ਆਰਥਿਕ ਮੋਰਚੇ ''ਤੇ ਪਾਕਿਸਤਾਨ ਦੀ ''ਹਾਲਤ'' ਇੰਨੀ ਖਰਾਬ ਕਦੇ ਨਹੀਂ ਸੀ

10/11/2019 12:27:14 AM

ਪਾਕਿਸਤਾਨ 'ਚ ਇਸ ਸਮੇਂ ਇਮਰਾਨ ਖਾਨ ਸਰਕਾਰ ਆਰਥਿਕ ਦ੍ਰਿਸ਼ 'ਤੇ ਬੁਰੀ ਤਰ੍ਹਾਂ ਨਾਲ ਫਸ ਗਈ ਹੈ। ਆਉਣ ਵਾਲੇ ਦਿਨਾਂ 'ਚ ਗੁਆਂਢੀ ਦੇਸ਼ 'ਚ ਇਕ ਹੋਰ ਸੱਤਾ ਤਬਦੀਲੀ ਦੇਖਣ ਨੂੰ ਮਿਲੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਦੇ ਕੁਲ ਕਰਜ਼ੇ 'ਚ 7509 ਅਰਬ (ਪਾਕਿਸਤਾਨੀ) ਰੁਪਏ ਦਾ ਵਾਧਾ ਹੋਇਆ ਹੈ। ਕਰਜ਼ੇ ਦਾ ਅੰਕੜਾ ਇੰਨਾ ਵਧ ਗਿਆ ਹੈ ਕਿ ਸਟੇਟ ਬੈਂਕ ਆਫ ਪਾਕਿਸਤਾਨ ਨੇ ਕਰਜ਼ੇ ਨਾਲ ਜੁੜੇ ਇਨ੍ਹਾਂ ਅੰਕੜਿਆਂ ਦੀ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਨੂੰ ਭਿਜਵਾ ਦਿੱਤੀ ਹੈ।

ਕਰਜ਼ ਦਾ ਰਿਕਾਰਡ
ਪਾਕਿਸਤਾਨ ਦੇ ਆਰਥਿਕ ਹਾਲਾਤ ਦਿਨੋ-ਦਿਨ ਹੋਰ ਖਰਾਬ ਹੁੰਦੇ ਹਨ। ਰੋਜ਼ਾਨਾ ਦੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਨੇ ਪਾਕਿਸਤਾਨ ਦਾ ਲੱਕ ਤੋੜ ਦਿੱਤਾ ਹੈ। ਇਮਰਾਨ ਖਾਨ ਦੇ ਸੱਤਾ ਵਿਚ ਆਉਣ ਦੇ ਇਕ ਸਾਲ ਬਾਅਦ ਹੀ ਪਾਕਿਸਤਾਨ ਦੀ ਅਜਿਹੀ ਹਾਲਤ ਹੋ ਗਈ ਹੈ, ਜਿਸ ਦੀ ਕਿਸੇ ਨੇ ਉਮੀਦ ਵੀ ਨਹੀਂ ਕੀਤੀ ਸੀ। ਹਾਲਾਤ ਇਹ ਬਣ ਚੁੱਕੇ ਹਨ ਕਿ ਕੋਈ ਵੀ ਦੇਸ਼ ਉਸ ਦਾ ਸਾਥ ਦੇਣ ਲਈ ਤਿਆਰ ਨਹੀਂ ਹੈ। ਆਰਥਿਕ ਕੰਗਾਲੀ ਨਾਲ ਜੂਝ ਰਿਹਾ ਪਾਕਿਸਤਾਨ ਦੁਨੀਆ ਸਾਹਮਣੇ ਮਦਦ ਲਈ ਤਰਲੇ ਮਾਰ ਰਿਹਾ ਹੈ। ਇਸੇ ਕਮਜ਼ੋਰ ਹਾਲਾਤ ਨੇ ਜਾਣੇ-ਅਣਜਾਣੇ 'ਚ ਇਕ ਅਜਿਹਾ ਰਿਕਾਰਡ ਬਣਾ ਦਿੱਤਾ ਹੈ, ਜਿਸ ਦੇ ਬਾਰੇ ਉਸ ਨੇ ਸੋਚਿਆ ਵੀ ਨਹੀਂ ਸੀ। ਦਰਅਸਲ ਇਮਰਾਨ ਖਾਨ ਸਰਕਾਰ ਨੇ ਇਕ ਸਾਲ ਦੇ ਕਾਰਜਕਾਲ 'ਚ ਰਿਕਾਰਡ ਕਰਜ਼ਾ ਲੈ ਲਿਆ ਹੈ।
ਸਟੇਟ ਬੈਂਕ ਆਫ ਪਾਕਿਸਤਾਨ ਅਨੁਸਾਰ ਅਗਸਤ 2018 ਤੋਂ ਅਗਸਤ 2019 ਦੇ ਦਰਮਿਆਨ ਪਾਕਿਸਤਾਨ ਨੇ 2804 ਅਰਬ ਰੁਪਏ ਦਾ ਕਰਜ਼ਾ ਲਿਆ, ਜਦਕਿ ਘਰੇਲੂ ਬੈਂਕਾਂ ਕੋਲੋਂ 4705 ਅਰਬ ਦਾ ਕਰਜ਼ਾ ਲਿਆ ਹੈ। ਸਟੇਟ ਬੈਂਕ ਆਫ ਪਾਕਿਸਤਾਨ ਦੇ ਅੰਕੜਿਆਂ 'ਤੇ ਝਾਤੀ ਮਾਰੀਏ ਤਾਂ ਪਿਛਲੇ 2 ਮਹੀਨਿਆਂ ਵਿਚ ਪਾਕਿਸਤਾਨ ਦੀ ਹਾਲਤ ਸਭ ਤੋਂ ਜ਼ਿਆਦਾ ਖਰਾਬ ਹੋਈ ਹੈ। ਇਸ ਦੌਰਾਨ ਪਾਕਿਸਤਾਨ ਦੇ ਕਰਜ਼ੇ 'ਚ 1.43 ਫੀਸਦੀ ਦਾ ਵਾਧਾ ਹੋਇਆ ਹੈ। ਪਾਕਿਸਤਾਨ 'ਤੇ ਮੌਜੂਦਾ ਕਰਜ਼ੇ ਦੀ ਗੱਲ ਕਰੀਏ ਤਾਂ ਇਹ ਵਧ ਕੇ 32, 240 ਅਰਬ ਰੁਪਏ ਹੈ।
ਡਾਲਰ ਦੇ ਮੁਕਾਬਲੇ ਦਿਨੋ-ਦਿਨ ਕਮਜ਼ੋਰ ਹੁੰਦੇ ਪਾਕਿਸਤਾਨੀ ਰੁਪਏ ਦਾ ਹੀ ਨਤੀਜਾ ਹੈ ਕਿ ਮਾਰਚ ਵਿਚ ਪਾਕਿਸਤਾਨ ਵਿਚ ਮਹਿੰਗਾਈ ਦੀ ਦਰ ਪਿਛਲੇ 5 ਸਾਲਾਂ ਦੇ ਚੋਟੀ ਦੇ ਪੱਧਰ 9.41 ਫੀਸਦੀ 'ਤੇ ਪਹੁੰਚ ਗਈ ਸੀ। ਅਪ੍ਰੈਲ ਵਿਚ ਇਹ 8.8 ਫੀਸਦੀ ਦਰਜ ਕੀਤੀ ਗਈ।

ਸਭ ਕੁਢ ਮਹਿੰਗਾ
ਪਾਕਿਸਤਾਨ ਦੀ ਖਰਾਬ ਆਰਥਿਕ ਹਾਲਤ ਦਾ ਅਸਰ ਦਿਸਣ ਲੱਗਾ ਹੈ। ਪਾਕਿਸਤਾਨ 'ਚ ਦੁੱਧ 180 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਓਧਰ ਸੇਬ 400 ਰੁਪਏ ਕਿਲੋ, ਸੰਤਰੇ 360 ਰੁਪਏ ਅਤੇ ਕੇਲੇ 150 ਰੁਪਏ ਦਰਜਨ ਵਿਕਣ ਲੱਗੇ ਹਨ। ਪਾਕਿਸਤਾਨ 'ਚ ਮਟਨ 1100 ਰੁਪਏ ਕਿਲੋ ਹੋ ਗਿਆ ਹੈ। ਮਾਰਚ ਦੇ ਮੁਕਾਬਲੇ ਮਈ ਵਿਚ ਪਿਆਜ਼40 ਫੀਸਦੀ, ਟਮਾਟਰ 19 ਫੀਸਦੀ ਅਤੇ ਮੂੰਗ ਦੀ ਦਾਲ 13 ਫੀਸਦੀ ਵੱਧ ਕੀਮਤ 'ਤੇ ਵਿਕੀ ਹੈ। ਓਧਰ ਗੁੜ, ਸ਼ੱਕਰ, ਫਲੀਆਂ, ਮੱਛੀ, ਮਸਾਲੇ, ਘਿਓ, ਚਾਵਲ, ਆਟਾ, ਤੇਲ, ਚਾਹ, ਕਣਕ ਦੀਆਂ ਕੀਮਤਾਂ 10 ਫੀਸਦੀ ਤਕ ਵਧ ਗਈਆਂ ਹਨ। ਪ੍ਰਤੀ ਵਿਅਕਤੀ ਆਮਦਨ ਵੀ ਪ੍ਰਤੀ ਸਾਲ 1652 ਡਾਲਰ ਤੋਂ ਘਟ ਕੇ 1497.3 ਡਾਲਰ 'ਤੇ ਆ ਗਈ ਹੈ। ਆਰਥਿਕ ਸਰਵੇ ਅਨੁਸਾਰ ਪਾਕਿਸਤਾਨ 'ਚ ਬਹੁਤ ਜ਼ਿਆਦਾ ਤਰਸਯੋਗ ਹਾਲਤ ਬਣੀ ਹੋਈ ਹੈ। ਪਾਕਿਸਤਾਨ ਲੱਗਭਗ 100 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਮੋੜਨ ਦੀ ਹਾਲਤ ਵਿਚ ਨਹੀਂ।
ਪਾਕਿਸਤਾਨੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਹੁਣ ਤਕ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਇਕ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ 152 ਦੇ ਪੱਧਰ 'ਤੇ ਪਹੁੰਚ ਗਿਆ ਹੈ।

2.4 ਫੀਸਦੀ ਵਿਕਾਸ ਦਰ ਦਾ ਅਨੁਮਾਨ
ਪਾਕਿਸਤਾਨ ਦੀ ਜੀ. ਡੀ. ਪੀ. ਵਿੱਤੀ ਵਰ੍ਹੇ 2018 'ਚ ਜਿਥੇ 5.5 ਫੀਸਦੀ ਦੀ ਰਫਤਾਰ ਨਾਲ ਅੱਗੇ ਵਧੀ ਸੀ ਤਾਂ ਵਿੱਤੀ ਵਰ੍ਹੇ 2019 'ਚ ਇਹ ਰਫਤਾਰ 3.3 ਫੀਸਦੀ 'ਤੇ ਸੁੰਗੜ ਜਾਵੇਗੀ। ਵਿੱਤੀ ਵਰ੍ਹੇ 2020 'ਚ ਵਿਕਾਸ ਦਰ ਸਿਰਫ 2.4 ਫੀਸਦੀ ਰਹਿ ਜਾਣ ਦਾ ਅਨੁਮਾਨ ਪਾਕਿਸਤਾਨ ਸਰਕਾਰ ਨੇ ਬਜਟ 'ਚ ਦੱਸਿਆ। ਓਧਰ ਵਿੱਤੀ ਘਾਟਾ 7.1 ਰਹਿਣ ਦਾ ਅਨੁਮਾਨ ਹੈ, ਜੋ ਪਿਛਲੇ 7 ਸਾਲਾਂ 'ਚ ਸਭ ਤੋਂ ਵੱਧ ਹੈ। ਸਮੁੱਚਾ ਜਨਤਕ ਖਰਚਾ 77.6 ਫੀਸਦੀ ਰਹਿ ਸਕਦਾ ਹੈ। ਵਿਕਾਸ ਦਰ ਜ਼ਮੀਨ 'ਤੇ ਆ ਗਈ ਹੈ। ਕੌਮਾਂਤਰੀ ਟ੍ਰੇਡ ਐਂਡ ਡਿਵੈੱਲਪਮੈਂਟ ਰਿਪੋਰਟ 2019 'ਚ ਕਿਹਾ ਗਿਆ ਹੈ ਕਿ ਆਰਥਿਕ ਤੌਰ 'ਤੇ ਪਾਕਿਸਤਾਨ ਇਨ੍ਹੀਂ ਦਿਨੀਂ ਬਹੁਤ ਬੁਰੇ ਦੌਰ 'ਚੋਂ ਲੰਘ ਰਿਹਾ ਹੈ। ਵਿਕਾਸ ਦੀ ਰਫਤਾਰ ਰੁਕ ਜਿਹੀ ਗਈ ਹੈ ਅਤੇ ਪੇਮੈਂਟ ਬੈਲੇਂਸ ਵੀ ਵਿਗੜ ਚੁੱਕਾ ਹੈ। ਪਾਕਿਸਤਾਨੀ ਰੁਪਏ ਦਾ ਮੁੱਲ ਤੇਜ਼ੀ ਨਾਲ ਡਿੱਗ ਰਿਹਾ ਹੈ ਅਤੇ ਵਿਦੇਸ਼ੀ ਕਰਜ਼ੇ ਦਾ ਬੋਝ ਅਸਹਿਣਯੋਗ ਹੁੰਦਾ ਜਾ ਰਿਹਾ ਹੈ। ਸੰਖੇਪ 'ਚ ਇਮਰਾਨ ਸਰਕਾਰ ਨੇ ਪਾਕਿ ਅਰਥਵਿਵਸਥਾ ਨੂੰ ਹਵਾ-ਹਵਾਈ ਬਣਾ ਦਿੱਤਾ ਹੈ।


                                                                                             —ਡਾ. ਵਰਿੰਦਰ ਭਾਟੀਆ


KamalJeet Singh

Content Editor

Related News