ਗੁਜਰਾਤ ’ਚੋਂ ਉੱਤਰ-ਭਾਰਤੀਅਾਂ ਦੀ ਹਿਜਰਤ; ਫੁੱਟਪਾਊ ਸਿਆਸਤ ਦਾ ਇਕ ਹੋਰ ਘਿਨਾਉਣਾ ਰੂਪ

Friday, Oct 12, 2018 - 06:12 AM (IST)

ਹੁਣੇ ਜਿਹੇ ਗੁਜਰਾਤ ’ਚ ਜਿਸ ਤਰ੍ਹਾਂ ਉੱਤਰ-ਭਾਰਤੀਅਾਂ ਨੂੰ ਧਮਕਾਉਣ ਅਤੇ ਹਿਜਰਤ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਨੇ ਆਜ਼ਾਦ ਭਾਰਤ ’ਚ ਸਰਗਰਮ ਫੁੱਟਪਾਊ ਸਿਆਸੀ ਮਾਨਸਿਕਤਾ ਨੂੰ ਮੁੜ ਸਪੱਸ਼ਟ ਕਰ ਦਿੱਤਾ ਹੈ। ਦੇਸ਼ ’ਚ ਲੰਮੇ ਸਮੇਂ ਤੋਂ ਸੌੜੇ ਸਿਆਸੀ ਸੁਆਰਥਾਂ ਦੀ ਪੂਰਤੀ ਲਈ ਕਦੇ ਦਲਿਤ, ਪਾਟੀਦਾਰ, ਜਾਟ, ਗੁੱਜਰ, ਮਰਾਠਾ ਤਾਂ ਕਦੇ ਸਵਰਣ ਭਾਈਚਾਰੇ ਦੇ ਨਾਂ ’ਤੇ ਸਮਾਜਿਕ ਬਰਾਬਰੀ ਦਾ ਗਲਾ ਘੁੱਟਣ ਦੀ ਘਿਨਾਉਣੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਹਿੰਸਾ ਦੇ ਜ਼ਰੀਏ ਗੁਜਰਾਤ ਨੂੰ ਵਿਕਾਸ ਦੀ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ? 
ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਦੇਸ਼ ’ਚ ਇਕ ਹਿੱਸੇ ਦੇ ਲੋਕਾਂ ਨੂੰ ਕਿਸੇ ਹੋਰ ਖੇਤਰ ’ਚ ‘ਗੈਰ-ਜ਼ਰੂਰੀ’ ਜਾਂ ਅਣਲੋੜੀਂਦੇ ਦੱਸ ਕੇ ਧਮਕਾਇਆ ਜਾ ਰਿਹਾ ਹੋਵੇ। ਗੁਜਰਾਤ ਤੋਂ ਪਹਿਲਾਂ ਮਹਾਰਾਸ਼ਟਰ ’ਚ ਵੀ ਅਜਿਹਾ ਪਾਗਲਪਨ ਦੇਖਣ ਨੂੰ ਮਿਲ ਚੁੱਕਾ ਹੈ। ਉੱਤਰ-ਪੂਰਬ ’ਚ ਵੀ ਕਈ ਵਾਰ ਇਹ ਲੋਕ ਉਥੋਂ ਦੇ ਅਰਾਜਕ ਅਨਸਰਾਂ ਦੀ ਨਫਰਤ ਝੱਲ ਚੁੱਕੇ ਹਨ। ਬਦਕਿਸਮਤੀ ਨਾਲ ਉੱਤਰ-ਭਾਰਤੀ ਹੀ ਇਸ ਦਾ ਜ਼ਿਆਦਾਤਰ ਸ਼ਿਕਾਰ ਹੁੰਦੇ ਹਨ। 
ਗੁਜਰਾਤ ’ਚ ਹੁਣ ਜੋ ਕੁਝ ਹੋ ਰਿਹਾ ਹੈ, ਉਸ ਦੀਅਾਂ ਜੜ੍ਹਾਂ 28 ਸਤੰਬਰ ਨੂੰ ਸਾਬਰਕਾਂਠਾ ਜ਼ਿਲੇ ਦੇ ਹਿੰਮਤਨਗਰ ’ਚ 14 ਮਹੀਨਿਅਾਂ ਦੀ ਇਕ ਬੱਚੀ ਨਾਲ ਬਲਾਤਕਾਰ ਦੀ ਘਟਨਾ ’ਚ ਮਿਲਦੀਅਾਂ ਹਨ। ਇਸ ਮਾਮਲੇ ’ਚ ਬਿਹਾਰ ਵਾਸੀ ਰਵਿੰਦਰ ਸਾਹੂ ਨਾਂ ਦੇ ਇਕ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 
ਸੁਭਾਵਿਕ ਤੌਰ ’ਤੇ ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ’ਚ ਗੁੱਸਾ ਸੀ, ਜਿਸ ਨੂੰ ਭੜਕਾਉਣ ਤੇ ਗੈਰ-ਗੁਜਰਾਤੀਅਾਂ ਪ੍ਰਤੀ ਨਫਰਤ ਦੀ ਭਾਵਨਾ ਪੈਦਾ ਕਰਨ ਦਾ ਦੋਸ਼ ਉਸ ‘ਖੱਤਰੀ ਠਾਕੋਰ ਸੇਨਾ’ ਉੱਤੇ ਲੱਗ ਰਿਹਾ ਹੈ, ਜਿਸ ਦੀ ਅਗਵਾਈ ਅਲਪੇਸ਼ ਠਾਕੋਰ  ਕਰਦੇ ਹਨ। ਕਿਹਾ ਜਾਂਦਾ ਹੈ ਕਿ ਉਹ ਰਾਹੁਲ ਗਾਂਧੀ ਦੇ ਵੀ ਨੇੜੇ ਹਨ। 
ਪਿਛਲੇ ਦਿਨੀਂ ਅਲਪੇਸ਼ ਨੇ ਹੀ ਜਨਤਕ ਤੌਰ ’ਤੇ ਨਫਰਤ ਫੈਲਾਉਣ ਵਾਲਾ ਇਕ ਬਿਆਨ ਦਿੰਦਿਅਾਂ ਕਿਹਾ ਸੀ ਕਿ ‘‘ਪ੍ਰਵਾਸੀਅਾਂ ਕਾਰਨ ਅਪਰਾਧ ਵਧ ਗਿਆ ਹੈ ਤੇ ਉਨ੍ਹਾਂ ਕਾਰਨ ਹੀ ਮੇਰੇ ਗੁਜਰਾਤੀ ਭਰਾਵਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ। ਕੀ ਗੁਜਰਾਤ ਅਜਿਹੇ ਲੋਕਾਂ ਲਈ ਹੈ?’’ ਗੁਜਰਾਤ ’ਚ ਹਿੰਦੀ ਭਾਸ਼ੀਅਾਂ ’ਤੇ ਹਮਲਿਅਾਂ ਨੂੰ ਲੈ ਕੇ ਪੁਲਸ ਨੇ 300 ਤੋਂ ਜ਼ਿਆਦਾ ਵਿਅਕਤੀਅਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। 
ਬਿਨਾਂ ਸ਼ੱਕ ਸਮਾਜ ’ਚ ਕਿਸੇ ਵੀ ਅਪਰਾਧ ਦੇ ਖਾਤਮੇ ’ਚ ਸਖਤ ਤੋਂ ਸਖਤ ਕਾਨੂੰਨ ਦੀ ਵੀ ਇਕ ਹੱਦ ਹੁੰਦੀ ਹੈ। ਜੇ ਸਰਕਾਰ ਦੀ ਇੱਛਾ-ਸ਼ਕਤੀ ਅਤੇ ਸਖਤ ਕਾਨੂੰਨੀ ਵਿਵਸਥਾਵਾਂ ਨਾਲ ਸਮਾਜ ਨੂੰ ਅਪਰਾਧ ਮੁਕਤ ਕੀਤਾ ਜਾ ਸਕਦਾ ਹੈ ਤਾਂ ਸਖਤ ਕਾਨੂੰਨਾਂ-ਨਿਯਮਾਂ ਨਾਲ ਦੇਸ਼ ਕਦੋਂ ਦਾ ਬਲਾਤਕਾਰ ਵਰਗੇ ਤੇ ਹੋਰ ਘਿਨਾਉਣੇ ਅਪਰਾਧਾਂ ਤੋਂ ਮੁਕਤ ਹੋ ਗਿਆ ਹੁੰਦਾ।
 ਕਿਸੇ ਵੀ ਅਪਰਾਧ ਦਾ ਤੁਰੰਤ ਨੋਟਿਸ, ਪੁਲਸ ਵਲੋਂ ਫੌਰਨ ਉਚਿਤ ਕਾਰਵਾਈ, ਅਦਾਲਤ ਵਲੋਂ ਬਿਨਾਂ ਦੇਰੀ ਦੇ ਫੈਸਲਾ, ਸਮਾਜ ’ਚ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਚੇਤਨਾ ਅਤੇ ਸੰਸਕਾਰੀ ਬਣ ਕੇ ਸਮਾਜ ਅੰਦਰ ਅਪਰਾਧਾਂ ’ਚ ਕਮੀ ਲਿਆਉਣਾ ਸੰਭਵ ਹੈ ਪਰ ਅਪਰਾਧਿਕ ਘਟਨਾ ਲਈ ਕਿਸੇ ਖੇਤਰ ਵਿਸ਼ੇਸ਼ ਦੇ ਲੋਕਾਂ ਨੂੰ ਮਾਰਨਾ-ਕੁੱਟਣਾ ਤੇ ਉਨ੍ਹਾਂ ਨੂੰ ਹਿਜਰਤ ਲਈ ਮਜਬੂਰ ਕਰ ਦੇਣਾ ਕਿੱਥੋਂ ਤਕ ਜਾਇਜ਼ ਹੈ? ਕੀ ਅਪਰਾਧੀ ਦਾ ਕੋਈ ਵਿਸ਼ੇਸ਼ ਖੇਤਰ ਹੁੰਦਾ ਹੈ? 
ਹਮਲੇ ਦੇ ਡਰੋਂ ਪ੍ਰਵਾਸੀ ਮਜ਼ਦੂਰਾਂ ਵਲੋਂ ਹਿਜਰਤ ਕਰਨ ਨਾਲ ਗੁਜਰਾਤ ਦੀਅਾਂ ਉਦਯੋਗਿਕ ਇਕਾਈਅਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਅਾਂ ਹਨ। ਇਸ ਦਾ ਮੁੱਖ ਕਾਰਨ ਜ਼ਿਆਦਾਤਰ ਇਕਾਈਅਾਂ ਦਾ ਪੂਰੀ ਤਰ੍ਹਾਂ ਬਾਹਰਲੇ ਮਜ਼ਦੂਰਾਂ ’ਤੇ ਨਿਰਭਰ ਹੋਣਾ ਹੈ। ਗੁਜਰਾਤ ’ਚ ਹੋਰਨਾਂ ਸੂਬਿਅਾਂ ਤੋਂ ਆਏ ਲੱਗਭਗ 80 ਲੱਖ ਮਜ਼ਦੂਰ ਹੀਰਾ, ਕੱਪੜਾ, ਟਾਈਲਜ਼, ਰਸਾਇਣ, ਆਟੋ, ਫਾਰਮਾ ਅਤੇ ਹੋਰ ਛੋਟੇ-ਦਰਮਿਆਨੇ ਉਦਯੋਗਾਂ ’ਚ ਕੰਮ ਕਰਦੇ ਹਨ। 
‘ਗੁਜਰਾਤ ਉਦਯੋਗਿਕ ਵਿਕਾਸ ਨਿਗਮ ਚਾਂਗੋਦਰ’ ਦੇ ਪ੍ਰਧਾਨ ਰਾਜਿੰਦਰ ਸ਼ਾਹ ਦਾ ਕਹਿਣਾ ਹੈ ਕਿ ਹਮਲੇ ਦੇ ਡਰੋਂ 10 ਤੋਂ 40 ਫੀਸਦੀ ਮਜ਼ਦੂਰ ਕੰਮ ਛੱਡ ਕੇ ਚਲੇ ਗਏ ਹਨ, ਜਿਸ ਕਾਰਨ ਕਈ ਫੈਕਟਰੀਅਾਂ ’ਚ ਕੰਮ ਬੰਦ ਹੋ ਗਿਆ ਹੈ। 
ਕੀ ਪ੍ਰਵਾਸੀ ਮਜ਼ਦੂਰ ਸਿਰਫ ਗੁਜਰਾਤ ਤਕ ਸੀਮਤ ਹਨ? ਦਿੱਲੀ, ਇਸ ਦੇ ਆਲੇ-ਦੁਆਲੇ ਲੱਗਦੇ ਖੇਤਰਾਂ, ਹਰਿਆਣਾ ਤੇ ਪੰਜਾਬ ’ਚ ਵੀ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ’ਚ ਰਹਿੰਦੇ ਹਨ, ਜੋ ਇਮਾਰਤਸਾਜ਼ੀ, ਸੜਕ ਨਿਰਮਾਣ ਤੇ ਖੇਤੀ ਖੇਤਰ ਨਾਲ ਜੁੜੇ ਕੰਮਾਂ ’ਚ ਸਖਤ ਮਿਹਨਤ ਕਰਦਿਅਾਂ ਆਪਣਾ ਗੁਜ਼ਾਰਾ ਕਰਦੇ ਹਨ। 
ਪੰਜਾਬ ਧਰਤੀ ਦੀਅਾਂ ਸਭ ਤੋਂ ਉਪਜਾਊ ਜ਼ਮੀਨਾਂ ’ਚੋਂ ਇਕ ਹੈ। ਉਂਝ ਤਾਂ ਇਹ ਸੂਬਾ ਕਣਕ ਦੀ ਪੈਦਾਵਾਰ ਲਈ ਪ੍ਰਸਿੱਧ ਹੈ ਪਰ ਇਸ ਦੇ ਉਲਟ ਇਸ ਸਾਲ ਮਾਰਚ ’ਚ ਪੰਜਾਬ ਨੂੰ ਕਣਕ ਦੀ ਬਜਾਏ ਚੌਲਾਂ ਦੀ ਉੱਨਤ ਖੇਤੀ ਲਈ ਪਹਿਲਾ ਇਨਾਮ ਦਿੱਤਾ ਗਿਆ। ਕੀ ਇਹ ਸਭ ਪ੍ਰਵਾਸੀ ਖੇਤ ਮਜ਼ਦੂਰਾਂ ਤੋਂ ਬਿਨਾਂ ਸੰਭਵ ਹੈ, ਜਿਨ੍ਹਾਂ ’ਚ ਜ਼ਿਆਦਾਤਰ ਪੂਰਬੀ ਯੂ. ਪੀ. ਅਤੇ ਬਿਹਾਰ ਦੇ ਮਜ਼ਦੂਰ ਸ਼ਾਮਿਲ ਹਨ? 
ਇਕ ਅੰਕੜੇ ਮੁਤਾਬਿਕ ਪੰਜਾਬ ’ਚ 70-80 ਫੀਸਦੀ ਪ੍ਰਵਾਸੀ ਮਜ਼ਦੂਰ ਝੋਨੇ ਦੀ ਬਿਜਾਈ ਕਰਦੇ ਹਨ। ਇਸੇ ਤਰ੍ਹਾਂ ਉਦਯੋਗਿਕ ਖੇਤਰ ਲੁਧਿਆਣਾ ’ਚ ਇਕੱਲੇ ਪ੍ਰਵਾਸੀ ਮਜ਼ਦੂਰਾਂ ਦੀ ਅੰਦਾਜ਼ਨ ਗਿਣਤੀ 14 ਲੱਖ ਹੈ, ਜਿਸ ਨੂੰ ਅਕਸਰ ਭਾਰਤ ਦਾ ‘ਮਾਨਚੈਸਟਰ’ ਵੀ ਕਿਹਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ’ਚ ਇਨ੍ਹਾਂ ਮਜ਼ਦੂਰਾਂ ਦੀ ਗਿਣਤੀ ’ਚ ਲਗਾਤਾਰ ਕਮੀ ਆਈ ਹੈ, ਜਿਸ ਨਾਲ ਸੂਬੇ ਦਾ ਕਿਸਾਨ ਅਤੇ ਉਦਯੋਗਿਕ ਖੇਤਰ ਪ੍ਰਭਾਵਿਤ ਹੋ ਰਿਹਾ ਹੈ। 
ਕਿਸੇ ਵੀ ਖੇਤਰ ’ਚ ਪ੍ਰਵਾਸੀ ਦਾ ਭਾਵ ਮਜ਼ਦੂਰਾਂ ਤੋਂ ਨਹੀਂ ਹੁੰਦਾ। ਅੱਜ ਦੇ ਦੌਰ ’ਚ ਤਕਨੀਕ ਵੀ ਪ੍ਰਵਾਸ ਦਾ ਇਕ ਰੂਪ ਹੈ। ਕੀ ਇਹ ਸੱਚ ਨਹੀਂ ਕਿ ਪੱਛਮੀ ਦੇਸ਼ਾਂ ’ਚ ਬਣੀਅਾਂ ਗੱਡੀਅਾਂ ਭਾਰਤ ਸਮੇਤ ਬਾਕੀ ਦੁਨੀਆ ’ਚ ਵਿਕ ਰਹੀਅਾਂ ਹਨ ਅਤੇ ਅਮਰੀਕੀ ਫੋਨ ਭਾਰਤੀ ਬਾਜ਼ਾਰ ’ਚ ਆਪਣੀ ਜਗ੍ਹਾ ਬਣਾ ਚੁੱਕੇ ਹਨ। ਅੱਜ ਜੇ ਅਮਰੀਕਾ ਤੇ ਚੀਨ ਦੀਅਾਂ ਸੁਰੱਖਿਆਵਾਦੀ ਨੀਤੀਅਾਂ ਨੂੰ ਛੱਡ ਦੇਈਏ ਤਾਂ ਨਿਰਵਿਵਾਦ ਤੌਰ ’ਤੇ ਦੁਨੀਆ ਦੀ ਆਰਥਿਕਤਾ ਪ੍ਰਵਾਸੀ ਮਜ਼ਦੂਰਾਂ, ਪ੍ਰਵਾਸੀ ਉਤਪਾਦ ਤੇ ਪ੍ਰਵਾਸੀ ਖਪਤਕਾਰਾਂ ਦੇ ਦਮ ’ਤੇ ਚੱਲ ਰਹੀ ਹੈ। 
ਇਟਲੀ ’ਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਮੂਲ ਦੇ ਸਿੱਖਾਂ ਕਾਰਨ ਉਥੇ ਦੁੱਧ ਉਦਯੋਗ ਕਾਫੀ ਪ੍ਰਫੁੱਲਿਤ ਹੋਇਆ ਹੈ। ਸਥਿਤੀ ਇਹ ਬਣ ਗਈ ਹੈ ਕਿ ਜੇ ਇਹ ਲੋਕ ਉਥੇ ਕੰਮ ਨਹੀਂ ਕਰਨਗੇ ਤਾਂ ਦੁੱਧ ਦੀ ਪੈਦਾਵਾਰ ਦਾ ਧੰਦਾ ਠੱਪ ਹੋ ਸਕਦਾ ਹੈ। ਇਟਲੀ ਦੇ ਰਹਿਣ ਵਾਲੇ ਜ਼ਿਆਦਾਤਰ ਨੌਜਵਾਨ ਗਊਅਾਂ-ਮੱਝਾਂ ਦੀ ਦੇਖਭਾਲ ਲਈ ਹੋਣ ਵਾਲੀ ਮਿਹਨਤ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਹਨ ਅਤੇ ਇਹੋ ਭਾਰਤ ਤੋਂ ਇਟਲੀ ਪਹੁੰਚੇ ਸਿੱਖਾਂ, ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਲਈ ਵਰਦਾਨ ਬਣ ਗਿਆ। 
ਮਿਹਨਤੀ ਸਿੱਖਾਂ ਲਈ ਇਹ ਇਕ ਅਜਿਹਾ ਕੰਮ ਹੈ, ਜਿਸ ਦੇ ਲਈ ਉਨ੍ਹਾਂ ਨੂੰ ਵੱਖਰੇ ਤੌਰ ’ਤੇ ਕੁਝ ਨਹੀਂ ਸਿੱਖਣਾ ਪੈਂਦਾ। ਭਾਰਤੀ ਰਵਾਇਤਾਂ ਨਾਲ ਜੁੜੇ ਹੋਣ ਕਰਕੇ ਉਹ ਇਸ ਕੰਮ ਤੋਂ ਜਾਣੂ ਹਨ, ਜਿਸ ਕਾਰਨ ਉਨ੍ਹਾਂ ਨੇ ਉਥੋਂ ਦੇ ਦੁੱਧ ਕਾਰੋਬਾਰ ਉੱਤੇ ਆਪਣੀ ਚੰਗੀ ਪਕੜ ਬਣਾ ਲਈ ਹੈ। 
ਇਸੇ ਤਰ੍ਹਾਂ ਇਸਾਈ ਬਹੁਲਤਾ ਵਾਲੇ ਕੈਨੇਡਾ ’ਚ ਵੀ ਪ੍ਰਵਾਸੀ ਭਾਰਤੀਅਾਂ ਦਾ ਗਲਬਾ ਕਿਸੇ ਤੋਂ ਲੁਕਿਆ ਨਹੀਂ। ਕੈਨੇਡਾ ਦੇ ਮੌਜੂਦਾ ਮੰਤਰੀ ਮੰਡਲ ’ਚ 4 ਸਿੱਖ ਮੰਤਰੀ (ਰੱਖਿਆ ਮੰਤਰੀ ਹਰਜੀਤ ਸੱਜਣ ਸਮੇਤ) ਹਨ। ਇਹ ਪ੍ਰਾਪਤੀ ਸਿਰਫ ਇਟਲੀ ਜਾਂ ਕੈਨੇਡਾ ਤਕ ਸੀਮਤ ਨਹੀਂ ਹੈ। ਦੁਨੀਆ ਦੇ 48 ਦੇਸ਼ਾਂ ’ਚ 3 ਕਰੋੜ ਤੋਂ ਜ਼ਿਆਦਾ ਪ੍ਰਵਾਸੀ ਭਾਰਤੀ ਰਹਿੰਦੇ ਹਨ, ਜਿਨ੍ਹਾਂ ’ਚੋਂ ਬਹੁਤਿਅਾਂ ਨੇ ਸਬੰਧਿਤ ਦੇਸ਼ਾਂ ’ਚ ਸਮਾਜਿਕ ਤੇ ਸੱਭਿਆਚਾਰਕ ਔਕੜਾਂ ਦਰਮਿਆਨ ਉਥੋਂ ਦੀ ਆਰਥਿਕਤਾ, ਵਿੱਦਿਅਕ ਤੇ ਕਾਰੋਬਾਰੀ ਖੇਤਰ ਨੂੰ ਮਜ਼ਬੂਤ ਕੀਤਾ ਹੈ। ਇਹ ਸਾਰੇ ਉਥੇ ਖੇਤੀਬਾੜੀ, ਮਜ਼ਦੂਰ, ਵਪਾਰੀ, ਅਧਿਆਪਕ, ਡਾਕਟਰ, ਵਿਗਿਆਨੀ, ਐਡਵੋਕੇਟ, ਇੰਜੀਨੀਅਰ, ਪ੍ਰਬੰਧਕ, ਪ੍ਰਸ਼ਾਸਕ ਆਦਿ ਵਜੋਂ ਕੰਮ ਕਰਦੇ ਹਨ। 
ਵਿਸ਼ਵ ਪੱਧਰ ’ਤੇ ਸੂਚਨਾ ਤਕਨਾਲੋਜੀ ਦੇ ਖੇਤਰ ’ਚ ਕ੍ਰਾਂਤੀ ਲਿਆਉਣ ’ਚ ਵੀ ਪ੍ਰਵਾਸੀ ਭਾਰਤੀਅਾਂ ਦੀ ਅਹਿਮ ਭੂਮਿਕਾ ਹੈ। ਭਾਰਤ ਤੋਂ ਅਮਰੀਕਾ ਜਾ ਕੇ ਵਸੇ ਪਟੇਲ ਭਾਈਚਾਰੇ ਦੇ ਲੋਕ ਕਈ ਦਹਾਕਿਅਾਂ ਤੋਂ ਉਥੇ ਵੱਖ-ਵੱਖ ਖੇਤਰਾਂ ’ਚ ਕੰਮ ਕਰ ਰਹੇ ਹਨ। ਅਮਰੀਕੀ ਹੋਟਲ ਉਦਯੋਗ ’ਚ ਪਟੇਲ ਭਾਈਚਾਰੇ ਦੀ ਤੂਤੀ ਬੋਲਦੀ ਹੈ। 
ਭਾਰਤ ’ਚ ਵੀ ਕਈ ਪ੍ਰਵਾਸੀ ਆਪਣੀ ਮਿਹਨਤ ਤੇ ਯੋਗਤਾ ਦੇ ਆਧਾਰ ’ਤੇ ਉਚਿਤ ਸਥਾਨ ਹਾਸਿਲ ਕਰਨ ’ਚ ਸਫਲ ਹੋਏ ਹਨ। ਦੇਸ਼ ਦੀ ਜਿਸ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੇ ਵਿਧਾਇਕ ਅਲਪੇਸ਼ ਠਾਕੋਰ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਅੱਜ ਗੁਜਰਾਤ ’ਚ ਪ੍ਰਵਾਸੀਅਾਂ ਵਿਰੁੱਧ ਜ਼ਹਿਰ ਉਗਲਣ ਤੇ ਉਨ੍ਹਾਂ ਨੂੰ ਸੂਬੇ ਤੋਂ ਹਿਜਰਤ ਲਈ ਮਜਬੂਰ ਕਰਨ ਦਾ ਦੋਸ਼ ਲੱਗ ਰਿਹਾ ਹੈ, ਉਸੇ ਪਾਰਟੀ ਦੀ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਮੌਜੂਦਾ ਪ੍ਰਧਾਨ ਰਾਹੁਲ ਗਾਂਧੀ ਦੀ ਮਾਂ ਸੋਨੀਆ ਗਾਂਧੀ ਖ਼ੁਦ ਇਤਾਲਵੀ ਮੂਲ ਦੀ ਭਾਰਤੀ ਨਾਗਰਿਕ ਹੈ। ਸੋਨੀਆ ਦੀ ਅਗਵਾਈ ਹੇਠ ਯੂ.  ਪੀ. ਏ. ਨੇ ਡਾ. ਮਨਮੋਹਨ ਸਿੰਘ ਦੀ ਸਰਕਾਰ ਦੇ ਰੂਪ ’ਚ ਦੇਸ਼ ’ਤੇ ਲਗਾਤਾਰ 10 ਸਾਲ ਰਾਜ ਕੀਤਾ। 
ਇਹ ਸੱਚ ਹੈ ਕਿ ਰੋਜ਼ਗਾਰ ਦੇ ਸੰਦਰਭ ’ਚ ਅਕਸਰ ਪ੍ਰਵਾਸੀਅਾਂ ਕਾਰਨ ਸਬੰਧਿਤ ਇਲਾਕੇ ਦੇ ਲੋਕਾਂ ਨੂੰ ਕੁਝ ਨਾਰਾਜ਼ਗੀ ਹੁੰਦੀ ਹੈ, ਜਿਸ ਨੂੰ ਦੂਰ ਕਰਨ ਦੀ ਲੋੜ ਹੈ ਪਰ ਇਸ ਦੇ ਲਈ ਹਿੰਸਾ ਤੇ ਨਫਰਤ ਨੂੰ ਹੱਲਾਸ਼ੇਰੀ ਦੇਣਾ ਉਸ ਫੁੱਟਪਾਊ ਮਾਨਸਿਕਤਾ ਦਾ  ਪ੍ਰਤੀਕ ਹੈ, ਜਿਸ ਦਾ ਇਕੋ-ਇਕ ਉਦੇਸ਼ ਕਿਸੇ ਵੀ ਸਮਾਜਿਕ ਸਮੱਸਿਆ ਨੂੰ ਲਗਾਤਾਰ ਬਣਾਈ ਰੱਖਣਾ ਹੈ। 

 


Related News