ਕੀ ਸੱਚਮੁਚ ਜਵਾਹਰ ਲਾਲ ਨਹਿਰੂ ਭਾਰਤ ਦੀ ਵੰਡ ਦੇ ਜ਼ਿੰਮੇਵਾਰ ਸਨ

Friday, Aug 17, 2018 - 06:11 AM (IST)

ਕੀ ਸੱਚਮੁਚ ਜਵਾਹਰ ਲਾਲ ਨਹਿਰੂ ਭਾਰਤ ਦੀ ਵੰਡ ਦੇ ਜ਼ਿੰਮੇਵਾਰ ਸਨ

ਅਜਿਹਾ ਹੈ ਤਾਂ ਨਹੀਂ ਪਰ ਸਾਰੇ ਹੀ ਪੰ. ਜਵਾਹਰ ਲਾਲ ਨਹਿਰੂ ਨੂੰ ਭਾਰਤ ਦੀ ਵੰਡ ਦਾ ਦੋਸ਼ੀ ਮੰਨਦੇ ਹਨ। ਜੇ ਅਜਿਹਾ ਹੈ ਤਾਂ ਮੈਂ ਵੀ ਮੰਨ ਲੈਂਦਾ ਹਾਂ ਪਰ ਕੀ ਜਵਾਹਰ ਲਾਲ ਨਹਿਰੂ ਇਕੱਲੇ ਇਸ ਦੇ ਲਈ ਦੋਸ਼ੀ ਸਨ?
ਪੰ. ਨਹਿਰੂ ਨੂੰ ਭਾਰਤ ਦੀ ਵੰਡ ਦਾ ਖ਼ਲਨਾਇਕ ਮੰਨਣ ਵਾਲੇ ਇਹ ਤਾਂ ਜਾਣਦੇ ਹੀ ਹੋਣਗੇ ਕਿ ਇਤਿਹਾਸ ਨਿਰਪੱਖ ਹੁੰਦਾ ਹੈ। ਉਹ ਚੁੱਪ ਰਹਿ ਕੇ ਵੀ ਸਭ ਕੁਝ ਕਹਿ ਦਿੰਦਾ ਹੈ। ਇਤਿਹਾਸ ਨਿਰਦਈ ਵੀ ਹੁੰਦਾ ਹੈ। ਭਾਰਤ ਵਿਚ ਜਲਾਵਤਨ ਤਿੱਬਤੀ ਸਰਕਾਰ ਦੇ ਧਰਮ ਗੁਰੂ ਦਲਾਈਲਾਮਾ ਦਾ ਨਿੱਜੀ ਵਿਚਾਰ ਸੀ ਕਿ ਜੇ ਪੰ. ਨਹਿਰੂ ਮੁਹੰਮਦ ਅਲੀ ਜਿੱਨਾਹ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੰਦੇ ਤਾਂ ਭਾਰਤ ਦੀ ਵੰਡ ਰੁਕ ਸਕਦੀ ਸੀ। 
ਦਲਾਈਲਾਮਾ ਨੇ ਆਪਣੇ ਇਸ ਬਿਆਨ 'ਤੇ ਭਾਰਤਵਾਸੀਆਂ ਤੋਂ ਮੁਆਫੀ ਵੀ ਮੰਗ ਲਈ ਹੈ ਪਰ ਮੰਨ ਲਓ, ਜੇ ਨਹਿਰੂ ਜਿੱਨਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਖੁਸ਼ੀ-ਖੁਸ਼ੀ ਰਾਜ਼ੀ ਹੋ ਜਾਂਦੇ ਤਾਂ ਕੀ ਭਾਰਤ ਦੀ ਵੰਡ ਰੁਕ ਜਾਂਦੀ। ਕਦੇ ਨਹੀਂ? 
ਮੁਹੰਮਦ ਅਲੀ ਜਿੱਨਾਹ ਉਦੋਂ ਭਾਰਤ ਵਿਚ ਰਹਿਣ ਵਾਲੇ ਮੁਸਲਮਾਨਾਂ ਨੂੰ ਜਿਸ ਮੁਕਾਮ 'ਤੇ ਲੈ ਆਏ ਸਨ, ਮੁਸਲਿਮ ਲੀਗ ਨੇ 3 ਜੂਨ 1947 ਤੋਂ ਪਹਿਲਾਂ ਜੋ 'ਜੇਹਾਦ' ਭਾਰਤ ਵਿਚ ਖੜ੍ਹਾ ਕਰ ਦਿੱਤਾ ਸੀ, ਉਸ ਤੋਂ ਉਹ ਵਾਪਸ ਨਹੀਂ ਆ ਸਕਦੇ ਸਨ। ਜਿੱਨਾਹ ਪਾਕਿਸਤਾਨ ਬਣਾਉਣ ਲਈ 'ਕਰੋ ਜਾਂ ਮਰੋ' ਦਾ ਪੱਕਾ ਇਰਾਦਾ ਧਾਰ ਚੁੱਕੇ ਸਨ।
3 ਜੂਨ 1947 ਦਾ ਦਿਨ ਮੈਂ ਇਸ ਲਈ ਲਿਖਿਆ ਕਿਉਂਕਿ ਬ੍ਰਿਟਿਸ਼ ਹਕੂਮਤ ਨੇ ਉਸ ਦਿਨ ਭਾਰਤ ਦੀ ਵੰਡ ਦੇ ਖਰੜੇ ਦਾ ਐਲਾਨ ਕਰ ਦਿੱਤਾ ਸੀ। ਮੁਸਲਿਮ ਲੀਗ ਨੇ ਆਪਣੇ 'ਡਾਇਰੈਕਟ ਐਕਸ਼ਨ ਡੇ', ਭਾਵ ਪਾਕਿਸਤਾਨ ਲਈ ਸਿੱਧੀ ਕਾਰਵਾਈ 'ਤੇ ਕੀ ਕੀਤਾ, ਸਿਰਫ ਕੋਲਕਾਤਾ ਵਿਚ ਇਕ ਦਿਨ ਦੀ ਕਾਰਵਾਈ ਦੌਰਾਨ 10 ਹਜ਼ਾਰ ਮਾਸੂਮ ਲੋਕਾਂ ਦੀਆਂ ਜਾਨਾਂ ਗਈਆਂ, 15 ਹਜ਼ਾਰ ਜ਼ਖ਼ਮੀ ਹੋਏ, ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ।
'ਡਾਇਰੈਕਟ ਐਕਸ਼ਨ ਡੇ' ਉੱਤੇ ਜਨੂੰਨੀ ਮੁਸਲਿਮ ਲੀਗ ਨੇ ਕੋਲਕਾਤਾ ਵਿਚ ਕਿਸੇ ਨੂੰ ਘਰ 'ਚੋਂ ਬਾਹਰ ਨਹੀਂ ਨਿਕਲਣ ਦਿੱਤਾ। ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਅੰਕੜੇ ਇਸ ਤੋਂ ਵੀ ਭਿਆਨਕ ਸਨ। ਜਿੱਨਾਹ ਮੁਸਲਮਾਨਾਂ ਨੂੰ ਵੱਖਰਾ ਮੁਲਕ ਦੇਣ ਅਤੇ ਭਾਰਤ ਨੂੰ ਤੋੜਨ ਦੀ ਠਾਣ ਚੁੱਕੇ ਸਨ। ਮਹਾਤਮਾ ਗਾਂਧੀ, ਨਹਿਰੂ ਅਤੇ ਸਰਦਾਰ ਪਟੇਲ ਦੀਆਂ ਮਿੰਨਤਾਂ ਦਾ ਵੀ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋਇਆ ਸੀ। 
ਕਾਂਗਰਸ ਦੇ ਇਹ ਤਿੰਨੋਂ ਨੇਤਾ ਜੇ ਮੁਸਲਿਮ ਲੀਗ ਦੇ ਸਰਵੇ-ਸਰਵਾ, ਇਕਛਤਰ ਨੇਤਾ ਮੁਹੰਮਦ ਅਲੀ ਜਿੱਨਾਹ ਨੂੰ ਸਵਰਗ ਦਾ ਰਾਜ ਵੀ ਸੌਂਪ ਦਿੰਦੇ ਤਾਂ ਜਿੱਨਾਹ ਪਾਕਿਸਤਾਨ ਬਣਾਉਣ ਤੋਂ ਬਿਨਾਂ ਰੁਕਣ ਵਾਲੇ ਨਹੀਂ ਸਨ। ਨਹਿਰੂ ਵਿਚਾਰੇ ਦੀ ਕੀ ਔਕਾਤ ਕਿ ਪਾਕਿਸਤਾਨ ਦੀ ਮੰਗ ਛੱਡ  ਦੇਣ ਲਈ ਜਿੱਨਾਹ ਨੂੰ ਮਨਾ ਸਕਦੇ? ਕੁਝ ਰਾਜਨੇਤਾ ਨਹਿਰੂ, ਪਟੇਲ ਅਤੇ ਮਹਾਤਮਾ ਗਾਂਧੀ ਵਿਚਾਲੇ ਫੁੱਟ ਪਾਉਣਾ ਚਾਹੁੰਦੇ ਸਨ। 
ਮੈਂ ਇਹ ਜ਼ਰੂਰ ਮੰਨਦਾ ਹਾਂ ਕਿ ਕਸ਼ਮੀਰ ਦੇ ਮਸਲੇ 'ਤੇ ਨਹਿਰੂ ਲੋਹ-ਪੁਰਸ਼ ਸਰਦਾਰ ਪਟੇਲ ਨੂੰ ਨਹੀਂ ਮਨਾ ਸਕੇ। ਅਜਿਹਾ ਉਨ੍ਹਾਂ ਦੀ ਸ਼ੇਖ ਮੁਹੰਮਦ ਅਬਦੁੱਲਾ ਨਾਲ ਨੇੜਤਾ ਕਾਰਨ ਹੋਇਆ, ਨਹੀਂ ਤਾਂ ਨਹਿਰੂ ਆਧੁਨਿਕ ਭਾਰਤ ਦੇ ਨਿਰਮਾਤਾ ਕਹੇ ਜਾਂਦੇ। ਮਹਾਤਮਾ ਗਾਂਧੀ ਯੁੱਗ-ਪੁਰਸ਼ ਸਨ, ਤਾਂ ਪਟੇਲ ਭਾਰਤ ਦੀ ਏਕਤਾ, ਅਖੰਡਤਾ ਦੀ ਮੂਰਤ। ਇਨ੍ਹਾਂ ਦੀ ਮਹਾਨਤਾ 'ਤੇ ਕੋਈ ਵੀ ਰਾਜਨੇਤਾ ਉਂਗਲ ਉਠਾ ਕੇ ਇਨ੍ਹਾਂ ਨੂੰ ਛੋਟਾ ਨਾ ਕਰੇ। 
ਚਾਹੇ ਭਾਰਤ ਵਿਚ 1947 ਤੋਂ ਪਹਿਲਾਂ ਹਿੰਦੂ-ਮੁਸਲਿਮ ਏਕਤਾ ਦੇ ਯਤਨਾਂ ਲਈ ਕ੍ਰਿਪਸ ਮਿਸ਼ਨ ਆਇਆ, ਲਾਰਡ ਵੇਵਸ ਪਲਾਨ ਬਣਿਆ, ਗੋਲਮੇਜ਼ ਕਾਨਫਰੰਸ ਲੰਡਨ ਵਿਚ ਹੋਈ, ਕੈਬਨਿਟ ਮਿਸ਼ਨ ਯੋਜਨਾ ਬਣੀ—ਸਭ ਜਿੱਨਾਹ ਦੀ ਜ਼ਿੱਦ ਦੀ ਬਲੀ ਚੜ੍ਹ ਗਈਆਂ, ਉੱਪਰੋਂ ਅੰਗਰੇਜ਼ਾਂ ਦੀ ਧਰਮ, ਜਾਤ, ਪ੍ਰਾਂਤ, ਭਾਸ਼ਾ ਅਤੇ ਜਾਗੀਰਦਾਰ-ਕਿਸਾਨ 'ਚ ਭਾਰਤ ਨੂੰ ਵੰਡਣ ਦੀ ਨੀਤੀ ਨੇ ਅੱਗ ਵਿਚ ਘਿਓ ਪਾਉਣ ਦਾ ਕੰਮ ਕੀਤਾ। 
ਲਾਰਡ ਮਾਊਂਟਬੈਟਨ ਹਮੇਸ਼ਾ ਮੁਸਲਿਮ ਲੀਗ ਦਾ ਮਾਣ ਵਧਾਉਂਦੇ ਰਹੇ। ਮੁਸਲਿਮ ਲੀਗ ਦੇ ਮੁਖੀ ਜਿੱਨਾਹ ਨੂੰ ਗਾਂਧੀ, ਨਹਿਰੂ ਅਤੇ ਪਟੇਲ ਦੇ ਮੁਕਾਬਲੇ ਜ਼ਿਆਦਾ ਤਰਜੀਹ ਦਿੰਦੇ ਰਹੇ। 'ਮੁਸਲਿਮ ਤੁਸ਼ਟੀਕਰਨ' ਵਰਗੇ ਸ਼ਬਦ ਵੀ ਲਾਰਡ ਮਾਊਂਟਬੈਟਨ ਨੇ ਲੱਭੇ।
ਦੂਜਾ ਜੋ ਸੁਭਾਅ ਵਿਚ ਕਮੀ ਦੇਖੀ, ਉਸ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ਨਹਿਰੂ, ਪਟੇਲ ਤੇ ਗਾਂਧੀ ਗੱਲਬਾਤ ਦੀ ਮੇਜ਼ 'ਤੇ ਹਮੇਸ਼ਾ ਲਚਕੀਲਾਪਨ ਰੱਖਦੇ ਪਰ ਜਿੱਨਾਹ ਦੇ ਮੂੰਹੋਂ ਜੋ ਸ਼ਬਦ ਨਿਕਲਦੇ, ਉਨ੍ਹਾਂ ਨੂੰ ਹੀ ਅਟੱਲ ਮੰਨ ਲੈਂਦੇ।
ਇਕ ਵਾਰ 1935 ਵਿਚ ਕਾਂਗਰਸ ਨਾਲੋਂ ਅੱਡ ਹੋ ਕੇ ਜਿੱਨਾਹ ਨੇ ਜੋ ਰਾਸ਼ਟਰਵਾਦੀ ਵਿਚਾਰਧਾਰਾ ਛੱਡੀ, ਦੁਬਾਰਾ ਕਾਂਗਰਸ ਅਤੇ ਭਾਰਤ ਵੱਲ ਮੁੜ ਕੇ ਦੇਖਿਆ ਤਕ ਨਹੀਂ। ਪਾਕਿਸਤਾਨ ਸ਼ਬਦ ਉਨ੍ਹਾਂ ਦੀ ਨਸ-ਨਸ ਵਿਚ ਸਮਾ ਗਿਆ ਸੀ। 'ਹਿੰਦੂ-ਮੁਸਲਿਮ ਇਕ ਹੋ ਕੇ ਰਹਿ ਨਹੀਂ ਸਕਦੇ' ਉਨ੍ਹਾਂ ਦੀ ਫਿਲਾਸਫੀ ਬਣ ਗਈ। 
'ਹਿੰਦੂ-ਮੁਸਲਿਮ ਦੋ ਮਜ਼੍ਹਬ ਹਨ—ਹਿੰਦੋਸਤਾਨ ਹਿੰਦੂਆਂ ਦਾ ਅਤੇ ਪਾਕਿਸਤਾਨ ਮੁਸਲਮਾਨਾਂ ਦਾ, ਇਸ ਲਈ ਵੰਡ ਹੋ ਜਾਣੀ ਚਾਹੀਦੀ ਹੈ।' ਇਹ ਜਿੱਨਾਹ ਦੀ ਪਹਿਲੀ ਤੇ ਆਖਰੀ ਪ੍ਰਤਿੱਗਿਆ ਸੀ, ਫਿਰ ਤੁਸੀਂ ਦੱਸੋ, ਵੰਡ ਕਿਵੇਂ ਰੁਕਦੀ? ਨਹਿਰੂ ਦੋਸ਼ੀ ਕਿਵੇਂ ਹੋਏ? ਗਾਂਧੀ ਤੇ ਪਟੇਲ ਨੇ ਕਿੱਥੇ ਧੋਖਾ ਦਿੱਤਾ? 
ਭਾਰਤ ਨਾਲ ਧੋਖਾ ਮੁਸਲਿਮ ਲੀਗ ਨੇ ਕੀਤਾ ਤੇ ਪਾਕਿਸਤਾਨ ਜਿੱਨਾਹ ਨੇ ਬਣਾਇਆ। ਜੇ ਵੰਡ ਭਾਰਤ ਦੀ ਹੋਈ ਤਾਂ ਦੋ ਕੌਮਾਂ ਦੀ ਨਫਰਤ ਅਤੇ ਬੇਯਕੀਨੀ ਕਾਰਨ ਹੋਈ। ਨਹਿਰੂ, ਗਾਂਧੀ ਤੇ ਪਟੇਲ ਨੂੰ ਵੰਡ ਦੇ ਜ਼ਿੰਮੇਵਾਰ ਨਾ ਠਹਿਰਾਓ। 
1947 ਆਉਂਦੇ-ਆਉਂਦੇ ਦੇਸ਼ ਹਾਲਾਤ ਅੱਗੇ ਝੁਕ ਚੁੱਕਾ ਸੀ ਤੇ ਦੇਸ਼ ਇਸ ਨਫਰਤ ਵਿਚ ਵੰਡਿਆ ਗਿਆ। ਵੈਦਿਕ ਸੱਭਿਅਤਾ ਨਾਲ ਹੀ ਦੇਸ਼ ਬਣਦੇ ਤੇ ਅਲੋਪ ਹੁੰਦੇ ਰਹੇ ਹਨ, ਦੇਸ਼ਾਂ ਦੀ ਵੰਡ ਹੁੰਦੀ ਆਈ ਹੈ। ਨਵੇਂ-ਨਵੇਂ ਦੇਸ਼ ਉੱਭਰ ਕੇ ਸਾਹਮਣੇ ਵੀ ਆਉਂਦੇ ਹਨ। ਪਰਿਵਾਰਾਂ ਵਿਚ ਵੀ ਫੁੱਟ ਪੈਂਦੀ ਹੈ ਅਤੇ ਅਜਿਹਾ ਹੀ ਭਾਰਤ ਤੇ ਪਾਕਿਸਤਾਨ ਨਾਲ ਵੀ ਹੋਇਆ ਪਰ ਭਾਰਤ ਦੀ ਵੰਡ ਸਮੇਂ ਜੋ ਭਿਆਨਕ ਤਾਂਡਵ ਹੋਇਆ, ਮਨੁੱਖਤਾ ਦੇ ਇਤਿਹਾਸ ਵਿਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। 
10 ਲੱਖ ਲੋਕ ਬੰਗਾਲ ਤੇ ਪੰਜਾਬ ਵਿਚ ਵੰਡ ਦੀ ਬਲੀ ਚੜ੍ਹ ਗਏ। ਕੋਈ ਲਾਅ ਐਂਡ ਆਰਡਰ ਦੀ ਚੀਜ਼ ਉਦੋਂ ਰਹੀ ਹੀ ਨਹੀਂ। ਕਈ ਗੱਡੀਆਂ ਭਰ ਕੇ ਮਨੁੱਖੀ ਲਾਸ਼ਾਂ ਦੀਆਂ ਪਾਕਿਸਤਾਨ ਤੇ ਭਾਰਤ ਵਿਚ ਭੇਜੀਆਂ ਗਈਆਂ। ਗਿਰਝਾਂ, ਕੁੱਤੇ, ਬਘਿਆੜ ਮਨੁੱਖੀ ਲਾਸ਼ਾਂ 'ਤੇ ਨੱਚਣ ਲੱਗੇ। ਨੂੰਹਾਂ-ਧੀਆਂ ਨਾਲ ਬਲਾਤਕਾਰ ਹੀ ਨਹੀਂ ਹੋਏ, ਸਗੋਂ ਉਨ੍ਹਾਂ ਨੂੰ ਬੇਰਹਿਮੀ ਨਾਲ ਕਤਲ ਵੀ ਕਰ ਦਿੱਤਾ ਗਿਆ। ਹਿੰਦੂ ਮੁਸਲਮਾਨਾਂ ਦੇ ਅਤੇ ਮੁਸਲਮਾਨ ਹਿੰਦੂਆਂ, ਸਿੱਖਾਂ ਦੇ ਖੂਨ ਨਾਲ ਹੋਲੀ ਖੇਡਣ ਲੱਗੇ। ਇਸ ਖੂਨ ਦੀ ਹੋਲੀ ਵਿਚ ਨਾ ਕਿਸੇ ਨੇ ਨਹਿਰੂ ਦੀ ਸੁਣੀ ਤੇ ਨਾ ਜਿੱਨਾਹ ਦੀ। ਸਭ ਕੁਝ ਨਫਰਤ ਦੀ ਅੱਗ ਵਿਚ ਸੁਆਹ ਹੋ ਗਿਆ।
ਜਿੱਨਾਹ ਨੇ ਜੋ ਪਾਕਿਸਤਾਨ ਬਣਾਇਆ, ਉਹ ਫਿਰ ਵੰਡਿਆ ਗਿਆ। ਅਜੇ ਪਾਕਿਸਤਾਨ ਦੀ ਹੋਰ ਵੰਡ ਹੋਣ ਦਾ ਖਦਸ਼ਾ ਹੈ ਪਰ ਭਾਰਤ ਵੀ ਚੌਕਸ ਰਹੇ ਕਿਉਂਕਿ ਨਫਰਤ ਫਿਰ ਪੈਦਾ ਹੋ ਰਹੀ ਹੈ। ਅੱਤਵਾਦ ਤੇ ਨਕਸਲਵਾਦ ਦੇਖੋ ਕਿਸ ਪਾਸੇ ਇਸ਼ਾਰਾ ਕਰ ਰਹੇ ਹਨ। ਭਾਰਤ ਸਾਵਧਾਨ ਰਹੇ, ਸਰਹੱਦਾਂ ਦੀ ਦਸਤਕ ਸੁਣੇ। 
ਪਾਠਕੋ, ਹਿੰਦ ਸਮਾਚਾਰ ਗਰੁੱਪ ਦਾ ਪਰਿਵਾਰ ਵੀ ਪਾਕਿਸਤਾਨ ਦੀ ਸਰਜ਼ਮੀਂ ਛੱਡ ਆਇਆ ਸੀ। 70 ਸਾਲਾਂ ਦੀ ਮਿਹਨਤ ਅਤੇ ਕੁਰਬਾਨੀਆਂ ਨਾਲ ਭਾਰਤ ਵਿਚ ਇਸ ਸਮਾਚਾਰ ਪੱਤਰ ਸਮੂਹ ਨੇ ਦੇਸ਼ ਵਿਚ ਨਾਂ ਕਮਾਇਆ ਹੈ। ਇਹ ਪਰਿਵਾਰ ਜਾਣਦਾ ਹੈ ਕਿ ਪਾਕਿਸਤਾਨ ਦਾ ਫਲਸਫਾ ਆਗਾਸ਼ਾਹੀ ਨੇ 1916 ਵਿਚ ਹੀ ਘੜ ਦਿੱਤਾ ਸੀ। ਮੁਸਲਿਮ ਇਕ ਵੱਖਰੀ ਕੌਮ ਹੈ। ਸਰ ਸਈਅਦ ਅਹਿਮਦ ਖਾਨ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖ ਕੇ ਵੰਡ ਦੀਆਂ ਰੇਖਾਵਾਂ ਖਿੱਚ ਦਿੱਤੀਆਂ ਸਨ। 
ਸੱਚ ਤੋਂ ਇਨਕਾਰ ਮੁਸਲਮਾਨ ਵੀ ਨਹੀਂ ਕਰਦੇ ਕਿ ਉਨ੍ਹਾਂ ਨੇ 7ਵੀਂ ਤੋਂ ਲੈ ਕੇ 17ਵੀਂ ਸਦੀ ਤਕ ਭਾਰਤ 'ਤੇ ਰਾਜ ਕੀਤਾ ਹੈ। ਸ਼ਾਇਦ ਇਹ ਰਾਜ ਫਿਰ ਆ ਜਾਵੇ। ਬੇਯਕੀਨੀ ਤਾਂ ਲੋਕਤੰਤਰ ਵਿਚ ਅਜੇ ਤਕ ਬਣੀ ਹੋਈ ਹੈ ਕਿ ਇਕ ਹਿੰਦੂ ਦੀ ਇਕ ਵੋਟ ਸਾਨੂੰ ਕਦੇ ਸੱਤਾ ਵਿਚ ਨਹੀਂ ਆਉਣ ਦੇਵੇਗੀ। ਭਲਾ ਸੋਚੋ, ਇਸ ਮਨੋਵਿਗਿਆਨ ਦਾ ਦੇਸ਼ ਕੀ ਹੱਲ ਕਰੇ? ਅਸੀਂ ਹਿੰਦੂ, ਸਿੱਖ, ਇਸਾਈ, ਬੋਧੀ, ਜੈਨੀ, ਪਾਰਸੀ ਸਾਰੇ ਸਹੁੰ ਖਾ ਕੇ ਕਹਿੰਦੇ ਹਾਂ ਕਿ ਭਾਰਤ ਵਿਚ ਰਹਿ ਰਹੇ ਮੁਸਲਮਾਨਾਂ ਤੋਂ ਸਾਨੂੰ ਕੋਈ ਡਰ ਨਹੀਂ। 
ਜਿੰਨਾ ਭਾਰਤ ਦੇਸ਼ ਸਾਡਾ ਹੈ, ਓਨਾ ਹੀ ਮੁਸਲਮਾਨਾਂ ਦਾ ਵੀ ਹੈ। ਤੁਸੀਂ ਮਸਜਿਦ ਵਿਚ ਜਾਓ, ਸਾਨੂੰ ਇਸ 'ਤੇ ਕੋਈ ਇਤਰਾਜ਼ ਨਹੀਂ। ਤੁਸੀਂ ਮੱਕਾ ਜਾਓ, ਸਾਨੂੰ ਖੁਸ਼ੀ ਹੈ ਪਰ ਭਾਰਤ ਦੀ ਕ੍ਰਿਕਟ ਟੀਮ ਜੇ ਪਾਕਿਸਤਾਨ ਤੋਂ ਹਾਰ ਜਾਵੇ ਤਾਂ ਮੁਸਲਮਾਨ ਇਥੇ ਦੀਵੇ ਕਿਉਂ ਜਗਾਉਣ? ਅਯੁੱਧਿਆ ਵਿਚ ਮੰਦਿਰ ਸ਼੍ਰੀ ਰਾਮ ਦਾ ਬਣੇ, ਇਸ ਦੇ ਲਈ ਮੁਸਲਮਾਨ ਹਿੰਦੂ ਭਰਾਵਾਂ ਨਾਲ ਬੈਠ ਕੇ ਯੋਜਨਾ ਕਿਉਂ ਨਾ ਬਣਾਉਣ? 
ਬਾਬਰ ਦੇ ਨਾਂ 'ਤੇ ਬਣੀ ਮਸਜਿਦ ਤੋੜ ਦਿੱਤੀ, ਟੁੱਟ ਗਈ ਤਾਂ ਟੁੱਟ ਗਈ, ਕੀ ਹੁਣ ਸਦੀਆਂ ਤਕ ਇਸੇ 'ਤੇ ਹੰਝੂ ਵਹਾਉਂਦੇ ਰਹੀਏ? ਦੇਸ਼ ਤੁਹਾਡਾ ਵੀ ਹੈ ਤੇ ਸਾਡਾ ਵੀ। ਬਹੁਤ ਲੜ ਲਿਆ, ਕੀ ਹੁਣ ਦੇਸ਼ ਨੂੰ ਅੱਗੇ ਨਹੀਂ ਵਧਾਉਣਾ? ਇਸ ਦੇਸ਼ 'ਤੇ ਸਭ ਦਾ ਬਰਾਬਰ ਹੱਕ ਹੈ ਪਰ ਸ਼ਰਤ ਸਿਰਫ ਇੰਨੀ ਹੈ ਕਿ ਇਸ ਦੇਸ਼ ਦੀ ਮਿੱਟੀ ਮੱਥੇ 'ਤੇ ਤਾਂ ਲਾਓ। ਪਾਕਿਸਤਾਨ ਆਪਣੀ ਕਿਸਮਤ ਜੀਵੇ, ਸਾਨੂੰ ਤਾਂ ਭਾਰਤ 'ਤੇ ਮਾਣ ਹੈ। 
ਸਾਰੇ ਦੇਸ਼ਵਾਸੀ ਜ਼ਰਾ ਦਿਲ ਖੁੱਲ੍ਹਾ ਕਰਨ, ਸਾਡੀ ਅਨੇਕਤਾ ਹੀ ਸਾਡੀ ਖਾਸੀਅਤ ਹੈ। ਮੁਸਲਮਾਨ ਵੀ ਇਸ ਭਾਰਤ ਰੂਪੀ ਫੁਲਵਾੜੀ ਦੇ ਫੁੱਲ ਹਨ। ਇਕ ਬਣੋ ਤੇ ਦੇਸ਼ ਦਾ ਭਲਾ ਹੀ ਚੁਣੋ।


Related News