ਰਾਹੀਲ ਨੇ ਪਾਕਿਸਤਾਨ ''ਚੋਂ ਅੱਤਵਾਦ ਦੇ ਖਾਤਮੇ ਲਈ ''ਦਲੇਰੀ'' ਤਾਂ ਦਿਖਾਈ ਪਰ...

Tuesday, Dec 20, 2016 - 06:09 AM (IST)

ਰਾਹੀਲ ਨੇ ਪਾਕਿਸਤਾਨ ''ਚੋਂ ਅੱਤਵਾਦ ਦੇ ਖਾਤਮੇ ਲਈ ''ਦਲੇਰੀ'' ਤਾਂ ਦਿਖਾਈ ਪਰ...

ਪਾਕਿ ਫੌਜ ਦੇ ਮੁਖੀ ਰਹੇ ਜਨਰਲ ਰਾਹੀਲ ਸ਼ਰੀਫ ਨੂੰ ਦਿੱਤੀ ਜਾ ਰਹੀ ਵਿਦਾਇਗੀ ਦਾਅਵਤ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ ਤੇ ਕਿਹਾ ਕਿ ਉਹ ਪਾਕਿਸਤਾਨ ਦੇ ਬਿਹਤਰੀਨ ਸੈਨਾ ਮੁਖੀ ਸਨ, ਜੋ ਹਰੇਕ ਸਮੱਸਿਆ ਨਾਲ ਸਿੱਧੀ ਟੱਕਰ ਲੈਂਦੇ ਰਹੇ ਤੇ ਅੱਗੇ ਹੋ ਕੇ ਫੌਜ ਦੀ ਅਗਵਾਈ ਕਰਦੇ ਰਹੇ।
ਜਨਰਲ ਰਾਹੀਲ ਸ਼ਰੀਫ ਨੂੰ ਵੱਖ-ਵੱਖ ਹਲਕਿਆਂ ਤੋਂ ਜਿਸ ਤਰ੍ਹਾਂ ਤਾਰੀਫ ਮਿਲ ਰਹੀ ਹੈ, ਉਹ ਇਸ ਦੇ ਪੂਰੀ ਤਰ੍ਹਾਂ ਹੱਕਦਾਰ ਹਨ ਤੇ ਸ਼ਾਇਦ ਉਨ੍ਹਾਂ ਨੂੰ ਇਸ ਤੋਂ ਵੀ ਜ਼ਿਆਦਾ ਸਨਮਾਨ ਮਿਲਣਾ ਚਾਹੀਦਾ ਹੈ। ਪਾਕਿਸਤਾਨ ਵਿਚ ਫੌਜੀ ਤੇ ਸਿਵਲੀਅਨ ਲੀਡਰਸ਼ਿਪ ਦਰਮਿਆਨ ਤਣਾਅਪੂਰਨ ਰਿਸ਼ਤਿਆਂ ਦੇ ਪਿਛੋਕੜ ਵਿਚ ਵੀ ਉਨ੍ਹਾਂ ਨੇ ਫੌਜ ਦੇ ਮੁਖੀ ਵਜੋਂ ਪੇਸ਼ੇਵਰ ਢੰਗ ਨਾਲ ਆਪਣਾ ਫਰਜ਼ ਨਿਭਾਇਆ।
ਫਿਰ ਵੀ ਰਾਹੀਲ ਸ਼ਰੀਫ ਦੀ ਇੰਨੀ ਉਤਸ਼ਾਹ ਭਰੀ ਸ਼ਲਾਘਾ ਦੇ ਬਹੁਤ ਹੀ ਸੂਖ਼ਮ ਪਰਦੇ ਪਿੱਛੇ ਉਨ੍ਹਾਂ ਦੇ ਲੱਗਭਗ 3 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਉਨ੍ਹਾਂ ਦੇ ਰਿਸ਼ਤੇ ਲਗਾਤਾਰ ਤਣਾਅਪੂਰਨ ਹੀ ਰਹੇ ਹਨ। ਇਹੋ ਵਜ੍ਹਾ ਹੈ ਕਿ ਉਨ੍ਹਾਂ ਦੇ ਰਿਟਾਇਰ ਹੋਣ ''ਤੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਨੇੜਲੇ ਸਲਾਹਕਾਰ ਅੰਦਰਖਾਤੇ ਖੁਸ਼ ਹੋ ਰਹੇ ਹਨ ਕਿ ਹੁਣ ਨਵੇਂ ਸੈਨਾ ਮੁਖੀ ਦੀ ਨਿਯੁਕਤੀ ਨਾਲ ਨਵੀਂ ਸ਼ੁਰੂਆਤ ਹੋ ਸਕੇਗੀ। 
ਅੰਦਰੂਨੀ ਜਾਣਕਾਰੀ ਰੱਖਣ ਵਾਲਿਆਂ ਦਾ ਦਾਅਵਾ ਹੈ ਕਿ ਆਪਣੇ ਭਰਾ ਅਤੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਆਪਣੇ ਨੇੜਲੇ ਸਹਿਯੋਗੀ ਚੌਧਰੀ ਨਿਸਾਰ ਅਲੀ ਵਲੋਂ ਰਾਹੀਲ ਸ਼ਰੀਫ ਦਾ ਕਾਰਜਕਾਲ ਵਧਾਏ ਜਾਣ ਦੀ ਦਿੱਤੀ ਸਲਾਹ ਦੇ ਬਾਵਜੂਦ ਨਵਾਜ਼ ਸ਼ਰੀਫ ਆਪਣੇ ਸਟੈਂਡ ''ਤੇ ਡਟੇ ਰਹੇ। 
ਉਨ੍ਹਾਂ ਨੇ ਬਿਲਕੁਲ ਸਹੀ ਅੰਦਾਜ਼ਾ ਲਗਾਇਆ ਸੀ ਕਿ ਚੰਚਲ ਸੁਭਾਅ ਵਾਲੇ ਪਿਛਲੇ ਸੈਨਾ ਮੁਖੀ ਪ੍ਰਵੇਜ਼ ਮੁਸ਼ੱਰਫ਼ ਦੇ ਉਲਟ ਰਾਹੀਲ ਸ਼ਰੀਫ ਆਪਣੇ ਸੁਭਾਅ ਤੋਂ ਰਾਜਪਲਟਾ ਕਰਨ ਦਾ ਰੁਝਾਨ ਨਹੀਂ ਰੱਖਦੇ, ਫਿਰ ਵੀ ਆਪਣੇ ਮੁਕਾਬਲੇ ਰਾਹੀਲ ਸ਼ਰੀਫ ਦੀ ਜ਼ਿਆਦਾ ਹਰਮਨਪਿਆਰਤਾ ਤੋਂ ਸਹਿਮੇ ਨਵਾਜ਼ ਸ਼ਰੀਫ ਨੇ ਤਾੜ ਲਿਆ ਸੀ ਕਿ ਰਾਹੀਲ ਸ਼ਰੀਫ ਦੇ ਕਾਰਜਕਾਲ ''ਚ ਵਾਧਾ ਕਰਨਾ ਖ਼ੁਦ ਨੂੰ ਗੁੰਮਨਾਮੀ ਦੇ ਹਨੇਰੇ ਵਿਚ ਧੱਕਣ ਵਾਲੀ ਗੱਲ ਹੋਵੇਗੀ। 
ਕੁਝ ਵੀ ਹੋਵੇ, ਅਤੀਤ ਵਿਚ ਹੋਏ 3 ਵੱਡੇ ਰਾਜਪਲਟਿਆਂ ਦੇ ਸੰਦਰਭ ਵਿਚ ''ਕਿਆਨੀ ਸਿਧਾਂਤ'' ਦੇ ਤਹਿਤ ਫੌਜ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਉਹ ਸ਼ਬਦੀ ਅਰਥਾਂ ''ਚ ਬੰਦੂਕ ਦੀ ਨਾਲੀ ਅਤੇ ਜ਼ਬਰਦਸਤ ਜਾਸੂਸੀ ਤੰਤਰ ਦੇ ਬਲਬੂਤੇ ਉਤੇ ਆਪਣੇ ਹਿੱਸੇ ਦੀ ਮਲਾਈ ਹਾਸਿਲ ਕਰ ਸਕਦੀ ਹੈ। ਜਨਰਲ ਕਿਆਨੀ ਨੇ ਬੜੀ ਚਲਾਕੀ ਨਾਲ ਬੰਦੂਕ ਦੀ ਨਾਲੀ ਦੀ ਇਸ ਤਾਕਤ ਨੂੰ ਨਾ ਸਿਰਫ ਜ਼ਰਦਾਰੀ ਸਰਕਾਰ ਨੂੰ ਉਸ ਦੇ 5 ਵਰ੍ਹਿਆਂ ਦੇ ਕਾਰਜਕਾਲ ਤਕ ਸ਼ਿਕੰਜੇ ਵਿਚ ਫਸਾਈ ਰੱਖਣ ਲਈ ਇਸਤੇਮਾਲ ਕੀਤਾ, ਸਗੋਂ ਬਿਨਾਂ ਕਿਸੇ ਵਿਰੋਧ ਦੇ ਫੌਜ ਦੇ ਆਪਣੇ ਏਜੰਡੇ ਮੁਤਾਬਿਕ ਸੁਰੱਖਿਆ ਨੀਤੀਆਂ ਨੂੰ ਵੀ ਲਾਗੂ ਕੀਤਾ। ਇਸੇ ਪ੍ਰਕਿਰਿਆ ਦੀ ਬਦੌਲਤ ਜਨਰਲ ਕਿਆਨੀ 3 ਸਾਲ ਦਾ ਹੋਰ ਕਾਰਜਕਾਲ ਹਾਸਿਲ ਕਰਨ ''ਚ ਸਫਲ ਰਹੇ। 
ਪਿੱਛੇ ਜਿਹੇ ਇਕ ਇੰਟਰਵਿਊ ਵਿਚ ਜ਼ਰਦਾਰੀ ਨੇ ਇਹ ਮੰਨਿਆ ਸੀ ਕਿ ਉਨ੍ਹਾਂ ਨੇ ਲੋਕਤੰਤਰ ਅਤੇ ਖ਼ੁਦ ਨੂੰ ਮਜ਼ਬੂਤ ਕਰਨ ਲਈ ਜਨਰਲ ਕਿਆਨੀ ਦਾ ਕਾਰਜਕਾਲ ਵਧਾਇਆ ਸੀ ਪਰ ਫੌਜ ਦੇ ਧਾਕੜ ਪ੍ਰਭਾਵ ਵਿਰੁੱਧ ਢੇਰ ਸਾਰੀਆਂ ਸ਼ਿਕਾਇਤਾਂ ਆਉਣ ਤੋਂ ਬਾਅਦ ਜਦੋਂ ਮੈਂ ਯੂਸੁਫ ਰਜ਼ਾ ਗਿਲਾਨੀ ਨੂੰ ਇਹ ਸਵਾਲ ਉਦੋਂ ਕੁਰੇਦ ਕੇ ਪੁੱਛਿਆ, ਜਦੋਂ ਉਹ ਅਜੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੇ ਖੁੱਲ੍ਹ ਕੇ ਜਵਾਬ ਦਿੱਤਾ ਸੀ ਕਿ ਉਨ੍ਹਾਂ ਨੇ ਕਿਆਨੀ ਦੇ ਕਾਰਜਕਾਲ ਵਿਚ ਕੋਈ ਵਾਧਾ ਨਹੀਂ ਕੀਤਾ ਸੀ, ਸਗੋਂ ਕਿਆਨੀ ਨੇ ਖ਼ੁਦ ਹੀ ਆਪਣਾ ਕਾਰਜਕਾਲ ਵਧਾ ਲਿਆ ਸੀ। 
ਜਨਰਲ ਰਾਹੀਲ ਸ਼ਰੀਫ ਨੇ ਆਪਣੇ ਕਾਰਜਕਾਲ ਵਿਚ ਵਾਧਾ ਕਰਨ ਲਈ ਕੋਈ ਘਟੀਆ ਹੱਥਕੰਡੇ ਨਹੀਂ ਅਪਣਾਏ। ਫਿਰ ਵੀ ਮੇਰਾ ਮੰਨਣਾ ਹੈ ਕਿ ਜੇ ਨਵਾਜ਼ ਸ਼ਰੀਫ ਨੇ ਉਨ੍ਹਾਂ ਨੂੰ ਇਸ ਦੀ ਪੇਸ਼ਕਸ਼ ਕੀਤੀ ਹੁੰਦੀ ਤਾਂ ਰਾਹੀਲ ਨੇ ਆਪਣੇ ਬੁਲਾਰਿਆਂ ਦੀ ਉਲਟ ਡਰਾਮੇਬਾਜ਼ੀ ਦੇ ਬਾਵਜੂਦ ਇਹ ਪੇਸ਼ਕਸ਼ ਖੁਸ਼ੀ-ਖੁਸ਼ੀ ਕਬੂਲ ਕਰ ਲਈ ਹੁੰਦੀ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਤਵਾਦ ਪ੍ਰਤੀ ਆਪਣੀ ਸਪੱਸ਼ਟ, ਦਲੇਰਾਨਾ ਅਤੇ ਪੇਸ਼ੇਵਰ ਪਹੁੰਚ ਨਾਲ ਜਨਰਲ ਸ਼ਰੀਫ ਨੇ ਇਤਿਹਾਸ ਦੀ ਧਾਰਾ ਹੀ ਬਦਲ ਦਿੱਤੀ ਹੈ। 
ਰਾਜਪਲਟਾ ਕਰਕੇ ਤਾਨਾਸ਼ਾਹ ਬਣੇ ਸਵ. ਜਨਰਲ ਜ਼ਿਆ-ਉਲ-ਹੱਕ ਨੇ ਜਿਸ ਦਿਨ ਤੋਂ ਅਫਗਾਨਿਸਤਾਨ ਨਾਲ ਅਤੇ ਕਸ਼ਮੀਰ ''ਚ ਭਾਰਤ ਨਾਲ ਲੱਗਦੀ ਸਰਹੱਦ (ਐੱਲ. ਓ. ਸੀ.) ਉਤੇ ਜੇਹਾਦੀਆਂ ਨੂੰ ਹਥਿਆਰ ਵਜੋਂ ਵਰਤਿਆ ਸੀ, ਉਸ ਤੋਂ ਬਾਅਦ ਜਨਰਲ ਸ਼ਰੀਫ ਪਹਿਲੇ ਅਜਿਹੇ ਸੈਨਾ ਮੁਖੀ ਸਨ, ਜਿਨ੍ਹਾਂ ਨੇ ਮਜ਼੍ਹਬ ਦੇ ਨਾਂ ''ਤੇ ਅੱਤਵਾਦ ਫੈਲਾ ਕੇ ਪਾਕਿਸਤਾਨ ਨੂੰ ਤਬਾਹ ਕਰਨ ਵਾਲਿਆਂ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ। 
ਜਿਥੇ ਉੱਤਰੀ ਵਜ਼ੀਰਿਸਤਾਨ ਦੇ ਤਾਲਿਬਾਨੀ ਪ੍ਰਭਾਵ ਵਾਲੇ ਖੇਤਰਾਂ ਨੂੰ ਉਨ੍ਹਾਂ ਤੋਂ ਪਹਿਲਾਂ ਵਾਲੇ ਅਧਿਕਾਰੀਆਂ ਨੇ ਛੇੜਿਆ ਤਕ ਨਹੀਂ ਸੀ ਅਤੇ ਪਾਕਿ ਫੌਜ ਨੂੰ ਉਸ ਇਲਾਕੇ ਵਿਚ ਕੋਈ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਸੀ, ਉਥੇ ਹੀ ਜਨਰਲ ਸ਼ਰੀਫ ਨੂੰ ਤਾਲਿਬਾਨ ਦੀਆਂ ਇਨ੍ਹਾਂ ਖੇਤਰਾਂ ਵਿਚ ਬਣੀਆਂ ਪਨਾਹਗਾਹਾਂ ਨੂੰ ਤਬਾਹ ਕਰਨ ਵਿਚ ਜ਼ਰਾ ਵੀ ਝਿਜਕ ਨਹੀਂ ਸੀ। ਇਹ ਕਿਸੇ ਵੀ ਤਰ੍ਹਾਂ ਕੋਈ ਛੋਟਾ ਕਾਰਨਾਮਾ ਨਹੀਂ ਹੈ ਪਰ ਉਨ੍ਹਾਂ ਦੀ ਇਸ ਤੋਂ ਵੀ ਵੱਡੀ ਪ੍ਰਾਪਤੀ ਇਹ ਸੀ ਕਿ ਉਹ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਦੇ ਸਾਬਕਾ ਸਮਰਥਕਾਂ ਨੂੰ ਸਿਆਸੀ ਮੁੱਖ ਧਾਰਾ ਵਿਚ ਲੈ ਕੇ ਆਏ, ਜਦਕਿ ਸੱਤਾਧਾਰੀ ਨਵਾਜ਼ ਸ਼ਰੀਫ ਸਰਕਾਰ ਨਾਲ ਟੀ. ਟੀ. ਪੀ. ਨਾਲ ਅੱਖ-ਮਟੱਕਾ ਕਰਨ ਦਾ ਬਹੁਤ ਹੀ ਸ਼ਰਮਨਾਕ ਰਿਕਾਰਡ ਹੈ। ਇਸ ਦੇ ਲਈ ਸ਼ਰਤ ਸਿਰਫ ਇੰਨੀ ਸੀ ਕਿ ਟੀ. ਟੀ. ਪੀ. ਨਵਾਜ਼ ਸ਼ਰੀਫ ਦੀ ਸਰਕਾਰ ਨੂੰ ਕੋਈ ਠੇਸ ਨਹੀਂ ਪਹੁੰਚਾਏਗੀ। 
ਜਦੋਂ ਟੀ. ਟੀ. ਪੀ. ਦਾ ਨੇਤਾ ਹਕੀਮੁੱਲਾ ਮਹਿਸੂਦ ਉੱਤਰੀ ਵਜ਼ੀਰਿਸਤਾਨ ਵਿਚ ਨਵੰਬਰ 2013 ''ਚ ਇਕ ਡਰੋਨ ਹਮਲੇ ਵਿਚ ਮਾਰਿਆ ਗਿਆ ਤਾਂ ਗ੍ਰਹਿ ਮੰਤਰੀ ਨਿਸਾਰ ਅਲੀ ਖਾਂ ਨੇ ਰੋਣਾ ਰੋਇਆ ਕਿ ਡ੍ਰੋਨ ਹਮਲਾ ਸ਼ਾਂਤੀਵਾਰਤਾ ਦੇ ਵਿਰੁੱਧ ਹੋਇਆ ਹੈ, ਭਾਵ ਅੱਤਵਾਦੀਆਂ ਨਾਲ ਸਰਕਾਰ ਵਲੋਂ ਚਲਾਈ ਜਾ ਰਹੀ ਗੱਲਬਾਤ ਸਿਰਫ ਇਕ ਢਕਵੰਜ ਸੀ।
ਜਨਰਲ ਰਾਹੀਲ ਸ਼ਰੀਫ ਦਾ ਮੰਨਣਾ ਸੀ ਕਿ ਅੱਤਵਾਦ ਪਾਕਿਸਤਾਨ ਦੀ ਹੋਂਦ ਲਈ ਹੀ ਖਤਰਾ ਬਣਿਆ ਹੋਇਆ ਹੈ ਤੇ ਉਹ ਇਸ ਮੁੱਦੇ ''ਤੇ ਜਦੋਂ ਪ੍ਰਭਾਵਸ਼ਾਲੀ ਆਮ ਰਾਏ ਬਣਾਉਣ ''ਚ ਸਫਲ ਹੋਏ ਤਾਂ ਫੌਜ ਨੇ ਦੇਸ਼  ਭਰ ''ਚੋਂ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਫੈਸਲਾਕੁੰਨ ਹੱਲਾ ਬੋਲ ਦਿੱਤਾ। ਫਿਰ 2014 ਵਿਚ ''ਜਰਬ-ਏ-ਅਜ਼ਬ'' ਮੁਹਿੰਮ ਸ਼ੁਰੂ ਕਰਕੇ ਅੱਤਵਾਦ ਦੀ ਚੁਣੌਤੀ ਨੂੰ ਕਮਜ਼ੋਰ ਕਰਨਾ ਪਾਕਿਸਤਾਨ ਲਈ ਇਕ ਬਹੁਤ ਹੀ ਕਾਮਯਾਬੀ ਵਾਲੀ ਕਹਾਣੀ ਹੈ। ਕਰਾਚੀ ਵਿਚ ਵੀ ਉਨ੍ਹਾਂ ਨੇ ਇਸੇ ਤਰ੍ਹਾਂ ਅਪਰਾਧੀਆਂ, ਸਾੜ-ਫੂਕ ਕਰਨ ਅਤੇ ਫਿਰੌਤੀ ਮੰਗਣ ਵਾਲਿਆਂ ਦਾ ਸਫਾਇਆ ਕੀਤਾ ਸੀ। ਨਵਾਜ਼ ਸ਼ਰੀਫ ਦੇ ਅੰਦਰਖਾਤੇ ਮਿਲੇ ਸਹਿਯੋਗ ਸਦਕਾ ਰਾਹੀਲ ਸ਼ਰੀਫ ਨੇ ਸਿੰਧ ਵਿਚ ਮੁਹਾਜਿਰ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਦਾ ਵੀ ਲੱਕ ਤੋੜ ਦਿੱਤਾ ਤੇ ਉਹ ਕਈ ਹਿੱਸਿਆਂ ਵਿਚ ਵੰਡੀ ਗਈ। ਹੁਣ ਉਹ ਅਜਿਹੀ ਸਥਿਤੀ ਵਿਚ ਨਹੀਂ ਹੈ ਕਿ ਸਿਰਫ ਇਕ ਬਿਆਨ ਦੇ ਕੇ ਸਿੰਧ ਦੇ ਸਾਰੇ ਸ਼ਹਿਰਾਂ ਵਿਚ ਬਾਜ਼ਾਰ ਬੰਦ ਕਰਵਾ ਦੇਵੇ। 
ਫਿਰ ਵੀ ਇਹ ਦਾਅਵਾ ਕਰਨਾ ਕਿ ਅੱਤਵਾਦ ਦਾ ਪਾਕਿਸਤਾਨ ''ਚੋਂ ਸਫਾਇਆ ਹੋ ਗਿਆ ਹੈ ਅਤੇ ਅੱਤਵਾਦੀ ਆਪਣੀਆਂ ਜਾਨਾਂ ਬਚਾਉਣ ਲਈ ਮਾਰੇ-ਮਾਰੇ ਫਿਰ ਰਹੇ ਹਨ, ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦਾ। ਅਜੇ ਵੀ ਪਾਕਿਸਤਾਨ ਨੂੰ ਅੱਤਵਾਦ ਤੋਂ ਮੁਕਤ ਹੋਣ ਲਈ ਬਹੁਤ ਕੁਝ ਕਰਨਾ ਪਵੇਗਾ ਪਰ ਤੱਥ ਇਹ ਹੈ ਕਿ ਪਾਕਿਸਤਾਨ ਦਾ ਇਤਿਹਾਸ ਤੇ ਭੂਗੋਲ ਨੇੜਲੇ ਭਵਿੱਖ ਵਿਚ ਇਸ ਟੀਚੇ ਦੀ ਪੂਰਤੀ ਹੋਣ ਦਾ ਕੋਈ ਸੰਕੇਤ ਨਹੀਂ ਦਿੰਦੇ। ਬੇਸ਼ੱਕ ਰਾਹੀਲ ਸ਼ਰੀਫ ਅੱਤਵਾਦ ਵਿਰੁੱਧ ਲੜਾਈ ਦੇ ਮਾਮਲੇ ਵਿਚ ਸ਼ਾਬਾਸ਼ ਦੇ ਹੱਕਦਾਰ ਹਨ ਤਾਂ ਵੀ ਫੌਜ ਨੇ ਬਹੁਤ ਮਜ਼ਬੂਤ ਕਦਮਾਂ ਨਾਲ ਸਿਵਲੀਅਨ ਸਰਕਾਰ ਦੇ ਅਧਿਕਾਰ ਖੇਤਰ ਦੀ ਉਲੰਘਣਾ ਕੀਤੀ ਹੈ। 
ਉਂਝ ਤਾਂ ਜਨਰਲ ਸ਼ਰੀਫ ਖ਼ੁਦ ਵੀ ਆਪਣਾ ਪ੍ਰਚਾਰ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਸਨ ਤਾਂ ਵੀ ਫੌਜ ਦੇ ਲੰਮੇ-ਚੌੜੇ ਲੋਕ ਸੰਪਰਕ ਮਹਿਕਮੇ ਨੇ ਉਨ੍ਹਾਂ ਦੇ ਅਕਸ ਨੂੰ ਖੂਬ ਚਮਕਾਇਆ। ਫੌਜੀ ਤੇ ਸਿਵਲੀਅਨ ਲੀਡਰਸ਼ਿਪ ਦਰਮਿਆਨ ਤਣਾਅ ਹੁਣੇ-ਹੁਣੇ ਸਾਹਮਣੇ ਆਏ ''ਡਾਨ ਗੇਟ'' ਕਾਂਡ ਤੋਂ ਚੰਗੀ ਤਰ੍ਹਾਂ ਰੇਖਾਂਕਿਤ ਹੁੰਦਾ ਹੈ। ਆਪਣੇ ਤਿੰਨ ਕਾਰਜਕਾਲਾਂ ਦੌਰਾਨ ਨਵਾਜ਼ ਸ਼ਰੀਫ ਦੇ ਕਿਸੇ ਵੀ ਸੈਨਾ ਮੁਖੀ ਨਾਲ ਕਦੇ ਵੀ ਚੰਗੇ ਸੰਬੰਧ ਨਹੀਂ ਰਹੇ, ਬੇਸ਼ੱਕ ਉਨ੍ਹਾਂ ਦੀ ਚੋਣ ਨਵਾਜ਼ ਸ਼ਰੀਫ ਨੇ ਖ਼ੁਦ ਹੀ ਕਿਉਂ ਨਾ ਕੀਤੀ ਹੋਵੇ।   


Related News