾਮਾਰੀ ਤੋਂ ਪੀੜਤ ਪਾਏ ਗਏ ਹਨ। ਚੀਨ ਸਰਕਾਰ ਨੇ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਦਫਤਰਾਂ, ਬਾਜ਼ਾਰਾਂ, ਕਾਰਖਾਨਿਆਂ, ਸਕੂਲਾਂ, ਕਾਲਜਾਂ ਅਤੇ ਲਗਭਗ ਹਰ ਥਾਂ ’ਤੇ ਸਖਤ ਪਾਬੰਦੀਆਂ ਲਾਈਆਂ ਹਨ। ਇਸ ਕਾਰਣ ਦੇਸ਼ ਵਿਚ ਬੇਰੋਜ਼ਗਾਰੀ ਵਧੀ ਹੈ, ਉਤਪਾਦਨ ਘਟਿਆ ਹੈ ਅਤੇ ਮਾਨਸਿਕ ਬੀਮਾਰੀਆਂ ਫੈਲ ਰਹੀਆਂ ਹਨ। ਇਸੇ ਕਾਰਣ ਲੋਕ ਵੱਖ-ਵੱਖ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਹਨ। ਉਹ ਜਿਨਪਿੰਗ ਨੂੰ ਹਟਾਉਣ ਦੀ ਮੰਗ ਵੀ ਕਰ ਰਹੇ ਹਨ।

ਲੋਕ ਹੁਣ ਇਸ ਤੋਂ ਵੀ ਵੱਧ ਅੱਗੇ ਚਲੇ ਗਏ ਹਨ। ਉਹ ਨਾਅਰੇ ਲਾ ਰਹੇ ਹਨ ਕਿ ਜਿਨਪਿੰਗ ਗੱਦੀ ਛੱਡੇ। ਇਸ ਦਾ ਕਾਰਣ ਕੀ ਹੈ? ਇਹ ਕਾਰਣ ਮਹਾਮਾਰੀ ਤੋਂ ਵੀ ਵੱਧ ਡੂੰਘਾ ਹੈ। ਕਾਰਣ ਹੈ- ਚੀਨੀ ਲੋਕਾਂ ਦਾ ਤਾਨਾਸ਼ਾਹੀ ਤੋਂ ਤੰਗ ਹੋਣਾ। ਉਹ ਹੁਣ ਲੋਕਰਾਜ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਇਹ ਸੰਦੇਸ਼ ਘਰ-ਘਰ ਪਹੁੰਚ ਰਿਹਾ ਹੈ। ਇਸ ਮੰਗ ਦਾ ਸਭ ਤੋਂ ਵੱਧ ਅਸਰ ਸ਼ਿਨਚਿਯਾਂਗ (ਸਿੰਕਯਾਂਗ) ਸੂਬੇ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੀ ਰਾਜਧਾਨੀ ਉਰੁਮਚੀ ’ਚ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸ਼ਿਨਚਿਯਾਂਗ ’ਚ ਉਈਗਰ ਮੁਸਲਮਾਨ ਰਹਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਚੀਨੀ ਹਾਨ ਮਾਲਕਾਂ ਦੇ ਸਾਹਮਣੇ ਗੁਲਾਮਾਂ ਵਾਂਗ ਬੀਤਦੀ ਹੈ। ਇਸ ਸੂਬੇ ਵਿਚ ਲਗਭਗ 30 ਸਾਲ ਪਹਿਲਾਂ ਮੈਂ ਕਾਫੀ ਲੋਕਾਂ ਨੂੰ ਮਿਲ ਚੁੱਕਾ ਹਾਂ। ਇੱਥੇ ਹਾਨ ਜਾਤੀ ਦੇ ਚੀਨੀਆਂ ਵਿਰੁੱਧ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਿਹਾ ਹੈ।

ਉਈਗਰ ਮੁਸਲਮਾਨਾਂ ਦੇ ਇਸ ਬਗਾਵਤੀ ਰੁਖ ਨੂੰ ਕਾਬੂ ਕਰਨ ਲਈ ਲਗਭਗ 10 ਲੱਖ ਮੁਸਲਮਾਨਾਂ ਨੂੰ ਸਰਕਾਰ ਨੇ ਤਸੀਹਾ ਕੈਂਪਾਂ ’ਚ ਸੁੱਟਿਆ ਹੋਇਆ ਹੈ। ਗੈਰ-ਹਾਨ ਤਾਂ ਚੀਨ ਦੀ ਸਰਕਾਰ ਦੇ ਵਿਰੁੱਧ ਹਨ ਹੀ, ਹੁਣ ਉਹ ਸ਼ਰੇਆਮ ਚੀਨ ’ਚ ਤਾਨਾਸ਼ਾਹੀ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ। ਚੀਨ ਸਰਕਾਰ ਦਾ ਕਹਿਣਾ ਹੈ ਕਿ ਜੇ ਉਹ ਤਾਲਾਬੰਦੀ ਖਤਮ ਕਰ ਦੇਵੇਗੀ ਤਾਂ 80 ਸਾਲ ਤੋਂ ਵੱਧ ਉਮਰ ਦੇ ਲਗਭਗ 50 ਕਰੋੜ ਚੀਨੀ ਲੋਕਾਂ ਦੀ ਜ਼ਿੰਦਗੀ ਖਤਰੇ ’ਚ ਪੈ ਜਾਏਗੀ। ਜੇ ਮਹਾਮਾਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਤਾਂ ਲੱਖਾਂ ਲੋਕ ਮੌਤ ਦੇ ਮੂੰਹ ’ਚ ਜਾ ਪੈਣਗੇ। ਦੋਹਾਂ ਧਿਰਾਂ ਦੀਆਂ ਆਪੋ-ਆਪਣੀਆਂ ਦਲੀਲਾਂ ਹਨ ਪਰ ਇਹ ਅੰਦੋਲਨ ਬੇਕਾਬੂ ਹੋ ਗਿਆ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਚੀਨ ਵਾਂਗ ਰੂਸ ਦਾ ਵੀ ਕਮਿਊਨਿਸਟ ਪਾਰਟੀ ਤੋਂ ਛੁਟਕਾਰਾ ਹੋ ਜਾਏ।
-ਡਾ. ਵੇਦਪ੍ਰਤਾਪ ਵੈਦਿਕ


Manoj

Content Editor

Related News