ਭਾਰਤੀ ਵਿਦੇਸ਼ ਨੀਤੀ ਦਾ ਰੁਖ਼ ਹੁਣ ਪੂਰਬ ਵੱਲ ਮੋੜਨ ਦਾ ਸਮਾਂ
Saturday, Dec 24, 2016 - 04:59 AM (IST)
ਬਿ੍ਟਿਸ਼ ਰਾਜਨੇਤਾ ਲਾਰਡ ਪਾਮਰਸਟਨ ਦਾ ਕਹਿਣਾ ਹੈ ਕਿ ''''ਰਾਸ਼ਟਰਾਂ ਦਾ ਨਾ ਤਾਂ ਕੋਈ ਪੱਕਾ ਦੋਸਤ ਹੁੰਦਾ ਹੈ, ਨਾ ਕੋਈ ਪੱਕਾ ਦੁਸ਼ਮਣ | ਉਨ੍ਹਾਂ ਦੇ ਸਿਰਫ ਆਪਣੇ ਹਿੱਤ ਹੀ ਸਥਾਈ ਹੁੰਦੇ ਹਨ |''''
ਇਸ ਦਾ ਭਾਵ ਇਹ ਹੈ ਕਿ ਕੂਟਨੀਤੀ ਹਮੇਸ਼ਾ ਗਤੀਸ਼ੀਲ ਹੁੰਦੀ ਹੈ | ਦੇਸ਼ਾਂ ਨੂੰ ਕੌਮਾਂਤਰੀ ਅਖਾੜੇ ਵਿਚ ਆਪਣੀਆਂ ਤਰਜੀਹਾਂ ਦਾ ਲਗਾਤਾਰ ਮੁਲਾਂਕਣ ਕਰਨ ਅਤੇ ਇਸੇ ਦੇ ਮੁਤਾਬਿਕ ਆਪਣੀਆਂ ਰਣਨੀਤੀਆਂ ਤਿਆਰ ਕਰਨ ਦੀ ਲੋੜ ਹੁੰਦੀ ਹੈ | ਕੂਟਨੀਤੀ ''ਚ ਰੋਮਾਂਚ ਲਈ ਕੋਈ ਜਗ੍ਹਾ ਨਹੀਂ ਹੁੰਦੀ | ਇਹ ਪੂਰੀ ਤਰ੍ਹਾਂ ਬੇਰਹਿਮ ਤੇ ਫਲਵਾਦੀ (pragmatic) ਹੁੰਦੀ ਹੈ |
ਇਸ ਸਮੇਂ ਫਲਵਾਦੀ ਕੂਟਨੀਤੀ ਦੀ ਮੰਗ ਹੈ ਕਿ ਅਸੀਂ ਹਿੰਦ ਮਹਾਸਾਗਰ ਬਾਰੇ ਕੁਝ ਜ਼ਿਆਦਾ ਗੱਲਾਂ ਕਰੀਏ | ਭਾਰਤ ਦੀ ਵਿਦੇਸ਼ ਨੀਤੀ ਲੰਮੇ ਸਮੇਂ ਤੋਂ ਪੱਛਮ ਵੱਲ ਝੁਕੀ ਹੋਈ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਦਾ ਰੁਖ਼ ਪੂਰਬ ਵੱਲ ਮੋੜੀਏ | 21ਵੀਂ ਸਦੀ ਪਿਛਲੀ ਸਦੀ ਨਾਲੋਂ ਜ਼ਿਕਰਯੋਗ ਤੌਰ ''ਤੇ ਵੱਖਰੀ ਕਿਸਮ ਦੀ ਹੋਵੇਗੀ | ਸੰਸਾਰਕ ਤਾਕਤ ਦੀ ਧੁਰੀ ਪ੍ਰਸ਼ਾਂਤ-ਅਟਲਾਂਟਿਕ ਖੇਤਰ ਤੋਂ ਖਿਸਕ ਕੇ ਹੁਣ ਪ੍ਰਸ਼ਾਂਤ-ਹਿੰਦ ਮਹਾਸਾਗਰ ਖੇਤਰ ਵਿਚ ਆ ਗਈ ਹੈ, ਜਿਸ ਨਾਲ ਸੰਸਾਰਕ ਸਿਆਸਤ ਵਿਚ ਸਿਆਸੀ ਭੂਚਾਲ ਆ ਰਹੇ ਹਨ |
ਹੁਣ ਕਈ ਸੰਸਥਾਵਾਂ ਅਢੁੱਕਵੀਆਂ ਹੋ ਜਾਣਗੀਆਂ | ਗੁੱਟਨਿਰਲੇਪ ਅੰਦੋਲਨ, ਰਾਸ਼ਟਰਮੰਡਲ ਆਦਿ ਵਰਗੇ 20ਵੀਂ ਸਦੀ ਦੇ ਗੱਠਜੋੜ ਫਜ਼ੂਲ ਬਣ ਕੇ ਰਹਿ ਗਏ ਹਨ | ਯੂਰਪੀਅਨ ਯੂਨੀਅਨ ਦੇ ਚੀਥੜੇ ਉੱਡ ਰਹੇ ਹਨ ਅਤੇ ''ਨਾਟੋ'' ਵੀ ਕਿਸੇ ਨਾ ਕਿਸੇ ਹੱਦ ਤਕ ਮਰ ਚੁੱਕੀ ਹੈ | ਇਸ ਨੂੰ ਹੁਣ ਉਡੀਕ ਬਸ ਇਸ ਗੱਲ ਦੀ ਹੈ ਕਿ ਡੋਨਾਲਡ ਟਰੰਪ ਅਤੇ ਵਲਾਦੀਮੀਰ ਪੁਤਿਨ ਦੋਵੇਂ ਮਿਲ ਕੇ ਇਸ ਦੀਆਂ ਅੰਤਿਮ ਰਸਮਾਂ ਨੂੰ ਅੰਜਾਮ ਦੇਣ |
ਇਨ੍ਹਾਂ ਸੰਗਠਨਾਂ ਤੇ ਸੰਸਥਾਵਾਂ ਦੀ ਥਾਂ ਨਵੇਂ ਗੱਠਜੋੜ ਉੱਭਰ ਰਹੇ ਹਨ, ਜਿਨ੍ਹਾਂ ਦਾ ਕੇਂਦਰ ਪ੍ਰਸ਼ਾਂਤ-ਹਿੰਦ ਮਹਾਸਾਗਰ ਖੇਤਰ ਵਿਚ ਬਣਨ ਜਾ ਰਿਹਾ ਹੈ ਤੇ ਏਸ਼ੀਆ ਹੀ ਅਜਿਹਾ ਖੇਤਰ ਹੈ, ਜਿਥੇ ਦੁਨੀਆ ਦੀਆਂ ਸਭ ਤੋਂ ਮੋਹਰੀ ਤੇ ਤੇਜ਼ੀ ਨਾਲ ਵਧ ਰਹੀਆਂ ਅਰਥ ਵਿਵਸਥਾਵਾਂ ਵਾਲੇ ਦੇਸ਼ ਸਥਿਤ ਹਨ | ਦੁਨੀਆ ਦੀ ਕੁਲ ਆਬਾਦੀ ਦਾ 45 ਫੀਸਦੀ ਹਿੱਸਾ ਏਸ਼ੀਆ ਵਿਚ ਰਹਿੰਦਾ ਹੈ | ਦੁਨੀਆ ਦੀ ਅੱਧੀ ਕੰਟੇਨਰ ਆਵਾਜਾਈ ਅਤੇ ਕੁਲ ਸਮੰੁਦਰੀ ਆਵਾਜਾਈ ਦਾ ਇਕ-ਤਿਹਾਈ ਹਿੱਸਾ ਹਿੰਦ ਮਹਾਸਾਗਰ ''ਚੋਂ ਲੰਘਦਾ ਹੈ | ਪੈਟਰੋਲੀਅਮ ਖੂਹਾਂ ''ਚੋਂ 40 ਫੀਸਦੀ ਪੈਦਾਵਾਰ ਹਿੰਦ ਮਹਾਸਾਗਰ ਖੇਤਰ ''ਚ ਹੁੰਦੀ ਹੈ ਤੇ ਦੁਨੀਆ ਦੀ ਲੱਗਭਗ ਅੱਧੀ ਊਰਜਾ ਦੀ ਸਪਲਾਈ ਹਿੰਦ ਮਹਾਸਾਗਰ ਦੇ ਰਸਤੇ ਹੀ ਹੁੰਦੀ ਹੈ |
ਅਗਲੇ 2 ਦਹਾਕਿਆਂ ਦੌਰਾਨ ਦੁਨੀਆ ਦੀਆਂ ਅੱਧੀਆਂ ਪਣਡੁੱਬੀਆਂ ਪ੍ਰਸ਼ਾਂਤ-ਹਿੰਦ ਮਹਾਸਾਗਰ ਖੇਤਰ ਵਿਚ ਗਸ਼ਤ ਕਰਿਆ ਕਰਨਗੀਆਂ | ਇਹ ਖੇਤਰ ਪ੍ਰਮੁੱਖ ਤਾਕਤਾਂ ਦਰਮਿਆਨ ਟਕਰਾਅ ਦਾ ਅਖਾੜਾ ਬਣੇਗਾ | ਭਾਰਤ ਤੇ ਚੀਨ ਇਸ ਖੇਤਰ ਦੀਆਂ 2 ਸਭ ਤੋਂ ਤੇਜ਼ ਰਫਤਾਰ ਨਾਲ ਵਧ ਰਹੀਆਂ ਅਰਥ ਵਿਵਸਥਾਵਾਂ ਹਨ ਤੇ ਦੋਵੇਂ ਦੇਸ਼ ''ਸੁਪਰ ਪਾਵਰ'' ਵਾਲੀਆਂ ਇੱਛਾਵਾਂ ਪਾਲੀ ਬੈਠੇ ਹਨ | ਦੋਵੇਂ ਇਕੋ ਤਰ੍ਹਾਂ ਦੇ ਸੋਮਿਆਂ ਲਈ ਮੁਕਾਬਲੇਬਾਜ਼ੀ ਵਿਚ ਰੁੱਝੇ ਹੋਏ ਹਨ, ਇਸ ਲਈ ਦੋਹਾਂ ਵਿਚਾਲੇ ਤਿੱਖੀ ਮੁਕਾਬਲੇਬਾਜ਼ੀ ਹੋਣੀ ਤੈਅ ਹੈ |
ਆਪਣੀ ਜ਼ਿਆਦਾ ਤਾਕਤਵਰ ਅਰਥ ਵਿਵਸਥਾ ਅਤੇ ਫੌਜੀ ਤਾਕਤ ਕਾਰਨ ਚੀਨ ਅੱਜ ਭਾਰਤ ਨਾਲੋਂ ਅੱਗੇ ਹੈ | ਇਹ ਏ. ਆਈ. ਆਈ. ਬੀ., ਬਿ੍ਕਸ ਅਤੇ ਆਰ. ਸੀ. ਈ. ਪੀ. ਵਰਗੇ ਕਈ ਨਵੇਂ ਬਹੁਕੌਮੀ ਵਪਾਰ ਗੱਠਜੋੜਾਂ ਦਾ ਕੇਂਦਰ ਹੈ | ਇਹ ''ਬੈਲਟ ਐਾਡ ਰੋਡ'' ਵਰਗੀਆਂ ਕਈ ਖਾਹਿਸ਼ੀ ਢਾਂਚਾਗਤ ਯੋਜਨਾਵਾਂ ਨੂੰ ਹਮਲਾਵਰ ਢੰਗ ਨਾਲ ਅੱਗੇ ਵਧਾ ਰਿਹਾ ਹੈ | ਇਸ ਖੇਤਰ ''ਚ ਮੋਹਰੀ ਸਮੰੁਦਰੀ ਫੌਜ ਦੀ ਤਾਕਤ ਵਜੋਂ ਉੱਭਰਨ ਦੇ ਇਸ ਦੇ ਯਤਨਾਂ ਨੂੰ ਬੂਰ ਪੈ ਰਿਹਾ ਲੱਗਦਾ ਹੈ | ਦੇਖਦੇ ਹੀ ਦੇਖਦੇ ਇਸ ਨੇ ਕੁਝ ਕੁ ਸਾਲਾਂ ''ਚ ਇਕ ਵਿਸ਼ਾਲ ਸਮੰੁਦਰੀ ਫੌਜ ਬਣਾ ਲਈ ਹੈ, ਜਿਸ ਕੋਲ ਵੱਖ-ਵੱਖ ਆਕਾਰਾਂ ਦੇ 300 ਤੋਂ ਵੀ ਜ਼ਿਆਦਾ ਜੰਗੀ ਬੇੜੇ ਹਨ |
ਪ੍ਰਸ਼ਾਂਤ-ਹਿੰਦ ਮਹਾਸਾਗਰ ''ਚ ਅਮਰੀਕਾ ਦੀ ਭੂਮਿਕਾ ਦਾ ਭਵਿੱਖ ਅਨਿਸ਼ਚਿਤ ਹੈ | ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਮਾਮਲੇ ''ਚ ਆਪਣੇ ਤੋਂ ਪਹਿਲਾਂ ਵਾਲੇ ਰਾਸ਼ਟਰਪਤੀਆਂ ਵਰਗਾ ਨਜ਼ਰੀਆ ਨਹੀਂ ਰੱਖਦੇ | ਪਿਛਲੇ ਰਾਸ਼ਟਰਪਤੀ ਓਬਾਮਾ ਨੇ ਭਾਰਤ-ਪ੍ਰਸ਼ਾਂਤ ਖੇਤਰ ਅਤੇ ਪ੍ਰਸ਼ਾਂਤ ਖੇਤਰ ਦੇ ਆਰ-ਪਾਰ ਵਾਲੇ ਰਾਸ਼ਟਰਾਂ ਦਰਮਿਆਨ ''ਟ੍ਰਾਂਸ-ਪੈਸੇਫਿਕ ਪਾਰਟਨਰਸ਼ਿਪ'' (ਟੀ. ਪੀ. ਪੀ.) ਵਰਗੇ ਖਾਹਿਸ਼ੀ ਗੱਠਜੋੜਾਂ ਦੀ ਸ਼ੁਰੂਆਤ ਕੀਤੀ ਪਰ ਟਰੰਪ ਇਨ੍ਹਾਂ ਗੱਲਾਂ ਨੂੰ ਲੈ ਕੇ ਬਹੁਤੇ ਉਤਸ਼ਾਹਿਤ ਨਹੀਂ ਹਨ |
ਸ਼ਾਇਦ ਇਸੇ ਨਜ਼ਰੀਏ ਕਾਰਨ ਹੈਲੀਫੈਕਸ ਸਕਿਓਰਿਟੀ ਸੰਮੇਲਨ ''ਚ ''ਪੈਸਕਾਮ'' (ਪ੍ਰਸ਼ਾਂਤ ਪਾਰਲੇ ਰਾਸ਼ਟਰਾਂ ਦਾ ਭਾਈਚਾਰਾ) ਦੇ ਮੁਖੀ ਐਡਮਿਰਲ ਹੈਰਿਸ ਨੇ ਟੀ. ਪੀ. ਪੀ. ਨੂੰ ''ਕਿਸੇ ਹੱਦ ਤਕ ਮਰ ਚੁੱਕੀ'' ਕਰਾਰ ਦਿੱਤਾ ਹੈ | ਇਹ ਤੱਥ ਪ੍ਰਸ਼ਾਂਤ-ਹਿੰਦ ਮਹਾਸਾਗਰ ਖੇਤਰ ''ਚ ਅਮਰੀਕਾ ਦੇ ਘਟਦੇ ਪ੍ਰਭਾਵ ਦਾ ਸੂਚਕ ਹੈ |
ਭਾਰਤ ਵੀ ਮਹਾਸ਼ਕਤੀ ਬਣਨ ਦੇ ਸੁਪਨੇ ਦੇਖ ਰਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ''ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਸੰਸਾਰਕ ਮਹਾਸ਼ਕਤੀ'' ਵਜੋਂ ਉੱਭਰਨ ਦੀਆਂ ਭਾਰਤ ਦੀਆਂ ਇੱਛਾਵਾਂ ਬਾਰੇ ਖੁੱਲ੍ਹ ਕੇ ਗੱਲਾਂ ਕਰਦੇ ਹਨ | ਇਸ ਸੁਪਨੇ ਨੂੰ ਸਾਕਾਰ ਕਰਨ ਲਈ ਭਾਰਤ ਨੂੰ ਆਪਣੀ ਚਾਲ-ਢਾਲ ਬਦਲਣੀ ਪਵੇਗੀ ਅਤੇ ਇਸ ਖੇਤਰ ਨਾਲ ਸੰਬੰਧਿਤ ਹਰੇਕ ਮਾਮਲੇ ਵਿਚ ਅੱਗੇ ਵਧ ਕੇ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ |
''ਏਸ਼ੀਆ ਪ੍ਰਸ਼ਾਂਤ'' ਸ਼ਬਦ 1960-70 ਦੇ ਵਰਿ੍ਹਆਂ ਵਿਚ ਪ੍ਰਚੱਲਿਤ ਹੋਇਆ ਸੀ | ਜਾਪਾਨ ਅਤੇ ਸਿੰਗਾਪੁਰ ਵਰਗੀਆਂ ਨਵੀਆਂ ਉੱਭਰੀਆਂ ਤਾਕਤਾਂ ਨੇ ਉਦੋਂ ਇਸ ਨੂੰ ਹੱਥੋ-ਹੱਥ ਲੈ ਲਿਆ ਸੀ ਕਿਉਂਕਿ ਅਮਰੀਕਾ ਨਾਲ ਗੂੜ੍ਹੀ ਮਿੱਤਰਤਾ ਬਣਾਉਣਾ ਉਨ੍ਹਾਂ ਦੇ ਹਿੱਤ ਵਿਚ ਸੀ ਪਰ ਅੱਜ ਭਾਰਤ ਅਤੇ ਹਿੰਦ ਮਹਾਸਾਗਰ ਖੇਤਰ ਦੇ ਹੋਰ ਦੇਸ਼ ਆਰਥਿਕ ਤਾਕਤਾਂ ਵਜੋਂ ਉੱਭਰ ਰਹੇ ਹਨ | ਅਜਿਹੀ ਸਥਿਤੀ ''ਚ ਕੁਝ ਪੱਛਮੀ ਵਿਦਵਾਨਾਂ ਨੇ ''ਭਾਰਤ-ਏਸ਼ੀਆ-ਪ੍ਰਸ਼ਾਂਤ'' ਵਰਗਾ ਸ਼ਬਦ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ | ਸਾਨੂੰ ਇਸ ਦੀ ਬਜਾਏ ਸਿਰਫ ''ਹਿੰਦ-ਪ੍ਰਸ਼ਾਂਤ'' ਸ਼ਬਦ ਇਸਤੇਮਾਲ ਕਰਨਾ ਚਾਹੀਦਾ ਹੈ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਖੇਤਰ ਵਿਚ ਹਿੰਦ ਮਹਾਸਾਗਰ ਹੀ ਕੇਂਦਰੀ ਧੁਰੀ ਹੈ |
ਹਿੰਦ ਮਹਾਸਾਗਰ ਖੇਤਰ ਵਿਚ ਭਾਰਤ ਦਾ ਗ਼ਲਬਾ ਕਾਇਮ ਕਰਨ ਦੀ ਦਿਸ਼ਾ ਵਿਚ ਮੋਦੀ ਨੇ ਕਈ ਪੇਸ਼ਕਦਮੀਆਂ ਸ਼ੁਰੂ ਕੀਤੀਆਂ ਹਨ | ਇਸ ਖੇਤਰ ਦੇ ਹੋਰਨਾਂ ਦੇਸ਼ਾਂ ਨਾਲ ਜ਼ਿਆਦਾ ਦੁਵੱਲਾ ਆਦਾਨ-ਪ੍ਰਦਾਨ, ਆਸਿਆਨ, ਦੱਖਣੀ ਪ੍ਰਸ਼ਾਂਤ ਟਾਪੂ ਰਾਸ਼ਟਰ (ਐੱਸ. ਪੀ. ਆਈ. ਐੱਨ.) ਵਰਗੇ ਖੇਤਰੀ ਸਮੂਹਾਂ ਨਾਲ ਆਪਸੀ ਨਜ਼ਰੀਏ ਅਤੇ ਆਪਸੀ ਹਿੱਤਾਂ ਨੂੰ ਹੱਲਾਸ਼ੇਰੀ, ਪਿਛਲੀਆਂ ਸਰਕਾਰਾਂ ਦਾ ਟ੍ਰੇਡ ਮਾਰਕ ਬਣ ਚੁੱਕੀ ਉਦਾਸੀਨਤਾ ਨੂੰ ਤਿਆਗਦਿਆਂ ਖੇਤਰੀ ਵਿਵਾਦਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਕਾਹਲ ਵਰਗੇ ਕਦਮ ਮੋਦੀ ਨੇ ਚੁੱਕੇ ਹਨ |
ਇਸ ਦਿਸ਼ਾ ''ਚ ਮੋਦੀ ਨੇ ਇਕ ਹੋਰ ਅਹਿਮ ਕਦਮ ਇਹ ਚੁੱਕਿਆ ਹੈ ਕਿ ਜਿਹੜੇ ਦੇਸ਼ਾਂ ਨਾਲ ਸਾਡੇ ਪਹਿਲਾਂ ਤੋਂ ਸੰਬੰਧ ਹਨ, ਉਨ੍ਹਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾਵੇ | ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸ਼ਾਂ ਨਾਲ ਸਾਡਾ ਆਦਾਨ-ਪ੍ਰਦਾਨ ਕਿਸੇ ਹੋਰ ਦੇਸ਼ ਨਾਲ ਸਾਡੇ ਸੰਬੰਧਾਂ ''ਚ ਟਕਰਾਅ ਦੀ ਕੀਮਤ ''ਤੇ ਨਹੀਂ ਹੋ ਸਕਦਾ | ਜੇ ਭਾਰਤ ਹਿੰਦ ਮਹਾਸਾਗਰ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਣੀ ਚਾਹੁੰਦਾ ਹੈ ਤਾਂ ਇਸ ਨੂੰ ਆਪਣੀ ਸਮੰੁਦਰੀ ਫੌਜ ਦੀ ਤਾਕਤ ਮਜ਼ਬੂਤ ਕਰਨੀ ਪਵੇਗੀ | ਨਵੀਂ ਸਰਕਾਰ ਨੇ ਇਸ ਦਿਸ਼ਾ ਵਿਚ ਕਦਮ ਚੁੱਕੇ ਹਨ ਅਤੇ 2030 ਤਕ ਸਮੰੁਦਰੀ ਫੌਜ ਲਈ 200 ਨਵੇਂ ਜੰਗੀ ਬੇੜੇ ਹਾਸਿਲ ਕਰਨ ਦਾ ਟੀਚਾ ਮਿੱਥਿਆ ਹੈ |
''ਮਾਲਾਬਾਰ ਅਭਿਆਸ'' ਨੂੰ ਵਧਾਉਂਦਿਆਂ ਅਸੀਂ ਅਮਰੀਕਾ ਦੇ ਨਾਲ-ਨਾਲ ਇਸ ਵਿਚ ਜਾਪਾਨ ਨੂੰ ਵੀ ਸ਼ਾਮਿਲ ਕਰ ਲਿਆ ਹੈ ਪਰ ਅਜੇ ਅਸੀਂ ਬਹੁਤ ਲੰਮਾ ਸਫ਼ਰ ਤਹਿ ਕਰਨਾ ਹੈ | ਸਾਡਾ ਆਂਢ-ਗੁਆਂਢ ਬਹੁਤ ਅਸਥਿਰਤਾ ਭਰਿਆ ਹੈ ਤੇ ਇਸ ਚੁਣੌਤੀ ਨਾਲ ਬਹੁਤ ਮੁਸਤੈਦੀ ਨਾਲ ਨਜਿੱਠਣਾ ਪਵੇਗਾ |
ਡਿਜੀਟਲ ਤੇ ਸਾਈਬਰ ਟੈਕਨਾਲੋਜੀ ਇਸ ਮਾਮਲੇ ਵਿਚ ਬਹੁਤ ਵੱਡੀ ਭੂਮਿਕਾ ਨਿਭਾਏਗੀ | ਭਾਰਤ ਕੋਲ ਵਿਸ਼ਾਲ ਆਬਾਦੀ ਦੇ ਨਾਲ-ਨਾਲ ਟੈਕਨੀਕਲ ਕਿਰਤ ਸ਼ਕਤੀ ਵੀ ਭਰਪੂਰ ਮਾਤਰਾ ਵਿਚ ਹੈ, ਇਸ ਲਈ ਇਨ੍ਹਾਂ ਦੋਹਾਂ ਸੰਸਥਾਵਾਂ ਦਾ ਸਾਨੂੰ ਬਹੁਤ ਜ਼ਿਆਦਾ ਲਾਭ ਮਿਲ ਸਕਦਾ ਹੈ |
ਅਮਰੀਕਾ ਦੀਆਂ ਬਦਲੀਆਂ ਹੋਈਆਂ ਤਰਜੀਹਾਂ ਦੇ ਰੂਪ ਵਿਚ ਸਾਨੂੰ ਇਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ | ਟਰੰਪ ਵਲੋਂ ਚੁੱਕੇ ਜਾਣ ਵਾਲੇ ਕੁਝ ਕਦਮ ਏਸ਼ੀਆ ਵਿਚ ਖੇਤਰੀ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੇ ਹਨ | ਰੂਸ, ਚੀਨ, ਪਾਕਿਸਤਾਨ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਨਾਲ ਟਰੰਪ ਦੀ ਭਵਿੱਖ ਵਿਚ ਦੋਸਤੀ ਜਾਂ ਦੁਸ਼ਮਣੀ ਦੀਆਂ ਨੀਤੀਆਂ ਖਾਸ ਤੌਰ ''ਤੇ ਇਸ ਖੇਤਰ ਵਿਚ ਸੱਤਾ ਸੰਤੁਲਨ ਨੂੰ ਬਦਲ ਦੇਣਗੀਆਂ | ਸਾਨੂੰ ਇਨ੍ਹਾਂ ਚੁਣੌਤੀਆਂ ਪ੍ਰਤੀ ਚੌਕਸ ਰਹਿਣਾ ਪਵੇਗਾ |
2011 ''ਚ ਹਿਲੇਰੀ ਕਲਿੰਟਨ ਨੇ ਆਪਣੀ ਭਾਰਤ ਯਾਤਰਾ ਦੌਰਾਨ ਭਾਰਤ ਨੂੰ ਇਸ ਖੇਤਰ ਵਿਚ ਜ਼ਿਆਦਾ ਵੱਡੀ ਭੂਮਿਕਾ ਨਿਭਾਉਣ ਲਈ ਕਿਹਾ ਸੀ ਤੇ ਇਕ ਰਸਾਲੇ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ''''ਅਸੀਂ ਭਾਰਤ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਸਿਰਫ ਪੂਰਬ ਵੱਲ ਦੇਖਣ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨਾਲ ਵੀ ਸਰਗਰਮ ਆਦਾਨ-ਪ੍ਰਦਾਨ ਕਰੇ ਅਤੇ ਇਸ ਖੇਤਰ ਵਿਚ ਪਲ-ਪਲ ਬਦਲਦੀਆਂ ਸਥਿਤੀਆਂ ਵਿਚ ਸਰਗਰਮ ਭੂਮਿਕਾ ਨਿਭਾਏ | ਸੰਸਾਰਕ ਮੰਚ ''ਤੇ ਭਾਰਤ ਜਿੰਨੀ ਵੱਡੀ ਭੂਮਿਕਾ ਨਿਭਾਏਗਾ, ਸ਼ਾਂਤੀ ਤੇ ਸੁਰੱਖਿਆ ਨੂੰ ਓਨੀ ਹੀ ਹੱਲਾਸ਼ੇਰੀ ਮਿਲੇਗੀ |''''
ਹਿੰਦ ਮਹਾਸਾਗਰ ਖੇਤਰ ''ਚ ਹੁਣ ਇਹ ਭੂਮਿਕਾ ਨਿਭਾਉਣ ਵਾਲੀਆਂ ਸਥਿਤੀਆਂ ਬਣ ਚੁੱਕੀਆਂ ਹਨ |
