ਸਮਾਰਟ ਫੋਨ ਦੀ ਵਧ ਰਹੀ ਦੁਰਵਰਤੋਂ

11/27/2018 7:15:08 AM

ਭਾਰਤ ਵਿਚ ਹਰ ਕਿਤੇ, ਖਾਸ ਕਰਕੇ ਸ਼ਹਿਰਾਂ ਅਤੇ ਮਹਾਨਗਰਾਂ, ਜਿੱਥੇ ਵੀ ਇੰਟਰਨੈੱਟ ਦੀ ਸਪੀਡ ਚੰਗੀ ਹੈ, ਵਿਚ ਹਰ ਜਗ੍ਹਾ ਸਮਾਰਟ ਫੋਨ ਦੀ ਵਰਤੋਂ ਖਤਰਨਾਕ ਹੱਦ ਤਕ ਵਧ ਰਹੀ ਹੈ। ਰੇਲਵੇ ਸਟੇਸ਼ਨ, ਮੈਟਰੋ, ਹਵਾਈ ਅੱਡੇ ਜਿਥੇ ਮਰਜ਼ੀ ਵੇਖ ਲਓ, ਖਾਸ ਕਰਕੇ ਨੌਜਵਾਨ ਵਰਗ ਆਪਣੀਅਾਂ ਅੱਖਾਂ ਸਮਾਰਟ ਫੋਨ ਉਪਰ ਲਗਾਈ ਬੈਠਾ ਨਜ਼ਰ ਆਉਂਦਾ ਹੈ। ਕਈ ਤਾਂ ਕੰਨਾਂ ਵਿਚ ਹੈੱਡਫੋਨ ਲਗਾ ਕੇ ਆਪਣੇ ਆਲੇ-ਦੁਆਲੇ ਤੋਂ ਬੇਖ਼ਬਰ ਹੋ ਕੇ ਵੱਖਰੀ ਹੀ ਦੁਨੀਆ ਵਿਚ ਬੈਠੇ ਹੁੰਦੇ ਹਨ। ਸੈਰ ਕਰਨ ਵੇਲੇ ਜੇ ਤੁਸੀਂ ਕੁਦਰਤ, ਵਾਤਾਵਰਣ ਅਤੇ ਉਸ ਸਮੇਂ ਦੇ ਹਰ ਪਲ ਦਾ ਆਨੰਦ ਮਾਣ ਰਹੇ ਹੋ ਤਾਂ ਹੀ ਸੈਰ ਦਾ ਮਕਸਦ ਹੱਲ ਹੁੰਦਾ ਹੈ ਪਰ ਹੁਣ ਇਹ ਰੁਝਾਨ ਵੀ ਬਣ ਰਿਹਾ ਹੈ ਕਿ ਲੋਕ ਹੈੱਡਫੋਨ ਲਗਾ ਕੇ ਸੈਰ ਕਰ ਰਹੇ ਹੁੰਦੇ ਹਨ। 
ਹਰ ਇਕ ਟੈਕਨਾਲੋਜੀ ਦੇ ਫਾਇਦੇ ਅਤੇ ਨੁਕਸਾਨ ਦੋਨੋਂ ਹੀ ਹੁੰਦੇ ਹਨ। ਸਮਾਰਟ ਫੋਨ ਸਦਕਾ ਜਿਸ ਤਰ੍ਹਾਂ ਸਾਡੇ ਹੱਥ ਵਿਚ ਪੂਰੀ ਦੁਨੀਆ ਦੀ ਜਾਣਕਾਰੀ ਆ ਚੁੱਕੀ ਹੈ, ਉਸ ਨਾਲ ਹੱਦੋਂ ਵੱਧ ਸਹੂਲਤਾਂ ਮਿਲ ਗਈਅਾਂ ਹਨ ਪਰ ਇਸ ਦੇ ਨਾਲ-ਨਾਲ ਦੁਰਵਰਤੋਂ ਵੀ ਵਧ ਰਹੀ ਹੈ। 
ਸਮਾਰਟ ਫੋਨ ਦੀ  ਹੱਦੋਂ ਵੱਧ ਵਰਤੋਂ ਨਾਲ ਅੱਖਾਂ, ਯਾਦਦਾਸ਼ਤ, ਸੁਣਨ ਸ਼ਕਤੀ ’ਤੇ ਅਸਰ ਪੈਂਦਾ ਹੈ। ਸਾਡੇ ਮੁਲਕ ’ਚ ਕਿਸੇ ਕਿਸਮ ਦੀ ਬੰਦਿਸ਼ ਨਾ ਹੋਣ ਕਾਰਨ ਕੋਈ ਵੀ ਕੰਪਨੀ ਕੁਝ ਵੀ ਵੇਚ ਦਿੰਦੀ ਹੈ, ਭਾਵ ਮੋਬਾਇਲ ਫੋਨ ’ਚੋਂ ਨਿਕਲਣ ਵਾਲੀ ਰੇਡੀਏਸ਼ਨ ਬਾਰੇ ਕੋਈ ਨੀਤੀ ਨਹੀਂ ਹੈ। 
ਹਸਪਤਾਲਾਂ ਅਤੇ ਮਨੋਵਿਗਿਆਨਕਾਂ ਕੋਲ ਇਸ ਤਰ੍ਹਾਂ ਦੇ ਮਰੀਜ਼ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ, ਜਿਹੜੇ ਕਿ ਫੇਸਬੁੱਕ, ਵ੍ਹਟਸਐਪ ਅਤੇ ਸਮਾਰਟ ਫੋਨ ਦੀ ਐਡਿਕਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਬਾਕਾਇਦਾ ਇਸ ਚੀਜ਼ ਦੀ ‘ਬੀਮਾਰੀ’ ਦਾ ਰੂਪ ਮੰਨ ਕੇ ਇਲਾਜ ਕਰਵਾ ਰਹੇ ਹਨ। 
ਉਂਝ ਵੇਖਣ ਵਿਚ ਆ ਰਿਹਾ ਹੈ ਕਿ ਵੱਡੇ ਅਤੇ ਵਿਕਸਿਤ ਮੁਲਕਾਂ ਅੰਦਰ ਸਮਾਰਟ ਫੋਨ ਦਾ ਇੰਨਾ ਰੁਝਾਨ ਨਹੀਂ, ਜਿੰਨਾ ਕਿ ਸਾਡੇ ਮੁਲਕ ’ਚ ਹੈ। ਇਸ ਦਾ ਕਾਰਨ ਵੀ ਸਾਫ ਹੈ ਕਿ ਅਸੀਂ ਇਸ ਨੂੰ ਫਾਇਦੇਮੰਦ ਸਹੂਲਤ ਨਾ ਮੰਨ ਕੇ ਇਕ ਰੁਤਬੇ ਨਾਲ ਵੀ ਜੋੜ ਕੇ ਬੈਠ ਗਏ ਹਾਂ। ਜਿੰਨਾ ਮਹਿੰਗਾ ਫੋਨ, ਉਸ ਨੂੰ ਓਨਾ ਸਰਮਾਏਦਾਰ ਮੰਨ ਕੇ ਚੱਲਦੇ ਹਾਂ। 
ਸਮਾਰਟ ਫੋਨ ਭਾਵੇਂ ਕਿਸੇ ਵੀ ਵਜ੍ਹਾ ਕਰਕੇ ਇੰਨੇ ਵੱਡੇ ਪੱਧਰ ’ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਪਰ ਲੋੜ ਹੈ ਸਮਾਂ ਰਹਿੰਦਿਅਾਂ ਇਸ ਦੇ ਬਾਰੇ ਅਸਰਾਂ ਤੋਂ ਬਚਣ ਦੀ। ਇਸ ਦਾ ਇਕ ਹੱਲ ਇਹ ਵੀ ਹੋ ਸਕਦਾ ਹੈ ਕਿ ਡਾਟਾ ਸੇਵਾ ਦੇ ਰਹੀ ਕੰਪਨੀ ਕਿਸੇ ਤਕਨੀਕ ਨਾਲ ਹਰ ਇਕ ਗਾਹਕ ਨੂੰ ਉਸਦੀ ਜ਼ਰੂਰਤ ਮੁਤਾਬਿਕ ਸਪੀਡ ਜਾਂ ਐਪ ਡਾਊਨਲੋਡ ਕਰਨ ਦੀ ਸਹੂਲਤ ਦੇਵੇ।  
ਵਿਅਕਤੀ ਦੀ ਜ਼ਰੂਰਤ ਉਮਰ, ਪੜ੍ਹਾਈ ਅਤੇ ਵਪਾਰ ਦੇ  ਹਿਸਾਬ ਨਾਲ ਤੈਅ ਕੀਤੀ ਜਾ ਸਕਦੀ ਹੈ। ਤਕਨੀਕੀ ਮਾਹਿਰਾਂ ਨੂੰ ਮੋਬਾਇਲ ਅੰਦਰ ਇਸਦੇ ਵਾਰਨਿੰਗ ਸਿਗਨਲ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ, ਜੋ ਕਿ ਇਕ ਹੱਦ ਤੋਂ ਵੱਧ ਇਸਤੇਮਾਲ ਉਪਰੰਤ ਸੰਕੇਤ ਦੇਵੇ ਕਿ ਤੁਸੀਂ ਇਕ ਹੱਦ ਤੋਂ ਵੱਧ ਮੋਬਾਇਲ ਦਾ ਇਸਤੇਮਾਲ ਕਰ ਰਹੇ ਹੋ। ਹੁਣੇ-ਹੁਣੇ ਪੀ. ਜੀ. ਆਈ. ਵਲੋਂ ਕੀਤੀ ਗਈ ਇਕ ਰਿਸਰਚ ’ਚ ਦੱਸਿਆ ਗਿਆ ਹੈ ਕਿ 4 ਘੰਟੇ ਤੋਂ ਵੱਧ ਸਮੇਂ ਲਈ ਮੋਬਾਇਲ ਫੋਨ ਦਾ ਇਸਤੇਮਾਲ ਆਦਮੀ ’ਤੇ ਬੁਰਾ ਅਸਰ ਪਾਉਂਦਾ ਹੈ।         
 


Related News