ਮੱਤਭੇਦਾਂ ਦੇ ਸਨਮਾਨ ’ਚ ਹੈ ਲੋਕਤੰਤਰ ਦੀ ਖੂਬਸੂਰਤੀ

04/22/2019 7:31:42 AM

ਵਿਨੀਤ ਨਾਰਾਇਣ
ਉਂਝ ਤਾਂ ਸਾਰੀਆਂ ਚੋਣਾਂ ਨਵੇਂ ਤਜਰਬੇ ਕਰਵਾਉਂਦੀਆਂ ਹਨ ਅਤੇ ਸਬਕ ਸਿਖਾਉਂਦੀਆਂ ਹਨ ਪਰ ਇਸ ਵਾਰ ਦੀਆਂ ਚੋਣਾਂ ਕੁਝ ਵੱਖਰੇ ਢੰਗ ਦੀਆਂ ਹਨ। ਇਕ ਪਾਸੇ ਨਰਿੰਦਰ ਮੋਦੀ ਦੀ ਅਗਵਾਈ ’ਚ ਹਿੰਦੂ, ਮੁਸਲਮਾਨ ਅਤੇ ਪਾਕਿਸਤਾਨ ਦੇ ਨਾਂ ’ਤੇ ਚੋਣ ਲੜੀ ਜਾ ਰਹੀ ਹੈ ਅਤੇ ਦੂਜੇ ਪਾਸੇ ਕਿਸਾਨ, ਮਜ਼ਦੂਰ, ਬੇਰੋਜ਼ਗਾਰੀ ਅਤੇ ਵਿਕਾਸ ਦੇ ਨਾਂ ’ਤੇ। ਦਿਲਚਸਪ ਗੱਲ ਇਹ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਮੋਦੀ ਜੀ ਨੇ ਗੁਜਰਾਤ ਮਾਡਲ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਵਿਕਾਸ ਦੇ ਮੁੱਦੇ ’ਤੇ ਲੜੀਆਂ ਸਨ। ਪਤਾ ਨਹੀਂ ਇਸ ਵਾਰ ਕਿਉਂ ਉਹ ਇਨ੍ਹਾਂ ’ਚੋਂ ਕਿਸੇ ਵੀ ਮੁੱਦੇ ’ਤੇ ਗੱਲ ਨਹੀਂ ਕਰ ਰਹੇ। ਇਸ ਲਈ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਕਰੋੜਾਂ ਬੇਰੋਜ਼ਗਾਰ ਨੌਜਵਾਨਾਂ, ਛੋਟੇ ਵਪਾਰੀਆਂ, ਇਥੋਂ ਤਕ ਕਿ ਉਦਯੋਗਪਤੀਆਂ ਦੀ ਵੀ ਮੋਦੀ ਜੀ ਦੀਆਂ ਇਨ੍ਹਾਂ ਸਭ ਕਲਾਬਾਜ਼ੀਆਂ ਕਾਰਨ ਉਨ੍ਹਾਂ ਦੇ ਭਾਸ਼ਣਾਂ ’ਚ ਰੁਚੀ ਖਤਮ ਹੋ ਗਈ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਮੋਦੀ ਜੀ ਨੇ ਉਨ੍ਹਾਂ ਨੂੰ ਵਾਅਦੇ ਅਨੁਸਾਰ ਕੁਝ ਵੀ ਨਹੀਂ ਦਿੱਤਾ, ਸਗੋਂ ਜੋ ਉਨ੍ਹਾਂ ਦੇ ਕੋਲ ਸੀ, ਉਹ ਵੀ ਖੋਹ ਲਿਆ। ਇਸ ਲਈ ਇਹ ਵਿਸ਼ਾਲ ਮਤਦਾਤਾ ਵਰਗ ਭਾਜਪਾ ਸਰਕਾਰ ਦੇ ਵਿਰੋਧ ’ਚ ਹੈ। ਹਾਲਾਂਕਿ ਉਹ ਆਪਣਾ ਵਿਰੋਧ ਖੁੱਲ੍ਹ ਕੇ ਪ੍ਰਗਟ ਨਹੀਂ ਕਰ ਰਿਹਾ ਪਰ ਦੂਜੇ ਪਾਸੇ ਉਹ ਲੋਕ ਹਨ, ਜੋ ਮੋਦੀ ਜੀ ਦੇ ਅੰਨ੍ਹੇ ਭਗਤ ਹਨ, ਜੋ ਹਰ ਹਾਲ ’ਚ ਮੋਦੀ ਸਰਕਾਰ ਫਿਰ ਤੋਂ ਲਿਆਉਣਾ ਚਾਹੁੰਦੇ ਹਨ। ਮੋਦੀ ਜੀ ਦੀਆਂ ਇਨ੍ਹਾਂ ਸਭ ਨਾਕਾਮਯਾਬੀਆਂ ਨੂੰ ਉਹ ਕਾਂਗਰਸ ਸ਼ਾਸਨ ਦੇ ਮੱਥੇ ਮੜ੍ਹ ਕੇ ਪਿੱਛਾ ਛੁਡਾ ਲੈਂਦੇ ਹਨ ਕਿਉਂਕਿ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਉਨ੍ਹਾਂ ਕੋਲ ਨਹੀਂ ਹੈ ਕਿ ਜੋ ਵਾਅਦੇ ਮੋਦੀ ਜੀ ਨੇ 2014 ’ਚ ਕੀਤੇ ਸਨ, ਉਨ੍ਹਾਂ ’ਚੋਂ ਇਕ ਵੀ ਪੂਰਾ ਨਹੀਂ ਹੋਇਆ। ਚੋਣਾਂ ਦੌਰਾਨ ਇਹ ਦੱਸਣਾ ਅਸੰਭਵ ਹੈ ਕਿ ਇਸ ਕਾਂਟੇ ਦੀ ਟੱਕਰ ’ਚ ਊਠ ਕਿਸ ਕਰਵਟ ਬੈਠੇਗਾ? ਕੀ ਵਿਰੋਧੀ ਗੱਠਜੋੜ ਦੀ ਸਰਕਾਰ ਬਣੇਗੀ ਜਾਂ ਮੋਦੀ ਜੀ ਦੀ? ਸਰਕਾਰ ਜਿਸ ਦੀ ਵੀ ਬਣੇ, ਚੁਣੌਤੀਆਂ ਦੋਹਾਂ ਸਾਹਮਣੇ ਵੱਡੀਆਂ ਹੋਣਗੀਆਂ। ਮੰਨ ਲਈਏ ਕਿ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਕੀ ਹਿੰਦੂਤਵ ਦੇ ਏਜੰਡੇ ਨੂੰ ਇਸੇ ਹਮਲਾਵਰੀਪਣ ਨਾਲ, ਬਿਨਾਂ ਸਨਾਤਨ ਕਦਰਾਂ-ਕੀਮਤਾਂ ਦੀ ਪਰਵਾਹ ਕੀਤੇ, ਬਿਨਾਂ ਸੰਸਕ੍ਰਿਤਕ ਰਵਾਇਤਾਂ ਨੂੰ ਨਿਭਾਉਣ ਦੇ, ਇਕ ਸਖਤ ਅਤੇ ਹੰਕਾਰੀ ਢੰਗ ਨਾਲ ਸਭ ’ਤੇ ਥੋਪਿਆ ਜਾਵੇਗਾ, ਜਿਵੇਂ ਪਿਛਲੇ 5 ਸਾਲਾਂ ’ਚ ਥੋਪਿਆ ਗਿਆ। ਇਸ ਦਾ ਮੋਦੀ ਜੀ ਨੂੰ ਸੀਮਤ ਮਾਤਰਾ ’ਚ ਸਿਆਸੀ ਲਾਭ ਬੇਸ਼ੱਕ ਮਿਲ ਜਾਵੇ, ਹਿੰਦੂ ਧਰਮ ਅਤੇ ਸੰਸਕ੍ਰਿਤੀ ਨੂੰ ਕੋਈ ਲਾਭ ਨਹੀਂ ਮਿਲਿਆ, ਸਗੋਂ ਉਸ ਦਾ ਪਹਿਲਾਂ ਨਾਲੋਂ ਜ਼ਿਆਦਾ ਨੁਕਸਾਨ ਹੋ ਗਿਆ। ਇਸ ਦੇ ਕਈ ਕਾਰਨ ਹਨ।

ਭਾਜਪਾ ਅਤੇ ਸੰਘ ਦੋਵੇਂ ਹੀ ਹਿੰਦੂ ਧਰਮ ਲਈ ਸਮਰਪਿਤ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਹਿੰਦੂ ਧਰਮ ਦੇ ਮੂਲ ਸਿਧਾਂਤਾਂ ਤੋਂ ਪ੍ਰਹੇਜ਼ ਕਰਦੇ ਹਨ। ਜਿਸ ਤਰ੍ਹਾਂ ਦਾ ਹਿੰਦੂਤਵ ਮੋਦੀ ਅਤੇ ਯੋਗੀ ਰਾਜ ’ਚ ਪਿਛਲੇ ਕੁਝ ਸਾਲਾਂ ’ਚ ਪ੍ਰਚਾਰਿਤ ਅਤੇ ਪ੍ਰਸਾਰਿਤ ਕੀਤਾ ਗਿਆ, ਉਸ ਨਾਲ ਹਿੰਦੂ ਧਰਮ ਦਾ ਮਜ਼ਾਕ ਹੀ ਉੱਡਿਆ ਹੈ, ਸਿਰਫ ਨਾਅਰਿਆਂ ਅਤੇ ਜੁਮਲਿਆਂ ’ਚ ਹੀ ਹਿੰਦੂ ਧਰਮ ਦਾ ਹੱਲਾ ਮਚਾਇਆ ਗਿਆ, ਜ਼ਮੀਨੀ ਪੱਧਰ ’ਤੇ ਠੋਸ ਅਜਿਹਾ ਕੁਝ ਵੀ ਨਹੀਂ ਹੋਇਆ। ਇਸ ਗੱਲ ਦਾ ਸਾਡੇ ਵਰਗੇ ਸਨਾਤਨ ਧਰਮੀਆਂ ਨੂੰ ਜ਼ਿਆਦਾ ਦੁੱਖ ਹੈ ਕਿਉਂਕਿ ਅਸੀਂ ਸਾਮਵਾਦੀ ਵਿਚਾਰਾਂ ’ਚ ਵੀ ਵਿਸ਼ਵਾਸ ਨਹੀਂ ਰੱਖਦੇ। ਸਾਨੂੰ ਲੱਗਦਾ ਹੈ ਕਿ ਭਾਰਤ ਦੀ ਆਤਮਾ ਸਨਾਤਨ ਧਰਮ ’ਚ ਵਸਦੀ ਹੈ ਅਤੇ ਇਹ ਸਨਾਤਨ ਧਰਮ ਵਿਸ਼ਾਲ ਹਿਰਦੇ ਵਾਲਾ ਹੈ, ਜਿਸ ’ਚ ਗੁਰੂ ਨਾਨਕ ਦੇਵ, ਭਗਤ ਕਬੀਰ, ਮਹਾਵੀਰ, ਬੁੱਧ, ਤੁਕਾਰਾਮ, ਨਾਮਦੇਵ ਸਭ ਲਈ ਗੁੰਜਾਇਸ਼ ਹੈ। ਉਹ ਸੰਘ ਅਤੇ ਭਾਜਪਾ ਵਾਂਗ ਸੌੜੀ ਮਾਨਸਿਕਤਾ ਵਾਲਾ ਨਹੀਂ ਹੈ, ਇਸ ਲਈ ਹਜ਼ਾਰਾਂ ਸਾਲਾਂ ਤੋਂ ਪ੍ਰਿਥਵੀ ’ਤੇ ਮੌਜੂਦ ਹੈ, ਜਦਕਿ ਦੂਜੇ ਧਰਮ ਅਤੇ ਸੰਸਕ੍ਰਿਤੀਆਂ ਕੁਝ ਸਦੀਆਂ ਤੋਂ ਬਾਅਦ ਧਰਤੀ ਦੇ ਪਰਦੇ ਤੋਂ ਗਾਇਬ ਹੋ ਗਏ। ਸੰਘ ਅਤੇ ਭਾਜਪਾ ਦੇ ਹੰਕਾਰੀ ਹਿੰਦੂ ਏਜੰਡੇ ਨਾਲ ਉਨ੍ਹਾਂ ਸਾਰੇ ਲੋਕਾਂ ਦਾ ਦਿਲ ਟੁੱਟਦਾ ਹੈ, ਜੋ ਹਿੰਦੂ ਧਰਮ ਅਤੇ ਸੰਸਕ੍ਰਿਤੀ ਲਈ ਸਮਰਪਿਤ ਹਨ, ਗਿਆਨੀ ਹਨ, ਸਾਧਨ-ਸੰਪੰਨ ਹਨ ਅਤੇ ਉਦਾਰਚਿੱਤ ਵੀ ਹਨ ਕਿਉਂਕਿ ਅਜਿਹੇ ਲੋਕ ਧਰਮ ਅਤੇ ਸੰਸਕ੍ਰਿਤੀ ਦੀ ਸੇਵਾ ਡੰਡੇ ਦੇ ਡਰ ਨਾਲ ਨਹੀਂ, ਸਗੋਂ ਸ਼ਰਧਾ ਤੇ ਪ੍ਰੇਮ ਨਾਲ ਕਰਦੇ ਹਨ। ਜਿਸ ਤਰ੍ਹਾਂ ਦੀ ਮਾਨਸਿਕ ਅਰਾਜਕਤਾ ਪਿਛਲੇ 5 ਸਾਲਾਂ ’ਚ ਭਾਰਤ ਵਿਚ ਦੇਖਣ ਨੂੰ ਮਿਲੀ ਹੈ, ਉਸ ਨੇ ਭਵਿੱਖ ਲਈ ਇਕ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਜੇਕਰ ਇਹ ਇਸੇ ਤਰ੍ਹਾਂ ਹੀ ਚੱਲਿਆ ਤਾਂ ਭਾਰਤ ’ਚ ਦੰਗੇ, ਖੂਨ-ਖਰਾਬੇ ਹੋਰ ਵਧਣਗੇ, ਜਿਸ ਦੇ ਸਿੱਟੇ ਵਜੋਂ ਭਾਰਤ ਦੀ ਵੰਡ ਵੀ ਹੋ ਸਕਦੀ ਹੈ। ਇਸ ਲਈ ਸੰਘ ਅਤੇ ਭਾਜਪਾ ਨੂੰ ਇਸ ਵਿਸ਼ੇ ’ਚ ਆਪਣਾ ਨਜ਼ਰੀਆ ਇਨਕਲਾਬੀ ਤੌਰ ’ਤੇ ਬਦਲਣਾ ਹੋਵੇਗਾ ਤਾਂ ਹੀ ਅੱਗੇ ਚੱਲ ਕੇ ਭਾਰਤ ਆਪਣੇ ਧਰਮ ਅਤੇ ਸੰਸਕ੍ਰਿਤੀ ਦੀ ਠੀਕ ਤਰ੍ਹਾਂ ਰੱਖਿਆ ਕਰ ਸਕੇਗਾ, ਨਹੀਂ ਤਾਂ ਨਹੀਂ।

ਜਿਥੋ ਤਕ ਗੱਠਜੋੜ ਦੀ ਗੱਲ ਹੈ, ਦੇਸ਼ ਭਰ ’ਚ ਹੋਈਆਂ ਚੋਣਾਂ ਤੋਂ ਇਹ ਤਸਵੀਰ ਸਾਫ ਹੋਈ ਹੈ ਕਿ ਵਿਰੋਧੀ ਧਿਰ ਦੀ ਸਰਕਾਰ ਵੀ ਬਣ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਗੱਠਜੋੜ ਦੇ ਸਾਥੀ ਦਲਾਂ ਨੂੰ ਇਹ ਤੈਅ ਕਰਨਾ ਪਵੇਗਾ ਕਿ ਉਨ੍ਹਾਂ ਦੀ ਇਕਜੁੱਟਤਾ ਅਗਲੀਆਂ ਲੋਕ ਸਭਾ ਚੋਣਾਂ ਤਕ ਕਾਇਮ ਰਹੇ ਅਤੇ ਆਮ ਜਨਤਾ ਦੀ ਉਮੀਦ ਪੂਰੀ ਕਰ ਸਕਣ। ਆਮ ਜਨਤਾ ਦੀਆਂ ਆਸਾਂ ਮਾਮੂਲੀ ਹੁੁੰਦੀਆਂ ਹਨ, ਉਸ ਨੂੰ ਤਾਂ ਸਿਰਫ ਸੜਕ, ਬਿਜਲੀ, ਪਾਣੀ, ਰੋਜ਼ਗਾਰ, ਫਸਲ ਦੀ ਵਾਜਬ ਕੀਮਤ ਅਤੇ ਮਹਿੰਗਾਈ ’ਤੇ ਕੰਟਰੋਲ ਨਾਲ ਮਤਲਬ ਹੈ। ਇਹ ਸਭ ਗੱਠਜੋੜ ਦੀ ਸਰਕਾਰ ਆਮ ਜਨਤਾ ਨੂੰ ਦਿੰਦੀ ਹੈ ਤਾਂ ਹੀ ਉਸ ਦਾ ਚੋਣਾਂ ਜਿੱਤਣਾ ਸਾਰਥਕ ਮੰਨਿਆ ਜਾਵੇਗਾ ਪਰ ਇਸ ਤੋਂ ਵੱਧ ਮਹੱਤਵਪੂਰਨ ਹੋਵੇਗਾ ਉਨ੍ਹਾਂ ਜਮਹੂਰੀ ਸੰਸਥਾਵਾਂ ਅਤੇ ਕਦਰਾਂ-ਕੀਮਤਾਂ ਦੀ ਮੁੜ ਸਥਾਪਨਾ, ਜਿਨ੍ਹਾਂ ’ਤੇ ਪਿਛਲੇ 5 ਸਾਲਾਂ ’ਚ ਹੱਲਾ ਬੋਲਿਆ ਗਿਆ। ਲੋਕਤੰਤਰ ਦੀ ਖੂਬਸੂਰਤੀ ਇਸ ਗੱਲ ’ਚ ਹੈ ਕਿ ਮੱਤਭੇਦਾਂ ਦਾ ਸਨਮਾਨ ਕੀਤਾ ਜਾਵੇ, ਸਮਾਜ ਦੇ ਹਰ ਵਰਗ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੋਵੇ। ਚੋਣਾਂ ਜਿੱਤਣ ਤੋਂ ਬਾਅਦ ਜਿਹੜੀ ਪਾਰਟੀ ਸਰਕਾਰ ਬਣਾਏ, ਉਹ ਵਿਰੋਧੀ ਪਾਰਟੀਆਂ ਨੂੰ ਲਗਾਤਾਰ ਕੋਸ ਕੇ ਜਾਂ ਚੋਰ ਦੱਸ ਕੇ ਅਪਮਾਨਿਤ ਨਾ ਕਰੇ, ਸਗੋਂ ਉਸ ਦੇ ਸਹਿਯੋਗ ਨਾਲ ਸਰਕਾਰ ਚਲਾਏ ਕਿਉਂਕਿ ਸਿਆਸਤ ਦੇ ਹਮਾਮ ’ਚ ਸਾਰੇ ਨੰਗੇ ਹਨ। ਮੋਦੀ ਜੀ ਦੀ ਸਰਕਾਰ ਵੀ ਇਸ ਦੀ ਅਪਵਾਦ ਨਹੀਂ ਹੈ। ਇਸ ਲਈ ਹੋਰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ।

(www.vineetnarain.net)
 


Bharat Thapa

Content Editor

Related News