ਇਮਰਾਨ ਖਾਨ ਦੇ ‘ਨਵੇਂ ਪਾਕਿਸਤਾਨ’ ਦਾ ਸੱਚ

Friday, Oct 05, 2018 - 06:43 AM (IST)

ਭਾਰਤ- ਪਾਕਿਸਤਾਨ ਵਿਚਾਲੇ ਪਿਛਲੇ 7 ਦਹਾਕਿਅਾਂ ਤੋਂ ਅਸਾਧਾਰਨ ਸਬੰਧਾਂ ਦੀ ਮੁੱਖ ਵਜ੍ਹਾ ਕੀ ਹੈ, ਇਹ ਹਾਲ ਹੀ ਦੀਅਾਂ ਘਟਨਾਵਾਂ ਤੋਂ ਸਪੱਸ਼ਟ ਹੋ ਜਾਂਦਾ ਹੈ। ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੀਜੀ ਬੇਗਮ ਪੀਰ ਬੁਸ਼ਰਾ ਮੇਨਕਾ ਨੇ ਹੁਣੇ ਜਿਹੇ ਇਕ ਇੰਟਰਵਿਊ ’ਚ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦਾ ਅਕਸ ਬਦਲੇਗਾ ਪਰ ਇਸ ਵਿਚ ਸਮਾਂ ਲੱਗ ਸਕਦਾ ਹੈ ਕਿਉਂਕਿ ਉਸ ਦੇ ਸ਼ੌਹਰ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ। 
ਜਿਸ ‘ਨਵੇਂ ਪਾਕਿਸਤਾਨ’ ਦੀ ਗੱਲ ਇਮਰਾਨ ਖਾਨ ਕਰ ਰਹੇ ਹਨ, ਕੀ ਉਹ ਕਦੇ ਅਮਲੀ ਰੂਪ ਲਵੇਗਾ। ਦੀਵਾਲੀਆ ਹੋਣ ਕੰਢੇ ਪਹੁੰਚ ਚੁੱਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਨੀਆ ਭਰ ’ਚ ਖ਼ੁਦ ਨੂੰ ਆਪਣੇ ਦੇਸ਼ ਦਾ ਨਵਾਂ ‘ਭਾਗ-ਵਿਧਾਤਾ’ ਸਥਾਪਿਤ ਕਰਨ ਦੀ ਕੋਸ਼ਿਸ਼ ਤੇ ਭਾਰਤ ਨਾਲ ਸ਼ਾਂਤੀ ਦੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਦਾ ਅਸਲੀ ਤੇ ਪਾਕਿਸਤਾਨ ਦਾ ਜਾਣਿਆ-ਪਛਾਣਿਆ ਚਿਹਰਾ ਲੋਕਾਂ ਦੇ ਸਾਹਮਣੇ ਆਉਣ ਲੱਗਾ ਹੈ। ਇਹ ਕਿਸੇ ਤੋਂ ਲੁਕਿਆ ਨਹੀਂ ਕਿ ਦੁਨੀਆ ਜਿਸ ਇਸਲਾਮੀ ਹਿੰਸਾ ਅਤੇ ਅੱਤਵਾਦ ਨਾਲ ਜਕੜੀ ਹੋਈ ਹੈ, ਉਸ ਦੀਅਾਂ ਜੜ੍ਹਾਂ ਪਾਕਿਸਤਾਨ ਦੀ ਵਿਚਾਰਕ ਨੀਂਹ ’ਚ ਕਾਫੀ ਡੂੰਘਾਈ ਤਕ ਫੈਲੀਅਾਂ ਹੋਈਅਾਂ ਹਨ। 
ਪਿਛਲੇ ਦਿਨੀਂ ਇਸਲਾਮਾਬਾਦ ’ਚ ਇਕ ਸਰਬ ਪਾਰਟੀ ਮੀਟਿੰਗ ਹੋਈ, ਜਿਸ ’ਚ ਇਮਰਾਨ ਸਰਕਾਰ ’ਚ ਧਾਰਮਿਕ ਮਾਮਲਿਅਾਂ ਬਾਰੇ ਮੰਤਰੀ ਨੂਰ ਉੱਲ ਹੱਕ ਕਾਦਰੀ, ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦਾ ਮੁਖੀ ਤੇ 26/11 ਵਾਲੇ ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਇਕੱਠੇ ਇਕ ਮੰਚ ’ਤੇ ਨਜ਼ਰ ਆਏ। ਉਰਦੂ ਭਾਸ਼ਾ ’ਚ ਲਿਖੇ ਬੈਨਰ, ਜੋ ਉਥੇ ਲੱਗਾ ਹੋਇਆ ਸੀ, ਵਿਚ ਲਿਖਿਆ ਸੀ, ‘ਪਾਕਿਸਤਾਨ ਦੀ ਰੱਖਿਆ ਲਈ’। ਇਸ ’ਚ ਕਸ਼ਮੀਰ ਨੂੰ ਲੈ ਕੇ ਭਾਰਤ ਵਿਰੋਧੀ ਟਿੱਪਣੀਅਾਂ ਵੀ ਲਿਖੀਅਾਂ ਹੋਈਅਾਂ ਸਨ। 
ਕਾਦਰੀ-ਸਈਦ ਦੀ ਇਕ ਮੰਚ ’ਤੇ ਮੌਜੂਦਗੀ ਤੋਂ ਸਪੱਸ਼ਟ ਹੈ ਕਿ ਉਥੋਂ ਦੀਅਾਂ ਆਮ ਚੋਣਾਂ ’ਚ ਬੇਸ਼ੱਕ ਸਈਦ ਦੇ ਸਮਰਥਨ ਵਾਲੇ ਉਮੀਦਵਾਰ ਬੁਰੀ ਤਰ੍ਹਾਂ ਹਾਰ ਗਏ ਹੋਣ ਪਰ  ਪਾਕਿਸਤਾਨ ਦੇ ਸੱਤਾ ਅਦਾਰਿਅਾਂ ’ਚ ਉਸ ਦਾ ਚੰਗਾ-ਖਾਸਾ ਪ੍ਰਭਾਵ ਅੱਜ ਵੀ ਹੈ। ਇਹੋ ਵਜ੍ਹਾ ਹੈ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 14 ਸਤੰਬਰ ਨੂੰ ਉਸ ਦੇ ਸੰਗਠਨ ਜਮਾਤ-ਉਦ-ਦਾਵਾ ਅਤੇ ਫਲਾਹੀ ਇਨਸਾਨੀਅਤ ਫਾਊਂਡੇਸ਼ਨ (ਐੱਫ. ਆਈ. ਐੱਫ.) ਨੂੰ ਮੁੜ ਦੇਸ਼ ’ਚ ਆਪਣੇ ‘ਸਮਾਜਿਕ ਕੰਮ’ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ। ਹਾਫਿਜ਼ ਦੇ ਪ੍ਰਸ਼ੰਸਕਾਂ ’ਚ ਇਹ ਫੈਸਲਾ ਦੇਣ ਵਾਲੇ ਜੱਜ ਮਨਜ਼ੂਰ ਅਹਿਮਦ ਅਤੇ ਜਸਟਿਸ ਸਰਦਾਰ ਤਾਰਿਕ ਮਸੂਦ ਤੋਂ ਇਲਾਵਾ ਪਾਕਿਸਤਾਨ ਦਾ ਉਹ ਵੱਡਾ ਵਰਗ ਵੀ ਸ਼ਾਮਿਲ ਹੈ, ਜੋ ਖ਼ੁਦ ਨੂੂੰ ਉਸ ਵਲੋਂ ਭਾਰਤ-ਹਿੰਦੂ ਵਿਰੋਧੀ ਜ਼ਹਿਰ ਉਗਲਣ ਨਾਲ ਜੋੜਦਾ ਹੈ। 
ਜਿਸ ਸਮੇਂ (30 ਸਤੰਬਰ) ਕਥਿਤ ‘ਨਵੇਂ ਪਾਕਿਸਤਾਨ’ ਦੇ ਕੈਬਨਿਟ ਮੰਤਰੀ ਸੰਯੁਕਤ ਰਾਸ਼ਟਰ ਤੇ ਅਮਰੀਕਾ ਵਲੋਂ ਐਲਾਨੇ ਅੱਤਵਾਦੀ ਹਾਫਿਜ਼ ਸਈਦ ਨਾਲ ਜੱਫੀਅਾਂ ਪਾ ਰਹੇ ਸਨ, ਠੀਕ ਉਸ ਤੋਂ ਇਕ ਦਿਨ ਪਹਿਲਾਂ (29 ਸਤੰਬਰ) ਨਿਊਯਾਰਕ ’ਚ ਸਥਿਤ ਸੰਯੁਕਤ ਰਾਸ਼ਟਰ ਦੀ ਮਹਾਸਭਾ ’ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਭਾਰਤ ’ਤੇ 2014 ’ਚ ਪੇਸ਼ਾਵਰ ਦੇ ਇਕ ਸਕੂਲ ’ਤੇ ਹੋਏ ਅੱਤਵਾਦੀ ਹਮਲੇ ’ਚ ਸ਼ਾਮਿਲ ਹੋਣ ਦਾ ਬੇਤੁਕਾ ਦੋਸ਼ ਲਾ ਰਹੇ ਸਨ। ਕੀ ਇਸ ਤੋਂ ਵੱਡਾ ਝੂਠ ਕੋਈ ਹੋ ਸਕਦਾ ਹੈ? ਕੀ ਇਹ ਸੱਚ ਨਹੀਂ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕੇ-ਤਾਲਿਬਾਨ ਪਾਕਿਸਤਾਨ ਨੇ ਲਈ ਸੀ, ਜਿਸ ’ਚ ਅੱਤਵਾਦੀਅਾਂ ਨੇ 132 ਵਿਦਿਆਰਥੀਅਾਂ ਨੂੰ ਬੇਰਹਿਮੀ ਨਾਲ ਗੋਲੀਅਾਂ ਨਾਲ ਭੁੰਨ ਦਿੱਤਾ ਸੀ? 
ਇਸ ਘਟਨਾ ਤੋਂ ਪਹਿਲਾਂ ਤਾਲਿਬਾਨ 2012 ’ਚ ਮਲਾਲਾ ਨੂੰ ਮਾਰਨ ਦੀ ਕੋਸ਼ਿਸ਼  ਦੇ ਨਾਲ ਸਵਾਤ, ਵਜ਼ੀਰਿਸਤਾਨ ਅਤੇ ਪਾਕਿਸਤਾਨ ਦੇ ਉੱਤਰ-ਪੱਛਮੀ ਕਬਾਇਲੀ ਖੇਤਰਾਂ ਦੇ 150 ਤੋਂ ਜ਼ਿਆਦਾ ਸਕੂਲਾਂ ਨੂੰ ਅੱਗ ਲਾ ਕੇ ਸਾੜ ਚੁੱਕਾ ਹੈ। 30 ਸਤੰਬਰ ਨੂੰ ਵੀ ਖੈਬਰ ਪਖਤੂਨਖਵਾ ਦੇ ਚਿਤ੍ਰਾਲ  ’ਚ ਸਥਿਤ ਇਕੋ-ਇਕ ਪ੍ਰਾਇਮਰੀ ਸਕੂਲ ਨੂੰ ਤਾਲਿਬਾਨੀਅਾਂ ਨੇ ਬੰਬ ਨਾਲ ਉਡਾ ਦਿੱਤਾ ਸੀ। 
ਤਾਲਿਬਾਨ ਦੀ ਸਕੂਲਾਂ ਦੀ ਆਧੁਨਿਕ ਸਿੱਖਿਆ ਪ੍ਰਤੀ ਨਫਰਤ ਦੀਅਾਂ ਜੜ੍ਹਾਂ ਵੀ ਉਸ ਜ਼ਹਿਰੀਲੀ ਮਾਨਸਿਕਤਾ ’ਚ ਹਨ, ਜਿਸ ਨੇ 1947 ’ਚ ਮਜ਼੍ਹਬ ਦੇ ਆਧਾਰ ’ਤੇ ਪਾਕਿਸਤਾਨ ਦੇ ਜਨਮ ਦਾ ਰਾਹ ਪੱਧਰਾ ਕੀਤਾ ਸੀ। 
ਉਸੇ ਚਿੰਤਨ ਮੁਤਾਬਿਕ ਜ਼ਿਆ-ਉਲ-ਹੱਕ ਨੇ ਕੁਰਾਨ ਅਤੇ ਸ਼ਰੀਅਤ ’ਤੇ ਆਧਾਰਿਤ ਸ਼ਾਸਨ ਪ੍ਰਣਾਲੀ ਦੀ ਸ਼ੁਰੂਆਤ ਕਰਕੇ ਪਾਕਿਸਤਾਨ ’ਚ ਪਹਿਲਾਂ ਤੋਂ ਸਥਾਪਿਤ ਕੱਟੜ ਅਤੇ ਜੇਹਾਦੀ ਮਾਨਸਿਕਤਾ ਨੂੰ ਹੋਰ ਮਜ਼ਬੂਤੀ ਦਿੱਤੀ। ਇਹੋ ਵਜ੍ਹਾ ਹੈ ਕਿ ਅੱਜ ਹਾਫਿਜ਼ ਸਈਦ ਅਤੇ ਅਮਰੀਕਾ ਹੱਥੋਂ ਮਾਰੇ ਜਾ ਚੁੱਕੇ  ਓਸਾਮਾ-ਬਿਨ-ਲਾਦੇਨ ਵਰਗੇ ਦਰਜਨਾਂ ਖਤਰਨਾਕ ਅੱਤਵਾਦੀਅਾਂ ਨੂੰ ਪਾਕਿਸਤਾਨ ਦਾ ਵੱਡਾ ਵਰਗ ‘ਹੀਰੋ’ ਮੰਨਦਾ ਹੈ। 
ਪਾਕਿਸਤਾਨ ਦੇ ਇਸੇ ਵਿਚਾਰਕ ਦਰਸ਼ਨ ’ਚ ਇਸਲਾਮੀ ਕੱਟੜਤਾ ਨਾਲ ‘ਕਾਫਿਰ’ ਭਾਰਤ ਨੂੰ ਮੌਤ ਦੇ ਘਾਟ ਉਤਾਰਨ ਦਾ ਮਜ਼੍ਹਬੀ ਉਦੇਸ਼ ਵੀ ਹੈ, ਜਿਸ ਦੇ ਲਈ ਦਹਾਕਿਅਾਂ ਪੁਰਾਣੇ ਹਜ਼ਾਰਾਂ ਜ਼ਖ਼ਮ ਦੇਣ ਦੀ ਨੀਤੀ ’ਤੇ ਚੱਲਿਆ ਜਾ ਰਿਹਾ ਹੈ। ਉਥੋਂ ਦੇ ਬਹੁਤੇ ਨਾਗਰਿਕਾਂ ਨੂੰ ਬਚਪਨ ਤੋਂ ਹੀ ਗੈਰ-ਮੁਸਲਮਾਨਾਂ, ਖਾਸ ਕਰਕੇ ‘ਕਾਫਿਰ’ ਹਿੰਦੂ-ਸਿੱਖ ਅਤੇ ਭਾਰਤ ਵਿਰੋਧੀ ਸਿੱਖਿਆ ਦਿੱਤੀ ਜਾ ਰਹੀ ਹੈ। ਹਿੰਦੂਅਾਂ ਸਮੇਤ ਸਾਰੇ ਗੈਰ-ਮੁਸਲਮਾਨਾਂ ਨੂੰ ‘ਕਾਫਿਰ’ ਅਤੇ ਇਸਲਾਮ ਦੇ ਦੁਸ਼ਮਣ ਦੱਸਿਆ ਜਾਂਦਾ ਹੈ। ਉਨ੍ਹਾਂ ਦੇ ਇਤਿਹਾਸ ’ਚ ਵੈਦਿਕ ਯੁੱਗ, ਅਸ਼ੋਕ ਕਾਲ ਅਤੇ ਸਿੰਧੂ ਘਾਟੀ ਦੀ ਸੱਭਿਅਤਾ ਵਾਲੇ ਇਤਿਹਾਸ ਦੀ ਕੋਈ ਥਾਂ ਨਹੀਂ ਹੈ। 
ਇਸੇ ਘਿਨਾਉਣੇ ਦਰਸ਼ਨ (ਫਿਲਾਸਫੀ) ਕਾਰਨ ਉਥੇ ਗੈਰ-ਮੁਸਲਮਾਨ, ਜਿਨ੍ਹਾਂ ’ਚ ਹਿੰਦੂਅਾਂ ਤੇ ਸਿੱਖਾਂ ਤੋਂ ਇਲਾਵਾ ਮੁਸਲਿਮ ਸਮਾਜ ’ਚੋਂ ਕੱਢੇ ਅਹਿਮਦੀਆ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਹਨ, ਆਏ ਦਿਨ ਇਸਲਾਮੀ ਕੱਟੜਪੰਥੀਅਾਂ ਦੇ ਮਜ਼੍ਹਬੀ ਤਸ਼ੱਦਦ ਦਾ ਸ਼ਿਕਾਰ ਹੁੰਦੇ ਹਨ। 
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸਲਾਮੀ ਕੱਟੜਪੰਥੀਅਾਂ ਸਾਹਮਣੇ ਗੋਡੇ ਟੇਕਦਿਅਾਂ ਆਪਣੀ ਨਵੀਂ ਬਣਾਈ ਆਰਥਿਕ ਪ੍ਰੀਸ਼ਦ ’ਚ ਅਰਥ ਸ਼ਾਸਤਰੀ ਆਤਿਫ ਰਹਿਮਾਨ ਮੀਅਾਂ ਦੀ ਨਿਯੁਕਤੀ ਸਿਰਫ  ਇਸ ਲਈ ਰੱਦ ਕਰ ਦਿੱਤੀ ਕਿਉਂਕਿ ਉਹ ਅਹਿਮਦੀਆ ਸਮਾਜ ਨਾਲ ਸਬੰਧ ਰੱਖਦੇ ਹਨ, ਜਿਸ ਨੂੰ ਪਾਕਿਸਤਾਨ ਦੇ ਬਹੁਗਿਣਤੀਅਾਂ ਵਲੋਂ ਇਸਲਾਮ ਦਾ ‘ਸੱਚਾ ਪੈਰੋਕਾਰ’ ਨਹੀਂ ਮੰਨਿਆ ਜਾਂਦਾ। 
ਨਿਰਵਿਵਾਦ ਤੌਰ ’ਤੇ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਬਣਾਉਣ ’ਚ ਪਾਕਿਸਤਾਨੀ ਫੌਜ ਤੇ ਇਸਲਾਮੀ ਕੱਟੜਪੰਥੀਅਾਂ ਦਾ ਬਹੁਤ ਵੱਡਾ ਹੱਥ ਹੈ। ਅਜਿਹਾ ਪਹਿਲੀ ਵਾਰ ਵੀ ਨਹੀਂ ਹੋਇਆ ਹੈ ਕਿ ਫੌਜ ਤੇ ਇਸਲਾਮੀ ਕੱਟੜਪੰਥੀਅਾਂ ਦਾ ਉਥੋਂ ਦੀ ਸਿਵਲੀਅਨ ਸਰਕਾਰ ’ਚ ਦਖਲ ਹੋਵੇ। ਜਨਰਲ ਅਾਯੂਬ ਖਾਨ, ਜਨਰਲ  ਯਾਹੀਆ  ਖਾਨ  ਤੇ ਜਨਰਲ ਜ਼ਿਆ-ਉਲ-ਹੱਕ ਤੋਂ ਲੈ ਕੇ ਜਨਰਲ ਪ੍ਰਵੇਜ਼ ਮੁਸ਼ੱਰਫ ਤਕ ਸਾਰੇ ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਰਹੇ ਪਰ ਇਸ ਵਾਰ ਫੌਜ ਨੇ ਇਮਰਾਨ ਖਾਨ ਨੂੰ ਸਰਕਾਰ ’ਚ ਆਪਣਾ ਪਿੱਠੂ ਬਣਾ ਕੇ ਭੇਜਿਆ ਹੈ,  ਜਿਨ੍ਹਾਂ ਦਾ ਇਕ-ਇਕ ਸ਼ਬਦ, ਖਾਸ ਕਰਕੇ ਭਾਰਤ ਵਿਰੋਧੀ ਬਿਆਨ ਫੌਜ ਵਲੋਂ ਲਿਖਿਆ ਹੁੰਦਾ ਹੈ। 
ਪਿਛਲੇ ਦਿਨੀਂ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ’ਚ ਦੋਹਾਂ ਦੇਸ਼ਾਂ ਵਿਚਾਲੇ ਪ੍ਰਸਤਾਵਿਤ ਵਿਦੇਸ਼ ਮੰਤਰੀ ਪੱਧਰ ਦੀ ਮੀਟਿੰਗ ਨੂੰ ਸਰਹੱਦ ਪਾਰੋਂ ਲਗਾਤਾਰ ਹੋ ਰਹੀ ਗੋਲੀਬਾਰੀ, ਇਕ ਭਾਰਤੀ ਜਵਾਨ ਦੀ ਬੇਰਹਿਮੀ ਨਾਲ ਹੱਤਿਆ ਅਤੇ ਅੱਤਵਾਦੀ ਬੁਰਹਾਨ ਵਾਨੀ ’ਤੇ ਪਾਕਿਸਤਾਨ ’ਚ ਟਿਕਟ ਜਾਰੀ ਕਰਨ ਕਰਕੇ ਰੱਦ ਕੀਤਾ ਤਾਂ ਇਮਰਾਨ ਖਾਨ ਨੇ ਆਪਣੀ ਲੀਡਰਸ਼ਿਪ ਗੁਣਵੱਤਾ ਦੀ ਭਾਰੀ ਕਮੀ ਦਾ ਸਬੂਤ ਦਿੰਦਿਅਾਂ ਅਤੇ ਪਾਕਿ ਫੌਜ ਦਾ ਬੁਲਾਰਾ ਬਣ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਟਵਿਟਰ ’ਤੇ ਅਪਸ਼ਬਦਾਂ ਦੀ ਵਰਤੋਂ ਕੀਤੀ ਸੀ। 
ਇਮਰਾਨ ਦੇ ਟਵੀਟ ਦੇ ਆਖਰੀ ਵਾਕ ਸਨ–‘‘ਮੈਂ ਪੂਰੀ ਜ਼ਿੰਦਗੀ ਛੋਟੇ ਲੋਕਾਂ ਨੂੰ ਮਿਲਿਆ ਹਾਂ, ਜਿਹੜੇ ਉੱਚੇ ਅਹੁਦਿਅਾਂ ’ਤੇ ਬੈਠੇ ਹਨ ਪਰ ਇਨ੍ਹਾਂ ਕੋਲ ਦੂਰਦਰਸ਼ੀ ਸੋਚ ਨਹੀਂ ਹੁੰਦੀ।’’ 
ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨੂੰ ਇਮਰਾਨ ਖਾਨ ਵਲੋਂ ਅਸਿੱਧੇ ਤੌਰ ’ਤੇ ‘ਛੋਟਾ’ ਕਹਿਣਾ ਕਿਸੇ ਹਾਸੋਹੀਣੀ ਗੱਲ ਤੋਂ ਘੱਟ ਨਹੀਂ ਕਿਉਂਕਿ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ’ਚ ਕਿਸੇ ਵੀ ਪ੍ਰਧਾਨ ਮੰਤਰੀ ਜਾਂ ਫਿਰ ਸਿਵਲੀਅਨ ਸਰਕਾਰ ਦੀ ਕੀ ਹੈਸੀਅਤ ਹੁੰਦੀ ਹੈ? ਕੀ ਇਹ ਸੱਚ ਨਹੀਂ ਕਿ ਅਰਬਾਂ ਡਾਲਰ ਦੇ ਚੀਨੀ ਕਰਜ਼ੇ ਹੇਠ ਦੱਬਿਆ ਪਾਕਿਸਤਾਨ ਆਪਣੀ ਦੇਣਦਾਰੀ ਚੁਕਾਉਣ ਲਈ ਕੀਮਤੀ ਗੱਡੀਅਾਂ ਤੋਂ ਲੈ ਕੇ ਮੱਝਾਂ ਤਕ ਦੀ ਨਿਲਾਮੀ ਕਰ ਰਿਹਾ ਹੈ ਅਤੇ ਡੈਮ ਪ੍ਰਾਜੈਕਟ ਲਈ ਲੋਕਾਂ ਤੋਂ 14 ਅਰਬ ਡਾਲਰ ਦਾ ਚੰਦਾ ਮੰਗ ਰਿਹਾ ਹੈ? ਇਸ ਸਥਿਤੀ ਦਾ ਕਾਰਨ ਵੀ ਪਾਕਿਸਤਾਨ ਦੀ ਭਾਰਤ ਵਿਰੋਧੀ ਮਾਨਸਿਕਤਾ ਹੈ ਅਤੇ ਇਸੇ ਕਾਰਨ ਉਹ ਸਾਮਰਾਜਵਾਦੀ  ਚੀਨ ਕੋਲ ਆਪਣੀ ਪ੍ਰਭੂਸੱਤਾ ਨੂੰ ਵੀ ਗਹਿਣੇ ਰੱਖ ਚੁੱਕਾ ਹੈ। 
ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਬਤੌਰ ਕ੍ਰਿਕਟਰ ਅਤੇ ਰਾਜਨੇਤਾ ਇਮਰਾਨ ਖਾਨ ਕਿਸ ਚਾਲ ਅਤੇ ਚਰਿੱਤਰ ਵਾਲੇ ਵਿਅਕਤੀ ਰਹੇ ਹਨ, ਇਸ ਦਾ ਖੁਲਾਸਾ ਉਨ੍ਹਾਂ ਦੇ ਨਿੱਜੀ ਜੀਵਨ ਅਤੇ ਉਨ੍ਹਾਂ ਦੀ ਦੂਜੀ ਪਤਨੀ ਰੇਹਮ ਖਾਨ ਦੀ ਕਿਤਾਬ ਤੋਂ ਹੋ ਜਾਂਦਾ ਹੈ। ਜਿਸ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੀ ਨੀਂਹ ’ਤੇ ਇਮਰਾਨ ਖਾਨ ਨੇ ਪਹਿਲਾਂ ਫੌਜ-ਨਿਅਾਂਤੰਤਰ ਦੇ ਗੱਠਜੋੜ ਸਦਕਾ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਵਾ ਕੇ ਜੇਲ ਭਿਜਵਾਇਆ ਅਤੇ ਖ਼ੁਦ ਪ੍ਰਧਾਨ ਮੰਤਰੀ ਬਣਨ ’ਚ ਸਫਲ ਹੋਏ, ਉਸੇ ਭ੍ਰਿਸ਼ਟਾਚਾਰ ਤੋਂ ਇਮਰਾਨ ਸਰਕਾਰ ਵੀ ਅਛੂਤੀ ਨਹੀਂ ਹੈ। 4 ਸਤੰਬਰ ਨੂੰ ਉਨ੍ਹਾਂ ਦੇ ਇਕ ਮੰਤਰੀ ਬਾਬਰ ਅਵਾਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਅਸਤੀਫਾ ਦੇ ਦਿੱਤਾ ਸੀ।
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਪੰ. ਨਹਿਰੂ, ਇੰਦਰਾ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਤੋਂ ਲੈ ਕੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਨੇ ਹੋਰਨਾਂ ਗੁਅਾਂਢੀ ਦੇਸ਼ਾਂ ਵਾਂਗ ਪਾਕਿਸਤਾਨ ਨਾਲ ਵੀ ਰਿਸ਼ਤੇ ਸੁਧਾਰਨ ਦੇ ਅਣਥੱਕ ਯਤਨ ਕੀਤੇ ਹਨ ਪਰ ਪਾਕਿਸਤਾਨ ਦਾ ਚਰਿੱਤਰ ਨਹੀਂ ਬਦਲਿਆ, ਜੋ ਹੁਣ ਉਸ ਦੇ ਲਈ ਆਰਥਿਕ ਤੇ ਸਮਾਜਿਕ ਤੌਰ ’ਤੇ ਆਤਮਘਾਤੀ ਬਣ ਗਿਆ ਹੈ। ਅਜਿਹੀ ਸਥਿਤੀ ’ਚ ਹਾਲ ਹੀ ਦੀਅਾਂ ਘਟਨਾਵਾਂ ਦੇ ਪਿਛੋਕੜ ਅਤੇ ਇਮਰਾਨ ਖਾਨ ਦੀ ਅਗਵਾਈ ਹੇਠ ਕੀ ਪਾਕਿਸਤਾਨ ’ਚ ਕੋਈ ਹਾਂਪੱਖੀ ਤਬਦੀਲੀ ਆਉਣੀ ਸੰਭਵ ਹੈ?
 


Related News