ਕਸ਼ਮੀਰ ਨੂੰ ਅੱਜ ਚਾਹੀਦੈ ਇਕ ‘ਮਹਾਨ ਦੂਰਅੰਦੇਸ਼’

Saturday, Oct 13, 2018 - 06:09 AM (IST)

ਜੰਮੂ ਕਸ਼ਮੀਰ ਕਿਸ ਪਾਸੇ ਜਾ ਰਿਹਾ ਹੈ? ਇਹ ਇਸ ਸੂਬੇ ਲਈ ਕਿਸੇ ਵੀ ਸਿਆਸੀ ਸਮੀਖਿਅਕ ਵਾਸਤੇ ਇਕ ਸਦਾਬਹਾਰ ਸਵਾਲ ਹੈ, ਜਿਸ ਦਾ ਜਵਾਬ ਸ਼ਾਇਦ ਹੀ ਵਾਦੀ ’ਚ ਘਟਨਾਵਾਂ ਅਤੇ ਗੈਰ-ਘਟਨਾਵਾਂ ਦੀਅਾਂ ਪੇਚੀਦਗੀਅਾਂ ਦੇ ਦਲੀਲੀ ਅਨੁਮਾਨ ਦੇ ਆਧਾਰ ’ਤੇ ਦਿੱਤਾ ਜਾਂਦਾ ਹੋਵੇ। ਸੂਬੇ ਦੇ ਰਾਜਪਾਲ ਸਤਿਆਪਾਲ ਮਲਿਕ ਇਕ ਤਜਰਬੇਕਾਰ ਸਿਆਸਤਦਾਨ ਹਨ, ਜਿਨ੍ਹਾਂ ਨੇ  ਪੀ. ਡੀ. ਪੀ.-ਭਾਜਪਾ ਸਰਕਾਰ ਦੇ ਡਿਗਣ ਤੋਂ ਬਾਅਦ ਰਾਜਪਾਲ ਸ਼ਾਸਨ ਲੱਗਣ ਤੋਂ 2 ਮਹੀਨੇ ਮਗਰੋਂ ਜੰਮੂ-ਕਸ਼ਮੀਰ ਦਾ ਚਾਰਜ ਸੰਭਾਲਿਆ। ਉਨ੍ਹਾਂ ਨੇ ਪਹਿਲਾਂ ਹੀ ਇਕ ਚਲਾਕ ਸਿਆਸਤਦਾਨ ਵਾਂਗ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਦਾ ਕੰਮ ਗੱਲਬਾਤ ਲਈ ਜਗ੍ਹਾ ਬਣਾਉਣਾ ਹੈ। 
ਪਰ ਕਿਵੇਂ? ਇਹ ਕੋਈ ਸੌਖਾ ਕੰਮ ਨਹੀਂ ਹੈ, ਜੇ ਅਗਾਂਹ ਕੋਈ ਰੋਡਮੈਪ ਬਾਰੇ ਯਕੀਨੀ ਨਹੀਂ ਹੈ। ਵਰ੍ਹਿਅਾਂ ਦੌਰਾਨ ਕੇਂਦਰ ਸਰਕਾਰ ਲੋਕਾਂ ਵਿਚਾਲੇ ਆਪਣਾ ਏਜੰਡ ਵਿਆਪਕ ਤੌਰ ’ਤੇ ਫੈਲਾਉਂਦਿਅਾਂ ਸੂਬੇ ’ਚ ਚੋਣਵੇਂ ਸਿਆਸੀ ਸਮੂਹਾਂ ਨਾਲ ‘ਖ਼ੁਦਮੁਖਿਤਆਰੀ’ ਤੇ ਹੋਰ ਸਬੰਧਿਤ ਮੁੱਦਿਅਾਂ ਨੂੰ ਲੈ ਕੇ ਗੱਲਬਾਤ ਕਰਦੀ ਰਹੀ ਹੈ। ਨਵੇਂ ਰਾਜਪਾਲ ਨੇ ਘੱਟੋ-ਘੱਟ ਇਹ ਸੰਕੇਤ ਦਿੱਤਾ ਹੈ ਕਿ ਉਹ ਨੌਜਵਾਨ ਕਸ਼ਮੀਰੀਅਾਂ ਦੀ ਮਾਨਸਿਕਤਾ ਜਾਣਨ ਲਈ ਉਨ੍ਹਾਂ ਤਕ ਪਹੁੰਚ ਬਣਾਉਣਗੇ। 
ਮੈਂ ਸਮਝਦਾ ਹਾਂ ਕਿ ਇਹ ਇਕ ਹਾਂ-ਪੱਖੀ ਘਟਨਾ ਹੋਵੇਗੀ, ਹਾਲਾਂਕਿ ਇਥੇ ਸਮੱਸਿਆ ਪ੍ਰਸ਼ਾਸਨ  ਨਾਲ ਸਾਰੇ ਪੱਧਰਾਂ ’ਤੇ ਲੋਕਾਂ ਦੇ ਵੱਡੇ ਵਰਗਾਂ ਵਿਚਾਲੇ ਭਰੋਸੇ ਦੀ ਘਾਟ ਨੂੰ ਲੈ ਕੇ ਹੈ। ਇਕ ਅਖ਼ਬਾਰ ਨੂੰ ਦਿੱਤੀ ਇੰਟਰਿਵਊ ’ਚ ਸਤਿਆਪਾਲ ਮਲਿਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਤੋਂ ਹਦਾਇਤ ਮਿਲੀ ਹੈ ਕਿ ਇਥੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ, ਸਿਰਫ ਲੋਕਾਂ ਤਕ ਪਹੁੰਚ ਬਣਾ ਕੇ ਉਨ੍ਹਾਂ ਦੀਅਾਂ ਸਮੱਸਿਆਵਾਂ ਹੱਲ ਕੀਤੀਅਾਂ ਜਾਣੀਅਾਂ ਚਾਹੀਦੀਅਾਂ ਹਨ। ਯਕੀਨੀ ਤੌਰ ’ਤੇ ਇਹ ਇੰਟਰਿਵਊ ਕਾਫੀ ਕੁਝ ਕਹਿੰਦੀ ਹੈ। 
ਮੇਰਾ ਨੁਕਤਾ ਇਹ ਹੈ ਕਿ ਰਾਜਪਾਲ ਲੋਕਾਂ ਤਕ ਪਹੁੰਚ ਕਿਵੇਂ ਬਣਾ ਸਕਦੇ ਹਨ, ਜੋ ਅੰਦਰੂਨੀ ਅਤੇ ਸਰਹੱਦ ਪਾਰਲੀ ਵੱਖ-ਵੱਖ ਲੁਕੇ ਹਿੱਤਾਂ ਵਾਲੀ ਸਿਆਸਤ ਦੇ ਦਮ ’ਤੇ ਕੱਛਾਂ ਵਜਾਉਂਦੇ ਹਨ, ਬਿਨਾਂ ਜੁਆਬੀ ਸਿਆਸੀ ਪੱਤੇ ਖੇਡਦੇ ਹੋਏ। ਵਾਦੀ ਦੀ ਸਿਆਸਤ ’ਚ ਪਹੀਅਾਂ ਅੰਦਰ ਸੁਭਾਵਿਕ ਪਹੀਏ ਹਨ ਅਤੇ ਕੋਈ ਵੀ ਇਸ ਬਾਰੇ ਯਕੀਨ ਨਾਲ ਨਹੀਂ ਕਹਿ ਸਕਦਾ  ਕਿ ਕਿਹੜਾ ਪਹੀਆ ਕਿਸ ਦੀ ਸ਼ਹਿ ’ਤੇ ਚੱਲ ਰਿਹਾ ਹੈ ਤੇ ਕਿਸ ਉਦੇਸ਼ ਨਾਲ, ਕਿਸ ਦੇ ਲਾਭ ਲਈ। 
ਇਹ ਸੂਬੇ ਦੀਅਾਂ ਮੁੱਖ ਧਾਰਾ ਵਾਲੀਅਾਂ ਪਾਰਟੀਅਾਂ ਨੈਕਾ ਅਤੇ ਪੀ. ਡੀ. ਪੀ. ਬਾਰੇ ਵੀ ਸੱਚ ਹੈ। ਅਜਿਹੀ ਸਥਿਤੀ ’ਚ ਭਾਰਤ ਦਾ ਸਰਵਉੱਚ ਦਾਅ ਅਜੇ ਵੀ ਫਾਰੂਕ ਅਬਦੁੱਲਾ ਤੇ ਉਨ੍ਹਾਂ ਦੀ ਟੀਮ ਹੈ, ਚਾਹੇ ਕੋਈ ਨਿੱਜੀ ਤੌਰ ’ਤੇ ਪਸੰਦ ਕਰੇ ਜਾਂ ਨਾ। ਰਾਜਪਾਲ ਸਤਿਆਪਾਲ ਮਲਿਕ ਇਹ ਪ੍ਰਭਾਵ ਦਿੰਦੇ ਹਨ ਕਿ ਉਹ ਕੁਝ ਦਾਰਸ਼ਨਿਕ ਸੋਚ ਨਾਲ ਹਵਾ ’ਚ ਗੱਲਾਂ ਕਰ ਰਹੇ ਹਨ ਅਤੇ ਕਹਿੰਦੇ ਹਨ ਕਿ ‘‘ਅਸੀਂ ਅੱਤਵਾਦ ਨੂੰ ਮਾਰਨਾ ਹੈ, ਅੱਤਵਾਦੀਅਾਂ ਨੂੰ ਨਹੀਂ.... ਲੋਕਾਂ ਦੀਅਾਂ ਨਜ਼ਰਾਂ ’ਚ ਅੱਤਵਾਦ ਨੂੰ ਬੇਕਾਰ ਬਣਾਉਣਾ ਹੈ।’’ 
ਯਕੀਨੀ ਤੌਰ ’ਤੇ ਸਤਿਆਪਾਲ ਦੇ ਵਿਚਾਰ ਨੇਕ ਹਨ ਪਰ ਪਹਿਲਾਂ ਉਹ ਕਸ਼ਮੀਰੀ ਸਿਆਸਤ ਦੇ ਜ਼ਿੱਦੀ ਸੁਭਾਅ ਦੇ ਚੁੰਗਲ ’ਚ ਆ ਗਏ ਹਨ। ਉਹ ਇਹ ਦਾਅਵਾ ਕਰਨ ’ਚ ਯਕੀਨੀ ਤੌਰ ’ਤੇ ਸਹੀ ਹਨ ਕਿ ਭਾਰਤ ਦੀਅਾਂ ਗਲਤੀਅਾਂ ਨੇ ਜੰਮੂ-ਕਸ਼ਮੀਰ ਨੂੰ ਅਲੱਗ-ਥਲੱਗ ਕਰ ਦਿੱਤਾ ਹੈ। ਇਹ ਸੱਚ ਹੈ ਪਰ ਕੀ ਅਸੀਂ ਇਕ ਹੀ ਕੋਸ਼ਿਸ਼  ਨਾਲ ਕਸ਼ਮੀਰ ’ਚ ਇਤਿਹਾਸ ਦੀ ਪ੍ਰਕਿਰਿਆ ਨੂੰ ਪਲਟ ਸਕਦੇ ਹਾਂ? ਯਕੀਨੀ ਤੌਰ ’ਤੇ ਨਹੀਂ।
ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਦੂਸ਼ਣਬਾਜ਼ੀ ਦੀ ਖੇਡ ਸਾਨੂੰ ਕਿਤੇ ਨਹੀਂ ਲਿਜਾ ਸਕਦੀ। ਬਹੁਤ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਅਾਂ ਗਲਤੀਅਾਂ ’ਤੇ ਪਰਦਾ ਪਾਉਣ ਅਤੇ ਵਾਅਦੇ ਵਫ਼ਾ ਨਾ ਹੋਣ ਨੂੰ ਲੈ ਕੇ ਆਪਣੇ ਤੋਂ ਪਹਿਲਾਂ ਵਾਲੇ ਸ਼ਾਸਕਾਂ ਨੂੰ ਦੋਸ਼ ਦਿੰਦੇ ਹਨ। ਇਕ  ਸਮਰੱਥ  ਨੇਤਾ ਕਾਰਗੁਜ਼ਾਰੀ ਦੀ ਆਪਣੀ ਤਾਕਤ ਨਾਲ ਅੱਗੇ ਵਧਦਾ ਹੈ, ਨਾ ਕਿ ਦੂਜੀਅਾਂ ਪਾਰਟੀਅਾਂ ਤੇ ਨੇਤਾਵਾਂ ਨੂੰ ਦੋਸ਼ ਦੇ ਕੇ। ਨਾਂਹ-ਪੱਖੀ ਸਿਆਸਤ ਇਕ ਸਮੁੱਚੇ ਸਜੀਵ ਰਾਸ਼ਟਰ ਦਾ ਨਿਰਮਾਣ ਨਹੀਂ ਕਰ ਸਕਦੀ।
ਅਫਸੋਸ ਦੀ ਗੱਲ ਹੈ ਕਿ ਮੋਦੀ ਵਾਦੀ ’ਚ ਆਪਣੀ ਹਰਮਨਪਿਆਰਤਾ ਨੂੰ ਕੈਸ਼ ਕਰਨ ਅਤੇ 2015 ਦੇ ਹੜ੍ਹ ਨਾਲ ਹੋਈ ਤਬਾਹੀ ਦੇ ਮੱਦੇਨਜ਼ਰ ਲੋਕਾਂ ਨੂੰ ਨਿਰਾਸ਼ਾ ’ਚੋਂ ਕੱਢਣ ਲਈ ਕੀਤੇ ਗਏ ਸ਼ਾਨਦਾਰ ਕੰਮ ਤੋਂ ਬਾਅਦ ਵੀ ਉਥੇ ਆਪਣਾ ਆਧਾਰ ਮਜ਼ਬੂਤ ਬਣਾਉਣ ’ਚ ਨਾਕਾਮ ਰਹੇ ਹਨ। ਇਸ ਦੇ ਲਈ ਉਨ੍ਹਾਂ ਨੂੰ ਆਮ ਲੋਕਾਂ ਤੇ ਉਨ੍ਹਾਂ ਦੀਅਾਂ ਸਮੱਸਿਆਵਾਂ ’ਚ ਖ਼ੁਦ ਨੂੰ ਸਰਗਰਮ ਤੌਰ ’ਤੇ ਸ਼ਾਮਿਲ ਕਰਨ ਦੀ ਬਜਾਏ ਵਿਦੇਸ਼ੀ ਦੌਰਿਅਾਂ ਨਾਲ ਆਪਣੇ  ਬਹੁਤ ਜ਼ਿਆਦਾ ਲਗਾਅ ਅਤੇ ਖ਼ੁਦ  ਨੂੰ ਦੋਸ਼ ਦੇਣਾ ਚਾਹੀਦਾ ਹੈ। 
ਪਿੱਛੇ ਦੇਖੀਏ ਤਾਂ ਇਕ ਸਮਾਂ ਅਜਿਹਾ ਸੀ, ਜਦੋਂ ਕੇਂਦਰ ਨੇ ਸਥਾਨਕ ਨੇਤਾਵਾਂ ਦੀ ਚਾਪਲੂਸੀ ਕਰਨ ਦਾ ਬਦਲ ਚੁਣਿਆ ਤੇ ਉਹ ਵੀ ਉਨ੍ਹਾਂ ਦੀ ਤੇ ਸਥਾਨਕ ਲੋਕਾਂ ਦੀ ਸਾਖ ਨੂੰ ਸਮਝੇ ਬਿਨਾਂ। ਇਸ ਨੇ ਭ੍ਰਿਸ਼ਟਾਚਾਰ ’ਚ ਵਾਧਾ ਕੀਤਾ ਤੇ ਜੰਮੂ-ਕਸ਼ਮੀਰ ਵਰਗੇ ਸੰਵੇਦਨਸ਼ੀਲ ਸੂਬੇ ਨੂੰ ਚਲਾਉਣ ਲਈ  ਨੀਤੀਅਾਂ ਤੇ ਨਿਯਮਾਂ ਦੀ ਘਾਟ  ਨੂੰ ਵੀ ਅਣਡਿੱਠ ਕੀਤਾ। 
ਅਤੀਤ ’ਚ ਕੀਤੀਅਾਂ ਗਈਅਾਂ ਗਲਤੀਅਾਂ ਤੋਂ ਸਾਰੇ ਸਬਕ ਲੈਂਦਿਅਾਂ ਮੌਜੂਦਾ ਰਾਜਪਾਲ ਨੂੰ ਨਾ ਸਿਰਫ ਵਾਦੀ ’ਚ, ਸਗੋਂ ਸੂਬੇ ਦੇ ਜੰਮੂ ਅਤੇ ਲੱਦਾਖ ਖੇਤਰਾਂ ’ਚ ਵੀ ਲੋਕਾਂ ਦੀ ਮਾਨਸਿਕਤਾ ਨੂੰ ਸਮਝਣਾ  ਪਵੇਗਾ। ਉਨ੍ਹਾਂ ਨੂੰ ਤੇਜ਼ੀ ਨਾਲ ਵਧਦੀ ਕੱਟੜਤਾ ਅਤੇ ਅੱਤਵਾਦ ਵੱਲ ਵੀ ਧਿਆਨ ਦੇਣਾ ਪਵੇਗਾ। ਇੰਨਾ ਹੀ ਢੁੱਕਵਾਂ ਵਾਦੀ ’ਚ ਕਸ਼ਮੀਰੀ ਪੰਡਿਤਾਂ ਦਾ ਭਵਿੱਖ ਹੈ। 
ਇਹ ਇਕ ਇਤਿਹਾਸਿਕ ਤੱਥ ਹੈ ਕਿ ਕੱਟੜਪੰਥੀ ਅਤੀਤ ’ਚ ਸਦੀਅਾਂ ਦੌਰਾਨ ਧਰਮ ਪਰਿਵਰਤਨ ਕਰਨ ਵਾਲੇ ਲੋਕਾਂ ਨੂੰ ਸੂਬੇ ਦੀ ਸੱਭਿਅਤਾ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਇਕ ‘ਪੈਨ-ਇਸਲਾਮਿਕ  ਸੱਭਿਅਤਾ’ ਦਾ ਹਿੱਸਾ ਬਣਾ ਸਕਣ। ਇਹ ਦ੍ਰਿਸ਼ਟਾਂਤ ਆਪਣੇ ਆਪ ’ਚ ਇਕ ਵੱਡੀ ਤ੍ਰਾਸਦੀ ਹੈ ਕਿਉਂਕਿ ਵਾਦੀ ਦੇ ਬਹੁਤੇ ਮੁਸਲਮਾਨਾਂ ਦਾ ਇਤਿਹਾਸ ਹੋਰਨਾਂ ਮਤਾਂ ਦਾ ਸਨਮਾਨ ਕਰਨਾ ਰਿਹਾ ਹੈ।Í 
ਇਸ ਦੇ ਬਾਵਜੂਦ ਕਿ ਅਤੀਤ ’ਚ ਮੁਸਲਿਮ ਸ਼ਾਸਕਾਂ ਨੇ ਇਸ ਰੁਝਾਨ ਦਾ ਸਖਤੀ ਨਾਲ ਵਿਰੋਧ ਕੀਤਾ ਸੀ, ਸੂਫੀਵਾਦ ਦੀ ਖੁਸ਼ਹਾਲ ਰਵਾਇਤ ਦੇ ਨਾਲ-ਨਾਲ ਰਿਸ਼ੀਅਾਂ-ਮੁਨੀਅਾਂ ਨੇ ਜ਼ਮੀਨੀ ਪੱਧਰ ’ਤੇ ਇਕ ਸਿਹਤਮੰਦ ਅਤੇ ਬਹੁ-ਪੱਧਰੀ ਧਾਰਮਿਕ ਇਕਰੂਪਤਾ ਮੁਹੱਈਆ ਕਰਵਾਈ। 
ਅਸਲ ’ਚ ਵਾਦੀ ਅੰਦਰ ਅੱਜ ਅਸੀਂ ਨਫਰਤ ਦੀ ਜੋ ਭਾਵਨਾ ਦੇਖ ਰਹੇ ਹਾਂ ਅਤੇ ਜੋ ਵਿਅਕਤੀ ਤੋਂ ਵਿਅਕਤੀ ਦੇ ਪੱਧਰ ’ਤੇ ਧਰਮ ਤੋਂ ਪ੍ਰਭਾਵਿਤ ਲੱਗਦੀ ਹੈ, ਉਹ ਕਾਫੀ ਹੱਦ ਤਕ ਅਰਥ ਵਿਵਸਥਾ ਨਾਲ ਘੁਲ-ਮਿਲ ਗਈ ਹੈ। ਇਥੋਂ ਤਕ ਕਿ ਫਿਰਕੂ ਮਾਮਲਿਅਾਂ ’ਚ ਵੀ ਪੰਡਿਤਾਂ ਤੇ ਮੁਸਲਮਾਨਾਂ ਵਿਚਾਲੇ ਆਰਥਿਕ ਫਰਕ ਆਮ ਤੌਰ ’ਤੇ ਦਰਸਾਏ ਜਾਂਦੇ ਰਹੇ ਹਨ। 
ਇਸ ’ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਵਾਦੀ ’ਚ ਸਿਆਸਤ ਮੁਸਲਮਾਨਾਂ ਤੇ ਗੈਰ-ਮੁਸਲਮਾਨਾਂ ਦੁਆਲੇ ਕੇਂਦ੍ਰਿਤ ਹੋਣ ਲੱਗੀ। ਸਿਆਸਤ ਦੇ ਬੀਜਾਂ ਨੇ ਉਦੋਂ ਫਿਰ ਬਹੁਤ ਕੌੜੇ ਫਿਰਕੂ ਫਲ ਦੇਣੇ ਸ਼ੁਰੂ ਕੀਤੇ। ਬਿਨਾਂ ਸ਼ੱਕ ਇਸ ਸਥਿਤੀ ਲਈ ਬ੍ਰਿਟਿਸ਼ ਸ਼ਾਸਕ ਵੀ ਕੁਝ ਜ਼ਿੰਮੇਵਾਰ ਸਨ। ਕੇਂਦਰੀ ਤੇ ਸੂਬਾਈ ਨੇਤਾਵਾਂ ਨੇ ਇਸ ਤੋਂ ਬਾਅਦ ਇਸ ਗੁੰਝਲਦਾਰ ਸਥਿਤੀ ਨੂੰ ਹੋਰ ਸੁਲਝਾ ਦਿੱਤਾ। 
ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੁੱਖ ਤਰਜੀਹ ਭਰੋਸੇ ਵਾਲਾ ਮਾਹੌਲ ਬਣਾਉਣਾ ਹੈ, ਜਿਸ ’ਚ ਕੇਂਦਰ ਸਰਕਾਰ ਮੁੱਖ ਧਾਰਾ ਵਾਲੀਅਾਂ ਪਾਰਟੀਅਾਂ ਅਤੇ ਹੁਰੀਅਤ ਨਾਲ ਵੀ ਗੱਲਬਾਤ ਸ਼ੁਰੂ ਕਰ ਸਕਦੀ ਹੈ, ਜੇ ਉਹ ‘ਪਾਕਿਸਤਾਨ ਨੂੰ ਸ਼ਾਮਿਲ ਕਰਨ ਦੀ ਸ਼ਰਤ ਤੋਂ ਬਿਨਾਂ’ ਇਸ ਦੇ ਲਈ ਰਾਜ਼ੀ ਹੋ ਜਾਣ। ਇਹ ਕੋਈ ਸੌਖਾ ਕੰਮ ਨਹੀਂ ਹੋਵੇਗਾ। ਅਸੀਂ ਹੁਰੀਅਤ ਆਗੂਅਾਂ ਦੇ ਪਾਕਿਸਤਾਨ ਪ੍ਰਤੀ ਝੁਕਾਅ, ਹਵਾਲਾ ਰਕਮਾਂ ਨਾਲ ਸਬੰਧਾਂ ਅਤੇ ਪੇਨ-ਇਸਲਾਮਿਕ ਮਾਨਸਿਕਤਾ ਤੋਂ ਜਾਣੂ ਹਾਂ, ਜੋ ‘ਕਸ਼ਮੀਰੀਅਤ’ ਤੋਂ ਰਹਿਤ ਹੈ। 
ਜਿਸ ਵਿਅਕਤੀ ਨੇ ਪ੍ਰਸ਼ਾਸਨ ਚਲਾਉਣਾ ਹੈ, ਉਸ ਨੂੰ ਕਸ਼ਮੀਰੀਅਾਂ ਦੀ ਮਾਨਸਿਕਤਾ ਨੂੰ ਸਮਝਣਾ ਪਵੇਗਾ। ਵਾਦੀ ’ਚ ਮੁਸਲਮਾਨਾਂ ਦਰਮਿਆਨ ਫਿਰਕਾਪ੍ਰਸਤੀ ਦਾ ਮੌਜੂਦਾ ਉਭਾਰ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਮਾਨਸਿਕਤਾ ’ਚ ਇਕ ਵੱਡਾ ਮੋੜ ਆਇਆ ਹੈ। ਅਸਲ ’ਚ ਲਗਾਤਾਰ ਕੂੜ ਪ੍ਰਚਾਰ ਅਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਮਦਦ ਮਿਲਣ ਕਰਕੇ ਅੱਤਵਾਦੀ ਸੰਗਠਨ ਵਿਵਹਾਰਕ ਨਿਯਮਾਂ ਨੂੂੰ ਤਿਆਗ ਰਹੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੂੰ ਬੰਦੂਕਧਾਰੀ ਅੱਤਵਾਦੀ ਮਜਬੂਰ ਕਰ ਰਹੇ ਹਨ। ਇਸ ਲਈ ਵਾਦੀ ਦੇ ਮੁਸਲਮਾਨ ਸ਼ਾਇਦ ਹੀ ਆਜ਼ਾਦ  ਤੌਰ ’ਤੇ ਆਵਾਜ਼ ਉਠਾ ਸਕਦੇ ਹੋਣ। 
ਕਸ਼ਮੀਰ ਦੀਅਾਂ ਪੇਚੀਦਗੀਅਾਂ ਬਾਰੇ ਜਾਣਨ ਲਈ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਜਗਮੋਹਨ ਦੀ ਲਿਖੀ ਸ਼ਾਨਦਾਰ ਕਿਤਾਬ ‘ਮਾਈ ਫਰੋਜ਼ਨ ਟਰਬੂਲੈਂਸ ਇਨ ਕਸ਼ਮੀਰ’ ਮਦਦਗਾਰ ਸਿੱਧ ਹੋ ਸਕਦੀ ਹੈ। 
ਜੇ ਸਤਿਆਪਾਲ ਮਲਿਕ ਆਪਣੇ ਤੋਂ ਪਹਿਲਾਂ ਵਾਲੇ ਰਾਜਪਾਲ ਐੱਨ. ਐੱਨ. ਵੋਹਰਾ ਤੋਂ ਵੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰ ਲੈਣ ਤਾਂ ਚੰਗਾ ਹੋਵੇਗਾ, ਜੋ ਇਕ ਬਿਹਤਰੀਨ ਪ੍ਰਸ਼ਾਸਕ ਰਹੇ ਹਨ। ਜੇ ਵੋਹਰਾ ਜੰਮੂ-ਕਸ਼ਮੀਰ ਦੇ ਰਾਜਪਾਲ ਵਜੋਂ ਆਪਣੀਅਾਂ ਯਾਦਾਂ ਲਿਖਣ ਦਾ ਫੈਸਲਾ (ਕਦੇ ਵੀ) ਲੈਂਦੇ ਹਨ ਤਾਂ ਮੈਨੂੰ ਉਮੀਦ ਹੈ ਕਿ ਉਹ ਹਰ ਕਿਸੇ ਲਈ ਇਕ ਸਬਕ ਮੁਹੱਈਆ ਕਰਵਾਉਣਗੇ ਕਿ ਕਸ਼ਮੀਰ ’ਤੇ ਕਿਵੇਂ ਰਾਜ ਨਹੀਂ ਕਰਨਾ ਹੈ। 
ਇਸ ਦਰਮਿਆਨ ਰਾਜਪਾਲ ਮਲਿਕ ਨੂੰ ਮੇਰੀਅਾਂ ਸ਼ੁੱਭ-ਇੱਛਾਵਾਂ। ਉਹ ਇਕ ਤੀਖਣ ਬੁੱਧੀ ਵਾਲੇ ਸਿਆਸਤਦਾਨ ਹਨ। ਕਸ਼ਮੀਰ ਨੂੰ ਅੱਜ ਇਕ ਮਹਾਨ ਦੂਰਅੰਦੇਸ਼ ਦੀ ਲੋੜ ਹੈ, ਜੋ ਲੋਕਾਂ ਨੂੰ ਅੱਤਵਾਦ ਵਲੋਂ ਆਰਥਿਕ ਤੇ ਚੰਗੇ ਪ੍ਰਸ਼ਾਸਨ ਦੇ ਨਾਲ-ਨਾਲ ਅਸਲੀ ਲੋਕਤੰਤਰ ਵੱਲ ਮੁੜਨ ’ਚ ਮਦਦ ਕਰ ਸਕੇ, ਜੋ ਭਾਰਤ ਦੇ ਸਿਆਸੀ, ਸਮਾਜਿਕ ਤੇ ਆਰਥਿਕ ਮਾਹੌਲ ’ਚ ਫਿੱਟ ਹੋ ਸਕੇ। ਇਹ ਕੇਂਦਰੀ ਤੇ ਸੂਬਾਈ ਨੇਤਾਵਾਂ ਲਈ ਅਗਾਂਹ ਚੁੱਪਚਾਪ ਕਰਨ ਵਾਲਾ ਕੰਮ ਹੋਵੇਗਾ।     


Related News