ਕੋਈ ਵੀ ਮਜ਼ਹਬ ਨਹੀਂ ਦਿੰਦਾ ਅੱਤਵਾਦ ਦੀ ਸਿੱਖਿਆ

Thursday, May 02, 2019 - 06:39 AM (IST)

ਸਈਦ ਸਲਮਾਨ

ਪਿਛਲੇ ਦਿਨੀਂ ਈਸਾਈਆਂ ਦੇ ਪਵਿੱਤਰ ਤਿਉਹਾਰ ਈਸਟਰ ਮੌਕੇ ਅੱਤਵਾਦ ਦਾ ਭਿਆਨਕ ਚਿਹਰਾ ਇਕ ਵਾਰ ਫਿਰ ਦੇੇਖਣ ਨੂੰ ਮਿਲਿਆ ਪਰ ਇਸ ਵਾਰ ਸ਼੍ਰੀਲੰਕਾ ’ਚ ਬਦਲੇ ਦੀ ਕਾਰਵਾਈ ਦਾ ਬਹਾਨਾ ਦੱਸ ਕੇ। ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ ਨੇ ਸ਼੍ਰੀਲੰਕਾ ਨੂੰ ਹਿਲਾ ਕੇ ਰੱਖ ਦਿੱਤਾ। ਇਨ੍ਹਾਂ ਅੱਤਵਾਦੀ ਹਮਲਿਆਂ ਦੇ ਨਾਲ ਹੀ ਲਿੱਟੇ ਦੇ ਖਾਤਮੇ ਨਾਲ ਖਤਮ ਹੋਏ ਖੂਨੀ ਸੰਘਰਸ਼ ਦੇ ਲਗਭਗ 10 ਸਾਲਾਂ ਬਾਅਦ ਇਕ ਵਾਰ ਫਿਰ ਸ਼੍ਰੀਲੰਕਾ ’ਚ ਸ਼ਾਂਤੀ ਭੰਗ ਹੋਈ ਹੈ। ਹਾਲਾਂਕਿ ਕੌਮਾਂਤਰੀ ਖੁਫੀਆ ਏਜੰਸੀਆਂ ਨੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਅਲਰਟ ਕੀਤਾ ਸੀ ਪਰ ਕੋਈ ਸੁਰੱਖਿਆਤਮਕ ਕਦਮ ਨਹੀਂ ਚੁੱਕੇ ਗਏ ਅਤੇ ਨਤੀਜਾ ਸਾਹਮਣੇ ਹੈ। ਕਿਉਂਕਿ ਸਾਡਾ ਦੇਸ਼ ਵੀ ਅਕਸਰ ਅੱਤਵਾਦੀ ਵਾਰਦਾਤਾਂ ਦਾ ਸ਼ਿਕਾਰ ਹੁੰਦਾ ਰਿਹਾ ਹੈ, ਇਸ ਲਈ ਇਹ ਸ਼੍ਰੀਲੰਕਾ ਦੇ ਦਰਦ ਨੂੰ ਸਮਝ ਸਕਦਾ ਹੈ।

ਮੁਸਲਿਮ ਸੰਗਠਨ ਦਾ ਨਾਂ ਸਾਹਮਣੇ ਆਇਆ

ਸ਼੍ਰੀਲੰਕਾ ਲੰਮੇ ਸਮੇਂ ਤੋਂ ਸਿਨਹਾਲ, ਬੋਧੀਆਂ ਅਤੇ ਘੱਟਗਿਣਤੀ ਹਿੰਦੂਆਂ, ਮੁਸਲਮਾਨਾਂ ਅਤੇ ਈਸਾਈਆਂ ਦਰਮਿਆਨ ਸੰਘਰਸ਼ ਦਾ ਗਵਾਹ ਰਿਹਾ ਹੈ। ਸ਼੍ਰੀਲੰਕਾ ਦੀ ਸ਼ਾਂਤੀ ਬਹਾਲੀ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਵੀ ਅੱਤਵਾਦੀ ਸੰਗਠਨ ਲਿੱਟੇ ਨੇ ਹੀ ਕੀਤੀ ਸੀ ਪਰ ਹੁਣ ਨਵੇਂ ਸਿਰਿਓਂ ਸ਼੍ਰੀਲੰਕਾ ’ਚ ਹੋਈ ਇਸ ਅੱਤਵਾਦੀ ਕਾਰਵਾਈ ’ਚ ਮੁਸਲਿਮ ਅੱਤਵਾਦੀ ਸੰਗਠਨ ਦਾ ਨਾਂ ਸਾਹਮਣੇ ਆਉਣਾ ਚਿੰਤਾਜਨਕ ਹੈ। ਹਮਲੇ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਸ਼੍ਰੀਲੰਕਾ ਦੇ ਸਿਆਸੀ ਗਲਿਆਰਿਆਂ ’ਚ ਇਹ ਚਰਚਾ ਰਹੀ ਹੈ ਕਿ ਅੱਤਵਾਦੀਆਂ ਨੇ ਨਿਊਜ਼ੀਲੈਂਡ ਦੀਆਂ 2 ਮਸਜਿਦਾਂ ’ਚ 15 ਮਾਰਚ ਨੂੰ ਹੋਏ ਹਮਲੇ ਦਾ ਬਦਲਾ ਲੈਣ ਲਈ ਇਨ੍ਹਾਂ ਧਮਾਕਿਆਂ ਨੂੰ ਅੰਜਾਮ ਦਿੱਤਾ। ਜੇ ਇਸ ਘਟਨਾ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ’ਚ ਕੱਟੜਪੰਥੀ ਬੋਧੀ ਸਮੂਹ ਮੁਸਲਿਮ ਭਾਈਚਾਰੇ ’ਤੇ ਲੋਕਾਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਦੋਸ਼ ਲਾਉਂਦੇ ਰਹੇ ਹਨ, ਭਾਵ ਇਕ ਤਰ੍ਹਾਂ ਨਾਲ ਇਹ ਟਕਰਾਅ ਪੁਰਾਣਾ ਹੈ ਤੇ ਇਸ ਟਕਰਾਅ ਦੀ ਅਗਲੀ ਕੜੀ ਇੰਨੀ ਭਿਆਨਕ ਹੋਵੇਗੀ, ਕਿਸੇ ਨੇ ਸ਼ਾਇਦ ਸੋਚਿਆ ਵੀ ਨਹੀਂ ਸੀ। ਦੁਨੀਆ ਭਰ ’ਚ ਅੱਤਵਾਦੀ ਕਾਰਵਾਈਆਂ ਕਰ ਕੇ ਮੁਸਲਿਮ ਸਮਾਜ ਦੀ ਥੂ-ਥੂ ਕਰਵਾਉਣ ਤੋਂ ਬਾਅਦ ਆਈ. ਐੱਸ. ਨੇ ਸ਼੍ਰੀਲੰਕਾ ’ਚ ਹਮਲਾ ਕਰਵਾ ਕੇ ਮੁਸਲਮਾਨਾਂ ਦਾ ਸਿਰ ਫਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਜੇ ਅੱਤਵਾਦੀਆਂ ਨੇ ਆਪਣੀ ਇਸ ਕਾਰਵਾਈ ਨੂੰ ਨਿਊਜ਼ੀਲੈਂਡ ਦੇ ਹਮਲੇ ਨਾਲ ਜੋੜਿਆ ਹੈ ਤਾਂ ਕੀ ਉਹ ਇਹ ਦੱਸਣਗੇ ਕਿ ਮੁਸਲਮਾਨਾਂ ਲਈ ਬਦਲਾ ਲੈਣ ਬਾਰੇ ਉਨ੍ਹਾਂ ਨੂੰ ਕਿਸ ਨੇ ਕਿਹਾ ਸੀ? ਬੇਕਸੂਰਾਂ ਦਾ ਕਤਲ ਕਰਨ ਦਾ ਉਨ੍ਹਾਂ ਨੂੰ ਕਿਸ ਨੇ ਹੱਕ ਦਿੱਤਾ ਹੈ? ਜਦਕਿ ਕੁਰਾਨ ਦਾ ਕਹਿਣਾ ਹੈ ਕਿ ‘‘ਕਿਸੇ ਇਕ ਬੇਕਸੂਰ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ।’’

ਅੱਤਵਾਦੀ ਕਾਰਵਾਈ ਕੁਰਾਨ ਦੀ ਸਿੱਖਿਆ ਦੇ ਉਲਟ

ਜੇਕਰ ਬੇਕਸੂਰ ਨਮਾਜ਼ੀਆਂ ਦਾ ਕਤਲ ਕਰਨਾ ਨਿਊਜ਼ੀਲੈਂਡ ਦੇ ਸਿਰਫਿਰੇ ਕਾਤਲ ਲਈ ਗਲਤ ਸੀ ਤਾਂ ਬੇਕਸੂਰ ਈਸਾਈਆਂ ਦੀ ਹੱਤਿਆ ਇਨ੍ਹਾਂ ਅੱਤਵਾਦੀਆਂ ਲਈ ਹਰਾਮ ਕਿਉਂ ਨਾ ਐਲਾਨੀ ਜਾਵੇ? ਆਖਿਰ ਇਹ ਅੱਤਵਾਦੀ ਕੁਰਾਨ ਦੀ ਸਿੱਖਿਆ ਦੇ ਉਲਟ ਜਾ ਕੇ ਹਰਾਮਖੋਰੀ ਹੀ ਤਾਂ ਕਰ ਰਹੇ ਹਨ। ਇਸ ਅੱਤਵਾਦੀ ਕਾਰਵਾਈ ਵਿਰੁੱਧ ਮੁਸਲਿਮ ਸਮਾਜ ਨੂੰ ਇਕਜੁੱਟ ਹੋ ਕੇ ਆਵਾਜ਼ ਉਠਾਉਣ ਦੀ ਲੋੜ ਹੈ। ਇਸ ਦੀ ਸ਼ੁਰੂਆਤ ਹੋ ਵੀ ਚੁੱਕੀ ਹੈ, ਬਸ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਇਸ ’ਚ ਸ਼ਾਮਲ ਹੋਣਾ ਪਵੇਗਾ। ਹਮਲੇ ਦੇ ਪੀੜਤਾਂ ਪ੍ਰਤੀ ਇਕਜੁੱਟਤਾ ਦਿਖਾਉਂਦਿਆਂ ਵੱਖ-ਵੱਖ ਮੁਸਲਿਮ ਤੇ ਈਸਾਈ ਧਰਮ ਗੁਰੂ ਸਾਹਮਣੇ ਆਏ ਹਨ। ਸ਼੍ਰੀਲੰਕਾ ’ਚ ਹੋਏ ਧਮਾਕਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਇਨ੍ਹਾਂ ਧਰਮ ਗੁਰੂਆਂ ਨੇ ‘ਅੱਲ੍ਹਾ ਦੇ ਦੁਸ਼ਮਣ’ ਅਤੇ ਜ਼ਮੀਨ ’ਤੇ ਸ਼ੈਤਾਨੀ ਤਾਕਤਾਂ ਦੇ ਪ੍ਰਤੀਕ ਦੱਸਿਆ ਹੈ। ਇਨ੍ਹਾਂ ਧਰਮ ਗੁਰੂਆਂ ਨੇ ਸਾਂਝਾ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਨ੍ਹਾਂ ਧਮਾਕਿਆਂ ਦੇ ਦੋਸ਼ੀ ਮਨੁੱਖੀ ਸੱਭਿਅਤਾ ਅਤੇ ਖੁਦਾ ਦੇ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਅੱਤਵਾਦੀ ਜਾਂ ਅੱਤਵਾਦੀ ਸੰਗਠਨ ਨੂੰ ਕਿਸੇ ਮਜ਼ਹਬ ਨਾਲ ਜੋੜਨਾ ਆਪਣੀ ਆਸਥਾ ਦਾ ਅਪਮਾਨ ਕਰਨਾ ਹੈ। ਪੂਰੇ ਮੁਸਲਿਮ ਸਮਾਜ ਨੂੰ ਇਨ੍ਹਾਂ ਧਰਮ ਗੁਰੂਆਂ ਦੇ ਸਮਰਥਨ ’ਚ ਖੁੱਲ੍ਹ ਕੇ ਸਾਹਮਣੇ ਆਉਣਾ ਪਵੇਗਾ ਅਤੇ ਇਹ ਕਹਿਣਾ ਪਵੇਗਾ ਕਿ ਉਹ ਇਸ ਅੱਤਵਾਦੀ ਕਾਰਵਾਈ ਦੀ ਨਾ ਸਿਰਫ ਨਿੰਦਾ ਕਰਦੇ ਹਨ ਸਗੋਂ ਦੁੱਖ ਦੀ ਇਸ ਘੜੀ ’ਚ ਈਸਾਈ ਭਾਈਚਾਰੇ ਦੇ ਨਾਲ ਖੜ੍ਹੇ ਹਨ। ਨਿਊਜ਼ੀਲੈਂਡ ’ਚ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਜਦ ਉਥੋਂ ਦੀ ਪ੍ਰਧਾਨ ਮੰਤਰੀ ਜੇਸਿੰਡਾ ਨੇ ਹਿਜਾਬ ਪਹਿਨ ਕੇ ਮੁਸਲਮਾਨਾਂ ਦੇ ਗਮ ’ਚ ਸ਼ਾਮਲ ਹੋ ਕੇ ਉਨ੍ਹਾਂ ਪ੍ਰਤੀ ਰਹਿਮਦਿਲੀ ਦਿਖਾਈ ਸੀ ਤਾਂ ਪੂਰੀ ਦੁਨੀਆ ਉਨ੍ਹਾਂ ਦੀ ਕਾਇਲ ਹੋ ਗਈ ਸੀ। ਅੱਜ ਉਹੀ ਸਥਿਤੀ ਈਸਾਈ ਭਰਾਵਾਂ ਸਾਹਮਣੇ ਹੈ। ਇਸ ਲਈ ਮੁਸਲਮਾਨਾਂ ਨੂੰ ਵੀ ਅੱਜ ਈਸਾਈਆਂ ਦੇ ਸਮਰਥਨ ’ਚ ਉਤਰਨ ਦੀ ਲੋੜ ਹੈ।

ਅੱਤਵਾਦ ਗ਼ੈਰ-ਇਸਲਾਮੀ

ਅੱਤਵਾਦ ਨਾ ਸਿਰਫ ਦਰਿੰਦਗੀ ਹੈ ਸਗੋਂ ਗ਼ੈਰ-ਇਸਲਾਮੀ ਵੀ ਹੈ। ਇਸਲਾਮ ਤਾਂ ਕੀ, ਕੋਈ ਵੀ ਮਜ਼ਹਬ ਅੱਤਵਾਦ ਦੀ ਇਜਾਜ਼ਤ, ਸਿੱਖਿਆ ਨਹੀਂ ਦਿੰਦਾ ਪਰ ਅਧੂਰੇ ਗਿਆਨ ਅਤੇ ਕਠਮੁੱਲਿਆਂ ਦੀਆਂ ਤਕਰੀਰਾਂ ਤੋਂ ਪ੍ਰਭਾਵਿਤ ਹੋ ਕੇ ਅੱਤਵਾਦ ਦੇ ਰਾਹ ਤੁਰੇ ਕਿਸੇ ਸਮਾਜ ਨੂੰ ਆਖਿਰ ਸਹੀ ਰਾਹ ’ਤੇ ਕਿਵੇਂ ਲਿਆਂਦਾ ਜਾਵੇ? ਉਨ੍ਹਾਂ ਨੂੰ ਆਪਣੇ ਨਾਲ ਜੋੜਨ ਲਈ ਇਹ ਸੋਚ ਖਤਮ ਕਰਨੀ ਪਵੇਗੀ ਕਿ ਫਲਾਣਾ ਧਰਮ ਸਹੀ ਹੈ ਤੇ ਫਲਾਣਾ ਧਰਮ ਗਲਤ ਹੈ। ਬਦਕਿਸਮਤੀ ਨਾਲ ਅੱਤਵਾਦੀਆਂ ਨੂੰ ਇਹੋ ਲੱਗਦਾ ਹੈ ਕਿ ਉਨ੍ਹਾਂ ਦਾ ਧਰਮ ਹੀ ਸਹੀ ਹੈ, ਬਾਕੀ ਸਭ ਗਲਤ ਹਨ। ਅੱਤਵਾਦੀ ਵਿਚਾਰਧਾਰਾ ਦੀ ਇਹੋ ਸੋਚ ਆਖਿਰ ’ਚ ਮੁਸਲਿਮ ਸਮਾਜ ਲਈ ਗਲੇ ਦੀ ਹੱਡੀ ਬਣ ਜਾਂਦੀ ਹੈ। ਮੁਸਲਮਾਨਾਂ ਨੂੰ ਚਾਹੀਦਾ ਹੈ ਕਿ ਉਹ ਇਕ ਉੱਚ ਪੱਧਰੀ ਅੰਤਰਜਾਤੀ ਨਾਗਰਿਕ ਵਫਦ ਬਣਾਉਣ ਤੇ ਸ਼੍ਰੀਲੰਕਾ ਜਾ ਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਅਤੇ ਉਨ੍ਹਾਂ ਨੂੰ ਸਦਭਾਵਨਾ ਦਾ ਸੰਦੇਸ਼ ਦੇਣ, ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਨਿਊਜ਼ੀਲੈਂਡ ਦੇ ਨਾਗਰਿਕਾਂ ਨੇ ਮੁਸਲਮਾਨਾਂ ਨਾਲ ਕੀਤਾ ਸੀ। ਮੁਸਲਮਾਨਾਂ ਦਾ ਇਹ ਕਦਮ ਜਾਤੀ ਰਿਸ਼ਤਿਆਂ ਦਰਮਿਆਨ ਫੈਲਾਈ ਜਾ ਰਹੀ ਕੁੜੱਤਣ ਦਾ ਤੋੜ ਅਤੇ ਸਮਾਜਿਕ ਬਰਾਬਰੀ ਦਾ ਸਭ ਤੋਂ ਮਜ਼ਬੂਤ ਜੋੜ ਸਿੱਧ ਹੋਵੇਗਾ। (‘ਸਾਮਨਾ’ ਤੋਂ ਧੰਨਵਾਦ ਸਹਿਤ)


Bharat Thapa

Content Editor

Related News