ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਲਿਆਈ ਰੰਗ, ਹੈਰੋਇਨ ਅਤੇ ਭੁੱਕੀ ਸਣੇ 2 ਸਕੇ ਭਰਾ ਕਾਬੂ

Thursday, May 01, 2025 - 09:01 AM (IST)

ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਲਿਆਈ ਰੰਗ, ਹੈਰੋਇਨ ਅਤੇ ਭੁੱਕੀ ਸਣੇ 2 ਸਕੇ ਭਰਾ ਕਾਬੂ

ਲੁਧਿਆਣਾ (ਅਨਿਲ, ਸ਼ਿਵਮ) : ਪੁਲਸ ਕਮਿਸ਼ਨਰ ਲੁਧਿਆਣਾ ਆਈ. ਪੀ. ਐੱਸ. ਸਵਪਨ ਸ਼ਰਮਾ ਦੀ ਅਗਵਾਈ ਹੇਠ ਕ੍ਰਾਈਮ ਬ੍ਰਾਂਚ-1 ਦੀ ਪੁਲਸ ਟੀਮ ਨੇ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ 2 ਨਸ਼ਾ ਸਮੱਗਲਰ ਭਰਾਵਾਂ ਨੂੰ ਹੈਰੋਇਨ ਅਤੇ ਭੁੱਕੀ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. (ਇਨਵੈਸਟੀਗੇਸ਼ਨ) ਅਮਨਦੀਪ ਸਿੰਘ ਬਰਾੜ ਅਤੇ ਏ. ਸੀ. ਪੀ. ਕ੍ਰਾਈਮ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ-1 ਦੇ ਇੰਚਾਰਜ ਇੰਸ. ਕੁਲਵੰਤ ਸਿੰਘ ਦੀ ਪੁਲਸ ਟੀਮ ਥਾਣਾ ਲਾਡੋਵਾਲ ਅਧੀਨ ਪੈਂਦੇ ਲਾਡੋਵਾਲ ਬਾਈਪਾਸ ਨੇੜੇ ਮੌਜੂਦ ਸੀ। ਉਸੇ ਸਮੇਂ ਖਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇਕ ਚਿੱਟੇ ਰੰਗ ਦੀ ਕਾਰ ’ਚ 2 ਸਮੱਗਲਰ ਉਕਤ ਖੇਤਰ ’ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਆ ਰਹੇ ਹਨ, ਜਿਸ ਤੋਂ ਬਾਅਦ ਪੁਲਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਚਿੱਟੇ ਰੰਗ ਦੀ ਮਾਰੂਤੀ ਕਾਰ ਨੂੰ ਚੈਕਿੰਗ ਲਈ ਰੋਕਿਆ।

ਇਹ ਵੀ ਪੜ੍ਹੋ : ਰੇਲਵੇ ਟ੍ਰੈਕ ’ਤੇ ਮਿਲੇ ਲਵਾਰਿਸ ਬੈਗ ’ਚੋਂ ਨਿਕਲੀਆਂ 7380 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ

ਜਦੋਂ ਪੁਲਸ ਟੀਮ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ ’ਚ 2 ਵਿਅਕਤੀ ਬੈਠੇ ਸਨ, ਜਿਨ੍ਹਾਂ ਤੋਂ ਪੁਲਸ ਨੂੰ 310 ਗ੍ਰਾਮ ਹੈਰੋਇਨ ਅਤੇ 20 ਕਿਲੋ ਭੁੱਕੀ ਬਰਾਮਦ ਹੋਈ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਬੂਟਾ ਸਿੰਘ ਅਤੇ ਜੁਗਰਾਜ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਪਿੰਡ ਕਨ੍ਹੱਈਆ ਥਾਣਾ ਸਿੱਧਵਾਂ ਵੇਟ ਵਜੋਂ ਹੋਈ ਹੈ।ਪੁਲਸ ਨੇ ਦੋਵਾਂ ਨਸ਼ਾ ਸਮੱਗਲਰਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਲਾਡੋਵਾਲ ’ਚ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਏ. ਡੀ. ਸੀ. ਪੀ. ਬਰਾੜ ਨੇ ਦੱਸਿਆ ਕਿ ਅੱਜ ਦੋਵੇਂ ਨਸ਼ਾ ਸਮੱਗਲਰਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਸ ਖੇਤਰ ’ਚ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਕਿਸ ਨੂੰ ਸਪਲਾਈ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਦੋਵੇਂ ਦੋਸ਼ੀ ਨਸ਼ੇੜੀ ਵੀ ਹਨ। ਪੁਲਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦਾ ਖੁਲਾਸਾ ਪੁਲਸ ਆਉਣ ਵਾਲੇ ਦਿਨਾਂ ’ਚ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News