ਭਾਰਤ-ਪਾਕਿ ਵਿਚਾਲੇ ਰਿਸ਼ਤੇ 71 ਸਾਲਾਂ ਬਾਅਦ ਵੀ ''ਠੰਡੇ''

Wednesday, Aug 15, 2018 - 06:41 AM (IST)

ਭਾਰਤ-ਪਾਕਿ ਵਿਚਾਲੇ ਰਿਸ਼ਤੇ 71 ਸਾਲਾਂ ਬਾਅਦ ਵੀ ''ਠੰਡੇ''

ਇਹ ਆਜ਼ਾਦੀ ਤੋਂ 3 ਦਿਨ ਪਹਿਲਾਂ, ਭਾਵ 12 ਅਗਸਤ 1947 ਦੀ ਗੱਲ ਹੈ। ਮੇਰੇ ਪਿਤਾ ਜੀ, ਜੋ ਡਾਕਟਰ ਵਜੋਂ ਪ੍ਰੈਕਟਿਸ ਕਰ ਰਹੇ ਸਨ, ਨੇ ਸਾਨੂੰ ਤਿੰਨਾਂ ਭਰਾਵਾਂ ਨੂੰ ਬੁਲਾਇਆ ਤੇ ਪੁੱਛਿਆ ਕਿ ਸਾਡਾ ਪ੍ਰੋਗਰਾਮ ਕੀ ਹੈ? ਮੈਂ ਕਿਹਾ ਕਿ ਮੈਂ ਉਸੇ ਤਰ੍ਹਾਂ ਪਾਕਿਸਤਾਨ ਵਿਚ ਰੁਕਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਮੁਸਲਮਾਨ ਭਾਰਤ ਵਿਚ ਰੁਕ ਗਏ ਹਨ।
ਮੇਰਾ ਵੱਡਾ ਭਰਾ, ਜੋ ਅੰਮ੍ਰਿਤਸਰ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ, ਨੇ ਵਿਚੇ ਹੀ ਗੱਲ ਟੋਕ ਦਿੱਤੀ ਕਿ ਪੱਛਮੀ ਪੰਜਾਬ ਵਿਚ ਵੀ ਮੁਸਲਮਾਨ ਹਿੰਦੂਆਂ ਨੂੰ ਉਸੇ ਤਰ੍ਹਾਂ ਮਕਾਨ ਖਾਲੀ ਕਰਨ ਲਈ ਕਹਿ ਦੇਣਗੇ, ਜਿਸ ਤਰ੍ਹਾਂ ਪੂਰਬੀ ਪੰਜਾਬ 'ਚ ਰਹਿਣ ਵਾਲਿਆਂ ਨੂੰ ਉਥੋਂ ਚਲੇ ਜਾਣ ਲਈ ਕਿਹਾ ਜਾਵੇਗਾ। ਮੈਂ ਕਿਹਾ ਕਿ ਇਹ ਕਿਵੇਂ ਸੰਭਵ ਹੈ? ਜੇ ਹਿੰਦੂ ਜਾਣ ਲਈ ਤਿਆਰ ਨਾ ਹੋਏ? ਉਸ ਨੇ ਕਿਹਾ ਕਿ ਹਿੰਦੂਆਂ ਨੂੰ ਜ਼ਬਰਦਸਤੀ ਕੱਢ ਦਿੱਤਾ ਜਾਵੇਗਾ। 
ਠੀਕ ਉਹੀ ਹੋਇਆ। ਆਜ਼ਾਦੀ ਤੋਂ 2 ਦਿਨਾਂ ਬਾਅਦ, ਭਾਵ 17 ਅਗਸਤ ਨੂੰ ਕੁਝ ਮੁਸਲਿਮ ਸੱਜਣ ਆਏ ਤੇ ਉਨ੍ਹਾਂ ਨੇ ਸਾਨੂੰ ਮਕਾਨ ਛੱਡਣ ਲਈ ਕਿਹਾ। ਉਨ੍ਹਾਂ 'ਚੋਂ ਇਕ ਨੂੰ ਮੈਂ ਪੁੱਛਿਆ ਕਿ ਅਸੀਂ ਕਿੱਥੇ ਜਾਈਏ? ਉਸ ਨੇ ਆਪਣੇ ਜਲੰਧਰ ਵਾਲੇ ਘਰ ਦੀ ਚਾਬੀ ਦੇ ਦਿੱਤੀ ਤੇ ਕਿਹਾ ਕਿ ਉਸ ਦਾ ਮਕਾਨ ਪੂਰੀ ਤਰ੍ਹਾਂ ਠੀਕ-ਠਾਕ ਹੈ ਅਤੇ ਉਸ ਵਿਚ ਤੁਰੰਤ ਰਹਿਣਾ ਸ਼ੁਰੂ ਕੀਤਾ ਜਾ ਸਕਦਾ ਹੈ। ਅਸੀਂ ਪੇਸ਼ਕਸ਼ ਮੰਨ ਲਈ। 
ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਅਸੀਂ ਭਵਿੱਖ ਬਾਰੇ ਵਿਚਾਰ ਕਰਨ ਲਈ ਖਾਣੇ ਵਾਲੀ ਮੇਜ਼ ਦੁਆਲੇ ਬੈਠੇ। ਮੈਂ ਕਿਹਾ ਕਿ ਮੈਂ ਇਥੇ ਹੀ ਰੁਕ ਰਿਹਾ ਹਾਂ ਅਤੇ ਬਾਕੀਆਂ ਨੇ ਕਿਹਾ ਕਿ ਉਹ ਅੰਮ੍ਰਿਤਸਰ ਜਾਣਗੇ ਤੇ ਜਦੋਂ ਗੜਬੜ ਖਤਮ ਹੋ ਜਾਵੇਗੀ ਤਾਂ ਵਾਪਿਸ ਆ ਜਾਣਗੇ। 
ਸਾਡੀ ਸਭ ਦੀ ਰਾਏ ਸੀ ਕਿ ਹਾਲਾਤ ਕਿੰਨੇ ਵੀ ਨਿਰਾਸ਼ਾਜਨਕ ਕਿਉਂ ਨਾ ਹੋਣ, ਮੁੜ ਆਮ ਵਰਗੇ ਹੋ ਜਾਣਗੇ—ਵੱਧ ਤੋਂ ਵੱਧ ਇਕ ਮਹੀਨੇ ਵਿਚ। ਘਰ ਦੇ ਬੂਹੇ ਨੂੰ ਜਿੰਦਰਾ ਲਾਉਂਦੇ ਸਮੇਂ ਮੇਰੀ ਮਾਂ ਨੇ ਕਿਹਾ ਕਿ ਉਸ ਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਹੈ, ਜਿਵੇਂ ਅਸੀਂ ਵਾਪਿਸ ਇਥੇ ਆਉਣ ਵਾਲੇ ਨਹੀਂ। ਮੇਰੇ ਵੱਡੇ ਭਰਾ ਨੇ ਮਾਂ ਨਾਲ ਸਹਿਮਤੀ ਪ੍ਰਗਟਾਈ।
ਮੈਂ ਕੈਨਵਸ ਦੇ ਇਕ ਨੀਲੇ ਥੈਲੇ 'ਚ ਇਕ ਪਤਲੂਨ ਤੇ ਇਕ ਕਮੀਜ਼ ਰੱਖ ਲਈ ਤੇ ਇਹ ਕਹਿ ਕੇ ਨਿਕਲ ਗਿਆ ਕਿ ਅਸੀਂ ਦਰਿਆਗੰਜ 'ਚ ਮੌਸਾ (ਮਾਸੜ) ਦੇ ਘਰ ਮਿਲਾਂਗੇ। ਮੇਰੀ ਮਾਂ ਨੇ ਮੈਨੂੰ ਦਿੱਲੀ ਤਕ ਖਰਚਾ ਚਲਾਉਣ ਲਈ 120 ਰੁਪਏ ਦਿੱਤੇ ਅਤੇ ਮੇਰੇ ਪਿਤਾ ਜੀ ਨੇ ਮੇਰੇ ਸਫਰ ਨੂੰ ਸੁਖਾਲਾ ਬਣਾ ਦਿੱਤਾ ਸੀ।
ਉਨ੍ਹਾਂ ਨੇ ਇਕ ਬ੍ਰਿਗੇਡੀਅਰ ਨੂੰ ਸਾਨੂੰ ਤਿੰਨਾਂ ਭਰਾਵਾਂ ਨੂੰ ਸਰਹੱਦ ਪਾਰ ਲਿਜਾਣ ਲਈ ਕਿਹਾ ਸੀ। ਬ੍ਰਿਗੇਡੀਅਰ ਨੇ ਕਿਹਾ ਕਿ ਉਸ ਦੀ ਜੀਪ 'ਚ ਜਗ੍ਹਾ ਨਹੀਂ ਹੈ ਅਤੇ ਉਹ ਸਿਰਫ ਇਕ ਆਦਮੀ ਨੂੰ ਲਿਜਾ ਸਕਦਾ ਹੈ। ਅਗਲੇ ਦਿਨ ਸਵੇਰੇ ਮੈਨੂੰ ਉਸ ਦੀ ਜੀਪ 'ਚ ਬਿਠਾ ਦਿੱਤਾ ਗਿਆ। ਮੈਂ ਆਪਣੇ ਹੰਝੂ ਰੋਕ ਨਹੀਂ ਸਕਿਆ ਤੇ ਮੈਨੂੰ ਲੱਗ ਰਿਹਾ ਸੀ ਕਿ ਅਸੀਂ ਦੁਬਾਰਾ ਨਹੀਂ ਮਿਲ ਸਕਾਂਗੇ। 
ਸਿਆਲਕੋਟ ਤੋਂ ਸੰਬਰਾਵਲ ਵਿਚਲਾ ਸਫਰ ਸਾਧਾਰਨ ਜਿਹਾ ਸੀ ਪਰ ਉਥੋਂ ਲੋਕਾਂ ਦਾ ਕਾਫਿਲਾ ਦੋ ਉਲਟ ਦਿਸ਼ਾਵਾਂ 'ਚ ਆਉਂਦਾ-ਜਾਂਦਾ ਦਿਖਾਈ ਦੇ ਰਿਹਾ ਸੀ। ਹਿੰਦੂ ਭਾਰਤ ਵੱਲ ਜਾ ਰਹੇ ਸਨ ਤੇ ਮੁਸਲਮਾਨ ਪਾਕਿਸਤਾਨ ਵੱਲ ਆ ਰਹੇ ਸਨ। ਅਚਾਨਕ ਸਾਡੀ ਜੀਪ ਰੋਕ ਦਿੱਤੀ ਗਈ। ਇਕ ਬੁੱਢਾ ਸਿੱਖ ਰਾਹ 'ਚ ਖੜ੍ਹਾ ਹੋ ਗਿਆ ਸੀ ਤੇ ਉਸ ਨੇ ਆਪਣੇ ਪੋਤੇ ਨੂੰ ਭਾਰਤ ਲਿਜਾਣ ਦੀ ਬੇਨਤੀ ਕੀਤੀ। ਮੈਂ ਨਿਮਰਤਾ ਨਾਲ ਉਸ ਨੂੰ ਕਿਹਾ ਕਿ ਮੈਂ ਅਜੇ ਵੀ ਆਪਣੀ ਪੜ੍ਹਾਈ ਕਰ ਰਿਹਾ ਹਾਂ ਅਤੇ ਉਸ ਦੀ ਬੇਨਤੀ ਕਿੰਨੀ ਵੀ ਜਾਇਜ਼ ਕਿਉਂ ਨਾ ਹੋਵੇ, ਉਸ ਦੇ ਪੋਤੇ ਨੂੰ ਨਹੀਂ ਲਿਜਾ ਸਕਦੇ। 
ਉਸ ਬੁੱਢੇ ਆਦਮੀ ਨੇ ਕਿਹਾ ਕਿ ਉਸ ਦਾ ਪਰਿਵਾਰ ਖਤਮ ਹੋ ਚੁੱਕਾ ਹੈ ਅਤੇ ਸਿਰਫ ਇਹੋ ਬਚਿਆ ਹੈ। ਉਹ ਚਾਹੁੰਦਾ ਸੀ ਕਿ ਉਸ ਦਾ ਪੋਤਾ ਜ਼ਿੰਦਾ ਰਹੇ। ਮੈਨੂੰ ਅਜੇ ਵੀ ਉਸ ਦਾ ਹੰਝੂਆਂ ਭਰਿਆ ਚਿਹਰਾ ਯਾਦ ਹੈ ਪਰ ਮੈਂ ਉਸ ਨੂੰ ਅਸਲੀਅਤ ਦੱਸ ਦਿੱਤੀ ਸੀ। ਮੇਰੇ ਆਪਣੇ ਭਵਿੱਖ ਦਾ ਤਾਂ ਪਤਾ ਹੀ ਨਹੀਂ ਸੀ, ਫਿਰ ਮੈਂ ਉਸ ਦੇ ਪੋਤੇ ਨੂੰ ਕਿਵੇਂ ਸੰਭਾਲਦਾ। ਅਸੀਂ ਲੋਕ ਅੱਗੇ ਵਧ ਗਏ। ਅਗਾਂਹ ਦੇ ਸਫਰ ਵਿਚ ਅਸੀਂ ਸਾਮਾਨ ਖਿੱਲਰਿਆ ਦੇਖਿਆ ਪਰ ਲਾਸ਼ਾਂ ਉਦੋਂ ਤਕ ਹਟਾਈਆਂ ਜਾ ਚੁੱਕੀਆਂ ਸਨ। ਹਾਲਾਂਕਿ ਹਵਾ 'ਚ ਬਦਬੂ ਜ਼ਰੂਰ ਬਚੀ ਹੋਈ ਸੀ। 
ਉਸੇ ਸਮੇਂ ਮੈਂ ਸੰਕਲਪ ਲਿਆ ਕਿ ਮੈਂ ਦੋਹਾਂ ਮੁਲਕਾਂ ਵਿਚਾਲੇ ਚੰਗੇ ਰਿਸ਼ਤਿਆਂ ਨੂੰ ਉਤਸ਼ਾਹਿਤ ਕਰਾਂਗਾ। ਇਹੋ ਵਜ੍ਹਾ ਸੀ ਕਿ ਮੈਂ ਵਾਹਗਾ ਬਾਰਡਰ 'ਤੇ ਮੋਮਬੱਤੀਆਂ ਜਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ। ਇਹ ਪ੍ਰੋਗਰਾਮ ਲੱਗਭਗ 20 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਹ ਇਕ ਛੋਟਾ ਜਿਹਾ ਅੰਦੋਲਨ ਸੀ, ਜੋ 15-20 ਵਿਅਕਤੀਆਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਸੀ। ਹੁਣ ਇਸ ਪਾਰ ਇਕ ਲੱਖ ਲੋਕ ਅਤੇ ਪਾਕਿਸਤਾਨ ਤੋਂ ਸੀਮਤ ਗਿਣਤੀ 'ਚ ਹੀ ਸਹੀ, ਇਸ ਮੁਹਿੰਮ ਵਿਚ ਸ਼ਾਮਿਲ ਹੁੰਦੇ ਹਨ। 
ਲੋਕਾਂ ਦੇ ਉਤਸ਼ਾਹ ਦੀ ਕੋਈ ਹੱਦ ਨਹੀਂ ਹੁੰਦੀ। ਮੇਰੀ ਤਮੰਨਾ ਹੈ ਕਿ ਸਰਹੱਦ ਨੂੰ ਨਰਮ ਬਣਾਇਆ ਜਾਵੇ ਅਤੇ ਅਮਨ ਵਾਲੇ ਹਾਲਾਤ ਹੋਣ ਤਾਂ ਕਿ ਦੁਸ਼ਮਣੀ ਦੂਰ ਕੀਤੀ ਜਾ ਸਕੇ। ਮੈਂ ਉਸ ਬੱਸ 'ਚ ਸਵਾਰ ਸੀ, ਜਿਹੜੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਲਾਹੌਰ ਲੈ ਕੇ ਗਏ ਸਨ। 
ਦੋਵੇਂ ਪਾਸੇ ਖੁਸ਼ਮਿਜਾਜ਼ੀ ਵਾਲਾ ਮਾਹੌਲ ਸੀ ਅਤੇ ਮੈਨੂੰ ਲੱਗਾ ਕਿ ਇਸ ਸਫਰ ਨਾਲ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਵਪਾਰ, ਸਾਂਝਾ ਕਾਰੋਬਾਰ ਤੇ ਲੋਕਾਂ ਵਿਚਾਲੇ ਸੰਪਰਕ ਸਥਾਈ ਹੋ ਜਾਵੇਗਾ ਪਰ ਸਰਹੱਦ ਦੇ ਦੋਵੇਂ ਪਾਸੇ ਕੰਡਿਆਲੀ ਤਾਰ ਤੇ ਵੀਜ਼ਾ ਪਾਬੰਦੀਆਂ ਕਾਰਨ ਲੋਕਾਂ ਦਾ ਇਕ ਤੋਂ ਦੂਜੇ ਮੁਲਕ 'ਚ ਆਉਣਾ-ਜਾਣਾ ਅਸੰਭਵ ਹੁੰਦਾ ਦੇਖ ਕੇ ਮੈਨੂੰ ਨਿਰਾਸ਼ਾ ਹੁੰਦੀ ਹੈ। 
ਪਹਿਲਾਂ ਬੁੱਧੀਜੀਵੀ, ਸੰਗੀਤਕਾਰ ਤੇ ਕਲਾਕਾਰ ਆਪਸ 'ਚ ਮਿਲ ਸਕਦੇ ਸਨ, ਸਾਂਝੇ ਪ੍ਰੋਗਰਾਮ ਕਰ ਸਕਦੇ ਸਨ ਪਰ ਵੀਜ਼ਾ ਦੇਣ 'ਚ ਸਰਕਾਰਾਂ ਵਲੋਂ ਅਪਣਾਈ ਜਾਣ ਵਾਲੀ ਕਠੋਰਤਾ ਕਾਰਨ ਇਹ ਸਿਲਸਿਲਾ ਵੀ ਰੁਕ ਗਿਆ ਹੈ। ਲੱਗਭਗ ਅਧਿਕਾਰਤ ਅਤੇ ਗੈਰ-ਅਧਿਕਾਰਤ ਸੰਪਰਕ ਵੀ ਨਹੀਂ ਰਿਹਾ ਹੈ। 
ਹੁਣ ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੰਟਰਵਿਊ 'ਚ ਕਿਹਾ ਹੈ ਕਿ ਉਹ ਭਾਰਤ-ਪਾਕਿ ਵਪਾਰ ਨੂੰ ਯਕੀਨੀ ਬਣਾਉਣਗੇ ਪਰ ਮੇਰੀ ਇਕ ਹੀ ਚਿੰਤਾ ਹੈ ਕਿ ਫੌਜ ਨਾਲ ਉਨ੍ਹਾਂ ਦੀ ਨੇੜਤਾ ਸ਼ਾਇਦ ਉਨ੍ਹਾਂ ਨੂੰ ਆਪਣੇ ਵਾਅਦੇ ਪੂਰੇ ਨਾ ਕਰਨ ਦੇਵੇ। ਇਹ ਵੀ ਹੋ ਸਕਦਾ ਹੈ ਕਿ ਫੌਜ ਵਾਲੀ ਗੱਲ ਵਧਾ-ਚੜ੍ਹਾਅ ਕੇ ਕਹੀ ਜਾ ਰਹੀ ਹੋਵੇ। ਫੌਜ ਵੀ ਸ਼ਾਂਤੀ ਚਾਹੁੰਦੀ ਹੈ ਕਿਉਂਕਿ ਉਸ ਦੇ ਜਵਾਨ ਹੀ ਜੰਗ ਲੜਦੇ ਹਨ ਤੇ ਉਨ੍ਹਾਂ ਨੂੰ ਜੰਗ ਨਾਲ ਜੁੜੇ ਬਾਕੀ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 
ਅੜਿੱਕਾ ਪਾਉਣ ਵਾਲੀ ਗੱਲ ਇਹ ਹੈ ਕਿ ਭਾਰਤ 'ਚ ਫੈਸਲਾ ਚੁਣੇ ਹੋਏ ਨੁਮਾਇੰਦੇ ਲੈਂਦੇ ਹਨ ਅਤੇ ਇਹ ਪਾਕਿਸਤਾਨ ਦੇ ਉਲਟ ਹੈ, ਜਿਥੇ ਆਖਰੀ ਫੈਸਲਾ ਫੌਜ ਦੇ ਹੱਥ 'ਚ ਹੈ। ਇਹ ਕਲਪਨਾ ਕਰਨੀ ਮੁਸ਼ਕਿਲ ਹੈ ਕਿ ਇਮਰਾਨ ਖਾਨ ਫੌਜ ਦੇ ਉੱਚ ਅਧਿਕਾਰੀਆਂ ਨੂੰ ਸਮਝਾਉਣ 'ਚ ਸਫਲ ਹੁੰਦੇ ਹਨ ਜਾਂ ਨਹੀਂ।
ਨਵੀਂ ਦਿੱਲੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਇਸ ਨੇ ਸਖ਼ਤ ਰਵੱਈਆ ਅਖਤਿਆਰ ਕਰ ਲਿਆ ਹੈ ਕਿ ਜਦੋਂ ਤਕ ਇਸਲਾਮਾਬਾਦ ਅੱਤਵਾਦੀਆਂ ਨੂੰ ਪਨਾਹ ਦੇਣੀ ਬੰਦ ਨਹੀਂ ਕਰਦਾ ਅਤੇ ਮੁੰਬਈ ਧਮਾਕਿਆਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦਾ, ਉਦੋਂ ਤਕ ਉਹ ਪਾਕਿਸਤਾਨ ਨਾਲ ਗੱਲਬਾਤ ਨਹੀਂ ਕਰੇਗਾ। ਦੋਹਾਂ ਦੇਸ਼ਾਂ ਵਿਚਾਲੇ ਚੰਗੇ ਰਿਸ਼ਤਿਆਂ ਲਈ ਭਾਰਤ ਦੀ ਮੰਗ ਨੂੰ ਧਿਆਨ 'ਚ ਰੱਖ ਕੇ ਇਮਰਾਨ ਖਾਨ ਨੂੰ ਪਹਿਲ ਕਰਨੀ ਚਾਹੀਦੀ ਹੈ। 


Related News