ਮੁਸਲਮਾਨਾਂ ’ਤੇ ਮੋਹਨ ਭਾਗਵਤ ਦੇ ਵਿਚਾਰ
Thursday, Jan 12, 2023 - 11:56 PM (IST)

ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ‘ਪਾਂਚਜਨਯ’ ਸਪਤਾਹਿਕ ਨੂੰ ਦਿੱਤੀ ਗਈ ਇਕ ਇੰਟਰਵਿਊ ’ਚ ਅਜਿਹੀਆਂ ਗੱਲਾਂ ਕਹੀਆਂ ਹਨ ਜਿਨ੍ਹਾਂ ’ਤੇ ਦੇਸ਼ ਦੇ ਲੋਕਾਂ ਤੇ ਖਾਸ ਤੌਰ ’ਤੇ ਸੰਘ ਦੇ ਸਵੈਮਸੇਵਕਾਂ ਦਾ ਵਿਸ਼ੇਸ਼ ਧਿਆਨ ਜਾਣਾ ਚਾਹੀਦੈ। ਉਨ੍ਹਾਂ ਨੇ ਪਹਿਲੀ ਗੱਲ ਇਹ ਕਹੀ ਹੈ ਕਿ ਭਾਰਤ ਦੇ ਮੁਸਲਮਾਨਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਉਨ੍ਹਾਂ ਨੂੰ ਉਵੇਂ ਹੀ ਨਿਡਰ ਰਹਿਣਾ ਚਾਹੀਦਾ ਹੈ ਜਿਵੇਂ ਹੋਰ ਭਾਰਤੀ ਰਹਿੰਦੇ ਹਨ। ਅੱਜਕਲ ਦੇਸ਼ ਅਤੇ ਵਿਦੇਸ਼ ਦੇ ਕਈ ਬੁੱਧੀਜੀਵੀ ਇਹ ਮਹਿਸੂਸ ਕਰਦੇ ਹਨ ਕਿ ਜਦੋਂ ਤੋਂ ਮੋਦੀ ਸਰਕਾਰ ਕਾਇਮ ਹੋਈ ਹੈ, ਭਾਰਤ ਦੇ ਮੁਸਲਮਾਨ ਬੜੇ ਡਰ ਗਏ ਹਨ। ਕੁਝ ਹੱਦ ਤੱਕ ਇਹ ਗੱਲ ਸਹੀ ਹੈ ਪਰ ਇਸ ਦਾ ਮੂਲ ਕਾਰਨ ਇਹ ਸਰਕਾਰ ਓਨੀ ਨਹੀਂ ਹੈ ਜਿੰਨੀ ਕਿ ਕੁਝ ਸਿਰਫਿਰੇ ‘ਹਿੰਦੂਤਵਵਾਦੀ ਲੋਕ’ ਹਨ, ਜੋ ਕਿ ਨਫਰਤਾਂ ਫੈਲਾਉਂਦੇ ਹਨ ਤੇ ਆਪਣੇ ਵਤੀਰੇ ਨਾਲ ਲੋਕਾਂ ’ਚ ਡਰ ਪੈਦਾ ਕਰਦੇ ਹਨ। ਭਾਜਪਾ ਸਰਕਾਰ ਨੂੰ ਇਨ੍ਹਾਂ ਅੱਤਵਾਦੀ ਤੇ ਅਖੌਤੀ ਲੋਕਾਂ ਵਿਰੁੱਧ ਸਖਤ ਕਦਮ ਚੁੱਕਣ ’ਚ ਕੋਤਾਹੀ ਕਿਉਂ ਕਰਨੀ ਚਾਹੀਦੀ ਹੈ? ਸੱਚਾਈ ਤਾਂ ਇਹ ਹੈ ਕਿ ਇਹ ਹਿੰਦੂਤਵ ਦੀ ਮੂਲ ਭਾਵਨਾ ਨੂੰ ਸਮਝਦੇ ਹੀ ਨਹੀਂ ਹਨ। ਉਨ੍ਹਾਂ ’ਚ ਯੂਰਪ ਤੇ ਅਰਬ ਦੇਸ਼ਾਂ ਦਾ ਮਜ਼੍ਹਬੀ ਅੱਤਵਾਦ ਦਿਖਾਈ ਦਿੰਦੀ ਹੈ। ਮਜ਼੍ਹਬ ਦੇ ਨਾਂ ’ਤੇ ਉਨ੍ਹਾਂ ਮੁਲਕਾਂ ’ਚ ਅਜੇ ਵੀ ਭਿਆਨਕ ਜ਼ੁਲਮ ਜਾਰੀ ਹਨ। ਇਹ ਵਿਦੇਸ਼ੀ ਮਜ਼੍ਹਬੀ ਅੰਨ੍ਹਾਪਨ ਤੁਸੀਂ ਭਾਰਤ ’ਚ ਵੀ ਦੇਖ ਸਕਦੇ ਹੋ।
ਕੋਈ ਯਹੋਵਾ ਜਾਂ ਅੱਲ੍ਹਾ ਨੂੰ ਮੰਨੇ, ਇਸ ’ਚ ਕੋਈ ਬੁਰਾਈ ਨਹੀਂ ਹੈ ਪਰ ਇਸ ਦੇ ਲਈ ਅਰਬਾਂ ਤੇ ਗੋਰਿਆਂ ਦੀ ਨਕਲ ਕਰਨੀ ਕੀ ਜ਼ਰੂਰੀ ਹੈ? ਕੋਈ ਵਿਅਕਤੀ ਕਿਸੇ ਧਰਮ ਜਾਂ ਵਿਚਾਰਧਾਰਾ ਨੂੰ ਮੰਨੇ ਪਰ ਉਸ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਸੱਚਾ ਅਤੇ ਪੱਕਾ ਭਾਰਤੀ ਬਣਾਵੇ, ਕੀ ਇਹ ਜ਼ਰੂਰੀ ਨਹੀਂ ਹੈ? ਹੁਣ ਤੁਸੀਂ ਦੇਖੋ ਕੇ ਸਾਊਦੀ ਅਰਬ ਦੇ ਮੌਜੂਦਾ ਹਾਕਮ ਸ਼ਹਿਜ਼ਾਦੇ ਸਲਮਾਨ ਨੇ ਅਖੌਤੀ ਅਰਬੀ ਅਤੇ ਇਸਲਾਮੀ ਰਵਾਇਤਾਂ ’ਚ ਕਿੰਨੀਆਂ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਹਨ। ਮੋਹਨ ਭਾਗਵਤ ਸਾਡੇ ਮੁਸਲਮਾਨਾਂ ਨੂੰ ਇਹ ਵੀ ਬਰਾਬਰ ਕਹਿੰਦੇ ਰਹੇ ਹਨ ਕਿ ਉਨ੍ਹਾਂ ਦਾ ਅਤੇ ਹਿੰਦੂਆਂ ਦਾ ਡੀ. ਐੱਨ. ਏ. ਇਕ ਹੀ ਹੈ। ਕੀ ਕਿਸੇ ਹਿੰਦੂ ਜਾਂ ਮੁਸਲਮਾਨ ਨੇਤਾ ਨੇ ਅੱਜ ਤੱਕ ਅਜਿਹੀ ਗੱਲ ਕਹੀ ਹੈ? ਉਨ੍ਹਾਂ ਦੀ ਇਸ ਗੱਲ ਤੋਂ ਕਈ ਫਿਰਕੂ ਸੋਚ ਵਾਲੇ ਮੁਸਲਮਾਨ ਤੇ ਹਿੰਦੂ ਚਿੜ ਵੀ ਸਕਦੇ ਹਨ ਪਰ ਭਾਰਤ ਹੀ ਨਹੀਂ ਸੰਪੂਰਨ ਦੱਖਣ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨੂੰ ਜੋੜਣ ’ਚ ਇਹ ਕਥਨ ਫੈਸਲਾਕੁੰਨ ਭੂਮਿਕਾ ਨਿਭਾਵੇਗਾ। ਮੋਹਨ ਭਾਗਵਤ ਮਸਜਿਦਾਂ ’ਚ ਗਏ ਅਤੇ ਇਮਾਮਾਂ ਨਾਲ ਉਨ੍ਹਾਂ ਨੇ ਗੱਲਬਾਤ ਕੀਤੀ, ਕੀ ਇਹ ਘੱਟ ਵੱਡੀ ਗੱਲ ਹੈ? ਇਹ ਠੀਕ ਹੈ ਕਿ ਭਾਰਤ ਦੇ ਮੁਸਲਮਾਨਾਂ ਨੇ ਕਈ ਮਜਬੂਰੀਆਂ ’ਚ ਇਸਲਾਮ ਨੂੰ ਕਬੂਲ ਕਰ ਲਿਆ ਪਰ ਉਹ ਵਿਦੇਸ਼ੀ ਹਮਲਾਵਰਾਂ ਦੇ ਵਾਰਿਸ ਨਹੀਂ ਹਨ।
ਉਨ੍ਹਾਂ ਹਮਲਾਵਰਾਂ ਦੀਆਂ ਔਲਾਦਾਂ ਵੀ ਹੁਣ ਮੁਕੰਮਲ ਤੌਰ ’ਤੇ ਭਾਰਤੀ ਹੋ ਗਈਆਂ ਹਨ। ਇਹ ਠੀਕ ਹੈ ਕਿ ਲਗਭਗ ਹਜ਼ਾਰ ਸਾਲ ਤੱਕ ਵਿਦੇਸ਼ੀ ਹਮਲਾਵਰਾਂ ਨੇ ਭਾਰਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਵਿਰੁੱਧ ਭਾਰਤੀ ਲੋਕ ਲਗਾਤਾਰ ਲੜਦੇ ਰਹੇ ਪਰ ਉਹ ਆਕੜ ਅਤੇ ਹੰਕਾਰ ਕਿਸੇ ਵੀ ਰੂਪ ’ਚ ਜ਼ਿੰਦਾ ਨਹੀਂ ਰਹਿਣਾ ਚਾਹੀਦਾ। ਮੋਹਨ ਜੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਭਾਰਤੀਆਂ ’ਤੇ ਇਸ ਸਮੇਂ ਕੋਈ ਵਿਦੇਸ਼ੀ ਹਮਲਾ ਤਾਂ ਨਹੀਂ ਹੋ ਰਿਹਾ ਪਰ ਭਾਰਤ ਵਿਦੇਸ਼ੀਆਂ ਦਾ ਨਕਲਚੀ ਬਣ ਰਿਹਾ ਹੈ। ਉਹ ਉਨ੍ਹਾਂ ਦੀਆਂ ਭੋਗਵਾਦੀ ਪ੍ਰਵਿਰਤੀਆਂ ਨੂੰ ਅਪਣਾ ਰਿਹਾ ਹੈ। ਮੋਹਨ ਭਾਗਵਤ ਦੇ ਇਸ ਕਥਨ ’ਤੇ ਸਾਡੇ ਦੇਸ਼ ਦੇ ਅਖੌਤੀ ਨੇਤਾ, ਖਾਸ ਕਰ ਕੇ ਭਾਜਪਾ ਦੇ ਲੋਕ ਧਿਆਨ ਦੇਣ, ਇਹ ਜ਼ਰੂਰੀ ਹੈ। ਸੱਚੀ ਭਾਰਤੀਅਤਾ ਤਾਂ ਤਿਆਗ ਦੇ ਨਾਲ ਉਪਭੋਗ ’ਚ ਹੀ ਨਿਵਾਸ ਕਰਦੀ ਹੈ।
ਡਾ. ਵੇਦਪ੍ਰਤਾਪ ਵੈਦਿਕ