ਪਾਕਿਸਤਾਨ ਵਿਚ ਹਾਫਿਜ਼ ਸਈਦ ''ਹੀਰੋ'' ਕਿਉਂ

Friday, Apr 13, 2018 - 02:45 AM (IST)

ਪਾਕਿਸਤਾਨ ਵਿਚ ਹਾਫਿਜ਼ ਸਈਦ ''ਹੀਰੋ'' ਕਿਉਂ

ਬਦਨਾਮ ਅੱਤਵਾਦੀ ਹਾਫਿਜ਼ ਸਈਦ ਨੂੰ ਲੈ ਕੇ ਪਾਕਿਸਤਾਨ ਵਿਚ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ, ਉਸ ਨਾਲ ਇਕ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਆਖਿਰ ਉਹ ਕਿਹੜੀ ਮਾਨਸਿਕਤਾ ਹੈ, ਜੋ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਲੋਂ ਪਾਬੰਦੀਸ਼ੁਦਾ ਅਤੇ 26/11 ਦੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਹਾਫਿਜ਼ ਸਈਦ ਨੂੰ ਲੋਕਾਂ ਦਾ 'ਹੀਰੋ' ਬਣਾਉਂਦੀ ਹੈ। 
ਪਿਛਲੇ ਦਿਨੀਂ ਲਾਹੌਰ ਹਾਈ ਕੋਰਟ ਨੇ ਅੱਤਵਾਦੀ ਸੰਗਠਨਾਂ ਜਮਾਤ-ਉਦ-ਦਾਵਾ ਦੇ ਆਕਾ ਅਤੇ ਲਸ਼ਕਰੇ-ਤੋਇਬਾ ਦੇ ਸਹਿ-ਬਾਨੀ ਹਾਫਿਜ਼ ਸਈਦ ਦੇ ਮਾਮਲੇ ਵਿਚ ਪਾਕਿ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ''ਸਰਕਾਰ ਹਾਫਿਜ਼ ਸਈਦ ਨੂੰ ਪ੍ਰੇਸ਼ਾਨ ਨਾ ਕਰੇ, ਸਗੋਂ ਉਸ ਨੂੰ 'ਸਮਾਜ ਭਲਾਈ' ਨਾਲ ਜੁੜੇ ਕੰਮ ਕਰਨ ਦੀ ਆਜ਼ਾਦੀ ਦੇਵੇ। ਅਗਲੇ ਹੁਕਮਾਂ ਤਕ ਉਸ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਕਰਨ ਦੀ ਨੀਤੀ ਨਾ ਅਪਣਾਈ ਜਾਵੇ।''
ਇਸੇ ਦਰਮਿਆਨ ਪਾਕਿਸਤਾਨ ਵਲੋਂ ਹਾਫਿਜ਼ ਸਈਦ 'ਤੇ 'ਸਥਾਈ ਪਾਬੰਦੀ' ਲਾਉਣ ਸਬੰਧੀ ਬਿੱਲ ਲਿਆਉਣ ਦੀ ਵੀ ਖ਼ਬਰ ਹੈ, ਜਿਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਵਿਚ ਹਾਫਿਜ਼ ਸਈਦ 'ਤੇ ਕਾਰਵਾਈ ਦੀ ਛਟਪਟਾਹਟ ਸੁਭਾਵਿਕ ਨਹੀਂ ਹੈ। ਇਸ ਦਬਾਅ ਦੀ ਮੁੱਖ ਵਜ੍ਹਾ ਅੱਤਵਾਦੀਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਨਿਗਰਾਨੀ ਰੱਖਣ ਵਾਲੀ ਕੌਮਾਂਤਰੀ ਸੰਸਥਾ 'ਫਾਈਨੈਂਸ਼ਅਲ ਐਕਸ਼ਨ ਟਾਸਕ ਫੋਰਸ' (ਐੱਫ. ਏ. ਟੀ. ਐੱਫ.)  ਦਾ ਉਹ ਫੈਸਲਾ ਹੈ, ਜਿਸ ਵਿਚ ਉਸ ਨੂੰ ਅੱਤਵਾਦੀਆਂ ਨੂੰ ਸ਼ਹਿ ਦੇਣ ਕਾਰਨ 'ਗ੍ਰੇ' ਸੂਚੀ ਵਿਚ ਰੱਖਿਆ ਗਿਆ ਹੈ। 
ਉਂਝ ਤਾਂ ਅੱਤਵਾਦ ਨੂੰ ਨੀਤੀਗਤ ਸ਼ਹਿ ਦੇਣ ਦੇ ਮਾਮਲੇ ਵਿਚ ਪਾਕਿਸਤਾਨ ਨੂੰ ਸੰਸਾਰਕ ਪੱਧਰ 'ਤੇ ਕਲੰਕਿਤ ਹੋਣ ਦਾ ਲੰਮਾ ਤਜਰਬਾ ਹੈ ਪਰ ਐੱਫ. ਏ. ਟੀ. ਐੱਫ. ਵਲੋਂ ਮਨਜ਼ੂਰਸ਼ੁਦਾ ਪ੍ਰਸਤਾਵ ਨੂੰ ਉਸ ਦੇ 'ਭਰੋਸੇਮੰਦ' ਸਾਊਦੀ ਅਰਬ ਅਤੇ ਚੀਨ ਦੇ ਸਮਰਥਨ ਨੇ ਉਸ ਨੂੰ ਆਪਣੀ ਧਰਤੀ 'ਤੇ ਸਰਗਰਮ ਅੱਤਵਾਦੀਆਂ ਵਿਰੁੱਧ 'ਨਾਟਕੀ ਕਾਰਵਾਈ' ਲਈ ਮਜਬੂਰ ਕਰ ਦਿੱਤਾ। 
ਅੱਤਵਾਦੀਆਂ ਬਾਰੇ ਪਾਕਿਸਤਾਨ ਦਾ ਮੌਜੂਦਾ ਰਵੱਈਆ ਕਿਸੇ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਂਗ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਸਹਾਇਤਾ ਨਾਲ ਹਾਫਿਜ਼ ਸਈਦ ਨੇ ਜੰਮੂ-ਕਸ਼ਮੀਰ ਵਿਚ ਦੋ ਨਵੇਂ ਸੰਗਠਨ ਬਣਾ ਲਏ ਹਨ, ਜਿਨ੍ਹਾਂ ਦਾ ਮੁੱਖ ਕੰਮ ਅੱਤਵਾਦੀ ਸਰਗਰਮੀਆਂ ਲਈ ਜ਼ਰੂਰੀ ਧਨ ਜੁਟਾਉਣਾ ਹੋਵੇਗਾ। ਇਨ੍ਹਾਂ ਸੰਗਠਨਾਂ ਦੇ ਨਾਂ ਹਨ ਜੰਮੂ-ਕਸ਼ਮੀਰ ਮੂਵਮੈਂਟ (ਜੇ. ਕੇ. ਐੱਮ.) ਅਤੇ ਰੈਸਕਿਊ, ਰਿਲੀਫ ਫੰਡ ਐਜੂਕੇਸ਼ਨ ਫਾਊਂਡੇਸ਼ਨ (ਆਰ. ਆਰ. ਈ.ਐੱਫ.)।
ਹਾਫਿਜ਼ ਸਈਦ ਦੇ ਸਮਾਜਿਕ ਕਲਿਆਣਕਾਰੀ ਕੰਮਾਂ ਦੀ ਤਾਰੀਫ ਕਰਨ ਵਾਲਿਆਂ ਵਿਚ ਲਾਹੌਰ ਹਾਈ ਕੋਰਟ ਦੇ ਜੱਜ ਅਮੀਨੂਦੀਨ ਖਾਨ ਤਕ ਸੀਮਤ ਨਹੀਂ ਹਨ। ਸਈਦ ਦੇ ਭਾਰਤ ਵਿਰੋਧੀ ਬਿਆਨਾਂ ਅਤੇ ਉਸ ਦੀਆਂ ਕਾਰਗੁਜ਼ਾਰੀਆਂ ਨੂੰ ਵੀ ਪਾਕਿਸਤਾਨ ਵਿਚ ਲੋਕਾਂ ਦਾ ਭਾਰੀ ਸਮਰਥਨ ਹਾਸਿਲ ਹੈ। ਜਿੱਥੇ ਹਾਫਿਜ਼ ਸਈਦ ਭਾਰਤ ਸਮੇਤ ਬਾਕੀ ਦੁਨੀਆ ਦੇ ਸੱਭਿਅਕ ਸਮਾਜ ਲਈ ਵੱਡਾ ਖਤਰਾ ਹੈ ਅਤੇ 'ਖਲਨਾਇਕ' ਹੈ, ਉਥੇ ਹੀ ਪਾਕਿਸਤਾਨ ਵਿਚ ਉਸ ਨੂੰ 'ਹੀਰੋ' ਦਾ ਦਰਜਾ ਹਾਸਿਲ ਹੈ ਅਤੇ ਨਾਲ ਹੀ ਉਸ ਨੂੰ ਸਮਾਜ ਸੇਵਕ ਅਤੇ ਇਸਲਾਮ ਦੇ ਰੱਖਿਅਕ ਵਜੋਂ ਦੇਖਿਆ ਜਾਂਦਾ ਹੈ। 
ਦੁਨੀਆ ਵਿਚ ਇਨ੍ਹਾਂ 2 ਵੱਖ-ਵੱਖ ਅਨੁਮਾਨਾਂ ਪਿਛਲੀ ਮਾਨਸਿਕਤਾ ਦੇ ਕੇਂਦਰ ਵਿਚ ਇਸਲਾਮੀ ਕੱਟੜਵਾਦ ਅਤੇ ਗੈਰ-ਮੁਸਲਿਮ ਦੇਸ਼ਾਂ, ਖਾਸ ਕਰ ਕੇ 'ਕਾਫਿਰ' ਭਾਰਤ ਦੀ ਮੌਤ ਦੀ ਕਲਪਨਾ ਹੈ। ਬਕੌਲ ਹਾਫਿਜ਼ ਸਈਦ, ''ਜਦੋਂ ਤਕ ਭਾਰਤ ਮੌਜੂਦ ਹੈ, ਸ਼ਾਂਤੀ ਸੰਭਵ ਨਹੀਂ। ਭਾਰਤ ਨੂੰ ਇੰਨੇ ਟੁਕੜਿਆਂ ਵਿਚ ਵੰਡ ਦੇਣਾ ਚਾਹੀਦਾ ਹੈ ਕਿ ਉਹ ਗੋਡੇ ਟੇਕ ਕੇ ਰਹਿਮ ਦੀ ਭੀਖ ਮੰਗੇ।''
ਇਹੋ ਨਹੀਂ, 2016 ਦੇ ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਹਜ਼ਾਰਾਂ-ਲੱਖਾਂ ਲੋਕਾਂ ਦੀ ਭੀੜ ਸਾਹਮਣੇ ਬੋਲਦਿਆਂ ਹਾਫਿਜ਼ ਨੇ ਕਿਹਾ ਸੀ ਕਿ ''ਭਾਰਤ ਨੂੰ ਪਠਾਨਕੋਟ ਵਰਗੇ ਦਰਦ ਅਗਾਂਹ ਹੋਰ ਵੀ ਸਹਿਣੇ ਪੈਣਗੇ।''
ਜਿਹੜੇ ਲੋਕਾਂ ਨੇ ਪਾਕਿਸਤਾਨ ਦੀ ਅੰਦਰੂਨੀ ਅਰਾਜਕਤਾ, ਕੌਮਾਂਤਰੀ ਪੱਧਰ 'ਤੇ ਉਸ ਦੇ ਅਲੱਗ-ਥਲੱਗ ਹੋਣ ਅਤੇ ਉਸ ਦੀ ਅਵਿਵਸਥਾ ਦੀ ਵਜ੍ਹਾ ਜਾਣਨੀ ਹੈ, ਉਹ ਹੁਸੈਨ ਹੱਕਾਨੀ ਦੀ ਲਿਖੀ ਕਿਤਾਬ 'ਰੀਇਮੇਜਨਿੰਗ ਪਾਕਿਸਤਾਨ: ਟਰਾਂਸਫਾਰਮਿੰਗ ਏ ਡਿਸਫੰਕਸ਼ਨ ਨਿਊਕਲੀਅਰ ਸਟੇਟ'  ਪੜ੍ਹ ਸਕਦੇ ਹਨ।
62 ਸਾਲਾ ਹੁਸੈਨ ਹੱਕਾਨੀ ਪਾਕਿਸਤਾਨ ਦੇ ਪ੍ਰਸਿੱਧ ਬੁੱਧੀਜੀਵੀਆਂ 'ਚੋਂ ਇਕ ਹਨ,ਜੋ ਨਵਾਜ਼ ਸ਼ਰੀਫ ਤੇ ਬੇਨਜ਼ੀਰ ਭੁੱਟੋ ਸਮੇਤ ਕੁਲ 3 ਪਾਕਿਸਤਾਨੀ ਪ੍ਰਧਾਨ ਮੰਤਰੀਆਂ ਦੇ ਸਲਾਹਕਾਰ ਅਤੇ ਸੰਨ 2008 ਤੋਂ 2011 ਤਕ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਰਹਿ ਚੁੱਕੇ ਹਨ। ਆਪਣੀ ਸਾਫ਼ਗੋਈ ਕਾਰਨ ਉਹ ਅਮਰੀਕਾ ਵਿਚ ਜਲਾਵਤਨੀ ਵਾਲਾ ਜੀਵਨ ਬਿਤਾ ਰਹੇ ਹਨ ਅਤੇ ਅਕਸਰ ਪਾਕਿਸਤਾਨ ਵਿਚ ਇਸਲਾਮੀ ਕੱਟੜਪੰਥੀਆਂ ਤੇ ਫੌਜ ਦੇ ਨਿਸ਼ਾਨੇ 'ਤੇ ਰਹਿੰਦੇ ਹਨ। 
ਪਾਕਿਸਤਾਨ ਵਿਚ ਲੋਕਾਂ ਵਲੋਂ ਚੁਣੀ ਸਰਕਾਰ ਦੀ ਭੂਮਿਕਾ ਸੀਮਤ ਹੈ। ਬੇਸ਼ੱਕ ਉਥੇ ਲੋਕਤੰਤਰ ਹੋਣ ਦਾ ਢਿੰਡੋਰਾ ਪਿੱਟਿਆ ਜਾਂਦਾ ਹੈ ਪਰ ਪਾਕਿਸਤਾਨ ਦੀ ਸਥਾਪਨਾ ਦਾ ਉਦੇਸ਼ ਹੀ ਇਸ ਖੋਖਲੇ ਦਾਅਵੇ ਦਾ ਸਭ ਤੋਂ ਵੱਡਾ ਆਪਾ-ਵਿਰੋਧ ਹੈ। ਸੱਚ ਤਾਂ ਇਹ ਹੈ ਕਿ ਪਾਕਿਸਤਾਨੀ ਚਿੰਤਨ ਦਾ ਆਧਾਰ ਇਸਲਾਮੀ ਕੱਟੜਵਾਦ ਅਤੇ ਭਾਰਤ ਪ੍ਰਤੀ ਨਫਰਤ ਹੈ। ਉਥੋਂ ਦੇ ਜ਼ਿਆਦਾਤਰ ਲੋਕਾਂ ਨੂੰ ਬਚਪਨ ਤੋਂ ਹੀ ਗੈਰ-ਮੁਸਲਮਾਨਾਂ, ਖਾਸ ਕਰ ਕੇ ਹਿੰਦੂਆਂ, ਸਿੱਖਾਂ ਅਤੇ ਭਾਰਤ ਵਿਰੋਧੀ ਹੋਣ ਦੀ ਸਿੱਖਿਆ ਮਿਲਦੀ ਰਹੀ ਹੈ। ਪਾਕਿਸਤਾਨ ਦੇ ਨਿਆਇਕ ਤੰਤਰਾਂ ਸਮੇਤ ਸੱਤਾ ਅਦਾਰਿਆਂ ਵਿਚ ਇਸਲਾਮੀ ਕੱਟੜਪੰਥੀਆਂ ਤੇ ਫੌਜ ਦੀਆਂ ਜੜ੍ਹਾਂ ਕਿੰਨੀਆਂ ਮਜ਼ਬੂਤ ਹਨ, ਇਸ ਦਾ ਵੇਰਵਾ ਹੁਸੈਨ ਹੱਕਾਨੀ ਦੀ ਕੁਝ ਸਾਲ ਪਹਿਲਾਂ ਛਪੀ ਕਿਤਾਬ 'ਪਾਕਿਸਤਾਨ : ਬਿਟਵੀਨ ਦਿ ਮਾਸਕ ਐਂਡ ਦਿ ਮਿਲਟਰੀ' ਵਿਚ ਦਰਜ ਹੈ। 
ਹੱਕਾਨੀ ਨੇ 70 ਸਾਲਾਂ ਦੇ ਪਾਕਿਸਤਾਨੀ ਇਤਿਹਾਸ ਅਤੇ ਉਸ ਦੇ ਚਿੰਤਨ ਨੂੰ ਆਪਣੀਆਂ ਕਿਤਾਬਾਂ ਵਿਚ ਸ਼ਾਮਿਲ ਕੀਤਾ ਹੈ, ਜਿਸ ਵਿਚ ਪ੍ਰਮੁੱਖ ਤੌਰ 'ਤੇ ਪਾਕਿਸਤਾਨੀ ਸਿਆਸੀ ਪਾਰਟੀਆਂ ਤੇ ਸੱਤਾ ਅਦਾਰਿਆਂ ਵਲੋਂ ਕੱਟੜਪੰਥੀ ਮਜ਼੍ਹਬੀ ਭਾਵਨਾਵਾਂ ਦੇ ਦਬਾਅ ਹੇਠ ਫੈਸਲਾ ਲੈਣਾ ਜਾਂ ਉਸ ਨੂੰ ਬਦਲਣਾ ਸ਼ਾਮਿਲ ਹੈ।
ਸੰਨ 1953 ਵਿਚ ਜਦੋਂ ਅਹਿਮਦੀਆ ਭਾਈਚਾਰੇ ਵਿਰੁੱਧ ਇਸਲਾਮੀ ਕੱਟੜਪੰਥੀਆਂ ਨੇ ਲਾਹੌਰ ਵਿਚ ਹਿੰਸਕ ਮੁਜ਼ਾਹਰੇ ਸ਼ੁਰੂ ਕੀਤੇ, ਉਦੋਂ ਮੁਹੰਮਦ ਜਫਰੁੱਲਾ ਖਾਨ, ਜੋ ਖ਼ੁਦ ਅਹਿਮਦੀਆ ਸਮਾਜ ਤੋਂ ਸਨ ਅਤੇ ਪਾਕਿਸਤਾਨ ਦੇ ਬਾਨੀਆਂ 'ਚੋਂ ਇਕ ਸਨ, ਨੂੰ ਤੱਤਕਾਲੀ ਸਰਕਾਰ ਨੇ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਇਸ ਲਈ ਹਟਾ ਦਿੱਤਾ ਕਿਉਂਕਿ ਉਹ ਪਾਕਿਸਤਾਨੀ ਬਹੁਗਿਣਤੀਆਂ ਵਲੋਂ ਮੰਨੇ ਜਾਂਦੇ ਇਸਲਾਮ ਦੇ 'ਸੱਚੇ' ਪੈਰੋਕਾਰ ਨਹੀਂ ਸਨ। 
ਪਾਕਿਸਤਾਨ ਤੇ ਇਸ ਦਾ ਅੰਦੋਲਨ ਆਪਣੇ ਜਨਮ ਤੋਂ ਹੀ ਇਸਲਾਮੀ ਕੱਟੜਤਾ ਦੀ ਜਕੜ ਵਿਚ ਹੈ ਪਰ ਇਸ ਦੀ ਵਿਚਾਰਧਾਰਾ ਅਤੇ ਕੇਂਦਰੀ ਸਿਆਸਤ ਦਾ ਰਸਮੀ ਇਸਲਾਮੀਕਰਨ (ਸ਼ਰੀਅਤ ਆਧਾਰਿਤ) ਜਨਰਲ ਜ਼ਿਆ-ਉਲ-ਹੱਕ ਨੇ ਕੀਤਾ। ਉਸ ਫੌਜੀ ਤਾਨਾਸ਼ਾਹ ਅਨੁਸਾਰ, ''ਜੇ ਪਾਕਿਸਤਾਨ ਦੇ ਕੇਂਦਰ ਵਿਚ ਇਸਲਾਮ ਨਹੀਂ ਤਾਂ ਇਸ ਨੂੰ ਭਾਰਤ ਦਾ ਹਿੱਸਾ ਬਣੇ ਰਹਿਣ 'ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸੀ।''
ਹੁਸੈਨ ਹੱਕਾਨੀ ਅਨੁਸਾਰ, ''ਇਸਲਾਮੀਕਰਨ ਨੇ ਪਾਕਿਸਤਾਨ ਵਿਚ ਕੱਟੜ ਮੁੱਲਿਆਂ-ਮੌਲਵੀਆਂ ਨੂੰ ਨੀਤੀਘਾੜਿਆਂ ਅਤੇ ਸੱਤਾ ਅਦਾਰਿਆਂ ਦਾ ਪਹਿਲਾ ਅਣ-ਐਲਾਨਿਆ ਸਹਿਯੋਗੀ ਬਣਾ ਦਿੱਤਾ ਹੈ ਅਤੇ ਫੌਜ ਨੂੰ ਆਪਣੇ ਫਰਜ਼ਾਂ ਨੂੰ ਕੁਰਾਨ ਮੁਤਾਬਿਕ ਨਿਭਾਉਣ ਲਈ ਮਜਬੂਰ ਕਰ ਦਿੱਤਾ।''
ਪਾਕਿਸਤਾਨ ਵਿਚ ਜਿਸ ਤਰ੍ਹਾਂ ਮਜ਼੍ਹਬੀ ਕੱਟੜਵਾਦ ਦੀ ਯਾਤਰਾ ਇਕ ਤੋਂ ਦੂਜੇ ਪੜਾਅ ਵੱਲ ਵਧ ਰਹੀ ਹੈ, ਉਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਪਾਕਿਸਤਾਨ ਨਾ ਤਾਂ ਆਪਣੇ ਗੁਆਂਢੀ ਦੇਸ਼ ਭਾਰਤ, ਈਰਾਨ ਜਾਂ ਅਫਗਾਨਿਸਤਾਨ ਨਾਲ ਅਮਨਪੂਰਵਕ ਰਹਿ ਸਕਿਆ ਹੈ ਅਤੇ ਨਾ ਹੀ ਪਾਕਿਸਤਾਨੀ ਇਕ-ਦੂਜੇ ਨਾਲ ਅਮਨਪੂਰਵਕ ਰਹਿ ਸਕੇ ਹਨ। 
ਆਏ ਦਿਨ ਇਸ ਦੇਸ਼ ਵਿਚ ਹੋਣ ਵਾਲੇ ਸ਼ੀਆ-ਸੁੰਨੀ ਹਿੰਸਕ ਟਕਰਾਅ ਅਤੇ ਮਸਜਿਦਾਂ 'ਤੇ ਅੱਤਵਾਦੀ ਹਮਲੇ ਇਸ ਦੀ ਮਿਸਾਲ ਹਨ। ਇਹੋ ਨਹੀਂ, ਜਨਵਰੀ 2011 ਵਿਚ ਪਾਕਿਸਤਾਨੀ ਪੰਜਾਬ ਦੇ ਤੱਤਕਾਲੀ ਗਵਰਨਰ ਸਲਮਾਨ ਤਾਸੀਰ ਦੀ ਹੱਤਿਆ ਉਨ੍ਹਾਂ ਦੇ ਹੀ ਬਾਡੀਗਾਰਡ ਮਮਤਾਜ ਕਾਦਰੀ ਨੇ ਸਿਰਫ ਇਸ ਲਈ ਕਰ ਦਿੱਤੀ ਸੀ ਕਿਉਂਕਿ ਤਾਸੀਰ ਨੇ ਈਸ਼ਨਿੰਦਾ ਦੇ ਦੋਸ਼ ਹੇਠ ਜੇਲ ਵਿਚ ਬੰਦ ਇਕ ਇਸਾਈ ਔਰਤ ਆਸੀਆ ਪ੍ਰਤੀ ਹਮਦਰਦੀ ਪ੍ਰਗਟਾਈ ਸੀ। 
ਤਾਸੀਰ ਦੀ ਹੱਤਿਆ ਕਰਨ ਤੋਂ ਬਾਅਦ ਕਾਤਲ ਕਾਦਰੀ ਨੇ ਕਿਹਾ ਸੀ, ''ਮੈਂ ਪੈਗੰਬਰ ਸਾਹਿਬ ਦਾ ਦਾਸ ਹਾਂ ਅਤੇ ਜੋ ਕੋਈ ਵੀ ਈਸ਼ਨਿੰਦਾ ਕਰਦਾ ਹੈ, ਉਸ ਦੀ ਸਜ਼ਾ ਮੌਤ ਹੈ।'' ਜਦੋਂ 2016 ਵਿਚ ਕਾਦਰੀ ਨੂੰ ਫਾਂਸੀ ਦਿੱਤੀ ਗਈ ਤਾਂ ਉਸ ਦੇ ਜਨਾਜ਼ੇ ਵਿਚ ਨਾ ਸਿਰਫ ਹਜ਼ਾਰਾਂ-ਲੱਖਾਂ ਲੋਕ ਸ਼ਾਮਿਲ ਹੋਏ, ਸਰਕਾਰ ਤੋਂ ਉਸ ਨੂੰ 'ਸ਼ਹੀਦ' ਦਾ ਦਰਜਾ ਦੇਣ ਦੀ ਮੰਗ ਵੀ ਕਰਨ ਲੱਗ ਪਏ।
ਹੱਕਾਨੀ ਦਾ ਮੰਨਣਾ ਹੈ ਕਿ ਕਸ਼ਮੀਰ ਦੀ ਸਮੱਸਿਆ ਸੁਲਝ ਜਾਣ ਤੋਂ ਬਾਅਦ ਵੀ ਅੱਤਵਾਦ ਅਤੇ ਜੇਹਾਦ ਦਾ ਦੌਰ ਰੁਕੇਗਾ ਨਹੀਂ ਕਿਉਂਕਿ ਪਾਕਿਸਤਾਨ ਵਿਚ ਅੱਤਵਾਦੀਆਂ ਤੇ ਤਾਲਿਬਾਨੀਆਂ ਲਈ ਜੇਹਾਦ ਦਾ ਅਰਥ ਉਨ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਨਾ ਹੈ, ਜੋ 'ਕਾਫਿਰ' ਹਨ ਤੇ ਉਨ੍ਹਾਂ ਦਾ ਉਦੇਸ਼ ਮੱਧਕਾਲੀ ਇਸਲਾਮੀ ਵਿਵਸਥਾ ਨੂੰ ਕਾਇਮ ਕਰਨਾ ਹੈ। 
ਅਸੀਂ ਸਾਰੇ ਇਸ ਸੱਚ ਤੋਂ ਬਹੁਤੇ ਦਿਨਾਂ ਤਕ ਮੂੰਹ ਨਹੀਂ ਮੋੜ ਸਕਦੇ ਕਿ ਪ੍ਰਮਾਣੂ ਤਾਕਤ ਨਾਲ ਲੈਸ ਪਾਕਿਸਤਾਨ ਆਪਣੇ ਵਿਚਾਰਕ ਦਰਸ਼ਨ ਦੇ ਨਾਂ 'ਤੇ ਭਾਰਤ ਨੂੰ ਹਜ਼ਾਰਾਂ ਟੁਕੜਿਆਂ ਵਿਚ ਵੰਡਣ ਤੇ ਇਥੇ ਨਿਜ਼ਾਮੇ-ਮੁਸਤਫਾ ਕਾਇਮ ਕਰਨ ਲਈ ਕਿੰਨਾ ਉਤਾਵਲਾ ਹੈ। ਸੱਚ ਇਹ ਵੀ ਹੈ ਕਿ ਪਾਕਿਸਤਾਨ ਅੱਜ ਉਨ੍ਹਾਂ ਹੀ ਪ੍ਰਮਾਣੂ ਹਥਿਆਰਾਂ ਦੇ ਹਾਫਿਜ਼ ਸਈਦ ਵਰਗੇ ਅੱਤਵਾਦੀਆਂ ਦੇ ਹੱਥਾਂ ਵਿਚ ਪਹੁੰਚਣ ਦਾ ਡਰ ਦਿਖਾ ਕੇ ਅਮੀਰਾਂ ਸਮੇਤ ਪੱਛਮੀ ਦੇਸ਼ਾਂ ਨੂੰ ਆਪਣੇ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਨ ਤੋਂ ਰੋਕ ਰਿਹਾ ਹੈ।
ਆਪਣੇ ਅਧਿਐਨਾਂ ਅਤੇ ਸਿੱਟਿਆਂ 'ਚ ਹੁਸੈਨ ਹੱਕਾਨੀ ਅਕਸਰ ਕਹਿੰਦੇ ਹਨ ਕਿ ਪਾਕਿਸਤਾਨ ਦੇ ਲੋਕ ਖ਼ੁਦ ਹੀ ਆਪਣੇ ਸਭ ਤੋਂ ਵੱਡੇ ਦੁਸ਼ਮਣ ਹਨ ਪਰ ਆਪਸੀ ਦੁਸ਼ਮਣੀ ਦੀ ਭਾਵਨਾ ਹੁੰਦੇ ਹੋਏ ਵੀ ਜ਼ਿਆਦਾਤਰ ਪਾਕਿਸਤਾਨੀ ਦੁਨੀਆ ਦੇ ਨਕਸ਼ੇ ਉਤੋਂ ਭਾਰਤ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਆਪਣਾ ਮਜ਼੍ਹਬੀ ਫਰਜ਼ ਸਮਝਦੇ ਹਨ। 


Related News