ਅਜੇ ਇਹ ਸਪੱਸ਼ਟ ਨਹੀਂ ਕਿ ਗੁਜਰਾਤ ਚੋਣਾਂ ਦੇ ਨਤੀਜੇ ਪਿਛਲੀ ਵਾਰ ਨਾਲੋਂ ਵੱਖ ਹੋਣਗੇ

11/13/2017 2:16:13 AM

ਹਰੇਕ ਭਾਰਤੀ ਚੋਣ ਨੂੰ ਇਕ ਪਟਕਥਾ ਅਤੇ ਇਕ ਸਿਤਾਰੇ ਦੀ ਲੋੜ ਹੁੰਦੀ ਹੈ। ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2001 'ਚ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿਚ ਆਪਣੀ ਸਿਆਸੀ ਯਾਤਰਾ ਸ਼ੁਰੂ ਕੀਤੀ, ਉਦੋਂ ਤੋਂ ਉਹ ਗੁਜਰਾਤ ਚੋਣਾਂ (2002, 2007 ਅਤੇ 2012) ਦੇ ਪਟਕਥਾ ਲੇਖਕ ਤੇ ਸਿਤਾਰੇ ਰਹੇ ਹਨ। 
ਇਸ ਵਾਰ ਤਿੰਨ ਨੌਜਵਾਨ ਸਿਆਸੀ ਐਕਟੀਵਿਸਟ—ਹਾਰਦਿਕ ਪਟੇਲ, ਜਿਗਨੇਸ਼ ਮੇਵਾਣੀ ਅਤੇ ਅਲਪੇਸ਼ ਠਾਕੋਰ—ਗੁਜਰਾਤ-2017 ਦੀ ਪਟਕਥਾ ਨੂੰ ਨਵੇਂ ਸਿਰੇ ਤੋਂ ਲਿਖਣ ਦੀ ਉਮੀਦ ਲਾਈ ਬੈਠੇ ਹਨ ਪਰ ਚੋਣ ਜੰਗ 'ਚ ਸਿਤਾਰਾ ਬਣਨਾ ਬਹੁਤ ਆਸਾਨ ਹੈ, ਜਦਕਿ ਅੰਤਿਮ ਦ੍ਰਿਸ਼ ਨੂੰ ਨਵੇਂ ਸਿਰੇ ਤੋਂ ਲਿਖਣਾ ਬਹੁਤ ਦੁਸ਼ਵਾਰ ਹੈ। 
ਗੁਜਰਾਤ 'ਚ ਪਾਟੀਦਾਰ ਭਾਈਚਾਰਾ ਹਾਰਦਿਕ ਪਟੇਲ ਅਤੇ ਦਲਿਤ ਮੇਵਾਣੀ ਦੇ ਨਾਲ ਹੈ, ਜਦਕਿ ਓ. ਬੀ. ਸੀ. ਦਾ ਇਕ ਵਰਗ ਅਲਪੇਸ਼ ਠਾਕੋਰ ਦੇ ਨਾਲ ਹੈ। ਜਦੋਂ ਤਕ ਇਹ ਤਿੰਨੋਂ ਮਿਲ ਕੇ ਕਾਂਗਰਸ ਦੇ ਪੱਖ 'ਚ ਇਕਜੁੱਟ ਨਹੀਂ ਹੁੰਦੇ, ਉਦੋਂ ਤਕ ਉਹ ਗੁਜਰਾਤ ਚੋਣਾਂ ਦੇ 'ਡਰਾਪ ਸੀਨ' ਪਿਛਲੀਆਂ ਚੋਣਾਂ ਦੀ ਤੁਲਨਾ 'ਚ ਕੋਈ ਬਦਲਾਅ ਨਹੀਂ ਲਿਆ ਸਕਣਗੇ ਕਿਉਂਕਿ ਇਸ ਵਾਰ ਦੀ ਚੋਣ ਵੀ ਪਿਛਲੇ ਡੇਢ ਦਹਾਕੇ ਵਾਂਗ ਨਰਿੰਦਰ ਮੋਦੀ ਦੇ ਦੁਆਲੇ ਹੀ ਘੁੰਮ ਰਹੀ ਹੈ। ਇਸ ਵਾਰ ਇਸ 'ਚ ਛੋਟੇ-ਮੋਟੇ ਬਦਲਾਅ ਹੀ ਆ ਸਕੇ ਹਨ। ਇਹ ਸਮਝਣਾ ਮਹੱਤਵਪੂਰਨ ਹੈ ਕਿ ਇਹ ਤਿੰਨੋਂ ਨੇਤਾ ਅਤੇ ਆਪਸ 'ਚ ਟਕਰਾਉਣ ਵਾਲੇ ਇਨ੍ਹਾਂ ਦੇ ਆਪੋ-ਆਪਣੇ ਜਾਤੀਗਤ ਆਧਾਰ ਕਿੱਥੇ ਖੜ੍ਹੇ ਹਨ? ਤਾਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਦੇ ਨਤੀਜਿਆਂ ਨੂੰ ਉਹ ਕਿਸ ਹੱਦ ਤਕ ਨਵਾਂ ਰੂਪ ਪ੍ਰਦਾਨ ਕਰਨ ਦੀ ਯੋਗਤਾ ਰੱਖਦੇ ਹਨ। 
ਢਿੱਲੇ-ਮੱਠੇ ਜੋਟੀਦਾਰ : ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤਿੰਨੋਂ ਹੀ ਨੇਤਾ ਆਪਣੀ-ਆਪਣੀ ਜਾਤੀ ਦੀਆਂ ਖਾਹਿਸ਼ਾਂ ਦੇ ਝੰਡਾਬਰਦਾਰ ਬਣ ਕੇ ਹੀ ਪ੍ਰਸਿੱਧੀ ਹਾਸਿਲ ਕਰ ਸਕੇ ਹਨ। ਜਿਥੇ ਹਾਰਦਿਕ ਨੇ ਪਟੇਲਾਂ ਦੀ ਰਿਜ਼ਰਵੇਸ਼ਨ ਦੀ ਮੰਗ ਉਠਾਈ, ਉਥੇ ਹੀ ਮੇਵਾਣੀ ਨੇ ਦਲਿਤਾਂ ਲਈ ਨਿਆਂ ਦੀ ਅਤੇ ਅਲਪੇਸ਼ ਨੇ ਓ. ਬੀ. ਸੀ. ਇਕਜੁੱਟਤਾ ਦੀ। ਤਿੰਨਾਂ ਵਲੋਂ ਚਲਾਏ ਗਏ ਅੰਦੋਲਨਾਂ 'ਚ ਇਸ ਗੱਲ ਨੂੰ ਰੇਖਾਂਕਿਤ ਨਹੀਂ ਕੀਤਾ ਗਿਆ ਸੀ ਕਿ ਕਾਂਗਰਸ ਕੋਈ ਅਜਿਹੀ ਪਾਰਟੀ ਹੈ, ਜੋ ਉਨ੍ਹਾਂ ਦੀਆਂ ਖਾਹਿਸ਼ਾਂ ਨੂੰ ਮੂਰਤ ਰੂਪ ਦੇ ਸਕੇ।
ਜਿਥੇ ਅਲਪੇਸ਼ ਠਾਕੋਰ ਕਾਂਗਰਸ ਵਿਚ ਸ਼ਾਮਿਲ ਹੋ ਚੁੱਕੇ ਹਨ, ਉਥੇ ਹੀ ਹਾਰਦਿਕ ਪਟੇਲ ਅਤੇ ਮੇਵਾਣੀ ਨੇ ਸਿਰਫ ਭਾਜਪਾ ਵਿਰੋਧੀ ਮੰਚ ਹੀ ਸਿਰਜਿਆ ਹੈ। ਉਨ੍ਹਾਂ ਦਾ ਸੰਦੇਸ਼ ਇਹ ਹੈ ਕਿ ਉਹ ਕਾਂਗਰਸ ਦਾ ਇਸ ਲਈ ਸਮਰਥਨ ਨਹੀਂ ਕਰ ਰਹੇ ਕਿ ਲਾਜ਼ਮੀ ਤੌਰ 'ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਹੈ, ਸਗੋਂ ਇਸ ਲਈ ਕਰ ਰਹੇ ਹਨ ਕਿ ਉਹ ਮੋਦੀ ਨੂੰ ਚੁਣੌਤੀ ਦੇ ਰਹੇ ਹਨ। 
ਕਿਸੇ ਚੋਣ—ਅਤੇ ਖਾਸ ਤੌਰ 'ਤੇ ਉਸ ਚੋਣ, ਜੋ ਸਪੱਸ਼ਟ ਤੌਰ 'ਤੇ ਪਾਰਟੀਆਂ ਵਿਚਾਲੇ ਦਾ ਮੁਕਾਬਲਾ ਹੋਵੇ ਅਤੇ ਇਕ ਪਾਸੇ ਮਹਾਮਾਨਵ ਵਰਗੀ ਦਿੱਖ ਹਾਸਿਲ ਕਰ ਚੁੱਕੇ ਪ੍ਰਧਾਨ ਮੰਤਰੀ ਡਟੇ ਹੋਏ ਹੋਣ—ਵਿਚ ਸਿਰਫ ਆਪਣੀ ਸਮੱਸਿਆ ਬਿਆਨ ਕਰ ਦੇਣਾ ਹੀ ਕਾਫੀ ਨਹੀਂ, ਸਗੋਂ ਅਜਿਹੇ ਨੇਤਾ ਵੀ ਚਾਹੀਦੇ ਹਨ, ਜੋ ਨਾ ਸਿਰਫ ਲੋਕਾਂ ਨੂੰ ਆਪਣੇ ਨਾਲ ਜੋੜ ਸਕਣ, ਸਗੋਂ ਹੱਲ ਦਾ ਵਾਅਦਾ ਵੀ ਕਰ ਸਕਣ। ਇਸ ਤੋਂ ਬਿਨਾਂ ਕਿਸੇ ਸਿਆਸੀ ਮੁਹਿੰਮ ਜਾਂ ਅਸੰਤੋਸ਼ ਨੂੰ ਚੋਣ ਜਿੱਤ ਵੱਲ ਤੋਰਨਾ ਮੁਸ਼ਕਿਲ ਹੈ। 
ਦੂਜੀ ਗੱਲ ਇਹ ਕਿ ਅਲਪੇਸ਼ ਠਾਕੋਰ ਨੇ ਓ. ਬੀ. ਸੀ. ਕਸ਼ੱਤਰੀ ਠਾਕੋਰ ਜਾਤੀ ਦੇ ਨੇਤਾ ਦੇ ਰੂਪ ਵਿਚ ਕੇਂਦਰੀ ਗੁਜਰਾਤ ਵਿਚ ਓ. ਬੀ. ਸੀ. ਦੇ ਇਕ ਵਰਗ ਦੇ ਚੈਂਪੀਅਨ ਦੇ ਰੂਪ ਵਿਚ ਆਪਣੀ ਦਿੱਖ ਬਣਾਈ ਹੈ। ਇਸੇ ਤਰ੍ਹਾਂ ਮੇਵਾਣੀ ਦਲਿਤ ਵਰਗ ਦੀ ਆਵਾਜ਼ ਬਣੇ ਹਨ। ਇਹ ਦੋਵੇਂ ਹੀ ਕਾਂਗਰਸ ਦੇ ਮੌਜੂਦਾ ਜਾਤੀਗਤ ਸਮੀਕਰਨਾਂ ਦੀ ਪੁਸ਼ਟੀ ਕਰਦੇ ਹਨ ਪਰ ਉਸ ਦੇ ਲਈ ਕਿਸੇ ਨਵੇਂ ਜਨ-ਆਧਾਰ ਦੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਨਹੀਂ ਖੋਲ੍ਹਦੇ। ਮਿਸਾਲ ਦੇ ਤੌਰ 'ਤੇ ਅਲਪੇਸ਼ ਠਾਕੋਰ ਦੇ ਪਿਤਾ ਅਹਿਮਦਾਬਾਦ ਜ਼ਿਲੇ 'ਚ ਕਾਂਗਰਸ ਦੇ ਨੇਤਾ ਹਨ ਅਤੇ ਜਿਸ ਜਾਤੀ ਦੀ ਉਹ ਅਗਵਾਈ ਕਰਦੇ ਹਨ, ਉਸੇ ਦਾ ਕਾਂਗਰਸ 'ਚ ਦਬਦਬਾ ਹੈ। 
ਗੁਜਰਾਤ ਕਾਂਗਰਸ ਦੇ ਮੌਜੂਦਾ ਪ੍ਰਦੇਸ਼ ਪ੍ਰਧਾਨ ਭਰਤ ਸਿੰਘ ਸੋਲੰਕੀ ਦੇ ਪਿਤਾ ਅਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਮਾਧਵ ਸਿੰਘ ਸੋਲੰਕੀ ਨੇ 70 ਦੇ ਦਹਾਕੇ ਦੇ ਅਖੀਰ 'ਚ ਕਸ਼ੱਤਰੀ, ਹਰੀਜਨ (ਭਾਵ ਦਲਿਤ), ਆਦੀਵਾਸੀ ਅਤੇ ਮੁਸਲਿਮ ਦੇ ਆਧਾਰ 'ਤੇ 'ਖਾਮ' ਦੇ ਨਾਂ ਨਾਲ ਮਸ਼ਹੂਰ ਇਕ ਜਾਤੀਗਤ ਗੱਠਜੋੜ ਬਣਾ ਲਿਆ ਸੀ, ਜੋ ਉਨ੍ਹਾਂ ਨੂੰ ਜਿੱਤ ਦਿਵਾ ਸਕੇ। ਇਸੇ ਗੱਠਜੋੜ ਕਾਰਨ ਗੁਜਰਾਤ 'ਚ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਪਟੇਲ ਵੋਟ ਕਾਂਗਰਸ ਤੋਂ ਦੂਰ ਹੋਣਾ ਸ਼ੁਰੂ ਹੋਇਆ। ਪਹਿਲਾਂ ਇਹ ਵੋਟ ਜਨਤਾ ਪਾਰਟੀ ਅਤੇ ਸਵ. ਚਿਮਨਭਾਈ ਪਟੇਲ ਵੱਲ ਗਿਆ ਅਤੇ ਬਾਅਦ 'ਚ ਭਾਜਪਾ ਦੇ ਸਮਰਥਨ 'ਚ ਡਟ ਗਿਆ। ਆਖਿਰ ਉਹ ਦਿਨ ਆਇਆ, ਜਦੋਂ ਪਟੇਲ ਭਾਜਪਾ ਦਾ ਸਭ ਤੋਂ ਮਜ਼ਬੂਤ ਜਨ-ਆਧਾਰ ਬਣ ਗਏ ਅਤੇ ਅੱਜ ਵੀ ਬਣੇ ਹੋਏ ਹਨ। 
ਆਪਣੀ ਜਾਤੀਗਤ ਆਧਾਰ ਰਚਨਾ ਦੇ ਅਨੁਰੂਪ ਕਾਂਗਰਸ ਨੇ ਮੁੱਖ ਤੌਰ 'ਤੇ ਭਾਜਪਾ ਛੱਡ ਕੇ ਆਏ ਸ਼ੰਕਰ ਸਿੰਘ ਵਘੇਲਾ ਦੇ ਨਾਲ-ਨਾਲ ਭਰਤ ਸਿੰਘ ਸੋਲੰਕੀ ਵਰਗੇ ਖੇਤਰੀ ਜਾਤੀ ਦੇ ਮਜ਼ਬੂਤ ਨੇਤਾਵਾਂ ਨੂੰ ਹੀ ਬੀਤੇ 2 ਦਹਾਕਿਆਂ ਤੋਂ ਚੋਣ ਮੁਹਿੰਮਾਂ ਦੇ ਕਰਣਧਾਰ ਬਣਾਈ ਰੱਖਿਆ ਹੈ। 
ਜਦੋਂ ਤਕ ਮੋਦੀ ਗੁਜਰਾਤ ਵਿਚ ਨਹੀਂ ਆਏ ਸਨ, ਕੇਂਦਰੀ ਤੇ ਉੱਤਰੀ ਗੁਜਰਾਤ ਵਿਚ 'ਖਾਮ' (ਕੇ. ਐੱਚ. ਏ. ਐੱਮ.) ਗੱਠਜੋੜ ਦਾ ਕਾਫੀ ਆਧਾਰ ਬਚਾਈ ਰੱਖਿਆ ਸੀ, ਜਦਕਿ ਭਾਜਪਾ ਪਟੇਲਾਂ ਦੇ ਗੜ੍ਹ ਸੌਰਾਸ਼ਟਰ ਵਿਚ ਇਕ ਜ਼ਬਰਦਸਤ ਸ਼ਕਤੀ ਬਣ ਚੁੱਕੀ ਸੀ ਪਰ ਜਦੋਂ ਓ. ਬੀ. ਸੀ. ਨਾਲ ਸੰਬੰਧਿਤ ਨਰਿੰਦਰ ਮੋਦੀ ਪਟੇਲਾਂ ਦੇ ਦਬਦਬੇ ਵਾਲੀ ਗੁਜਰਾਤ ਭਾਜਪਾ ਦੀ ਸਰਕਾਰ ਦੇ ਮੁੱਖ ਮੰਤਰੀ ਬਣ ਗਏ ਅਤੇ ਹਿੰਦੂਤਵ ਨੂੰ ਵਿਸਤਾਰ ਦਿੱਤਾ ਤਾਂ ਕੇਂਦਰੀ ਅਤੇ ਉੱਤਰੀ ਗੁਜਰਾਤ 'ਚ ਕਾਂਗਰਸ ਦੇ ਜਾਤੀਗਤ ਗੱਠਜੋੜ ਦੇ ਕਿਲੇ ਢਹਿਣ ਲੱਗੇ ਪਰ ਭਾਜਪਾ ਦੇ ਜਨ-ਆਧਾਰ ਵਿਚ ਕਿਸੇ ਕਿਸਮ ਦੀ ਕਮੀ ਨਹੀਂ ਆਈ। ਮੋਦੀ ਦੇ ਸ਼ਾਸਨ ਵਿਚ ਵੀ ਪਟੇਲਾਂ ਨੂੰ ਗੁਜਰਾਤ ਮੰਤਰੀ ਮੰਡਲ 'ਚ ਕਾਫੀ ਵੱਡੀ ਹਿੱਸੇਦਾਰੀ ਮਿਲਦੀ ਰਹੀ ਪਰ ਹੁਣ ਭਾਜਪਾ ਬਾਰੇ 'ਪਟੇਲਾਂ ਦੀ ਪਾਰਟੀ' ਹੋਣ ਦੀ ਧਾਰਨਾ ਵੀ ਬਦਲ ਗਈ ਸੀ। ਮੇਵਾਣੀ ਦੇ ਮਾਮਲੇ ਵਿਚ ਦਲਿਤਾਂ ਨੂੰ ਚੋਣ ਨਜ਼ਰੀਏ ਤੋਂ ਮੁੱਖ ਤੌਰ 'ਤੇ ਕਾਂਗਰਸ ਦੇ ਸਾਥੀ ਦੇ ਰੂਪ 'ਚ ਦੇਖਿਆ ਜਾਂਦਾ ਹੈ। ਉਹ ਪ੍ਰਦੇਸ਼ ਦੀ ਆਬਾਦੀ ਦਾ 7 ਫੀਸਦੀ ਬਣਦੇ ਹਨ। ਕਈ ਹੋਰ ਪ੍ਰਦੇਸ਼ਾਂ ਦੇ ਉਲਟ ਗੁਜਰਾਤ 'ਚ ਅਨੁਸੂਚਿਤ ਜਾਤੀਆਂ ਦੀ ਤੁਲਨਾ 'ਚ ਅਨੁਸੂਚਿਤ ਜਨਜਾਤੀਆਂ ਦੀ ਆਬਾਦੀ ਕਾਫੀ ਜ਼ਿਆਦਾ ਹੈ ਅਤੇ ਸੰਘ ਪਰਿਵਾਰ ਦੇ ਸੰਗਠਨਾਂ ਨੇ ਦੱਖਣੀ ਗੁਜਰਾਤ ਦੇ ਡਾਂਗ ਜ਼ਿਲੇ ਵਰਗੇ ਇਲਾਕਿਆਂ 'ਚ ਬਹੁਤ ਸਫਲਤਾ ਨਾਲ ਅਨੁਸੂਚਿਤ ਜਾਤੀਆਂ ਦੇ ਬਹੁਤ ਵੱਡੇ ਵਰਗ ਨੂੰ ਆਪਣੇ ਨਾਲ ਜੋੜ ਲਿਆ ਹੈ। 
ਇਹੀ ਕਾਰਨ ਹੈ ਕਿ ਸਿਰਫ ਠਾਕੋਰ ਅਤੇ ਮੇਵਾਣੀ ਵਲੋਂ ਆਪਣੇ ਦਮ 'ਤੇ ਕਾਂਗਰਸ ਦੇ ਪੱਖ 'ਚ ਕੋਈ ਵਰਣਨਯੋਗ ਫਰਕ ਪੈਦਾ ਕਰ ਸਕਣਾ ਸ਼ੱਕੀ ਦਿਖਾਈ ਦਿੰਦਾ ਹੈ। ਹਾਰਦਿਕ ਪਟੇਲ ਦੀ ਸਥਿਤੀ ਵੱਖਰੀ ਕਿਸਮ ਦੀ ਹੈ। ਉਹ ਇਕ ਅਜਿਹਾ ਵਿਅਕਤੀ ਹੈ, ਜੋ ਭਾਜਪਾ ਦੇ ਮੁੱਖ ਸਮਰਥਕ ਪਟੇਲ ਵੋਟ ਬੈਂਕ 'ਚ ਸੰਨ੍ਹ ਲਾ ਰਿਹਾ ਹੈ। ਉਂਝ ਇਹ ਕੋਈ ਪਹਿਲਾ ਮੌਕਾ ਨਹੀਂ, ਜਦੋਂ ਮੋਦੀ ਜਾਂ ਭਾਜਪਾ ਨੂੰ ਪਟੇਲਾਂ ਦੇ ਅਸੰਤੋਸ਼ ਜਾਂ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਇਕ ਤੋਂ ਬਾਅਦ ਇਕ ਬਗਾਵਤ  : ਮੋਦੀ ਨੂੰ ਪਹਿਲੀ ਵਾਰ ਵਿਆਪਕ ਸਿਆਸੀ ਬਗ਼ਾਵਤ ਦਾ ਸਾਹਮਣਾ 2004 'ਚ ਕਰਨਾ ਪਿਆ ਸੀ। 2002 ਦੇ ਦੰਗਿਆਂ ਤੋਂ ਬਾਅਦ ਦੇ ਵਾਤਾਵਰਣ ਵਿਚ ਵੀ ਪਾਰਟੀ ਨੂੰ ਚੋਣ ਜਿੱਤ ਦਿਵਾਉਣ ਕਾਰਨ ਮੋਦੀ ਨੇ ਆਪਣੀ ਪੁਜ਼ੀਸ਼ਨ ਮਜ਼ਬੂਤ ਕਰ ਲਈ ਸੀ ਪਰ 2004 'ਚ ਜਦੋਂ ਲੋਕ ਸਭਾ ਚੋਣਾਂ ਵਿਚ ਕਾਂਗਰਸ 26 'ਚੋਂ 12 ਸੀਟਾਂ ਜਿੱਤ ਗਈ ਤਾਂ ਭਾਜਪਾ ਬਹੁਤ ਸਦਮੇ ਵਿਚ ਸੀ। ਇਸ ਚੋਣ 'ਚ ਉਦੋਂ ਮੋਦੀ ਦੇ ਵਿਰੁੱਧ ਬਗ਼ਾਵਤ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੇ ਕੀਤੀ ਸੀ ਅਤੇ ਇਸ ਨੂੰ ਸੌਰਾਸ਼ਟਰ ਦੇ ਕੱਛ ਖੇਤਰਾਂ ਦੇ ਅਨੇਕ ਸੀਨੀਅਰ ਭਾਜਪਾ ਨੇਤਾਵਾਂ ਦਾ ਸਮਰਥਨ ਹਾਸਿਲ ਸੀ। 
ਅਸਲ 'ਚ 2001 ਵਿਚ ਮੋਦੀ ਖ਼ੁਦ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਕਾਰਨ ਹੀ ਗੁਜਰਾਤ ਦੇ ਮੁੱਖ ਮੰਤਰੀ ਬਣ ਸਕੇ ਸਨ ਅਤੇ ਸਾਰੇ ਧੜਿਆਂ ਨੂੰ ਇਕਜੁੱਟ ਰੱਖਣ ਲਈ ਉਹ ਇਕ 'ਕੰਪ੍ਰੋਮਾਈਜ਼ ਕੈਂਡੀਡੇਟ' ਦੇ ਰੂਪ ਵਿਚ ਨਿਯੁਕਤ ਕੀਤੇ ਗਏ ਸਨ। ਬਾਅਦ ਵਿਚ ਜੋ ਕੁਝ ਹੋਇਆ, ਉਹ ਇਤਿਹਾਸ ਬਣ ਚੁੱਕਾ ਹੈ ਪਰ ਮੋਦੀ ਦੇ ਗੁਜਰਾਤ ਵਿਚ ਆਉਣ ਤੋਂ ਪਹਿਲਾਂ ਤਕ ਭਾਜਪਾ ਦੇ ਇਕ ਤੋਂ ਬਾਅਦ ਇਕ ਮੁੱਖ ਮੰਤਰੀ ਦੀ ਸਰਕਾਰ ਪਲਟਾਈ ਗਈ ਸੀ। 
ਪਟੇਲ ਬਗਾਵਤ ਹਰੇਕ ਚੋਣ ਕਹਾਣੀ ਦਾ ਹਿੱਸਾ ਰਹੀ ਹੈ ਪਰ ਕੋਈ ਵੀ ਬਗਾਵਤ ਇੰਨੀ ਸ਼ਕਤੀਸ਼ਾਲੀ ਨਹੀਂ ਬਣ ਸਕੀ ਕਿ ਮੋਦੀ ਨੂੰ ਪਟੜੀ ਤੋਂ ਉਤਾਰ ਸਕੇ। 2007 ਦੀਆਂ ਚੋਣਾਂ ਤੋਂ ਪਹਿਲਾਂ ਹੀ ਗੋਵਰਧਨ ਜਦਾਫੀਆ (ਜੋ 2002 ਤੋਂ ਦੰਗਿਆਂ ਦੇ ਮੌਕੇ 'ਤੇ ਗੁਜਰਾਤ ਦੇ ਗ੍ਰਹਿ ਮੰਤਰੀ ਸਨ) ਨੇ ਖੁੱਲ੍ਹੀ ਬਗ਼ਾਵਤ ਸ਼ੁਰੂ ਕਰ ਦਿੱਤੀ ਸੀ। ਇਥੋਂ ਤਕ ਕਿ ਭਾਜਪਾ ਬਾਗ਼ੀਆਂ ਦੀਆਂ ਮੁਹਿੰਮ ਮੀਟਿੰਗਾਂ ਵਿਚ ਕਾਂਗਰਸੀ ਨੇਤਾ ਵੀ ਸ਼ਾਮਿਲ ਹੁੰਦੇ ਸਨ।  ਇਨ੍ਹਾਂ ਬਾਗੀਆਂ ਨੂੰ ਕੇਸ਼ੂਭਾਈ ਪਟੇਲ ਦਾ ਆਸ਼ੀਰਵਾਦ ਹਾਸਿਲ ਸੀ, ਹਾਲਾਂਕਿ ਉਹ ਖੁਦ ਭਾਜਪਾ 'ਚ ਹੀ ਬਣੇ ਰਹੇ। ਇਸ ਬਗਾਵਤ ਦਾ ਸਿਰਫ ਇੰਨਾ ਹੀ ਅਸਰ ਹੋ ਸਕਿਆ ਕਿ 2002 ਦੀ 127 ਵਿਧਾਇਕ ਗਿਣਤੀ ਘਟ ਕੇ 2007 'ਚ ਸਿਰਫ 117 ਤਕ ਹੀ ਆ ਸਕੀ ਸੀ। 
2012 'ਚ ਕੇਸ਼ੂਭਾਈ ਪਟੇਲ ਨੇ ਖ਼ੁਦ ਭਾਜਪਾ ਛੱਡ ਕੇ ਆਪਣੀ ਖ਼ੁਦ ਦੀ 'ਗੁਜਰਾਤ ਪਰਿਵਰਤਨ ਪਾਰਟੀ' ਲਾਂਚ ਕਰ ਲਈ। ਇਕ ਵਾਰ ਫਿਰ ਪਟੇਲਾਂ ਦੀ ਮਜ਼ਬੂਤ ਇਕਜੁੱਟਤਾ ਬਣ ਗਈ ਅਤੇ ਮੋਦੀ ਦੀਆਂ ਆਰਥਿਕ ਨੀਤੀਆਂ 'ਤੇ ਜ਼ੋਰਦਾਰ ਸਵਾਲ ਉੱਠਣ ਲੱਗੇ ਪਰ ਮੋਦੀ ਨੇ 116 ਵਿਧਾਇਕ ਜਿਤਾ ਕੇ ਫਿਰ ਤੋਂ ਮਜ਼ਬੂਤ ਮੁੱਖ ਮੰਤਰੀ ਦੇ ਰੂਪ ਵਿਚ ਵਾਪਸੀ ਕੀਤੀ, ਜਦਕਿ ਬਾਗੀਆਂ ਨੂੰ 4 ਫੀਸਦੀ ਤੋਂ ਵੀ ਘੱਟ ਵੋਟਾਂ ਮਿਲ ਸਕੀਆਂ ਸਨ। 
ਬੀਤੀਆਂ ਚੋਣਾਂ ਦੀ ਇਹ ਯਾਦ ਸਿਰਫ ਇਸ ਅਸਲੀਅਤ ਨੂੰ ਰੇਖਾਂਕਿਤ ਕਰਦੀ ਹੈ ਕਿ ਗੁਜਰਾਤ ਵਿਚ ਨਾ ਤਾਂ ਪਟੇਲਾਂ ਦੀ ਬਗਾਵਤ ਕੋਈ ਨਵੀਂ ਗੱਲ ਹੈ ਅਤੇ ਨਾ ਹੀ ਮੋਦੀ ਦੀਆਂ ਆਰਥਿਕ ਨੀਤੀਆਂ ਪ੍ਰਤੀ ਅਸੰਤੋਸ਼। ਅਪੋਜ਼ੀਸ਼ਨ ਲਈ ਮੁਸ਼ਕਿਲ ਵਾਲੀ ਗੱਲ ਇਹ ਹੈ ਕਿ ਉਸ ਦੇ ਕੋਲ ਕੋਈ ਵੀ ਸਭ ਨੂੰ ਮਨਜ਼ੂਰ ਨੇਤਾ ਜਾਂ ਮਜ਼ਬੂਤ ਉਮੀਦਵਾਰ ਨਹੀਂ ਹੈ, ਜੋ ਮੋਦੀ ਵਿਰੋਧੀਆਂ ਦੇ ਰੋਣੇ-ਧੋਣੇ ਨੂੰ ਚੋਣ ਜਿੱਤ 'ਚ ਬਦਲ ਸਕੇ। 
ਅਜਿਹੀ ਜਿੱਤ ਦੀ ਬਜਾਏ ਹੋਵੇਗਾ ਇਹ ਕਿ ਪਟੇਲ ਨੇਤਾ ਇਸ ਅਸੰਤੋਸ਼ ਨੂੰ ਭਾਜਪਾ ਦੇ ਵਿਰੁੱਧ ਦਬਾਅ ਬਣਾਉਣ ਲਈ ਵਰਤਣਗੇ ਅਤੇ ਪਾਰਟੀ ਅੰਦਰ ਆਪਣੇ ਲਈ ਵਧੇਰੇ ਅਗਵਾਈ ਅਤੇ ਸ਼ਕਤੀਆਂ ਹਾਸਿਲ ਕਰਨ ਦਾ ਯਤਨ ਕਰਨਗੇ। ਇਹ ਗੱਲ ਅਜੇ ਦਿਨ ਦੇ ਉਜਾਲੇ ਵਾਂਗ ਸਪੱਸ਼ਟ ਨਹੀਂ ਹੈ ਕਿ 2017 ਦੇ ਚੋਣ ਨਤੀਜੇ ਪਿਛਲੀਆਂ 3 ਚੋਣਾਂ ਤੋਂ ਕੁਝ ਵੱਖਰੇ ਹੋਣਗੇ। 


Related News