ਸਿਲਕਿਆਰਾ ਸੁਰੰਗ ਹਾਦਸੇ ਤੋਂ ਸਬਕ

12/01/2023 3:41:44 PM

ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲੇ ’ਚ ਕੇਂਦਰ ਸਰਕਾਰ ਦੀ ਅਤਿ ਮਹੱਤਵਪੂਰਨ ਬ੍ਰਹਮਖਾਲ-ਯਮੁਨੋਤਰੀ ਰਾਜਮਾਰਗ ’ਤੇ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਯੋਜਨਾ ’ਚ ਮਲਬਾ ਡਿੱਗਣ ਨਾਲ 17 ਦਿਨ ਕੈਦ ਰਹੇ 41 ਕਿਰਤੀਆਂ ਦੇ ਸਹੀ ਸਲਾਮਤ ਜ਼ਿੰਦਾ ਨਿਕਲ ਆਉਣ ਨਾਲ ਦੇਸ਼ ਅਤੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਜਿਸ ਸਮਰਪਣ ਅਤੇ ਹੁਨਰਮੰਦੀ ਨਾਲ ਇਸ ਪੂਰੀ ਬਚਾਅ ਮੁਹਿੰਮ ਨੂੰ ਸਫਲਤਾ ਤੱਕ ਪਹੁੰਚਾਇਆ ਗਿਆ, ਉਹ ਕਾਬਿਲੇ ਤਾਰੀਫ ਹੈ। ਇਸ ਦੇ ਬਾਵਜੂਦ ਇਸ ਪੂਰੇ ਕਾਂਡ ਨੇ ਸਬਕ ਵੀ ਦਿੱਤਾ ਹੈ ਅਤੇ ਬਹੁਤ ਸਾਰੇ ਸਵਾਲ ਵੀ ਖੜ੍ਹੇ ਕੀਤੇ ਹਨ, ਜਿਨ੍ਹਾਂ ਦੇ ਜਵਾਬ ਵੀ ਲੱਭਣੇ ਪੈਣਗੇ। ਭਵਿੱਖ ’ਚ ਸਾਰੀਆਂ ਨਿਰਮਾਣ ਅਧੀਨ ਯੋਜਨਾਵਾਂ ’ਚ ਆਉਣ ਵਾਲੀ ਸੰਭਾਵੀ ਆਫਤ ਦੀ ਹਾਲਤ ’ਚ ਮਨੁੱਖੀ ਜੀਵਨ ਨੂੰ ਖਤਰੇ ’ਚੋਂ ਕਿਵੇਂ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ, ਇਸ ਦੀ ਯੋਜਨਾ ਬਣਾ ਕੇ ਪੂਰੀ ਵਿਵਸਥਾ ਬਣਾਉਣੀ ਪਵੇਗੀ।

ਚਾਰਧਾਮ ਮਾਰਗ ’ਤੇ ਬਣ ਰਹੀ ਸਾਢੇ 4 ਕਿਲੋਮੀਟਰ ਲੰਬੀ ਇਹ ਸੁਰੰਗ ਅਧਿਆਤਮਕ ਅਤੇ ਧਾਰਮਿਕ ਸੈਲਾਨੀਆਂ ਦੇ ਨਾਲ ਹੀ ਜੰਗੀ ਨਜ਼ਰੀਏ ਤੋਂ ਵੀ ਬੇਹੱਦ ਮਹੱਤਵਪੂਰਨ ਹੈ। ਚਾਰਧਾਮ ਯਾਤਰਾ ਮਾਰਗ ’ਤੇ ਨਿਰਮਾਣ ਅਧੀਨ ਇਹ ਸੁਰੰਗ ਲਗਭਗ 900 ਕਿਲੋਮੀਟਰ ਲੰਬੇ ਸੜਕ ਪ੍ਰਾਜੈਕਟ ਦਾ ਇਕ ਹਿੱਸਾ ਹੈ, ਜੋ ਸਾਰੇ ਮੌਸਮਾਂ ’ਚ ਕੇਦਾਰਨਾਥ, ਬਦਰੀਨਾਥ, ਯਮੁਨੋਤਰੀ ਅਤੇ ਗੰਗੋਤਰੀ ਲਈ ਯਾਤਰਾ ਕਰਨ ਵਾਲੇ ਸੈਲਾਨੀਆਂ ਲਈ ਰਾਹ ਖੋਲ੍ਹੇਗਾ। ਐਮਰਜੈਂਸੀ ’ਚ ਇਹ ਸਾਡੀ ਫੌਜ ਲਈ ਚੀਨੀ ਸਰਹੱਦ ਤੱਕ ਤੁਰੰਤ ਗਤੀ ਨਾਲ ਪਹੁੰਚਣ ਦਾ ਰਾਹ ਸਾਫ ਕਰੇਗਾ। ਇਸ ਦੀ ਲਾਗਤ ਲਗਭਗ 900 ਕਰੋੜ ਰੁਪਏ ਹੈ।

ਸਿਲਕਿਆਰਾ ਸੁਰੰਗ ਹਾਦਸੇ ’ਚ ਮਨੁੱਖੀ ਜੀਵਨ ਬਚਾਓ ਮੁਹਿੰਮ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ, ਉਹ ਘੱਟ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਇਸ ਬਚਾਅ ਮੁਹਿੰਮ ਦੀ ਫੀਡਬੈਕ ਲੈ ਰਹੇ ਸਨ। ਸੀ. ਐੱਮ. ਧਾਮੀ ਵੀ ਪੂਰੀ ਬਚਾਅ ਮੁਹਿੰਮ ਨੂੰ ਮਾਨੀਟਰ ਕਰ ਰਹੇ ਸਨ, ਜਿਨ੍ਹਾਂ ਨੇ ਕੁਝ ਦਿਨਾਂ ਤੱਕ ਆਪਣੀ ਟੀਮ ਨਾਲ ਉੱਥੇ ਡੇਰਾ ਲਾਇਆ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੀ ਘਟਨਾ ਸਥਾਨ ’ਤੇ ਪਹੁੰਚੇ। ਵਿਭਾਗ ਦੇ ਕੇਂਦਰੀ ਰਾਜ ਮੰਤਰੀ ਵੀ. ਕੇ. ਸਿੰਘ ਕਿਰਤੀਆਂ ਨੂੰ ਬਾਹਰ ਕੱਢੇ ਜਾਣ ਤੱਕ ਉੱਥੇ ਰੁਕ ਕੇ ਜ਼ਰੂਰੀ ਸਰੋਤ ਮੁਹੱਈਆ ਕਰਵਾਉਣ ’ਚ ਆਪਣਾ ਯੋਗਦਾਨ ਦਿੰਦੇ ਰਹੇ। ਇਹ ਸਭ ਆਫਤ ਪ੍ਰਬੰਧਨ ਦੇ ਖੇਤਰ ’ਚ ਭਾਰਤ ’ਚ ਹੋਈ ਹੁਣ ਤੱਕ ਦੀ ਸਭ ਤੋਂ ਲੰਬੀ ਮਿਆਦ ਦੀ ਸਫਲ ਬਚਾਅ ਮੁਹਿੰਮ ਦੀ ਮਿਸਾਲ ਬਣ ਗਈ ਹੈ।

ਇੱਥੇ ਸਵਾਲ ਉੱਠਦਾ ਹੈ ਕਿ ਜੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਟਨਲ ਦੇ ਨਿਰਮਾਣ ਦੇ ਸਮੇਂ ਕੌਮਾਂਤਰੀ ਮਾਪਦੰਡਾਂ ਦਾ ਸਖਤੀ ਨਾਲ ਪਾਲਣ ਕੀਤਾ ਹੁੰਦਾ ਤਾਂ ਸੁਰੰਗ ’ਚ ਕੰਮ ਕਰਨ ਵਾਲੇ ਕਿਰਤੀਆਂ ਅਤੇ ਉੱਤਰਾਖੰਡ ਸੂਬੇ ਨੂੰ ਇੰਨੀ ਵੱਡੀ ਆਫਤ ’ਚ ਇੰਨੇ ਲੰਬੇ ਸਮੇਂ ਤੱਕ ਫਸਿਆ ਨਹੀਂ ਰਹਿਣਾ ਪੈਂਦਾ। ਨਿਯਮਾਂ ਅਨੁਸਾਰ ਜਦ ਵੀ 3 ਕਿਲੋਮੀਟਰ ਤੋਂ ਲੰਬੀ ਸੁਰੰਗ ਦਾ ਨਿਰਮਾਣ ਹੋਵੇ ਤਾਂ ਉਸ ’ਚ ‘ਐਸਕੇਪ ਪੈਸੇਜ’ ਬਣਾਉਣਾ ਜ਼ਰੂਰੀ ਹੁੰਦਾ ਹੈ। ਇਹ ਹਰ 375 ਮੀਟਰ ’ਤੇ ਮੁੱਖ ਟਨਲ ਨਾਲ ਜੁੜਿਆ ਹੋਣਾ ਚਾਹੀਦਾ ਹੈ ਤਾਂ ਕਿ ਆਫਤ ਦੀ ਹਾਲਤ ’ਚ ਸੁਰੰਗ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਟੈਂਡਰ ਲੈਣ ਵਾਲੀ ਕੰਪਨੀ ਨੂੰ ਕਿਸੇ ਆਜ਼ਾਦ ਕੰਪਨੀ ਤੋਂ ਇਸ ਦਾ ਸੇਫਟੀ ਅਤੇ ਵਿੱਤੀ ਆਡਿਟ ਕਰਾਉਂਦੇ ਰਹਿਣਾ ਚਾਹੀਦਾ ਹੈ। ਬਿਨਾਂ ਆਡਿਟ ਰਿਪੋਰਟ ਦੀ ਕਲੀਅਰੈਂਸ ਦੇ ਅੱਗੇ ਨਿਰਮਾਣ ਕਾਰਜ ਨਹੀਂ ਹੋਣਾ ਚਾਹੀਦਾ। ਇਹ ਜਾਂਚ ਦਾ ਵਿਸ਼ਾ ਹੈ ਕਿ ਇਨ੍ਹਾਂ ਮਾਪਦੰਡਾਂ ਦੀ ਪਾਲਣਾ ਸਿਲਕਿਆਰਾ ਟਨਲ ਨਿਰਮਾਣ ਕਰਨ ਵਾਲੀ ਕੰਪਨੀ ਨੇ ਕੀਤੀ ਸੀ ਜਾਂ ਨਹੀਂ। ਫਿਲਹਾਲ ਟਨਲ ’ਚ ਦੀਵਾਲੀ ਦੀ ਸਵੇਰੇ 12 ਨਵੰਬਰ ਨੂੰ ਮਲਬਾ ਡਿੱਗਣ ਤੋਂ ਬਾਅਦ ਜਦ 41 ਮਜ਼ਦੂਰ ਅੰਦਰ ਕੈਦ ਹੋ ਗਏ ਤਾਂ ਪਤਾ ਲੱਗਾ ਕਿ ਐਸਕੇਪ ਪੈਸੇਜ ਬਣਾਇਆ ਹੀ ਨਹੀਂ ਗਿਆ ਸੀ। ਅਜਿਹਾ ਕਿਉਂ ਹੋਇਆ? ਮੰਤਰਾਲਾ ਅਤੇ ਵਿਭਾਗ ਨਾਲ ਜੁੜੇ ਲੋਕਾਂ ਨੇ ਇਸ ਦੀ ਅਣਦੇਖੀ ਕਿਉਂ, ਕਿਸ ਦੇ ਇਸ਼ਾਰੇ ਅਤੇ ਦਬਾਅ ’ਚ ਕੀਤੀ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਤਾਂ ਲੱਭਣਾ ਹੀ ਪਵੇਗਾ।

ਜਦ ਹਾਦਸਾ ਹੋਇਆ ਤਾਂ ਮੀਡੀਆ ਸਮੇਤ ਸਾਰੇ ਲੋਕਾਂ ਨੇ ਪਰਬਤੀ ਇਲਾਕਿਆਂ ’ਚ ਆਵਾਜਾਈ ਲਈ ਸੁਰੰਗ ਨਿਰਮਾਣ ’ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਜਿਓਲਾਜੀਕਲ ਸਰਵੇ ਆਫ ਇੰਡੀਆ ਅਤੇ ਨੈਸ਼ਨਲ ਇੰਸਟੀਚਿਊਟ ਆਫ ਰਾਕ ਮੈਕੇਨਿਕਸ ਦੇ ਸਾਬਕਾ ਡਾਇਰੈਕਟਰ ਪੀ. ਸੀ. ਨਵਾਨੀ ਦਾ ਕਹਿਣਾ ਹੈ ਕਿ ਪਹਾੜਾਂ ’ਚ ਸੁਰੰਗ ਸਭ ਤੋਂ ਸੁਰੱਖਿਅਤ ਬਦਲ ਹੈ। ਇਕ ਵਾਰ ਨਿਰਮਾਣ ਤੋਂ ਬਾਅਦ ਇਸ ਦੀ ਉਮਰ 100 ਸਾਲਾਂ ਤੱਕ ਦੀ ਹੁੰਦੀ ਹੈ। ਉੱਤਰਾਖੰਡ ’ਚ ਇਹ ਕੋਈ ਪਹਿਲਾ ਟਨਲ ਹਾਦਸਾ ਨਹੀਂ ਸੀ। ਹਾਲ ਦੇ ਸਾਲਾਂ ’ਚ 7 ਫਰਵਰੀ 2021 ਨੂੰ ਚਮੋਲੀ ਜ਼ਿਲੇ ’ਚ ਰੈਣੀ ਖੇਤਰ ’ਚ ਰਿਸ਼ੀ ਗੰਗਾ ’ਚ ਨਿਰਮਾਣ ਅਧੀਨ ਤਪੋਵਨ ਵਿਸ਼ਨੂੰਗਾੜ੍ਹ ਜਲ ਬਿਜਲੀ ਪ੍ਰਾਜੈਕਟ ’ਚ ਅਚਾਨਕ ਆਏ ਹੜ੍ਹ ਨਾਲ ਪੈਦਾ ਆਫਤ ’ਚ 105 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। 204 ਲੋਕ ਲਾਪਤਾ ਹੋ ਗਏ ਸਨ। 2004 ’ਚ ਟਿਹਰੀ ਡੈਮ ਪ੍ਰਾਜੈਕਟ ’ਚ ਵੀ ਟੀ-3 ਸੁਰੰਗ ਧੱਸਣ ਨਾਲ 29 ਲੋਕ ਦਫਨ ਹੋ ਗਏ ਸਨ। ਇਸ ਤੋਂ ਪਹਿਲਾਂ ਵੀ ਅਜਿਹੇ ਹਾਲਾਤ ਨਾਲ ਹਿਮਾਲਿਆ ਦਾ ਇਹ ਪਹਾੜੀ ਇਲਾਕਾ ਜੂਝਦਾ ਰਿਹਾ ਹੈ।

ਸਿਲਕਿਆਰਾ ਟਨਲ ਹਾਦਸਾ ਇਸ ਲਈ ਵੀ ਖੋਜ ਦਾ ਵਿਸ਼ਾ ਹੈ ਕਿਉਂਕਿ ਇਹ ਬਚਾਅ ਮੁਹਿੰਮ ਲਈ ਤਕਨੀਕ, ਮਨੁੱਖੀ ਮਿਹਨਤ ਅਤੇ ਭਗਵਾਨ ਦੀ ਆਸਥਾ ਦੇ ਨਾਲ ਟੀਮ ਵਰਕ ਦੀ ਜਿਊਂਦੀ ਜਾਗਦੀ ਮਿਸਾਲ ਹੈ। ਇਸ ਪੂਰੀ ਮੁਹਿੰਮ ’ਚ ਸਾਰੀਆਂ ਬਚਾਅ ਏਜੰਸੀਆਂ ਨੂੰ ਜੋੜਿਆ ਗਿਆ। ਆਧੁਨਿਕ ਤਕਨੀਕ, ਸੰਚਾਰ ਮਾਧਿਅਮ, ਮਸ਼ੀਨਾਂ ਦਾ ਸੰਚਾਲਨ ਕਰ ਰਹੇ ਤਕਨੀਸ਼ੀਅਨਾਂ, ਦਿਸ਼ਾ-ਨਿਰਦੇਸ਼ ਦੇ ਰਹੇ ਮਾਹਿਰਾਂ, ਉਸ ’ਤੇ ਪੂਰੀ ਸਾਵਧਾਨੀ ਅਤੇ ਸਮਰਪਣ ਬਚਾਅ ਮੁਹਿੰਮ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੇ ਕਿਰਤੀਆਂ ਦੀ ਭੂਮਿਕਾ ਵੀ ਕਿਸੇ ਦੇਵਤਾ ਵਰਗੀ ਰਹੀ।

ਸੁਰੰਗ ਬਣਾਉਣ ਲਈ ਜਿਸ ਬਾਬਾ ਬੌਖਨਾਗ ਦੇ ਮੰਦਰ ਨੂੰ ਹਟਾ ਦਿੱਤਾ ਗਿਆ ਸੀ, ਬਚਾਅ ਮੁਹਿੰਮ ’ਚ ਵੱਡੀ ਰੁਕਾਵਟ ਆਉਣ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਦੀ ਸਲਾਹ ’ਤੇ ਛੋਟੇ ਜਿਹੇ ਮੰਦਰ ਦਾ ਨਿਰਮਾਣ ਕੀਤਾ ਗਿਆ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਕੇਂਦਰੀ ਰਾਜ ਮੰਤਰੀ ਵੀ. ਕੇ. ਸਿੰਘ, ਪ੍ਰਾਜੈਕਟ ਨਾਲ ਜੁੜੇ ਅਧਿਕਾਰੀ ਅਤੇ ਇੱਥੋਂ ਤੱਕ ਕਿ ਆਸਟ੍ਰੇਲੀਆ ਤੋਂ ਆਏ ਟਨਲ ਐਕਸਪਰਟ ਅਰਨਾਲਡ ਡਿਕਸ ਨੇ ਉੱਥੇ ਪੂਜਾ ਕੀਤੀ। ਇਸ ਨੇ ਇਹ ਵੀ ਸਾਬਤ ਕੀਤਾ ਕਿ ਚਾਹੇ ਪੂਰਬ ਹੋਵੇ ਜਾਂ ਪੱਛਮ ਪੂਰੀ ਦੁਨੀਆ ’ਚ ਇਸ ਤਰ੍ਹਾਂ ਦੇ ਨਿਰਮਾਣ ਕਾਰਜ ’ਚ ਵਿਗਿਆਨ ਦੇ ਨਾਲ ਅਧਿਆਤਮ ਅਤੇ ਈਸ਼ਵਰੀ ਸ਼ਕਤੀ ਪ੍ਰਤੀ ਉਨ੍ਹਾਂ ਦਾ ਭਰੋਸਾ ਬਣਿਆ ਰਹਿੰਦਾ ਹੈ। ਹੁਣ ਇੱਥੇ ਬੌਖਨਾਗ ਦੇ ਵੱਡੇ ਮੰਦਰ ਦੇ ਨਿਰਮਾਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।

ਕੁਲ ਮਿਲਾ ਕੇ ਇਸ ਘਟਨਾ ਨਾਲ ਭਵਿੱਖ ’ਚ ਬਣਨ ਵਾਲੇ ਪ੍ਰਾਜੈਕਟਾਂ ਲਈ ਸੁਧਾਰ ਕਰਨ ਦਾ ਸਬਕ ਮਿਲਿਆ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਨੇ ਇਸ ’ਤੇ ਧਿਆਨ ਦਿੰਦੇ ਹੋਏ 28 ਨਵੰਬਰ 2023 ਨੂੰ ਹੀ ਦੇਹਰਾਦੂਨ ’ਚ ਗ੍ਰਾਫਿਕ ਏਰਾ ਯੂਨੀਵਰਸਿਟੀ ’ਚ ਆਯੋਜਿਤ 4 ਦਿਨਾਂ ਦੀ ਵਿਸ਼ਵ ਆਫਤ ਪ੍ਰਬੰਧਨ ਕਾਂਗਰਸ ਦਾ ਉਦਘਾਟਨ ਕਰਦੇ ਸਮੇਂ ਹੀ ਹਿਮਾਲਿਆ ਖੇਤਰ ’ਚ ਜੋਖਮ ਘਟਾਉਣ ਲਈ ਸੂਬੇ ’ਚ ਹੀ ਰਾਸ਼ਟਰੀ ਆਫਤ ਪ੍ਰਬੰਧਨ ਸੰਸਥਾਵਾਂ ਸਥਾਪਿਤ ਕਰਨ ਦਾ ਐਲਾਨ ਵੀ ਕਰ ਦਿੱਤਾ। ਇਸ ਪ੍ਰੋਗਰਾਮ ’ਚ 50 ਤੋਂ ਵੱਧ ਦੇਸ਼ਾਂ ਦੇ ਮਾਹਿਰ ਅਤੇ ਵਿਗਿਆਨੀ ਸ਼ਾਮਲ ਹੋਏ ਹਨ। ਆਉਣ ਵਾਲੇ ਸਮੇਂ ’ਚ ਦੇਸ਼ ਅਤੇ ਦੁਨੀਆ ਲਈ ਇਹ ਬਹੁਤ ਮਦਦਗਾਰ ਸਾਬਤ ਹੋਵੇਗਾ।

ਨਿਸ਼ੀਥ ਜੋਸ਼ੀ


Rakesh

Content Editor

Related News