ਚੀਨ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਵਿਰੋਧ ਪ੍ਰਦਰਸ਼ਨ
Saturday, Sep 16, 2023 - 03:01 PM (IST)

ਚੀਨ ’ਚ ਸਰਕਾਰ ਜਾਂ ਪ੍ਰਸ਼ਾਸਨ ਵਿਰੋਧੀ ਪ੍ਰਦਰਸ਼ਨ ਹੋਣਾ ਇਕ ਅਚੰਭੇ ਦੀ ਗੱਲ ਹੈ ਕਿਉਂਕਿ ਚੀਨ ’ਚ ਅਜਿਹੇ ਕੋਈ ਵੀ ਪ੍ਰਦਰਸ਼ਨ ਨਹੀਂ ਹੁੰਦੇ। ਜੇ ਛੋਟੇ-ਮੋਟੇ ਪੱਧਰ ’ਤੇ ਕੋਈ ਪ੍ਰਦਰਸ਼ਨ ਹੁੰਦਾ ਵੀ ਹੈ ਤਾਂ ਉਸ ਨੂੰ ਉੱਥੋਂ ਦੀ ਸਰਕਾਰ ਦਬਾ ਦਿੰਦੀ ਹੈ ਪਰ ਹੁਣ ਚੀਨ ਦੇ ਲੋਕ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਅਨਿਆਂ ਖਿਲਾਫ ਸ਼ਾਂਤ ਰਹਿ ਕੇ ਸਭ ਕੁਝ ਨਹੀਂ ਸਹਿੰਦੇ ਸਗੋਂ ਪਿਛਲੇ ਕੁਝ ਸਾਲਾਂ ’ਚ ਚੀਨੀ ਸਮਾਜ ਦੇ ਹਰ ਵਰਗ ’ਚ ਚੀਨ ਸਰਕਾਰ ਦੇ ਅਨਿਆਂ ਦੇ ਖਿਲਾਫ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।
ਲੋਕ ਨਿਆਂ ਦੀ ਆਸ ’ਚ ਅਨਿਆਂ ਖਿਲਾਫ ਆਵਾਜ਼ ਉਠਾਉਣ ’ਚ ਲੱਗੇ ਹਨ। ਇਸ ਦੇ ਪਿੱਛੇ ਦਾ ਕਾਰਨ ਹੈ ਕੋਰੋਨਾ ਮਹਾਮਾਰੀ, ਜਿਸ ਦੀ ਭਿਆਨਕਤਾ ਝੱਲਣ ਪਿੱਛੋਂ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ’ਚ ਗਲਤੀਆਂ ਦਿਸੀਆਂ ਅਤੇ ਲੋਕ ਇਨ੍ਹਾਂ ਨੀਤੀਆਂ ਵਿਰੁੱਧ ਉੱਚੀ ਸੁਰ ’ਚ ਬੋਲਣ ਲੱਗੇ। ਚੀਨ ’ਚ ਹੁਣ ਹਰ ਥਾਂ, ਹਰ ਖੇਤਰ ’ਚ ਵਿਰੋਧ ਪ੍ਰਦਰਸ਼ਨ ਵੀ ਹੁੰਦੇ ਹਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਹੁੰਦੀ ਹੈ।
ਹਾਲ ਹੀ ’ਚ ਚੀਨ ਦੇ ਹੂਨਾਨ ਸੂਬੇ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਪ੍ਰਦਰਸ਼ਨ ਵੱਖ-ਵੱਖ ਦੇਖਣ ਨੂੰ ਮਿਲੇ, ਵਿਦਿਆਰਥੀਆਂ ਦੇ ਇਸ ਵਿਰੋਧ ਪ੍ਰਦਰਸ਼ਨ ’ਚ ਹਾਈ ਸਕੂਲ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸਰਕਾਰ ਦੀਆਂ ਨੀਤੀਆਂ ਖਿਲਾਫ ਆਪਣੀ ਆਵਾਜ਼ ਉਠਾਈ। 2 ਸਤੰਬਰ ਨੂੰ ਹੂਨਾਨ ਸੂਬੇ ਦੇ ਯਾਨਛੰਗ ਸ਼ਹਿਰ ਦੇ ਫਸਟ ਸੀਨੀਅਰ ਹਾਈ ਸਕੂਲ ’ਚ ਵਿਦਿਆਰਥੀਆਂ ਨੇ ਆਪਣੇ ਪ੍ਰਦਰਸ਼ਨ ’ਚ 2 ਦਿਨ ਦੀ ਹਫਤਾਵਾਰੀ ਛੁੱਟੀ ਨੂੰ ਖਤਮ ਕਰਨ ਦੇ ਸਰਕਾਰ ਦੇ ਫੈਸਲੇ ਦਾ ਪੁਰਜ਼ੋਰ ਵਿਰੋਧ ਕੀਤਾ।
ਆਪਣੇ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ’ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਵੱਡੇ-ਵੱਡੇ ਪੋਸਟਰ ਲੈ ਕੇ ਆਪਣਾ ਵਿਰੋਧ ਪ੍ਰਗਟਾਇਆ ਜਿਨ੍ਹਾਂ ’ਚੋਂ ਕਈ ਪੋਸਟਰਾਂ ’ਤੇ ਲਿਖਿਆ ਸੀ ਪੁਰਾਣੀ ਹਫਤਾਵਾਰੀ ਛੁੱਟੀ ਨੂੰ ਪਾਉਣ ਲਈ ਸੰਘਰਸ਼ ਕਰੋ, ਜਿਵੇਂ ਪੱਛਮ ਯਰੂਸ਼ਲਮ ਦੇ ਬਿਨਾਂ ਨਹੀਂ ਰਹਿ ਸਕਦਾ, ਸ਼ਾਨਤੁੰਗ ਛਿੰਗਤਾਓ ਬਿਨਾਂ ਨਹੀਂ ਰਹਿ ਸਕਦਾ। ਠੀਕ ਉਵੇਂ ਹੀ ਫਸਟ ਸੀਨੀਅਰ ਹਾਈ ਸਕੂਲ ਪੁਰਾਣੀ ਛੁੱਟੀ ਵਿਵਸਥਾ ਦੇ ਬਿਨਾਂ ਨਹੀਂ ਰਹਿ ਸਕਦਾ।
ਵਿਦਿਆਰਥੀਆਂ ਵੱਲੋਂ ਨੋਟਿਸ ਬੋਰਡ ’ਤੇ ਲਾਏ ਗਏ ਪੋਸਟਰਾਂ ਨੂੰ ਸਕੂਲ ਪ੍ਰਸ਼ਾਸਨ ਨੇ ਅਖਬਾਰਾਂ ਚਿਪਕਾ ਕੇ ਢੱਕ ਦਿੱਤਾ। ਇਸ ਪਿੱਛੋਂ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਸਕੂਲ ਦੀ ਇਮਾਰਤ ਦੇ ਬਾਹਰ ਖੜ੍ਹੇ ਹੋ ਕੇ ਆਪਣਾ ਵਿਰੋਧ ਦਰਜ ਕਰਾਇਆ।
ਇਸ ਪਿੱਛੋਂ ਅਗਲਾ ਹੰਗਾਮਾ ਚੀਨ ਦੇ ਸੋਸ਼ਲ ਮੀਡੀਆ ’ਤੇ ਸ਼ੁਰੂ ਹੋਇਆ, ਜਿੱਥੇ ਸਕੂਲ ਦੇ ਬੱਚਿਆਂ ਵੱਲੋਂ ਹੱਥੀਂ ਲਿਖੇ ਗਏ ਪੋਸਟਰ ਦੇਖਣ ਨੂੰ ਮਿਲੇ ਜਿਨ੍ਹਾਂ ’ਤੇ ਲਿਖਿਆ ਸੀ ਕਿ ਸਕੂਲ ਨੇ ਨਾ ਸਿਰਫ ਪੋਸਟਰਾਂ ਨੂੰ ਅਖਬਾਰਾਂ ਨਾਲ ਢੱਕ ਦਿੱਤਾ ਸਗੋਂ ਹਾਈ ਸਕੂਲ ਦੇ 5000 ਵਿਦਿਆਰਥੀਆਂ ਨੂੰ ਵੀ ਚੁੱਪ ਕਰਾ ਦਿੱਤਾ। ਇਸ ਖਬਰ ਸਬੰਧੀ ਨੈਟੀਜ਼ਨਾਂ ਨੇ ਖੂਬ ਆਪਣੀ ਭੜਾਸ ਕੱਢੀ ਅਤੇ ਸਕੂਲ ਪ੍ਰਸ਼ਾਸਨ ਉਪਰ ਤਾਨਾਸ਼ਾਹ ਹੋਣ ਦਾ ਦੋਸ਼ ਤਕ ਲਾ ਿਦੱਤਾ।
ਇਸ ਪਿੱਛੋਂ ਸਕੂਲ ’ਚ ਸ਼ਾਮ ਨੂੰ ਢੇਰ ਸਾਰੇ ਸਕੂਲ ਦੇ ਬੱਚੇ ਖੜ੍ਹੇ ਹੋ ਕੇ ਸਕੂਲ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ। ਸੀਨਾ ਬੇਈਬੋ ’ਤੇ ਮਿਲੀ ਜਾਣਕਾਰੀ ਮੁਤਾਬਕ ਸਕੂਲ ਪ੍ਰਸ਼ਾਸਨ ਨੇ ਬੁਲੇਟਿਨ ਬੋਰਡ ਕੋਲ ਅਧਿਆਪਕਾਂ ਨੂੰ ਇਸ ਨਿਰਦੇਸ਼ ਨਾਲ ਖੜ੍ਹਾ ਕਰ ਦਿੱਤਾ ਕਿ ਜੋ ਵੀ ਵਿਦਿਆਰਥੀ ਪ੍ਰਦਰਸ਼ਨ ਕਰਨ ਆਉਣ, ਉਨ੍ਹਾਂ ਦਾ ਵੀਡੀਓ ਬਣਾਇਆ ਜਾਵੇ। ਨਾਲ ਹੀ ਕਿਸੇ ਨੂੰ ਵੀ ਬੁਲੇਟਿਨ ਬੋਰਡ ’ਤੇ ਪੋਸਟਰ ਨਾ ਲਾਉਣ ਦਿੱਤਾ ਜਾਵੇ।
ਇਸ ਪਿੱਛੋਂ ਸਕੂਲ ਪ੍ਰਸ਼ਾਸਨ ਨੇ ਸਾਰੇ ਵੱਡੇ ਪੋਸਟਰਾਂ ਨੂੰ ਹਟਾ ਦਿੱਤਾ, ਕੁਝ ਵਿਦਿਆਰਥੀਆਂ ਨੂੰ ਫੜ ਲਿਆ ਅਤੇ ਜੋ ਵਿਦਿਆਰਥੀ ਦੂਜੇ ਸ਼ਹਿਰਾਂ, ਸੂਬਿਆਂ ਤੋਂ ਆ ਕੇ ਪੜ੍ਹਾਈ ਕਰ ਰਹੇ ਸਨ ਅਤੇ ਉਨ੍ਹਾਂ ਨੇ ਅੰਦੋਲਨ ’ਚ ਹਿੱਸਾ ਲਿਆ ਸੀ, ਉਨ੍ਹਾਂ ਨੂੰ ਸਕੂਲ ’ਚੋਂ ਕੱਢ ਦਿੱਤਾ, ਨਾਲ ਹੀ ਸਥਾਨਕ ਵਿਦਿਆਰਥੀਆਂ ਨੂੰ ਇਸ ਨਾਲ ਸਬਕ ਸਿਖਾਇਆ ਅਤੇ ਬਾਕੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ’ਚ ਹੋਣ ਵਾਲੀਆਂ ਔਕੜਾਂ ਸਮਝਾਉਂਦੇ ਹੋਏ ਸਕੂਲ ਪ੍ਰਸ਼ਾਸਨ ਨੇ ਅੰਦੋਲਨ ਸ਼ਾਂਤ ਕਰ ਦਿੱਤਾ ਪਰ ਇਸ ਘਟਨਾ ਨੇ ਸੋਸ਼ਲ ਮੀਡੀਆ ’ਤੇ ਆਮ ਜਨਤਾ ਦਾ ਜ਼ਿਆਦਾ ਧਿਆਨ ਖਿੱਚਿਆ, ਵੱਡੀ ਿਗਣਤੀ ’ਚ ਲੋਕਾਂ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਪਣੇ ਹੱਕਾਂ ਲਈ ਲੜ ਕੇ ਵਿਦਿਆਰਥੀਆਂ ਨੇ ਇਕ ਨਵੀਂ ਮਿਸਾਲ ਖੜ੍ਹੀ ਕੀਤੀ ਹੈ। ਕੁਝ ਲੋਕਾਂ ਨੇ ਲਿਖਿਆ ਕਿ ਹੁਣ ਅਜਿਹੇ ਅੰਦੋਲਨ ਆਮ ਹੋਣਗੇ ਅਤੇ ਸਿਰਫ ਵਿਦਿਆਰਥੀ ਹੀ ਨਹੀਂ ਸਗੋਂ ਸਮਾਜ ਦੇ ਹਰ ਤਬਕੇ ਤੋਂ ਲੋਕ ਆਪਣੇ ਅਧਿਕਾਰਾਂ ਦੀ ਲੜਾਈ ਲੜਨ ਲਈ ਸਾਹਮਣੇ ਆਉਣਗੇ।
ਓਧਰ ਹੂਨਾਨ ਸੂਬੇ ਦੇ ਲੋਊਯਾਂਗ ਸ਼ਹਿਰ ’ਚ 4 ਸਤੰਬਰ ਨੂੰ ਅਧਿਆਪਕਾਂ ਨੇ ਵੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦੇ ਅੰਦੋਲਨ ਦਾ ਕਾਰਨ ਸੀ ਇਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਸੀ। ਮਿਨਚਿੰਗ ਜ਼ਿਲੇ ਦੇ ਫਸਟ ਸੀਨੀਅਰ ਹਾਈ ਸਕੂਲ ਦੇ ਲਗਭਗ 100 ਅਧਿਆਪਕਾਂ ਨੇ ਸਕੂਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ, ਇਹ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸਕੂਲ ਸਾਹਮਣੇ ਸਮੂਹਿਕ ਤੌਰ ’ਤੇ ਬੈਠ ਗਏ ਅਤੇ ਇਸ ਤਰ੍ਹਾਂ ਸਕੂਲ ਪ੍ਰਸ਼ਾਸਨ ਵਿਰੁੱਧ ਆਪਣਾ ਵਿਰੋਧ ਦਰਜ ਕਰਾਇਆ।