ਪੰਜਾਬ 'ਚ ਵੱਧ ਰਹੀ ਗਰਮੀ ਅਤੇ ਹੀਟ ਵੇਵ ਦੀ ਚਿਤਾਵਨੀ ਦਰਮਿਆਨ ਸਕੂਲਾਂ ਲਈ ਨਵੇਂ ਹੁਕਮ ਜਾਰੀ
Friday, Apr 25, 2025 - 01:59 PM (IST)

ਲੁਧਿਆਣਾ (ਵਿੱਕੀ : ਪੰਜਾਬ ਵਿਚ ਵੱਧ ਰਹੀ ਗਰਮੀ ਅਤੇ ਭਵਿੱਖ ਵਿਚ ਹੀਟ ਵੇਵ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਕੂਲਾਂ ਲਈ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਨਵੀਂ ਦਿੱਲੀ ਵੱਲੋਂ ਜਾਰੀ ਕੀਤੀਆਂ ਗਈਆਂ 'ਪ੍ਰੀਵੈਂਸ਼ਨ ਐਂਡ ਮੈਨੇਜਮੈਂਟ ਆਫ ਹੀਟ-ਵੇਵ ਸਬੰਧੀ ਗਾਈਡਲਾਈਨਜ਼ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ ਹਦਾਇਤਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗਰਮੀ ਦੀ ਲਹਿਰ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਹੈ।
ਇਹ ਵੀ ਪੜ੍ਹੋ : ਡ੍ਰਾਈਵਿੰਗ ਲਾਇਸੈਂਸ ਨੂੰ ਲੈ ਕੇ ਪਿਆ ਨਵਾਂ ਪੰਗਾ, ਹੁਣ ਖੜ੍ਹੀ ਹੋਈ ਇਹ ਵੱਡੀ ਪ੍ਰੇਸ਼ਾਨੀ
ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਵੇਰ ਦੀ ਸਭਾ, ਫਿਜ਼ੀਕਲ ਐਜੂਕੇਸ਼ਨ ਪੀਰੀਅਡ ਜਾਂ ਕਲਾਸਰੂਮ ਵਿਚ ਵਿਦਿਆਰਥੀਆਂ ਨੂੰ ਇਨ੍ਹਾਂ ਗਾਈਡਲਾਈਨਜ਼ ਤੋਂ ਜਾਣੂ ਕਰਵਾਉਣ। ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ ਵਿਚ ਆਖਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਲਈ ਉਤਸ਼ਾਹਿਤ ਕੀਤਾ ਜਾਵੇ, ਭਾਵੇਂ ਉਨ੍ਹਾਂ ਨੂੰ ਪਿਆਸ ਨਾ ਵੀ ਲੱਗੀ ਹੋਵੇ। ਓ.ਆਰ.ਐੱਸ, ਨਿੰਬੂ ਪਾਣੀ, ਲੱਸੀ ਵਰਗੇ ਘਰੇਲੂ ਤਰਲ ਪਦਾਰਥਾਂ ਦਾ ਸੇਵਨ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ। ਬੱਚਿਆਂ ਨੂੰ ਹਲਕੇ ਰੰਗਾਂ ਦੇ, ਢਿੱਲੇ ਅਤੇ ਸੂਤੀ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਵੇ। ਧੁੱਪ ਵਿਚ ਬਾਹਰ ਨਿਕਲਦੇ ਸਮੇਂ ਸਿਰ ਢੱਕਣ ਲਈ ਟੋਪੀ, ਕੱਪੜਾ ਜਾਂ ਛੱਤਰੀ ਦੀ ਵਰਤੋਂ ਕੀਤੀ ਜਾਵੇ। ਘਰ ਦੇ ਅੰਦਰ ਜਾਂ ਛਾਂ ਵਿਚ ਰਹੋ: ਦਿਨ ਦੇ ਗਰਮ ਸਮੇਂ ਦੌਰਾਨ (ਖਾਸ ਕਰਕੇ ਦੁਪਹਿਰ 12 ਤੋਂ 3 ਵਜੇ ਤੱਕ) ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਸਰੀਰਕ ਗਤੀਵਿਧੀਆਂ ਜਾਂ ਬਾਹਰੀ ਖੇਡਾਂ ਨੂੰ ਦਿਨ ਦੇ ਠੰਡੇ ਸਮੇਂ, ਯਾਨੀ ਸਵੇਰ ਜਾਂ ਸ਼ਾਮ ਤੱਕ ਮੁਲਤਵੀ ਕੀਤਾ ਜਾਵੇ। ਸਥਾਨਕ ਮੌਸਮ ਦੀ ਜਾਣਕਾਰੀ ਲਈ ਰੇਡੀਓ, ਟੀਵੀ ਜਾਂ ਅਖ਼ਬਾਰ ਸੁਣਨ/ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ।
ਇਹ ਵੀ ਪੜ੍ਹੋ : Punjab : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਨਵੇਂ ਹੁਕਮ ਜਾਰੀ
ਕੀ ਨਾ ਕਰੀਏ
ਦੁਪਹਿਰ ਵੇਲੇ ਸਖ਼ਤ ਸਰੀਰਕ ਕੰਮ, ਨੰਗੇ ਪੈਰੀਂ ਬਾਹਰ ਜਾਣਾ, ਚਾਹ, ਕੌਫੀ ਅਤੇ ਕਾਰਬੋਨੇਟਡ ਡਰਿੰਕਸ ਦੇ ਸੇਵਨ ਤੋਂ ਬਚਣ ਬਾਰੇ ਦੱਸਿਆ ਜਾਵੇ। ਬਾਸੀ ਭੋਜਨ ਨਾ ਖਾਣ ਦੀ ਹਦਾਇਤ ਕੀਤੀ ਜਾਵੇ।
ਨਜ਼ਰ ਆਉਣ ਇਹ ਲੱਛਣ ਤਾਂ ਸਾਵਧਾਨ
ਵਿਦਿਆਰਥੀਆਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੀਟ ਸਪ੍ਰੈੱਸ ਜਾਂ ਹੀਟ ਸਟ੍ਰੋਕ ਦੇ ਲੱਛਣਾਂ (ਸਿਰ ਦਰਦ, ਚੱਕਰ ਆਉਣਾ, ਕਮਜ਼ੋਰੀ ਆਦਿ) ਬਾਰੇ ਦੱਸਿਆ ਜਾਵੇ ਅਤੇ ਅਜਿਹੀ ਸਥਿਤੀ ਵਿਚ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਆ ਜਾਵੇ। ਇਸ ਪੱਤਰ ਵਿਚ ਕਮਜ਼ੋਰ ਵਰਗਾਂ ਜਿਵੇਂ ਕਿ ਛੋਟੇ ਬੱਚੇ, ਗਰਭਵਤੀ ਔਰਤਾਂ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਘਰਾਂ ਨੂੰ ਠੰਡਾ ਰੱਖਣ, ਰੁੱਖ ਲਗਾਉਣ ਅਤੇ ਪਾਣੀ ਤੇ ਬਿਜਲੀ ਬਚਾਉਣ ਵਰਗੀਆਂ ਆਮ ਸਾਵਧਾਨੀਆਂ ਬਾਰੇ ਵੀ ਦੱਸਿਆ ਗਿਆ ਹੈ। ਸਕੂਲਾਂ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਗਰਮੀ ਦੀ ਲਹਿਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ ਅਤੇ ਵਿਦਿਆਰਥੀਆਂ ਦੀ ਸਿਹਤ ਸੁਰੱਖਿਅਤ ਰਹੇ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ, ਸਰਪੰਚਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e