ਸਮਰਥਕਾਂ ਦੇ ਨਾਲ-ਨਾਲ ਵਿਰੋਧੀਆਂ ਲਈ ਵੀ ''ਬੁਝਾਰਤ'' ਬਣੇ ਨਵਾਜ਼

11/14/2017 7:57:45 AM

ਸ਼ਰੀਫ ਆਪਣੇ ਅਣਗਿਣਤ ਸਮਰਥਕਾਂ ਦੇ ਨਾਲ-ਨਾਲ ਵਿਰੋਧੀਆਂ ਲਈ ਵੀ ਇਕ ਬੁਝਾਰਤ ਹਨ। ਪਾਕਿਸਤਾਨ ਪਰਤਣ ਤੋਂ ਬਾਅਦ ਉਨ੍ਹਾਂ ਨੇ ਕਈ ਵਰ੍ਹੇ ਪੁਰਾਣਾ ਆਪਣਾ ਇਹ ਮੰਤਰ ਦੁਹਰਾਇਆ ਸੀ ਕਿ ਉਹ ਕਿਸੇ ਹੋਰ ਦੇ ਹੁਕਮਾਂ 'ਤੇ ਕੰਮ ਨਹੀਂ ਕਰਨਗੇ। 
ਜਦੋਂ ਉਨ੍ਹਾਂ ਨੇ ਪਹਿਲੀ ਵਾਰ ਪਾਕਿਸਤਾਨ ਦੇ ਲੋਕਾਂ ਦੇ ਨਾਂ ਆਪਣੇ ਭਾਸ਼ਣ 'ਚ ਇਹ ਗੱਲ ਕਹੀ ਸੀ, ਉਦੋਂ ਉਹ (ਅਪ੍ਰੈਲ 1993 'ਚ) ਪ੍ਰਧਾਨ ਮੰਤਰੀ ਸਨ। ਇਕ ਅੜਿੱਕੇਬਾਜ਼ ਰਾਸ਼ਟਰਪਤੀ ਗੁਲਾਮ ਇਸਹਾਕ ਖਾਨ ਨੇ ਸੰਵਿਧਾਨ ਦੀ ਧਾਰਾ-58 (2) (ਬੀ) ਦੇ ਤਹਿਤ ਮਿਲੀਆਂ ਬੇਲਗਾਮ ਤਾਕਤਾਂ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰ ਦਿੱਤਾ।
ਬੇਸ਼ੱਕ 1997 'ਚ ਨਵਾਜ਼ ਸ਼ਰੀਫ ਦੀ ਸੱਤਾ ਵਿਚ ਵਾਪਸੀ ਤੋਂ ਬਾਅਦ ਇਸ ਵਿਵਾਦਪੂਰਨ ਧਾਰਾ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਉਦੋਂ ਤੋਂ ਹੀ ਉਹ ਪਾਕਿਸਤਾਨ ਦੀ ਤਾਕਤਵਰ ਸੱਤਾ ਵਿਵਸਥਾ (ਭਾਵ ਫੌਜ ਅਤੇ ਆਈ. ਐੱਸ. ਆਈ.) ਦੀਆਂ ਨਜ਼ਰਾਂ 'ਚ ਰੜਕ ਰਹੇ ਹਨ। ਪ੍ਰਧਾਨ ਮੰਤਰੀ ਹੁੰਦਿਆਂ ਜਨਰਲ ਅਸਲਮ ਬੇਗ, ਆਸਿਫ ਨਵਾਜ਼, ਵਹੀਦ ਕਾਕੜ, ਜਹਾਂਗੀਰ ਕਰਾਮਤ ਅਤੇ ਪ੍ਰਵੇਜ਼ ਮੁਸ਼ੱਰਫ ਸਮੇਤ ਕਿਸੇ ਵੀ ਸੈਨਾ ਮੁਖੀ ਨਾਲ ਉਨ੍ਹਾਂ ਦੇ ਸੰਬੰਧ ਸੁਖਾਵੇਂ ਨਹੀਂ ਰਹੇ ਸਨ। 
ਇਹ ਮੰਨ ਲਿਆ ਗਿਆ ਸੀ ਕਿ ਬਰਖਾਸਤਗੀ ਤੋਂ ਬਾਅਦ ਨਵਾਜ਼ ਸ਼ਰੀਫ ਨੇ ਬਹੁਤ ਕੌੜਾ ਸਬਕ ਸਿੱਖਿਆ ਹੋਵੇਗਾ। ਇਹੋ ਵਜ੍ਹਾ ਸੀ, ਜਦੋਂ ਉਨ੍ਹਾਂ ਨੇ ਕਥਿਤ ਭੜਕਾਹਟ ਦੇ ਬਾਵਜੂਦ ਜਨਰਲ ਰਾਹੀਲ ਸ਼ਰੀਫ ਨਾਲ ਵਧੀਆ ਸੰਬੰਧ ਬਣਾਈ ਰੱਖੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਈ। ਫਿਰ ਵੀ ਜਦੋਂ ਫੈਸਲਾਕੁੰਨ ਪਲ ਨੇ ਦਸਤਕ ਦਿੱਤੀ ਤਾਂ ਆਪਣੇ ਭਰਾ ਸ਼ਾਹਬਾਜ਼ ਸ਼ਰੀਫ ਦੀ ਅਪੀਲ ਦੇ ਬਾਵਜੂਦ ਉਨ੍ਹਾਂ ਨੇ ਰਾਹੀਲ ਸ਼ਰੀਫ ਨੂੰ 'ਚੀਫ ਆਫ ਆਰਮੀ ਸਟਾਫ' ਵਜੋਂ ਦੂਜਾ ਕਾਰਜਕਾਲ ਦੇਣ ਤੋਂ ਇਨਕਾਰ ਕਰ ਦਿੱਤਾ।
ਹੁਣੇ ਜਿਹੇ ਲੰਡਨ 'ਚ ਜਦੋਂ ਪ੍ਰਧਾਨ ਮੰਤਰੀ ਅੱਬਾਸੀ ਅਤੇ ਸ਼ਾਹਬਾਜ਼ ਸ਼ਰੀਫ ਉਨ੍ਹਾਂ ਨੂੰ ਮਿਲਣ ਗਏ ਅਤੇ ਕਿਹਾ ਕਿ ਫੌਜੀ ਲੀਡਰਸ਼ਿਪ ਪ੍ਰਤੀ ਨਰਮ ਨੀਤੀ ਅਪਣਾਉਣ ਤਾਂ ਉਸ ਮੀਟਿੰਗ ਦਾ ਨਤੀਜਾ ਵੀ ਮਿਲਿਆ-ਜੁਲਿਆ ਰਿਹਾ ਕਿਉਂਕਿ ਨਵਾਜ਼ ਸ਼ਰੀਫ ਅਜੇ ਵੀ ਆਪਣੇ ਸਟੈਂਡ 'ਤੇ ਕਾਇਮ ਹਨ ਅਤੇ ਇਕ ਵੀ ਇੰਚ ਪਿੱਛੇ ਹਟਣ ਦਾ ਕੋਈ ਸੰਕੇਤ ਨਹੀਂ ਦੇ ਰਹੇ। 
ਕੌਮੀ ਜੁਆਬਦੇਹੀ ਬਿਊਰੋ (ਐੱਨ. ਏ. ਬੀ.) ਵਿਚ ਸ਼ੁੱਕਰਵਾਰ ਆਪਣੀ ਪੇਸ਼ੀ ਤੋਂ ਬਾਅਦ ਅਦਾਲਤਾਂ 'ਤੇ ਉਹ ਖੂਬ ਵਰ੍ਹੇ ਅਤੇ ਦੱਸਿਆ ਕਿ ਕਿਸ ਤਰ੍ਹਾਂ ਉੱਚ ਨਿਆਂ ਪਾਲਿਕਾ ਅਤੀਤ 'ਚ ਫੌਜੀ ਤਾਨਾਸ਼ਾਹਾਂ ਨੂੰ ਮਾਨਤਾ ਦਿੰਦੀ ਰਹੀ ਹੈ।
ਸ਼ਾਹਬਾਜ਼ ਸ਼ਰੀਫ ਤੇ ਚੌਧਰੀ ਨਿਸਾਰ ਸਮੇਤ ਆਪਣੇ ਵਿਵਸਥਾਵਾਦੀ ਸਲਾਹਕਾਰਾਂ ਦੀ ਅਪੀਲ ਦੇ ਬਾਵਜੂਦ ਉਹ ਪਿਛਲੀ ਸੀਟ 'ਤੇ ਬੈਠਣ ਲਈ ਤਿਆਰ ਨਹੀਂ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 12 ਨਵੰਬਰ ਨੂੰ ਐਬਟਾਬਾਦ 'ਚ ਇਕ ਜਨਤਕ ਸਮਾਗਮ ਨੂੰ ਵੀ ਸੰਬੋਧਨ ਕੀਤਾ, ਜਿਥੇ ਉਨ੍ਹਾਂ ਨੇ ਆਪਣੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਇਆ।
ਪਿੱਛੇ ਹਟਣ ਦੀ ਗੱਲ ਤਾਂ ਦੂਰ, ਉਲਟਾ ਉਹ ਅੱਗੇ ਵਧ-ਵਧ ਕੇ ਫੌਜੀ ਵਿਵਸਥਾ ਦੇ ਸਮਰਥਕਾਂ 'ਤੇ ਹੱਲਾ ਬੋਲ ਰਹੇ ਹਨ। ਉਹ ਸਮਝ ਚੁੱਕੇ ਹਨ ਕਿ ਹਮਲਾਵਰ ਹੋਣਾ ਹੀ ਆਪਣਾ ਬਚਾਅ ਕਰਨ ਦਾ ਸਭ ਤੋਂ ਬਿਹਤਰ ਤਰੀਕਾ ਹੈ। ਨਵਾਜ਼ ਸ਼ਰੀਫ ਦਾ ਇਹ ਅਨੁਮਾਨ ਸ਼ਾਇਦ ਸਹੀ ਹੈ ਕਿ ਉਹ ਚਾਹੇ ਹਮਲਾਵਰ ਬਣਨ ਜਾਂ ਦੱਬੂ ਬਣੇ ਰਹਿਣ, ਦੋਹਾਂ ਸਥਿਤੀਆਂ ਵਿਚ ਹੀ ਉਨ੍ਹਾਂ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਕੁਝ ਵੀ ਹੋਵੇ, ਉਨ੍ਹਾਂ ਦੀ ਪਾਰਟੀ ਇਸ ਹੱਦ ਤਕ ਨਹੀਂ ਜਾਵੇਗੀ ਕਿ ਅਗਲੇ ਸਾਲ ਮਾਰਚ 'ਚ ਹੋਣ ਵਾਲੀਆਂ ਸੀਨੇਟ ਦੀਆਂ ਚੋਣਾਂ ਤੋਂ ਪਹਿਲਾਂ ਉਸ ਨੂੰ ਸੰਸਦ 'ਚੋਂ ਬਾਹਰ ਕਰ ਦਿੱਤਾ ਜਾਵੇ ਜਾਂ ਤਾਰਪੀਡੋ ਕੀਤਾ ਜਾਵੇ।
ਸਾਬਕਾ ਪ੍ਰਧਾਨ ਮੰਤਰੀ ਬੇਸ਼ੱਕ ਸਿਧਾਂਤਕ ਤੌਰ 'ਤੇ ਇਸ ਗੱਲ ਲਈ ਰਾਜ਼ੀ ਹਨ ਕਿ ਅਗਲੀਆਂ ਚੋਣਾਂ ਵਿਚ ਉਨ੍ਹਾਂ ਦਾ ਭਰਾ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੋਵੇਗਾ, ਫਿਰ ਵੀ ਇਸ ਸੰਬੰਧ ਵਿਚ ਉਨ੍ਹਾਂ ਨੇ ਕੋਈ ਰਸਮੀ ਐਲਾਨ ਨਹੀਂ ਕੀਤਾ ਹੈ ਅਤੇ ਨਾ ਹੀ ਛੇਤੀ ਅਜਿਹਾ ਹੋਣ ਦੀ ਸੰਭਾਵਨਾ ਹੈ। 
ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਧੀ ਮਰੀਅਮ ਹੀ ਸ਼ਾਹਬਾਜ਼ ਸ਼ਰੀਫ ਨੂੰ ਇਕ ਪਾਸੇ ਹਟਾ ਕੇ ਉਨ੍ਹਾਂ ਦੀ ਮੁੱਖ ਸਲਾਹਕਾਰ ਅਤੇ ਸਭ ਤੋਂ ਭਰੋਸੇਮੰਦ ਬਣ ਗਈ ਹੈ। ਨਵਾਜ਼ ਸ਼ਰੀਫ ਦੀ ਘਰੇਲੂ ਸੀਟ ਮੰਨੇ ਜਾਣ ਵਾਲੇ ਲਾਹੌਰ ਸ਼ਹਿਰ ਦੀ ਐੱਨ. ਏ.-120 ਸੀਟ ਤੋਂ ਇਕੱਲੇ ਆਪਣੇ ਦਮ 'ਤੇ ਪਾਰਟੀ ਉਮੀਦਵਾਰ ਨੂੰ ਜਿਤਾ ਕੇ ਮਰੀਅਮ ਨੇ ਪਾਰਟੀ 'ਚ ਆਪਣਾ ਦਬਦਬਾ ਕਈ ਗੁਣਾ ਵਧਾ ਲਿਆ ਹੈ। 
ਜਿਥੋਂ ਤਕ ਅਦਾਰਿਆਂ ਪ੍ਰਤੀ ਰਵੱਈਏ ਦੀ ਗੱਲ ਹੈ, ਪਿਓ-ਧੀ ਦੇ ਨਜ਼ਰੀਏ ਵਿਚ ਕੋਈ ਫਰਕ ਨਹੀਂ। ਪਿੱਛੇ ਜਿਹੇ ਇਕ ਇੰਟਰਵਿਊ ਵਿਚ ਮਰੀਅਮ ਨੇ ਇਹ ਕਹਿੰਦਿਆਂ ਆਪਣੇ ਪਿਤਾ ਨਾਲੋਂ ਵੱਖਰੇ ਵਿਚਾਰ ਦਾ ਖੁਲਾਸਾ ਕੀਤਾ ਕਿ ਉਸ ਦੇ ਪਿਤਾ ਨੇ ਪ੍ਰਧਾਨ ਮੰਤਰੀ ਹੁੰਦਿਆਂ ਸੱਤਾ ਅਦਾਰੇ ਨਾਲ ਲੋੜ ਤੋਂ ਵੱਧ ਸਮਝੌਤੇ ਕੀਤੇ ਸਨ। 
ਹਾਲਾਂਕਿ ਲੋਕ ਮੰਨਦੇ ਹਨ ਕਿ 'ਡਾਨ ਲੀਕਸ' ਟਵੀਟ ਦੇ ਮੁੱਦੇ 'ਤੇ ਮਰੀਅਮ ਨੇ ਆਪਣੇ ਪਿਤਾ ਨਵਾਜ਼ ਸ਼ਰੀਫ ਨੂੰ ਕਾਫੀ ਸਖਤ ਰਵੱਈਆ ਅਪਣਾਉਣ ਲਈ ਕਿਹਾ ਸੀ ਪਰ ਅਸਲੀਅਤ ਇਹ ਹੈ ਕਿ ਖ਼ੁਦ ਸ਼ਰੀਫ ਨੇ ਹੀ ਇਹ ਸਖਤ ਸਟੈਂਡ ਲਿਆ ਕਿ ਫੌਜ ਨੂੰ ਇਹ ਟਵੀਟ ਵਾਪਿਸ ਲੈਣਾ ਪਵੇਗਾ। ਮਰੀਅਮ ਦਾ ਇਹ ਮੰਨਣਾ ਸੀ ਕਿ ਫੌਜੀ ਹਾਈਕਮਾਨ ਵੀ ਨਵਾਜ਼ ਸ਼ਰੀਫ ਦੇ ਇਸ ਸਖਤ ਰੁਖ਼ ਨੂੰ ਉਂਝ ਹੀ ਨਹੀਂ ਮੰਨ ਲਵੇਗੀ ਤੇ ਉਸ ਨੂੰ ਇਹ ਲੱਗੇਗਾ ਕਿ ਟਵੀਟ ਵਾਪਿਸ ਲੈਣ ਨਾਲ ਲੋਕਾਂ ਦੀਆਂ ਨਜ਼ਰਾਂ ਵਿਚ ਉਸ ਦੀ ਬਹੁਤ ਜ਼ਿਆਦਾ ਥੂ-ਥੂ ਹੋਵੇਗੀ। ਅਜਿਹਾ ਹੋਇਆ ਵੀ। 
ਨਵਾਜ਼ ਸ਼ਰੀਫ ਦੇ ਨੇੜਲਿਆਂ ਦਾ ਦਾਅਵਾ ਹੈ ਕਿ ਉਹ ਦੇਸ਼ ਦੇ ਸ਼ਾਸਨ 'ਚ ਸਿਵਲ ਗ਼ਲਬੇ ਲਈ ਸੰਘਰਸ਼ ਜਾਰੀ ਰੱਖਣਗੇ, ਚਾਹੇ ਉਨ੍ਹਾਂ ਨੂੰ ਵਿਰੋਧੀ ਧਿਰ ਵਿਚ ਹੀ ਕਿਉਂ ਨਾ ਬੈਠਣਾ ਪਵੇ। ਸੁਣਨ ਨੂੰ ਤਾਂ ਇਹ ਵਿਚਾਰ ਬਹੁਤ ਚੰਗੇ ਲੱਗਦੇ ਹਨ ਪਰ ਰਵਾਇਤੀ ਤੌਰ 'ਤੇ ਵਿਵਸਥਾਵਾਦੀ ਨੀਤੀ 'ਤੇ ਚੱਲਦੀ ਆਈ ਉਨ੍ਹਾਂ ਦੀ ਪਾਰਟੀ ਪੀ. ਐੱਮ. ਐੱਲ. (ਐੱਨ) ਲਈ ਇਨ੍ਹਾਂ ਵਿਚਾਰਾਂ ਨੂੰ ਅਮਲੀ ਰੂਪ ਦੇਣਾ ਸੌਖਾ ਕੰਮ ਨਹੀਂ ਹੋਵੇਗਾ। 
ਸਿਵਲ-ਮਿਲਟਰੀ ਸੰਬੰਧਾਂ 'ਤੇ ਪਿਛਲੇ ਵੀਰਵਾਰ ਸੀਨੇਟ 'ਚ ਇਕ ਦਿਲਚਸਪ ਚਰਚਾ ਹੋਈ, ਜਦੋਂ ਪੀ. ਪੀ. ਪੀ. ਦੇ ਸੀਨੇਟਰ ਫਰਹਤ ਉਲ੍ਹਾ ਬਾਬਰ ਨੇ ਦਾਅਵਾ ਕੀਤਾ ਕਿ ਸੰਸਦ, ਨਿਆਂ ਪਾਲਿਕਾ ਅਤੇ ਸਿਵਲੀਅਨ ਤੰਤਰ ਦੀਆਂ ਤਾਕਤਾਂ ਇਸਲਾਮਾਬਾਦ ਤੋਂ ਰਾਵਲਪਿੰਡੀ ਵੱਲ ਤਬਦੀਲ ਕੀਤੀਆਂ ਜਾ ਰਹੀਆਂ ਹਨ। ਇਹ ਸੱਚ ਹੈ ਕਿ ਬਿਨਾਂ ਕਿਸੇ ਘੁਸਰ-ਮੁਸਰ ਦੇ ਇਹ ਇਕ ਨਰਮ ਜਿਹਾ ਰਾਜਪਲਟਾ ਹੀ ਸੀ।
ਬਾਬਰ ਨੇ ਇਸ ਤੱਥ ਦਾ ਰੋਣਾ ਰੋਇਆ ਕਿ ਸੰਸਦ ਨੇ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਜੱਜਾਂ ਅਤੇ ਫੌਜ ਦੇ ਜਰਨੈਲਾਂ ਸਮੇਤ ਹਰ ਕਿਸੇ ਨੂੰ ਜੁਆਬਦੇਹੀ ਦੇ ਦਾਇਰੇ 'ਚ ਲਿਆਉਣ ਦਾ ਫੈਸਲਾ ਲਿਆ ਸੀ ਪਰ ਇਹ ਅਜਿਹਾ ਕਰਨ ਦਾ ਮੌਕਾ ਗੁਆ ਬੈਠੀ। ਸ਼ੁਰੂਆਤੀ ਦੌਰ 'ਚ ਪੀ. ਪੀ. ਪੀ. ਨੇ ਹਰ ਕਿਸੇ ਨੂੰ ਕਾਨੂੰਨੀ ਜੁਆਬਦੇਹੀ ਦੇ ਘੇਰੇ 'ਚ ਲਿਆਉਣ ਦਾ ਸਮਰਥਨ ਕੀਤਾ ਸੀ ਪਰ ਆਖਰੀ ਪਲਾਂ 'ਚ ਉਹ ਪਿੱਛੇ ਹਟ ਗਈ।
ਦਿਲਚਸਪ ਗੱਲ ਇਹ ਹੈ ਕਿ ਨਵਾਜ਼ ਸ਼ਰੀਫ ਦੀ ਆਪਣੀ ਪਾਰਟੀ ਨੇ ਕਦੇ ਵੀ ਸਰਵਵਿਆਪੀ ਕਾਨੂੰਨੀ ਜੁਆਬਦੇਹੀ ਦਾ ਸਮਰਥਨ ਨਹੀਂ ਕੀਤਾ ਅਤੇ ਇਹ ਤੱਥ ਜੁਆਬਦੇਹੀ ਦੀ ਕਵਾਇਦ ਨੂੰ ਮਜ਼ਾਕੀਆ ਬਣਾਉਣ ਲਈ ਕਾਫੀ ਹੈ। ਇਸ ਦਾ ਭਾਵ ਇਹ ਹੈ ਕਿ ਸਿਆਸਤਦਾਨ ਬੇਸ਼ੱਕ ਇਹ ਰੋਣਾ ਰੋਂਦੇ ਹਨ ਕਿ ਉਨ੍ਹਾਂ ਨੂੰ ਜੁਆਬਦੇਹੀ ਦੇ ਨਾਂ 'ਤੇ ਇਕ-ਇਕ ਕਰ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ, ਫਿਰ ਵੀ ਉਹ ਬਿੱਲੀ ਦੇ ਗਲ ਵਿਚ ਟੱਲੀ ਬੰਨ੍ਹਣ ਲਈ ਤਿਆਰ ਨਹੀਂ ਕਿਉਂਕਿ ਇਸ ਨਾਲ ਪਾਕਿਸਤਾਨ ਦੇ ਅਸਲੀ ਹਾਕਮਾਂ ਭਾਵ ਫੌਜ ਅਤੇ ਆਈ. ਐੱਸ. ਆਈ. ਦੀ ਨਾਰਾਜ਼ਗੀ ਮੁੱਲ ਲੈਣੀ ਪੈਂਦੀ ਹੈ। 
ਸਿੱਟਾ ਇਹ ਨਿਕਲਿਆ ਕਿ ਪਾਕਿਸਤਾਨ ਦੇ ਸੰਸਥਾਗਤ ਤੰਤਰ 'ਚ ਸੰਸਦ ਦਾ ਗ਼ਲਬਾ ਕਾਇਮ ਕਰਨ ਦੀਆਂ ਗੱਲਾਂ ਸ਼ੇਖਚਿੱਲੀ ਦਾ ਸੁਪਨਾ ਬਣ ਕੇ ਰਹਿ ਗਈਆਂ ਹਨ। ਹੁਣ ਕਮਜ਼ੋਰ ਹੋ ਚੁੱਕੇ ਸਿਵਲੀਅਨ ਅਦਾਰਿਆਂ ਵਲੋਂ ਫੌਜ ਅਤੇ ਨਿਆਂ ਪਾਲਿਕਾ ਅੱਗੇ ਆਤਮ-ਸਮਰਪਣ ਕਰਨਾ ਹੀ ਨਵੀਂ ਵਿਵਸਥਾ ਬਣ ਚੁੱਕਾ ਹੈ। 
ਨਵਾਜ਼ ਸ਼ਰੀਫ ਨੇ ਇਕ ਹੋਰ ਕੌਮੀ ਸੁਲਾਹ-ਸਫਾਈ ਆਰਡੀਨੈਂਸ (ਐੱਨ. ਆਰ. ਓ.) ਲਿਆਉਣ ਦੀ ਸੰਭਾਵਨਾ ਨੂੰ ਵੀ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੁਸ਼ੱਰਫ ਤੇ ਬੇਨਜ਼ੀਰ ਭੁੱਟੋ (ਸਵ.) ਵਿਚਾਲੇ ਅਜਿਹੀ ਸੁਲਾਹ-ਸਫਾਈ ਕਾਇਮ ਹੋ ਚੁੱਕੀ ਸੀ ਤੇ ਇਸੇ ਕਾਰਨ ਭੁੱਟੋ ਸਿਆਸੀ ਬਨਵਾਸ ਤੋਂ ਵਾਪਿਸ ਆ ਸਕੀ ਸੀ ਅਤੇ ਬਾਅਦ ਵਿਚ ਸ਼ਰੀਫ ਪਰਿਵਾਰ ਵੀ ਇਸੇ ਢੰਗ ਨਾਲ ਪਾਕਿਸਤਾਨ ਪਰਤਿਆ ਸੀ। 
ਪਾਕਿਸਤਾਨ ਤਹਿਰੀਕੇ ਇਨਸਾਫ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖਾਨ ਵਲੋਂ ਉਤਸ਼ਾਹਿਤ ਕੀਤੇ ਜਾਣ ਕਾਰਨ ਮੀਡੀਆ ਦੇ ਕੁਝ ਵਰਗਾਂ ਨੇ ਇਕ ਨਵੇਂ ਐੱਨ. ਆਰ. ਓ. ਦੀਆਂ ਸੰਭਾਵਨਾਵਾਂ ਬਾਰੇ ਅਟਕਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਸ਼ਾਇਦ ਇਹ ਲੋਕ ਇਸ ਤੱਥ ਨੂੰ ਅਣਡਿੱਠ ਕਰ ਰਹੇ ਹਨ ਕਿ 2007 ਅਤੇ ਅੱਜ ਦੀ ਸਥਿਤੀ ਵਿਚ ਕਾਫੀ ਫਰਕ ਹੈ। 
ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਨਵੇਂ ਐੱਨ. ਆਰ. ਓ. ਨੂੰ ਲਾਗੂ ਕਰਨ ਲਈ ਕਿਹੜਾ ਅਧਿਕਾਰੀ ਯੋਗ ਹੋਵੇਗਾ? 2007 ਵਿਚ ਤਾਂ ਰਾਸ਼ਟਰਪਤੀ ਮੁਸ਼ੱਰਫ ਕੋਲ ਇਹ ਅਧਿਕਾਰ ਸੀ ਪਰ ਅੱਜ ਮੌਜੂਦਾ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਜਿਹੀ ਸੌਦੇਬਾਜ਼ੀ ਕਰਨ ਦੀ ਸਥਿਤੀ 'ਚ ਨਹੀਂ ਹਨ। 
ਕੁਝ ਸੂਤਰਾਂ ਮੁਤਾਬਿਕ ਨਵਾਜ਼ ਸ਼ਰੀਫ ਨੂੰ ਅਜੇ ਵੀ ਵਿਦੇਸ਼ ਵਿਚ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਕੌਮੀ ਜੁਆਬਦੇਹੀ ਬਿਊਰੋ 'ਚ ਪੇਸ਼ੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਕਿਸੇ ਵੀ ਸੁਰੱਖਿਆ ਦੀ ਜ਼ਾਮਨੀ ਨਹੀਂ ਮਿਲ ਸਕਦੀ ਪਰ ਸਾਰੇ ਬਦਲਾਂ ਦਾ ਮੁਲਾਂਕਣ ਕਰਦਿਆਂ ਸ਼ਰੀਫ ਨੇ ਆਪਣੇ ਸਲਾਹਕਾਰਾਂ ਅਤੇ ਸ਼ੁੱਭਚਿੰਤਕਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਆਸੀ ਬਨਵਾਸ ਵਾਲਾ ਜੀਵਨ ਬਿਤਾਉਣ ਦੀ ਬਜਾਏ ਉਹ ਪਾਕਿਸਤਾਨ ਪਰਤ ਆਏ ਹਨ। 
ਇਹ ਮੰਦਭਾਗੀ ਗੱਲ ਹੈ ਕਿ ਸੰਸਦ ਦੀਆਂ ਦੋਵਾਂ ਵੱਡੀਆਂ ਪਾਰਟੀਆਂ ਪੀ. ਐੱਮ. ਐੱਲ. (ਐੱਨ) ਅਤੇ ਪੀ. ਪੀ. ਪੀ. ਇਕ-ਦੂਜੀ ਵਿਰੁੱਧ ਆਕੜ ਦਿਖਾ ਰਹੀਆਂ ਹਨ, ਜਦਕਿ ਅਤੀਤ ਵਿਚ ਦੋਵੇਂ ਹੀ ਪਾਰਟੀਆਂ ਲੋਕਤੰਤਰਿਕ ਅਦਾਰਿਆਂ ਨੂੰ ਮਜ਼ਬੂਤ ਬਣਾਉਣ 'ਚ ਆਪਸੀ ਸਹਿਯੋਗ ਕਰਦੀਆਂ ਰਹੀਆਂ ਹਨ। 
ਜ਼ਰਦਾਰੀ ਦਾ ਇਹ ਸ਼ਿਕਵਾ ਬਿਲਕੁਲ ਸਹੀ ਹੈ ਕਿ ਪ੍ਰਧਾਨ ਮੰਤਰੀ ਦੇ ਰੂਪ ਵਿਚ ਨਵਾਜ਼ ਸ਼ਰੀਫ ਨੇ ਸਿਰਫ ਫੌਜੀ ਤੰਤਰ ਨੂੰ ਖੁਸ਼ ਕਰਨ ਲਈ ਹੀ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ ਤੇ ਹੁਣ ਸ਼ਰੀਫ ਨੇ ਦੋਸ਼ ਲਾਇਆ ਹੈ ਕਿ ਜ਼ਰਦਾਰੀ ਇਨ੍ਹਾਂ ਹੀ ਫੌਜੀ ਤਾਕਤਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਆਲੋਚਨਾ ਕਰਦੇ ਹਨ।
ਬੇਸ਼ੱਕ ਜ਼ਰਦਾਰੀ ਵੱਲ ਦੋਸਤੀ ਦਾ ਹੱਥ ਅੱਗੇ ਵਧਾਉਣ ਦੇ ਨਵਾਜ਼ ਸ਼ਰੀਫ ਦੇ ਵੱਖ-ਵੱਖ ਯਤਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ, ਫਿਰ ਵੀ ਦੋਹਾਂ ਪਾਰਟੀਆਂ ਦੇ ਹਿੱਤ ਇਹ ਮੰਗ ਕਰਦੇ ਹਨ ਕਿ ਉਹ ਆਪਸ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਸਹਿਯੋਗ ਜ਼ਰੂਰ ਸਥਾਪਿਤ ਕਰਨ।                  (ਮੰਦਿਰਾ ਪਬਲੀਕੇਸ਼ਨਜ਼)


Related News