ਰੋਹਿਤ ਵੇਮੁਲਾ ਦੀ ਮੌਤ ''ਸਰਕਾਰੀ ਤਸ਼ੱਦਦ'' ਦਾ ਸਿੱਟਾ ਨਹੀਂ ਸੀ

06/22/2018 2:55:32 AM

'ਭਾਰਤ ਤੋੜੋ ਗੈਂਗ' ਦੇਸ਼ ਨੂੰ ਅਸਥਿਰ ਕਰਨ ਲਈ ਕਿੰਨਾ ਸਰਗਰਮ ਹੈ ਅਤੇ ਕਿਸ ਹੱਦ ਤਕ ਜਾ ਸਕਦਾ ਹੈ, ਇਸ ਦਾ ਖੁਲਾਸਾ ਸਵਰਗਵਾਸੀ ਵਿਦਿਆਰਥੀ ਰੋਹਿਤ ਵੇਮੁਲਾ ਦੀ ਮਾਂ ਰਾਧਿਕਾ ਵੇਮੁਲਾ ਦੀ ਹਾਲ ਹੀ ਦੀ ਇਕ ਇੰਟਰਵਿਊ ਤੋਂ ਹੋ ਜਾਂਦਾ ਹੈ।
ਇਸ ਇੰਟਰਵਿਊ ਤੋਂ ਜੋ ਭਾਵਅਰਥ ਨਿਕਲ ਰਿਹਾ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸ ਤਰ੍ਹਾਂ ਦੇਸ਼ ਦੇ ਆਪੇ ਬਣੇ ਸੈਕੁਲਰਿਸਟਾਂ ਅਤੇ ਖੱਬੇ-ਪੱਖੀਆਂ ਨੇ ਰੋਹਿਤ ਵੇਮੁਲਾ ਦੀ ਮਾਂ ਰਾਧਿਕਾ ਦੇ ਜ਼ਰੀਏ ਮੋਦੀ ਸਰਕਾਰ ਨੂੰ ਕਲੰਕਿਤ ਕਰਨ ਅਤੇ ਹਿੰਦੂ ਸਮਾਜ ਨੂੰ ਵੰਡਣ ਲਈ ਪੈਸਿਆਂ ਦਾ ਲਾਲਚ ਦਿੱਤਾ। ਇਸ ਦਾ ਖੁਲਾਸਾ ਰਕਮ ਦੇਣ ਦਾ ਵਾਅਦਾ ਪੂਰਾ ਨਾ ਹੋਣ ਦੀ ਸਥਿਤੀ ਵਿਚ ਹੋਇਆ ਹੈ। ਡਿਜੀਟਲ ਅਖ਼ਬਾਰ 'ਦਿ ਨਿਊਜ਼ ਮਿਨਟ' ਨੂੰ ਦਿੱਤੀ ਇੰਟਰਵਿਊ ਵਿਚ ਰਾਧਿਕਾ ਨੇ ਦੱਸਿਆ :
''ਜਦੋਂ ਰੋਹਿਤ ਦੀ ਮੌਤ ਹੋਈ, ਉਦੋਂ ਮੈਂ ਵੇਲੀਵਾੜਾ 'ਚ ਰੋ ਰਹੀ ਸੀ। ਮੈਨੂੰ ਕੁਝ ਨਹੀਂ ਪਤਾ ਕਿ ਸਾਨੂੰ ਮਿਲਣ ਕੌਣ-ਕੌਣ ਆ ਰਿਹਾ ਹੈ। ਕਈ ਲੋਕਾਂ ਨੇ ਵੱਡੇ-ਵੱਡੇ ਵਾਅਦੇ ਕੀਤੇ। ਸਾਰਿਆਂ ਨੇ ਸਾਡੀ ਗਰੀਬੀ ਦੇਖੀ। ਇਸ ਦੌਰਾਨ ਇੰਡੀਅਨ ਮੁਸਲਿਮ ਲੀਗ ਪਾਰਟੀ ਦੇ ਨੇਤਾ ਵੀ ਸਾਡੇ ਘਰ ਆਏ। ਇਕ ਮਹੀਨੇ ਬਾਅਦ ਉਹ ਮੈਨੂੰ ਆਪਣੇ ਨਾਲ ਕੇਰਲ ਲੈ ਗਏ। ਉਥੇ 30-40 ਹਜ਼ਾਰ ਲੋਕਾਂ ਦੀ ਭੀੜ ਵਾਲੀ ਇਕ ਜਨ ਸਭਾ ਵਿਚ ਮੈਨੂੰ ਲਿਜਾਇਆ ਗਿਆ। ਉਥੇ ਪਾਰਟੀ ਦੇ ਆਗੂਆਂ ਨੇ ਮੇਰੇ ਨਾਲ ਵੱਡੇ-ਵੱਡੇ ਵਾਅਦੇ ਕੀਤੇ। ਉਨ੍ਹਾਂ ਨੇ ਮੈਨੂੰ 20 ਲੱਖ ਰੁਪਏ ਅਤੇ ਕੇਰਲ ਵਿਚ ਇਕ ਮਕਾਨ ਦੇਣ ਦਾ ਵਾਅਦਾ ਕੀਤਾ।''
'ਦਿ ਨਿਊਜ਼ ਮਿਨਟ' ਵਿਚ ਛਪੀ ਰਿਪੋਰਟ ਵਿਚ ਰਾਧਿਕਾ ਨੇ ਕਿਹਾ ਹੈ ਕਿ ''ਇੰਡੀਅਨ ਮੁਸਲਿਮ ਲੀਗ ਨੇ ਮੈਨੂੰ ਆਪਣੀਆਂ ਰੈਲੀਆਂ ਵਿਚ ਬਤੌਰ ਮੁੱਖ ਮਹਿਮਾਨ ਬਣਾ ਕੇ ਸਿਆਸੀ ਚੜ੍ਹਤ ਹਾਸਿਲ ਕੀਤੀ। ਪਾਰਟੀ ਦੀ ਕੇਰਲ ਯੂਥ ਇਕਾਈ ਦੇ ਜਨਰਲ ਸਕੱਤਰ ਸੀ. ਕੇ. ਸੁਬੈਰ ਮੈਨੂੰ ਹਮੇਸ਼ਾ ਕਹਿੰਦੇ ਸਨ ਕਿ ਇਨ੍ਹਾਂ ਰੈਲੀਆਂ 'ਚ ਅੱਤਿਆਚਾਰਾਂ ਦੇ ਸਤਾਏ ਹੋਰ ਕਈ ਲੋਕ ਵੀ ਹੋਣਗੇ ਤੇ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਲਈ ਲਿਜਾਇਆ ਜਾ ਰਿਹਾ ਹੈ।''
ਇਸ ਇੰਟਰਵਿਊ ਵਿਚ ਰਾਧਿਕਾ ਨੇ ਪਿਛਲੇ ਸਾਲ ਦਸੰਬਰ ਵਿਚ ਹੋਈ ਇਕ ਰੈਲੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਕੇਰਲ ਵਿਚ ਇਕ ਰੈਲੀ ਵਿਚ ਸ਼ਾਮਿਲ ਹੋਣ ਲਈ ਜਾ ਰਹੀ ਸੀ, ਜਦੋਂ ਉਸ ਨੂੰ ਖ਼ਬਰ ਮਿਲੀ ਕਿ ਉਸ ਦੀ ਨੂੰਹ ਨੇ ਬੱਚੇ ਨੂੰ ਜਨਮ ਦਿੱਤਾ ਹੈ। ਮੈਂ ਵਾਪਿਸ ਜਾਣ ਬਾਰੇ ਸੋਚਿਆ ਪਰ ਸੁਬੈਰ ਨੇ ਇਹ ਕਹਿ ਕੇ ਰੋਕ ਲਿਆ ਕਿ ਰੈਲੀ ਵਿਚ ਮੈਨੂੰ 15 ਲੱਖ ਰੁਪਏ ਦਾ ਚੈੱਕ ਮਿਲਣ ਵਾਲਾ ਹੈ ਪਰ ਮੇਰਾ ਭਾਸ਼ਣ ਖਤਮ ਹੁੰਦਿਆਂ ਹੀ ਸੁਬੈਰ ਮੰਚ ਤੋਂ ਹੇਠਾਂ ਉਤਰ ਗਿਆ ਤੇ ਫਿਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ।
ਰਾਧਿਕਾ ਨੇ ਦੱਸਿਆ ਕਿ ''ਜਦੋਂ ਕਈ ਮਹਿਲਾ ਸੰਗਠਨਾਂ ਨੇ ਦਬਾਅ ਬਣਾਇਆ ਤਾਂ ਜਾ ਕੇ ਮੈਨੂੰ ਢਾਈ ਲੱਖ ਰੁਪਏ ਦੇ ਦੋ ਚੈੱਕ ਮਿਲੇ ਤੇ ਉਨ੍ਹਾਂ 'ਚੋਂ ਵੀ ਇਕ ਬਾਊਂਸ ਹੋ ਗਿਆ। ਹੁਣ ਬੈਂਕ ਦੇ ਗੇੜੇ ਮਾਰਨੇ ਪੈ ਰਹੇ ਹਨ। ਮੈਨੂੰ ਸਮਝ ਨਹੀਂ ਆਉਂਦੀ ਕਿ ਮੈਨੂੰ ਪ੍ਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ? ਇਸ ਤਰ੍ਹਾਂ ਚੈੱਕ ਭੇਜਣ ਜਾਂ ਕਿਸ਼ਤਾਂ ਵਿਚ ਪੈਸੇ ਦੇਣ ਨਾਲੋਂ ਚੰਗਾ ਸੀ, ਉਹ ਮੈਨੂੰ ਫੋਨ ਕਰ ਲੈਂਦੇ। ਜੇ ਉਹ ਮਦਦ ਨਹੀਂ ਕਰਨਾ ਚਾਹੁੰਦੇ ਤਾਂ ਪ੍ਰੇਸ਼ਾਨ ਕਰਨ ਦੀ ਬਜਾਏ ਸਾਫ ਮਨ੍ਹਾ ਕਰ ਦੇਣ।''
ਪੂਰਾ ਮਾਮਲਾ ਵਿਵਾਦਾਂ ਵਿਚ ਆਉਣ ਤੋਂ ਬਾਅਦ ਇੰਡੀਅਨ ਮੁਸਲਿਮ ਲੀਗ ਰਾਧਿਕਾ ਨੂੰ ਛੇਤੀ ਹੀ ਬਾਕੀ ਰਕਮ ਜਾਰੀ ਕਰਨ ਦੀ ਗੱਲ ਕਹਿ ਰਹੀ ਹੈ। ਇਹ ਸਿਆਸੀ ਪਾਰਟੀ ਕੇਰਲ ਵਿਚ ਕਾਂਗਰਸ ਦੀ ਅਗਵਾਈ ਵਾਲੇ ਯੂ. ਡੀ. ਐੱਫ. ਗੱਠਜੋੜ 'ਚ ਭਾਈਵਾਲ ਹੈ, ਜਿਸ ਦੀ ਵਿਚਾਰਧਾਰਾ ਮੁਸਲਿਮ ਹਿੱਤਾਂ ਤਕ ਸੀਮਤ ਹੈ। 
ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਅੰਦੋਲਨ ਦੀ ਅਗਵਾਈ ਕਰਨ ਵਾਲੀ ਆਲ ਇੰਡੀਆ ਮੁਸਲਿਮ ਲੀਗ ਖੂਨੀ ਬਟਵਾਰੇ ਤੋਂ ਬਾਅਦ ਤਿੰਨ ਹਿੱਸਿਆਂ ਵਿਚ ਵੰਡੀ ਗਈ। ਭਾਰਤ ਵਿਚ ਇਹ 'ਭਾਰਤੀ ਸੰਘ ਮੁਸਲਿਮ ਲੀਗ' ਵਜੋਂ ਸਥਾਪਿਤ ਹੋਈ, ਪਾਕਿਸਤਾਨ ਵਿਚ 'ਮੁਸਲਿਮ ਲੀਗ' ਵਜੋਂ, ਤਾਂ ਬੰਗਲਾਦੇਸ਼ ਵਿਚ 'ਅਵਾਮੀ ਲੀਗ' ਵਜੋਂ। ਭਾਰਤ ਵਿਚ ਇਸ ਪਾਰਟੀ ਦਾ ਝੰਡਾ ਪਾਕਿਸਤਾਨ ਦੇ ਝੰਡੇ ਨਾਲ ਕਾਫੀ ਮਿਲਦਾ-ਜੁਲਦਾ ਹੈ ਅਤੇ ਕੇਰਲਾ ਤੋਂ ਇਲਾਵਾ ਤਾਮਿਲਨਾਡੂ ਵਿਚ ਵੀ ਇਸ ਦਾ ਚੰਗਾ-ਖਾਸਾ ਪ੍ਰਭਾਵ ਹੈ। 
ਇਹ ਸਥਾਪਿਤ ਹੋ ਚੁੱਕਾ ਹੈ ਕਿ ਰੋਹਿਤ ਵੇਮੁਲਾ ਦਲਿਤ ਨਹੀਂ ਸੀ ਤੇ ਉਸ ਨੇ 17 ਜਨਵਰੀ 2016 ਨੂੰ ਖ਼ੁਦਕੁਸ਼ੀ ਕਿਸੇ ਸਿਆਸੀ ਪਾਰਟੀ, ਸਰਕਾਰ ਜਾਂ ਵਿਅਕਤੀ ਵਿਸ਼ੇਸ਼ ਦੇ ਤਸ਼ੱਦਦ ਕਾਰਨ ਨਹੀਂ ਕੀਤੀ ਸੀ। ਤੱਥਾਂ ਨੂੰ ਤੋੜ-ਮਰੋੜ ਕੇ ਸੈਕੁਲਰਿਸਟਾਂ ਅਤੇ ਖੱਬੇ-ਪੱਖੀਆਂ ਨੇ ਪੂਰੇ ਮਾਮਲੇ ਨੂੰ 'ਦਲਿਤ ਬਨਾਮ ਸਰਕਾਰ' ਬਣਾ ਕੇ ਰੋਹਿਤ ਦੀ ਮੰਦਭਾਗੀ ਮੌਤ ਨੂੰ ਭਾਜਪਾ, ਸੰਘ ਪਰਿਵਾਰ ਅਤੇ ਏ. ਬੀ. ਵੀ. ਪੀ. ਦੇ ਸਾਂਝੇ ਤਸ਼ੱਦਦ ਦਾ ਸਿੱਟਾ ਦੱਸਿਆ। 
ਇਸ ਘਟਨਾ ਦੀ ਸੱਚਾਈ ਰੋਹਿਤ ਵੇਮੁਲਾ ਵਲੋਂ ਲਿਖੇ ਜਿਸ ਖ਼ੁਦਕੁਸ਼ੀ ਨੋਟ ਵਿਚ ਸੀ,ਉਸ ਨੂੰ ਜਨਤਕ ਬਹਿਸ ਦਾ ਹਿੱਸਾ ਹੀ ਨਹੀਂ ਬਣਨ ਦਿੱਤਾ ਗਿਆ, ਜਦਕਿ ਉਸ ਨੋਟ ਵਿਚ ਰੋਹਿਤ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਸੀ। ਉਸ ਨੇ ਤਾਂ ਲਿਖਿਆ ਸੀ ਕਿ ''ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ। ਮੈਨੂੰ ਹਮੇਸ਼ਾ ਆਪਣੇ ਆਪ ਤੋਂ ਪ੍ਰੇਸ਼ਾਨੀ ਰਹੀ ਹੈ। ਮੈਂ ਆਪਣੇ ਸਰੀਰ ਅਤੇ ਆਪਣੀ ਆਤਮਾ ਵਿਚਾਲੇ ਵਧਦੀ ਦੂਰੀ ਮਹਿਸੂਸ ਕਰ ਰਿਹਾ ਹਾਂ। ਮੈਂ ਦਾਨਵ ਬਣ ਗਿਆ ਹੈ।''
ਰੋਹਿਤ ਦੀ ਖ਼ੁਦਕੁਸ਼ੀ ਨਾਲ ਜੁੜੇ ਇਨ੍ਹਾਂ ਅਹਿਮ ਤੱਥਾਂ ਦੀ ਅਣਦੇਖੀ ਕਰ ਕੇ ਝੂਠ ਫੈਲਾਇਆ ਗਿਆ। ਰੋਹਿਤ ਦੀ ਮੌਤ ਤੋਂ ਬਾਅਦ ਅੱਜ ਜੋ ਕੁਝ ਉਸ ਦੀ ਮਾਂ ਰਾਧਿਕਾ ਨਾਲ ਹੋ ਰਿਹਾ ਹੈ, ਉਹ ਵੀ ਉਸ ਮਾਨਸਿਕਤਾ ਦਾ ਪ੍ਰਤੀਕ ਹੈ, ਜਿਸ ਵਿਚ ਦਲਿਤ-ਮੁਸਲਿਮ ਗੱਠਜੋੜ ਦਾ ਮੁਲੰਮਾ ਚਾੜ੍ਹ ਕੇ ਸਮਾਜ ਨੂੰ ਵੰਡਣ ਦੀ ਕਲਪਨਾ ਕੀਤੀ ਗਈ ਹੈ। ਦਲਿਤ-ਮੁਸਲਿਮ ਗੱਠਜੋੜ ਨਾਲ ਥੋੜ੍ਹੇ ਚਿਰ ਲਈ ਤਾਂ ਸਿਆਸੀ ਉੱਲੂ ਸਿੱਧਾ ਕੀਤਾ ਜਾ ਸਕਦਾ ਹੈ ਪਰ ਇਸ ਨਾਲ ਕਿਸੇ ਨੂੰ ਸਮਾਜਿਕ ਨਿਆਂ ਮਿਲੇਗਾ, ਇਹ ਦਾਅਵਾ ਖੋਖਲਾ ਹੈ। 
ਆਜ਼ਾਦੀ ਤੋਂ ਪਹਿਲਾਂ ਦਲਿਤਾਂ ਲਈ ਕੰਮ ਕਰਨ ਵਾਲੇ ਨੇਤਾਵਾਂ ਵਿਚ ਜੋਗਿੰਦਰ ਨਾਥ ਮੰਡਲ ਨੇ ਇਸ ਅਸਫਲ ਗੱਠਜੋੜ ਦਾ ਸੰਤਾਪ ਝੱਲਿਆ ਹੈ। ਉਨ੍ਹਾਂ ਨੇ ਹਰ ਕਦਮ 'ਤੇ ਪਾਕਿਸਤਾਨ ਲਈ ਅੰਦੋਲਨ ਕਰਨ ਵਾਲੀ ਮੁਸਲਿਮ ਲੀਗ ਦਾ ਸਾਥ ਦਿੱਤਾ। ਵੰਡ ਤੋਂ ਬਾਅਦ ਬਣੀ ਪਾਕਿਸਤਾਨ ਸਰਕਾਰ ਵਿਚ ਉਹ ਕਾਨੂੰਨ ਅਤੇ ਕਿਰਤ ਮੰਤਰੀ ਵੀ ਬਣੇ। ਪਾਕਿਸਤਾਨ ਦੀ ਸੰਵਿਧਾਨ ਸਭਾ, ਜਿਸ ਵਿਚ ਜਿੱਨਾਹ ਨੂੰ ਗਵਰਨਰ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਸੀ, ਦੀ ਪ੍ਰਧਾਨਗੀ ਜਿੱਨਾਹ ਦੇ ਕਹਿਣ 'ਤੇ ਮੰਡਲ ਨੇ ਹੀ ਕੀਤੀ ਸੀ ਪਰ ਛੇਤੀ ਹੀ 'ਦਲਿਤ-ਮੁਸਲਿਮ ਭਾਈ-ਭਾਈ' ਨਾਅਰੇ ਦੀ ਅਸਲੀਅਤ ਉਨ੍ਹਾਂ ਦੇ ਸਾਹਮਣੇ ਆ ਗਈ।
ਆਪਣੇ ਉਦੇਸ਼ਾਂ ਦੀ ਪੂਰਤੀ (ਪਾਕਿਸਤਾਨ ਬਣਨ) ਤੋਂ ਬਾਅਦ ਮੁਸਲਿਮ ਲੀਗ ਦਾਰੁਲ-ਇਸਲਾਮ ਨੂੰ ਕਾਫਿਰਾਂ ਤੋਂ ਮੁਕਤ ਕਰਨ ਦੇ ਆਪਣੇ ਐਲਾਨੇ ਏਜੰਡੇ ਵਿਚ ਜੁਟ ਗਈ। ਹਜ਼ਾਰਾਂ ਦਲਿਤ ਮੁਸਲਿਮ ਕੱਟੜਪੰਥੀਆਂ ਦੇ ਤਸ਼ੱਦਦ ਦਾ ਸ਼ਿਕਾਰ ਹੋਏ। 8 ਅਕਤੂਬਰ 1950 ਨੂੰ ਪਾਕਿਸਤਾਨ ਦੇ ਤੱਤਕਾਲੀ ਪ੍ਰਧਾਨ ਮੰਤਰੀ ਲਿਆਕਤ ਅਲੀ ਨੂੰ ਭੇਜੇ ਆਪਣੇ ਅਸਤੀਫੇ ਵਿਚ ਜੋਗਿੰਦਰ ਨਾਥ ਮੰਡਲ ਨੇ ਲਿਖਿਆ ਕਿ : 
''ਸਿਲਹਟ ਜ਼ਿਲੇ ਦੇ ਹਬੀਬਗੜ੍ਹ ਵਿਚ ਹਿੰਦੂਆਂ, ਖਾਸ ਕਰਕੇ ਅਨੁਸੂਚਿਤ ਜਾਤੀ ਦੇ ਲੋਕਾਂ 'ਤੇ ਪੁਲਸ ਅਤੇ ਫੌਜ ਦਾ ਅੱਤਿਆਚਾਰ ਵਿਸਥਾਰ ਨਾਲ ਦੱਸਣਯੋਗ ਹੈ। ਸਥਾਨਕ ਪੁਲਸ ਅਤੇ ਮੁਸਲਮਾਨਾਂ ਨੇ ਬੇਕਸੂਰ ਔਰਤਾਂ-ਮਰਦਾਂ ਨੂੰ ਤਸੀਹੇ ਦਿੱਤੇ, ਔਰਤਾਂ ਦੀ ਇੱਜ਼ਤ ਲੁੱਟੀ ਗਈ, ਉਨ੍ਹਾਂ ਦੇ ਘਰਾਂ ਵਿਚ ਤੋੜ-ਭੰਨ ਕੀਤੀ ਗਈ, ਸ਼ਹਿਰ ਵਿਚ ਜਿੱਥੇ ਵੀ ਹਿੰਦੂ ਨਜ਼ਰ ਆਏ,ਉਨ੍ਹਾਂ ਨੂੰ ਮਾਰ ਦਿੱਤਾ ਗਿਆ ਤੇ ਇਹ ਸਭ ਪੁਲਸ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੁੰਦਾ ਰਿਹਾ। ਮੈਂ ਆਪਣੀ ਆਤਮਾ 'ਤੇ ਇਸ ਝੂਠ ਤੇ ਛਲਾਵੇ ਦਾ ਹੋਰ ਬੋਝ ਨਹੀਂ ਢੋ ਸਕਦਾ। ਇਸ ਲਈ ਤੁਹਾਡੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਰਿਹਾ ਹਾਂ।''
ਅੱਜ ਭਾਰਤ ਵਿਚ ਅਨੁਸੂਚਿਤ ਜਾਤੀ-ਜਨਜਾਤੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ 30 ਕਰੋੜ ਤੋਂ ਜ਼ਿਆਦਾ ਹੈ। ਹਿੰਦੂ ਸਮਾਜ ਅੰਦਰ ਹੋਏ ਸਮਾਜਿਕ ਸੁਧਾਰਾਂ ਤੋਂ ਬਾਅਦ ਦਲਿਤਾਂ ਤੇ ਪੱਛੜਿਆਂ ਨੂੰ ਬਰਾਬਰ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਰਾਖਵਾਂਕਰਨ ਵੀ ਪ੍ਰਾਪਤ ਹੈ, ਜਦਕਿ ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਇਨ੍ਹਾਂ ਦੀ ਹਾਲਤ ਤਰਸਯੋਗ ਹੈ। 
14 ਅਗਸਤ 1947 ਨੂੰ ਭਾਰਤ ਦੀ ਵੰਡ ਜਿਸ ਚਿੰਤਨ ਕਾਰਨ ਹੋਈ ਸੀ, ਉਹ ਅੱਜ ਵੀ ਭਾਰਤ ਵਿਚ ਸਰਗਰਮ ਹੈ ਅਤੇ ਆਪੇ ਬਣੇ ਸੈਕੁਲਰਿਸਟਾਂ ਦੇ ਆਸ਼ੀਰਵਾਦ ਨਾਲ ਭਾਰਤ ਨੂੰ ਮੁੜ ਤੋੜਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਅਖੌਤੀ ਸੈਕੁਲਰਵਾਦ ਦੇ ਨਾਂ 'ਤੇ ਦੇਸ਼ ਵਿਚ ਜੋ ਸਿਆਸੀ ਪਾਰਟੀਆਂ ਸਮਾਜਿਕ ਬੇਇਨਸਾਫੀ ਦੀ ਗੱਲ ਕਰ ਰਹੀਆਂ ਹਨ, ਉਨ੍ਹਾਂ ਦਾ ਇਕੋ-ਇਕ ਉਦੇਸ਼ ਦੇਸ਼ ਨੂੰ ਵੰਡਣ ਤੇ ਸਮਾਜ ਵਿਚ ਸੰਘਰਸ਼ ਜਾਰੀ ਰੱਖਣ ਦਾ ਰਿਹਾ ਹੈ। ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਤੋਂ ਬਾਅਦ ਉਸ ਦੀ ਮਾਂ ਰਾਧਿਕਾ ਦਾ ਸਿਆਸੀ ਇਸਤੇਮਾਲ ਇਸ ਦੀ ਮਿਸਾਲ ਹੈ। 


Related News